ਨਵੀਂ ਦਿੱਲੀ (ਪੀਟੀਆਈ) : ਵਿਗਿਆਨੀਆਂ ਨੇ ਕੰਪਿਊਟਰ ਦੀ ਮਦਦ ਨਾਲ ਬਣਾਏ ਗਏ ਬਨਾਉਟੀ ਐਂਟੀਵਾਇਰਲ ਪ੍ਰੋਟੀਨ ਤੋਂ ਕੋਰੋਨਾ ਵਾਇਰਸ ਦੇ ਪਸਾਰ ਨੂੰ ਰੋਕਣ ਵਿਚ ਸਫਲਤਾ ਹਾਸਲ ਕੀਤੀ ਹੈ। ਇਹ ਐਂਟੀਵਾਇਰਲ ਪ੍ਰੋਟੀਨ ਲੈਬਾਰਟਰੀ ਵਿਚ ਤਿਆਰ ਮਨੁੱਖੀ ਕੋਸ਼ਿਕਾਵਾਂ ਨੂੰ ਵਾਇਰਸ ਤੋਂ ਬਚਾਉਣ 'ਚ ਕਾਰਗਰ ਪਾਇਆ ਗਿਆ। ਵਿਗਿਆਨ ਪੱਤ੍ਕਾ ਸਾਇੰਸ ਵਿਚ ਪ੍ਰਕਾਸ਼ਿਤ ਅਧਿਐਨ ਮੁਤਾਬਕ, ਐੱਲਸੀਬੀ-1 ਨਾਂ ਦੇ ਇਸ ਪ੍ਰੋਟੀਨ ਨੇ ਕੋਰੋਨਾ ਵਾਇਰਸ ਨੂੰ ਨਕਾਰਾ ਕਰਨ ਵਾਲੇ ਵੱਖ-ਵੱਖ ਐਂਟੀਬਾਡੀ ਦੀ ਤਰ੍ਹਾਂ ਹੀ ਕੰਮ ਕੀਤਾ। ਯੂਨੀਵਰਸਿਟੀ ਆਫ ਵਾਸ਼ਿੰਗਟਨ ਦੇ ਵਿਗਿਆਨੀਆਂ ਨੇ ਕਿਹਾ ਕਿ ਹਾਲੇ ਚੂਹਿਆਂ 'ਤੇ ਇਸ ਦਾ ਪ੍ਰੀਖਣ ਕੀਤਾ ਜਾਵੇਗਾ।

ਵਿਗਿਆਨੀਆਂ ਨੇ ਦੱਸਿਆ ਕਿ ਕੋਰੋਨਾ ਵਾਇਰਸ ਵਿਚ ਕੁਝ ਸਪਾਈਕ ਪ੍ਰੋਟੀਨ ਹੁੰਦੇ ਹਨ, ਜਿਹੜੇ ਵਾਇਰਸ ਨੂੰ ਮਨੁੱਖੀ ਕੋਸ਼ਿਕਾਵਾਂ ਵਿਚ ਪ੍ਰਵੇਸ਼ ਕਰਨ ਵਿਚ ਮਦਦ ਕਰਦੇ ਹਨ। ਇਨ੍ਹਾਂ ਪ੍ਰੋਟੀਨ ਦੀ ਮਦਦ ਨਾਲ ਵਾਇਰਸ ਕੋਸ਼ਿਕਾਵਾਂ ਨੂੰ ਇਨਫੈਕਟਿਡ ਕਰਦਾ ਹੈ। ਜੇਕਰ ਕੋਸ਼ਿਕਾਵਾਂ 'ਚ ਵਾਇਰਸ ਦੇ ਪ੍ਰਵੇਸ਼ ਦੀ ਇਸ ਪ੍ਰਕਿਰਿਆ ਨੂੰ ਰੋਕਿਆ ਜਾ ਸਕੇ ਤਾਂ ਇਨਫੈਕਟਿਡ ਵਿਅਕਤੀ ਦਾ ਇਲਾਜ ਕਰਨਾ ਅਤੇ ਲੋਕਾਂ ਨੂੰ ਇਨਫੈਕਸ਼ਨ ਤੋਂ ਬਚਾਉਣਾ ਸੰਭਵ ਹੋ ਸਕਦਾ ਹੈ।

ਇਸੇ ਦਿਸ਼ਾ ਵਿਚ ਖੋਜ ਕਰਦੇ ਹੋਏ ਵਿਗਿਆਨੀਆਂ ਨੇ ਕੰਪਿਊਟਰ ਦੀ ਮਦਦ ਨਾਲ ਇਕ ਅਜਿਹਾ ਪ੍ਰੋਟੀਨ ਬਣਾਇਆ ਹੈ ਜਿਹੜਾ ਵਾਇਰਸ ਦੇ ਸਪਾਈਕ ਪ੍ਰਰੋਟੀਨ ਨੂੰ ਬੰਨ੍ਹ ਲੈਂਦਾ ਹੈ ਅਤੇ ਉਸ ਨੂੰ ਮਨੁੱਖੀ ਕੋਸ਼ਿਕਾਵਾਂ ਨੂੰ ਇਨਫੈਕਟਿਡ ਕਰਨ ਤੋਂ ਰੋਕ ਦਿੰਦਾ ਹੈ। ਪ੍ਰਮੁੱਖ ਖੋਜੀ ਲਾਂਗਸਿੰਗ ਕਾਓ ਨੇ ਕਿਹਾ ਕਿ ਹਾਲੇ ਇਸ ਦਿਸ਼ਾ ਵਿਚ ਵੱਡੇ ਪੱਧਰ 'ਤੇ ਪ੍ਰੀਖਣ ਦੀ ਲੋੜ ਹੈ, ਪਰ ਸਾਨੂੰ ਭਰੋਸਾ ਹੈ ਕਿ ਲੈਬਾਰਟਰੀ ਵਿਚ ਤਿਆਰ ਇਹ ਐਂਟੀਵਾਇਰਲ ਪ੍ਰੋਟੀਨ ਬਿਹਤਰ ਨਤੀਜਾ ਦੇ ਸਕਦਾ ਹੈ।