ਆਮ ਤੌਰ ’ਤੇ ਐਲਰਜੀ ਤੋਂ ਭਾਵ ਸਰੀਰ ’ਤੇ ਖਾਰਿਸ਼ ਹੋਣ ਤੋਂ ਲਿਆ ਜਾਂਦਾ ਹੈ। ਇਹ ਕਈ ਤਰੀਕਿਆਂ ਨਾਲ ਸਰੀਰ ’ਤੇ ਅਸਰ ਕਰਦੀ ਹੈ, ਜਿਵੇਂ ਸਰੀਰ ’ਤੇ ਲਾਲ ਧੱਫੜਾਂ ਤੋਂ ਇਲਾਵਾ ਸੁੱਕੀ ਖਾਰਿਸ਼, ਫਿਨਸੀਆਂ, ਅੱਖਾਂ ’ਚ ਖਾਰਿਸ਼, ਛਾਤੀ ’ਚੋਂ ਸੀਟੀਆਂ ਦੀ ਆਵਾਜ਼, ਖੰਘ, ਸਾਹ ਔਖਾ ਹੋਣਾ, ਗਲ਼ਾ ਖ਼ਰਾਬ ਹੋਣਾ, ਜ਼ੁਕਾਮ, ਛਿੱਕਾਂ, ਅੱਖਾਂ ’ਚ ਲਾਲੀ ਹੋਣਾ, ਅੱਖਾਂ ’ਚੋਂ ਪਾਣੀ ਜਾਣਾ, ਚਿਹਰੇ ਦੀ ਸੋਜ਼ਿਸ਼, ਸਾਹ ਨਾਲੀ ਦੀ ਸੋਜ਼ਿਸ਼, ਪੇਟ ਦਰਦ, ਉਲਟੀਆਂ, ਦਸਤ, ਬਿਮਾਰ ਮਹਿਸੂਸ ਕਰਨਾ, ਮੂੰਹ ’ਚ ਵਾਰ-ਵਾਰ ਛਾਲੇ ਹੋਣੇ ਆਦਿ। ਐਲਰਜੀ ਦੇ ਇਨ੍ਹਾਂ ਵਿੱਚੋਂ ਇਕ ਜਾਂ ਕਈ ਲੱਛਣ ਹੋ ਸਕਦੇ ਹਨ। ਆਮ ਧਾਰਨਾ ਅਨੁਸਾਰ 10 ’ਚੋਂ ਇਕ ਮਨੁੱਖ ਨੂੰ ਕਿਸੇ ਨਾ ਕਿਸੇ ਤਰ੍ਹਾਂ ਦੀ ਐਲਰਜੀ ਹੁੰਦੀ ਹੈ। ਵੀਹ ’ਚੋਂ ਇਕ ਨੂੰ ਫੂਡ ਐਲਰਜੀ ਹੁੰਦੀ ਹੈ। ਗਰਮੀ ਜਾਂ ਸਰਦੀ ਸ਼ੁਰੂ ਹੋਣ ਵੇਲੇ ਬਹੁਤ ਲੋਕਾਂ ਨੂੰ ਖੰਘ-ਜ਼ੁਕਾਮ ਹੁੰਦਾ ਹੈ, ਜਿਸ ਨੂੰ ਮੌਸਮੀ ਐਲਰਜੀ ਕਿਹਾ ਜਾਂਦਾ ਹੈ।

