ਸਰਦੀਆਂ ਦਾ ਮੌਸਮ ਹੈ ਅਤੇ ਬਾਜ਼ਾਰ 'ਚ ਹਰੀਆਂ ਪੱਤੇਦਾਰ ਸਬਜ਼ੀਆਂ ਦੇ ਨਾਲ-ਨਾਲ ਮੌਸਮੀ ਫਲਾਂ ਦੀ ਆਮਦ ਵੀ ਵਧਣ ਲੱਗੀ ਹੈ। ਜੇ ਤੁਸੀਂ ਵੀ ਮੰਨਦੇ ਹੋ ਕਿ ਸਰਦੀ ਦਾ ਮੌਸਮ ਸਿਹਤ ਦੇ ਲਿਹਾਜ਼ ਨਾਲ ਖ਼ਾਸ ਹੈ ਤਾਂ ਇਸ ਮੌਸਮ 'ਚ ਹਰੀਆਂ ਸਬਜ਼ੀਆਂ ਤੋਂ ਪਰਹੇਜ਼ ਨਾ ਕਰੋ। ਹਰੀਆਂ ਸਬਜ਼ੀਆਂ ਤੁਹਾਡੀ ਸਿਹਤ ਤੇ ਖ਼ੂਬਸੂਰਤੀ ਲਈ ਵਰਦਾਨ ਹਨ। ਆਲੂ, ਟਮਾਟਰ ਵਰਗੀਆਂ ਸਬਜ਼ੀਆਂ ਤੁਸੀਂ ਸਾਲ ਭਰ ਖਾਂਦੇ ਹੀ ਹੋ। ਤੰਦਰੁਸਤ ਰਹਿਣ ਲਈ ਸਰਦੀਆਂ 'ਚ ਹਰੀਆਂ ਪੱਤੇਦਾਰ ਸਬਜ਼ੀਆਂ ਦਾ ਸੇਵਨ ਜ਼ਰੂਰ ਕਰੋ।

ਪਾਲਕ

ਹਰੀਆਂ ਪੱਤੇਦਾਰ ਸਬਜ਼ੀਆਂ 'ਚ ਪਾਲਕ ਪ੍ਰਮੁੱਖ ਹੈ। ਇਹ ਤੁਹਾਡੇ ਸਰੀਰ 'ਚ ਲੋਹ ਤੱਤਾਂ ਦੀ ਕਮੀ ਨੂੰ ਪੂਰਾ ਕਰਦੀ ਹੈ। ਖ਼ਾਸ ਤੌਰ 'ਤੇ ਔਰਤਾਂ ਲਈ ਪਾਲਕ ਬਹੁਤ ਫ਼ਾਇਦੇਮੰਦ ਹੈ। ਔਰਤਾਂ 'ਚ ਲੋਹ ਤੱਤਾਂ ਦੀ ਕਮੀ ਜ਼ਿਆਦਾ ਹੁੰਦੀ ਹੈ ਅਤੇ ਉਨ੍ਹਾਂ ਨੂੰ ਇਸ ਦੀ ਜ਼ਰੂਰਤ ਜ਼ਿਆਦਾ ਹੁੰਦੀ ਹੈ। ਇਸ ਤੋਂ ਇਲਾਵਾ ਇਹ ਤੁਹਾਡੇ ਸਰੀਰ 'ਚ ਵਿਟਾਮਿਨ-ਏ, ਕੈਲਸ਼ੀਅਮ ਤੇ ਹੋਰ ਪੋਸ਼ਕ ਤੱਤਾਂ ਦੀ ਵੀ ਪੂਰਤੀ ਕਰੇਗੀ।

