ਸਾਹ ਤੰਤਰ ਤੇ ਪਿਸ਼ਾਬ ਮਾਰਗ ਦੀ ਇਨਫੈਕਸ਼ਨ ਦੇ ਇਲਾਜ 'ਚ ਇਸਤੇਮਾਲ ਹੋਣ ਵਾਲੇ ਇਕ ਸਾਧਾਰਨ ਤਰ੍ਹਾਂ ਦੇ ਐਂਟੀਬਾਇਓਟਿਕ ਬਾਰੇ ਹੈਰਾਨ ਕਰਨ ਵਾਲੀ ਗੱਲ ਸਾਹਮਣੇ ਆਈ ਹੈ। ਤਾਜ਼ਾ ਖੋਜ ਮੁਤਾਬਕ, ਇਸਦੇ ਇਸਤੇਮਾਲ ਨਾਲ ਨਾੜੀਆਂ ਦੇ ਨੁਕਸਾਨੇ ਜਾਣ ਦਾ ਖ਼ਤਰਾ 50 ਫੀਸਦੀ ਤਕ ਵੱਧ ਜਾਂਦਾ ਹੈ। ਨਾੜੀਆਂ ਵਿਅਕਤੀ ਦੇ ਦਿਮਾਗ਼ ਤੇ ਰੀੜ੍ਹ ਦਾ ਬਾਕੀ ਸਰੀਰ ਨਾਲ ਸਬੰਧ ਸਥਾਪਤ ਕਰਨ 'ਚ ਭੂਮਿਕਾ ਨਿਭਾਉਂਦੀਆਂ ਹਨ। ਅੰਗਾਂ ਤੋਂ ਦਿਮਾਗ਼ ਤਕ ਸੰਦੇਸ਼ ਪਹੁੰਚਾਉਣ 'ਚ ਇਨ੍ਹਾਂ ਦਾ ਹੀ ਯੋਗਦਾਨ ਰਹਿੰਦਾ ਹੈ। ਬਰਤਾਨਵੀ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ 13 ਲੱਖ ਤੋਂ ਜ਼ਿਆਦਾ ਲੋਕਾਂ ਨਾਲ ਜੁੜੇ ਅੰਕੜਿਆਂ ਦਾ ਵਿਸ਼ਲੇਸ਼ਣ ਕੀਤਾ। ਇਸ ਦੇਖਿਆ ਗਿਆ ਕਿ ਐਮੋਕਸੀਸਿਲਿਨ ਤੇ ਫਲੋਰੋਕਵਿਨੋਲੋਨ ਵਰਗੇ ਸਾਧਾਰਨ ਐਂਟੀਬਾਇਓਟਿਕ ਨਾਲ ਪੇਰੀਫੇਰਲ ਨਿਊਰੋਪੈਥੀ ਦਾ ਖਤਰਾ ਵੱਧ ਜਾਂਦਾ ਹੈ। ਪੈਰੀਫੇਰਲ ਨਿਊਰੋਪੈਥੀ ਨੁਕਸਾਨੀਆਂ ਨਾੜੀਆਂ ਕਾਰਨ ਹੋਣ ਵਾਲੀ ਬਿਮਾਰੀ ਹੈ। ਇਸ ਵਿਚ ਹੱਥ ਪੈਰ ਸੁੰਨ ਪੈ ਜਾਂਦੇ ਹਨ। ਵਿਗਿਆਨੀਆਂ ਕਿਹਾ ਕਿ ਖਤਰਾ ਮਰਦਾਂ 'ਚ ਜ਼ਿਆਦਾ ਰਹਿੰਦਾ ਹੈ। ਵਧਦੀ ਉਮਰ ਦੇ ਨਾਲ ਖਤਰਾ ਵਧਦਾ ਹੈ।