ਰਾਤ ਵੇਲੇ ਕਮਰੇ 'ਚ ਟੀਵੀ ਚਾਲੂ ਕਰ ਕੇ ਜਾਂ ਬਲਬ ਜਗਾ ਕੇ ਸੌਣ ਨਾਲ ਵਜ਼ਨ ਵਧਣ ਤੇ ਮੋਟਾਪੇ ਦਾ ਸ਼ਿਕਾਰ ਹੋਣ ਦੀ ਸ਼ੰਕਾ ਵਧ ਜਾਂਦੀ ਹੈ। ਔਰਤਾਂ 'ਤੇ ਕੀਤੇ ਗਏ ਇਕ ਅਧਿਐਨ 'ਚ ਇਹ ਗੱਲ ਸਾਹਮਣੇ ਆਈ ਹੈ। ਇਸ 'ਚ ਪਾਇਆ ਗਿਆ ਕਿ ਸੌਂਦੇ ਸਮੇਂ ਕਮਰੇ 'ਚ ਕਿਸੇ ਤਰ੍ਹਾਂ ਦੀ ਨਕਲੀ ਰੋਸ਼ਨੀ ਨਾ ਹੋਣ ਨਾਲ ਔਰਤਾਂ 'ਚ ਮੋਟਾਪੇ ਦਾ ਖ਼ਤਰਾ ਘੱਟ ਹੋ ਜਾਂਦਾ ਹੈ। ਅਧਿਐਨ 'ਚ 35 ਤੋਂ 74 ਸਾਲ ਦੀ ਉਮਰ ਦੀਆਂ 43,722 ਔਰਤਾਂ ਨੂੰ ਸ਼ਾਮਲ ਕੀਤਾ ਗਿਆ। ਇਸ ਮੁਤਾਬਕ, ਰਾਤ ਨੂੰ ਟੀਵੀ ਚਾਲੂ ਕਰ ਕੇ ਜਾਂ ਬਲਬ ਜਗਾ ਕੇ ਸੌਣ ਵਾਲੀਆਂ ਔਰਤਾਂ 'ਚ ਵਜ਼ਨ ਵਧਣ ਦੀ ਸ਼ੰਕਾ 17 ਫ਼ੀਸਦੀ ਜ਼ਿਆਦਾ ਰਹਿੰਦੀ ਹੈ। ਹਾਲਾਂਕਿ ਛੋਟਾ ਨਾਈਟ ਬਲਬ ਜਗਾ ਕੇ ਸੌਣ ਜਾਂ ਕਮਰੇ ਦੇ ਬਾਹਰੋਂ ਰੋਸ਼ਨੀ ਆਉਣ 'ਤੇ ਵਜ਼ਨ 'ਤੇ ਜ਼ਿਆਦਾ ਅਸਰ ਨਹੀਂ ਦਿਸਿਆ। ਵਿਗਿਆਨੀਆਂ ਨੇ ਕਿਹਾ ਕਿ ਅਨੁਵਾਂਸ਼ਿਕ ਤੌਰ 'ਤੇ ਮਨੁੱਖ ਦਾ ਸਰੀਰ ਦਿਨ ਤੇ ਰਾਤ ਦੇ ਕੁਦਰਤੀ ਨਿਯਮ 'ਚ ਢਲਿਆ ਹੁੰਦਾ ਹੈ। ਅਜਿਹੇ 'ਚ ਰਾਤ ਵੇਲੇ ਨਕਲੀ ਰੋਸ਼ਨੀ ਇਸ ਪੂਰੇ ਘਟਨਾ ਚੱਕਰ ਨੂੰ ਤੋੜਦੀ ਹੈ ਤੇ ਨੀਂਦ ਵਾਲੇ ਹਾਰਮੋਨ 'ਤੇ ਪ੍ਰਭਾਵ ਪੈਂਦਾ ਹੈ।