ਜੇਐੱਨਐੱਨ, ਫੁਲਵਾਰੀਸ਼ਰੀਫ (ਪਟਨਾ) : ਏਮਜ਼ ਪਟਨਾ ਵਿਚ ਕੋਰੋਨਾ ਵੈਕਸੀਨ ਦੇ ਮਨੁੱਖੀ ਪ੍ਰੀਖਣ ਦੀ ਪ੍ਰਕਿਰਿਆ ਸੋਮਵਾਰ ਤੋਂ ਸ਼ੁਰੂ ਹੋ ਗਈ। ਇਸ ਲਈ ਇੱਥੇ ਪੰਜ ਮਾਹਿਰਾਂ ਦੀ ਟੀਮ ਗਠਿਤ ਕੀਤੀ ਗਈ ਹੈ। ਆਈਸੀਐੱਮਆਰ (ਇੰਡੀਅਨ ਕੌਂਸਲ ਫਾਰ ਮੈਡੀਕਲ ਰਿਸਰਚ) ਅਤੇ ਭਾਰਤ ਬਾਇਓਟੈੱਕ ਵੱਲੋਂ ਬਣਾਈ ਵੈਕਸੀਨ ਦੇ ਮਨੁੱਖੀ ਪ੍ਰੀਖਣ ਲਈ ਏਮਜ਼ ਪ੍ਰਸ਼ਾਸਨ ਨੇ ਸੈੱਲਫੋਨ ਨੰਬਰ 9471408832 ਜਾਰੀ ਕੀਤਾ ਸੀ। ਐਤਵਾਰ ਨੂੰ ਆਈ ਕਾਲ ਵਿਚ ਲੋੜੀਂਦੇ ਸਮਝੇ ਗਏ 10 ਲੋਕਾਂ ਨੂੰ ਸੋਮਵਾਰ ਨੂੰ ਸੱਦਿਆ ਗਿਆ ਸੀ। ਮੈਡੀਕਲ ਸੁਪਰਡੈਂਟ ਡਾ. ਸੀਐੱਮ ਸਿੰਘ ਨੇ ਦੱਸਿਆ ਕਿ ਸੋਮਵਾਰ ਨੂੰ ਜਿਹੜੇ 10 ਲੋਕ ਆਏ, ਉਨ੍ਹਾਂ ਦੇ ਪਿਸ਼ਾਬ, ਸਵੈਬ ਆਦਿ ਦੀ ਜਾਂਚ ਕੀਤੀ ਗਈ। ਸਾਰੀ ਜ਼ਰੂਰੀ ਜਾਂਚ ਦੀ ਰਿਪੋਰਟ ਤਿੰਨ ਦਿਨਾਂ ਬਾਅਦ ਆਵੇਗੀ।

ਸੋਮਵਾਰ ਨੂੰ ਵੀ ਆਈਆਂ ਕੁਲ ਕਾਲਾਂ ਵਿਚੋਂ 10 ਲੋਕਾਂ ਦੀ ਚੋਣ ਕੀਤੀ ਗਈ ਹੈ। ਉਨ੍ਹਾਂ ਦੀ ਜਾਂਚ ਮੰਗਲਵਾਰ ਨੂੰ ਕੀਤੀ ਜਾਵੇਗੀ। ਇਸ ਤਰ੍ਹਾਂ ਕੁਲ 50 ਚੁਣੇ ਗਏ ਲੋਕਾਂ ਦੀ ਜਾਂਚ ਤੋਂ ਬਾਅਦ ਜਿਵੇਂ-ਜਿਵੇਂ ਉਨ੍ਹਾਂ ਦੇ ਸਿਹਤਮੰਦ ਹੋਣ ਦੀ ਰਿਪੋਰਟ ਆਵੇਗੀ, ਉਨ੍ਹਾਂ ਨੂੰ ਵੈਕਸੀਨ ਦਾ ਡੋਜ਼ ਦਿੱਤਾ ਜਾਵੇਗਾ। ਡੋਜ਼ ਲੈਣ ਵਾਲੇ ਨੂੰ ਦੋ-ਤਿੰਨ ਘੰਟੇ ਡਾਕਟਰ ਦੀ ਨਿਗਰਾਨੀ ਵਿਚ ਰੱਖਿਆ ਜਾਵੇਗਾ। ਉਸ ਤੋਂ ਬਾਅਦ ਘਰ ਭੇਜਿਆ ਜਾ ਸਕਦਾ ਹੈ।