ਮੇਥੀ

ਫੋਲਿਕ ਐਸਿਡ, ਮੈਗਨੀਸ਼ੀਅਮ, ਜ਼ਿੰਕ, ਕਾਪਰ, ਕਾਰਬੋਹਾਈਡ੍ਰੇਟ, ਪ੍ਰੋਟੀਨ, ਕੈਲਸ਼ੀਅਮ ਅਤੇ ਆਇਰਨ ਨਾਲ ਭਰਪੂਰ ਮੇਥੀ ਤੁਹਾਡੀ ਸਿਹਤ ਲਈ ਬਹੁਤ ਫ਼ਾਇਦੇਮੰਦ ਹੈ। ਇਹ ਤੁਹਾਡੀਆਂ ਸਰੀਰਕ ਤਕਲੀਫ਼ਾਂ ਨੂੰ ਦੂਰ ਕਰ ਕੇ ਮੋਟਾਪੇ ਨੂੰ ਘੱਟ ਕਰਨ 'ਚ ਮਦਦ ਕਰਦੀ ਹੈ।

ਮੂਲੀ

ਮੂਲੀ ਦਾ ਇਸਤੇਮਾਲ ਸਲਾਦ ਲਈ ਕੀਤਾ ਜਾਂਦਾ ਹੈ ਪਰ ਇਸ ਦੇ ਪੱਤੇ ਵੀ ਬਹੁਤ ਪੌਸ਼ਟਿਕ ਹੁੰਦੇ ਹਨ। ਇਸ ਦੇ ਪੱਤਿਆਂ ਦੀ ਸਬਜ਼ੀ ਬਣਾ ਕੇ ਖਾਧੀ ਜਾਂਦੀ ਹੈ, ਜੋ ਠੰਢ 'ਚ ਸਰਦੀ ਤੋਂ ਬਚਣ 'ਚ ਮਦਦ ਕਰਦੀ ਹੈ। ਇਸ ਤੋਂ ਇਲਾਵਾ ਸਰੀਰਕ ਦਰਦਾਂ ਤੇ ਹੋਰ ਤਕਲੀਫ਼ਾਂ ਤੋਂ ਵੀ ਨਿਜਾਤ ਮਿਲਦੀ ਹੈ।

ਕਰੇਲਾ

ਸੁਆਦ 'ਚ ਭਾਵੇਂ ਕਰੇਲਾ ਕੌੜਾ ਹੋਵੇ ਪਰ ਇਸ ਦੇ ਫ਼ਾਇਦੇ ਬਹੁਤ ਹਨ। ਇਹ ਨਾ ਸਿਰਫ਼ ਤੁਹਾਡੇ ਖ਼ੂਨ ਨੂੰ ਸਾਫ਼ ਕਰਦਾ ਹੈ ਬਲਕਿ ਪੇਟ ਨਾਲ ਸਬੰਧਤ ਪਰੇਸ਼ਾਨੀਆਂ ਨੂੰ ਖ਼ਤਮ ਕਰ ਕੇ ਪਾਚਨ 'ਚ ਮਦਦ ਕਰਦਾ ਹੈ। ਇਹ ਰੋਗਾਂ ਨਾਲ ਲੜਨ ਦੀ ਸਮਰਥਾ ਵਧਾ ਕੇ ਤੁਹਾਨੂੰ ਬਿਮਾਰੀਆਂ ਤੋਂ ਬਚਾਉਂਦਾ ਹੈ।

ਹਰਾ ਪਿਆਜ਼

ਪਿਆਜ਼ ਦੇ ਹਰੇ ਪੱਤੇ ਪੋਸ਼ਕ ਤੱਤਾਂ ਦੇ ਨਾਲ-ਨਾਲ ਰੋਗਾਂ ਨਾਲ ਲੜਨ ਦੀ ਸਮਰਥਾ 'ਚ ਵਾਧਾ ਕਰਦੇ ਹਨ। ਇਹ ਅੱਖਾਂ ਅਤੇ ਚਮੜੀ ਤੋਂ ਇਲਾਵਾ ਪਾਚਨ ਤੰਤਰ ਲਈ ਵੀ ਫ਼ਾਇਦੇਮੰਦ ਹੁੰਦੇ ਹਨ।