ਐਲਰਜੀ ਹੋਣ ਦੇ ਕਾਰਨ

ਐਲਰਜੀ ਦੇ ਕਾਰਨ ਵੀ ਅਨੇਕਾਂ ਹੋ ਸਕਦੇ ਹਨ, ਜਿਵੇਂ ਸੋਇਆਬੀਨ ਜਾਂ ਇਸ ਤੋਂ ਬਣੀਆਂ ਵੜੀਆਂ, ਦੁੱਧ, ਚਾਂਪ, ਪਨੀਰ, ਤੇਲ ਸ਼ਾਮਲ ਹਨ, ਤੋਂ ਇਲਾਵਾ ਕਣਕ, ਮੂੰਗਫਲੀ, ਬਦਾਮ, ਕਾਜੂ, ਛੁਹਾਰੇ, ਦੁੱਧ, ਚੌਲ, ਆਂਡੇ, ਮੱਛੀ, ਦਾਲਾਂ, ਸਬਜ਼ੀਆਂ, ਫਾਸਟ ਫੂਡ, ਖੱਟੇ ਫਲ ਤੇ ਜੂਸ, ਕੱਚਾ ਪਿਆਜ਼, ਧੂੜ ਮਿੱਟੀ, ਕੀਟਾਂ ਦੇ ਕੱਟਣ ਨਾਲ, ਉੱਲੀ, ਪਰਫਿਊਮ, ਪਾਊਡਰ, ਦਵਾਈਆਂ, ਹੇਅਰ ਡਾਈ, ਪੇਂਟ ਆਦਿ ਕਿਸੇ ਵੀ ਚੀਜ਼ ਤੋਂ ਕਿਸੇ ਵੀ ਤਰ੍ਹਾਂ ਦੀ ਐਲਰਜੀ ਹੋ ਸਕਦੀ ਹੈ। ਆਮ ਤੌਰ ’ਤੇ ਲੋਕ ਬਚਾਅ ਲਈ ਐਲਰਜੀ ਦੀਆਂ ਗੋਲ਼ੀਆਂ ਖਾਂਦੇ ਰਹਿੰਦੇ ਹਨ। ਇਸ ਨਾਲ ਐਲਰਜੀ ਖ਼ਤਮ ਨਹੀਂ ਹੁੰਦੀ ਸਗੋਂ ਕੁਝ ਸਮੇਂ ਲਈ ਦੱਬ ਜਾਂਦੀ ਹੈ ਪਰ ਲੋਕ ਆਪਣੇ ਖਾਣ-ਪੀਣ ਵੱਲ ਧਿਆਨ ਹੀ ਨਹੀਂ ਦਿੰਦੇ ਜਾਂ ਇਨ੍ਹਾਂ ਚੀਜ਼ਾਂ ਬਾਰੇ ਜਾਣਕਾਰੀ ਦੀ ਘਾਟ ਹੈ। ਅੱਜ-ਕੱਲ੍ਹ ਬਹੁਤੇ ਡਾਕਟਰ ਵੀ ਡੂੰਘਾਈ ’ਚ ਨਾ ਜਾ ਕੇ ਐਲਰਜੀ ਦਾ ਮੂਲ ਕਾਰਨ ਲੱਭਣ ਦੀ ਬਜਾਇ ਸਾਲਾਂਬੱਧੀ ਮਰੀਜ਼ਾਂ ਨੂੰ ਦਵਾਈਆਂ ਖਿਲਾਉਂਦੇ ਰਹਿੰਦੇ ਹਨ। ਇਕ ਪ੍ਰਵਾਨਿਤ ਸੱਚ ਹੈ ਕਿ ਜਦੋਂ ਤਕ ਐਲਰਜੀ ਪੈਦਾ ਕਰਨ ਵਾਲਾ ਤੱਤ ਨਹੀਂ ਲੱਭਿਆ ਜਾਂਦਾ, ਉਦੋਂ ਤਕ ਦਵਾਈਆਂ ਨਾਲ ਐਲਰਜੀ ਨੂੰ ਖ਼ਤਮ ਨਹੀਂ ਕੀਤਾ ਜਾ ਸਕਦਾ।

ਡਾਕਟਰ ਤੋਂ ਲਵੋ ਸਲਾਹ

ਐਲਰਜੀ ਅਜਿਹੀ ਬਿਮਾਰੀ ਹੈ, ਜਿਸ ਦਾ ਕੋਈ ਪੱਕਾ ਇਲਾਜ ਸਾਹਮਣੇ ਨਹੀਂ ਆਇਆ। ਐਲਰਜੀ ਦੀਆਂ ਦਵਾਈਆਂ ਕੁਝ ਸਮੇਂ ਲਈ ਰਾਹਤ ਜ਼ਰੂਰ ਦਿੰਦੀਆਂ ਹਨ ਪਰ ਇਲਾਜ ਨਹੀਂ ਕਰਦੀਆਂ। ਇਸ ਦਾ ਸਭ ਤੋਂ ਵੱਡਾ ਡਾਕਟਰ ਮਰੀਜ਼ ਖ਼ੁਦ ਹੈ। ਇਸ ਲਈ ਜਿਸ ਨੂੰ ਵੀ ਕਿਸੇ ਤਰ੍ਹਾਂ ਦੀ ਐਲਰਜੀ ਹੈ, ਉਸ ਨੂੰ ਖਾਣ-ਪੀਣ ਵੱਲ ਵਿਸ਼ੇਸ਼ ਧਿਆਨ ਦੇਣ ਦੀ ਜ਼ਰੂਰਤ ਹੈ। ਇਸ ਨਾਲ ਹੀ ਸੰਤੁਲਿਤ ਭੋਜਨ, ਸਕਾਰਾਤਮਕ ਸੋਚ, ਸਵੇਰ ਦੀ ਸੈਰ ਤੇ ਲਗਪਗ ਸੱਤ-ਅੱਠ ਘੰਟੇ ਸਹੀ ਨੀਂਦ ਜ਼ਰੂਰ ਲੈਣੀ ਚਾਹੀਦੀ ਹੈ। ਇਸ ’ਚ ਇੱਛਾ ਸ਼ਕਤੀ ਦਾ ਬਹੁਤ ਵੱਡਾ ਰੋਲ ਹੈ। ਬਿਨਾਂ ਡਾਕਟਰੀ ਸਲਾਹ ਤੋਂ ਖਾਧੀਆਂ ਦਵਾਈਆਂ ਖਾਣ ਨਾਲ ਕਮਜ਼ੋਰ ਹੋਈ ਰੋਗਾਂ ਨਾਲ ਲੜਨ ਦੀ ਸ਼ਕਤੀ ਨੂੰ ਮਜ਼ਬੂਤ ਕਰਨ ਲਈ ਮਾਹਿਰ ਡਾਕਟਰ ਤੋਂ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।

- ਸਤਪਾਲ ਸਿੰਘ

Posted By: Harjinder Sodhi