ਬਦਾਮ ਦੀ ਵਰਤੋਂ ਵੱਡੀ ਉਮਰ ਦੀਆਂ ਔਰਤਾਂ ਨੂੰ ਚਿਹਰੇ ਦੀਆਂ ਝੁਰੀਆਂ ਤੋਂ ਬਚਾਉਣ 'ਚ ਮਦਦਗਾਰ ਹੋ ਸਕਦਾ ਹੈ। ਬਦਾਮ ਨਾਲ ਚਮੜੀ 'ਤੇ ਪੈਣ ਵਾਲੇ ਅਸਰ ਨੂੰ ਲੈ ਕੇ ਇਹ ਆਪਣੀ ਤਰ੍ਹਾਂ ਦਾ ਪਹਿਲਾ ਅਧਿਐਨ ਹੈ। ਤਜਰਬੇ ਦੌਰਾਨ 28 ਸਿਹਤਮੰਦ ਔਰਤਾਂ ਨੂੰ ਸ਼ਾਮਲ ਕੀਤਾ ਗਿਆ। ਇਨ੍ਹਾਂ ਵਿਚੋਂ ਇਕ ਗਰੁੱਪ ਨੂੰ ਰੋਜ਼ ਔਸਤਨ 60 ਗ੍ਰਾਮ (340 ਕੈਲੋਰੀ) ਦੇ ਬਰਾਬਰ ਬਦਾਮ ਖਾਣ ਲਈ ਦਿੱਤੇ ਗਏ। ਦੂਜੇ ਗਰੁੱਪ ਨੂੰ ਅਜਿਹਾ ਨਾਸ਼ਤਾ ਦਿੱਤਾ ਗਿਆ, ਜਿਸ ਵਿਚ ਸੁੱਕੇ ਮੇਵੇ ਨਹੀਂ ਸਨ, ਪਰ ਉਸ ਵਿਚ ਵੀ 340 ਕੈਲੋਰੀ ਸੀ। ਤੀਜੇ ਗਰੁੱਪ ਨੂੰ ਉਨ੍ਹਾਂ ਦੇ ਆਮ ਖਾਣ-ਪੀਣ 'ਤੇ ਰੱਖਿਆ ਗਿਆ, ਜਿਸ ਵਿਚ ਸੁੱਕੇ ਮੇਵੇ ਸ਼ਾਮਲ ਨਹੀਂ ਸਨ। ਚਾਰ, ਅੱਠ, 12 ਅਤੇ 16 ਹਫ਼ਤਿਆਂ ਦੇ ਵਕਫ਼ੇ 'ਤੇ ਉਨ੍ਹਾਂ ਦੀ ਚਮੜੀ ਦੀ ਸਥਿਤੀ ਪਰਖੀ ਗਈ। 16ਵੇਂ ਹਫ਼ਤੇ ਤੋਂ ਬਾਅਦ ਵਿਗਿਆਨੀਆਂ ਨੇ ਪਾਇਆ ਕਿ ਬਦਾਮ ਖਾਣ ਵਾਲੀਆਂ ਔਰਤਾਂ ਦੇ ਚਿਹਰੇ 'ਤੇ ਝੁਰੀਆਂ ਦੇ ਆਕਾਰ ਤੇ ਪ੍ਰਸਾਰ 'ਚ 9 ਤੋਂ 10 ਫ਼ੀਸਦੀ ਤਕ ਦੀ ਕਮੀ ਆਈ।