ਹਰ ਵਿਅਕਤੀ ਦੀ ਜ਼ਿੰਦਗੀ ’ਚ ਅਜਿਹੇ ਉਤਰਾਅ-ਚੜ੍ਹਾਅ ਆਉਂਦੇ ਹਨ ਤੇ ਹਾਲਾਤ ਅਜਿਹੇ ਬਣ ਜਾਂਦੇ ਹਨ ਕਿ ਉਨ੍ਹਾਂ ਦਾ ਉਦਾਸ ਹੋ ਜਾਣਾ ਮਨੁੱਖੀ ਸੁਭਾਅ ਅਨੁਸਾਰ ਸੁਭਾਵਿਕ ਹੈ। ਉਦਾਸੀ ਕਈ ਵਾਰੀ ਬਹੁਤ ਥੋੜ੍ਹੇ ਸਮੇਂ ਲਈ ਰਹਿੰਦੀ ਹੈ ਅਤੇ ਕਈ ਵਾਰ ਇਹ ਲੰਬਾ ਸਮਾਂ ਚਲੇ ਜਾਂਦੀ ਹੈ ਤੇ ਕਈ ਵਾਰ ਇਹ ਡਿਪਰੈਸ਼ਨ ’ਚ ਬਦਲ ਜਾਂਦੀ ਹੈ। ਡਿਪਰੈਸ਼ਨ ਤੇ ਉਦਾਸੀ ’ਚ ਫ਼ਰਕ ਹੁੰਦਾ ਹੈ। ਆਮ ਸ਼ਬਦਾਂ ਵਿਚ ਕਹਿ ਸਕਦੇ ਹਾਂ ਕਿ ਦੁਖੀ ਹੋਣ ਤੋਂ ਪਹਿਲਾਂ ਜੋ ਚੀਜ਼ਾਂ ਬਹੁਤ ਪਸੰਦ ਸੀ, ਜੇ ਉਹ ਅੱਜ ਵੀ ਖ਼ੁਸ਼ੀ ਦਿੰਦੀਆਂ ਹਨ ਤਾਂ ਤੁਹਾਨੂੰ ਡਿਪਰੈਸ਼ਨ ਨਹੀਂ ਹੈ। ਡਿਪਰੈਸ਼ਨ ਪੀੜਤ ਵਿਅਕਤੀ ਉਨ੍ਹਾਂ ਚੀਜ਼ਾਂ ਤੋਂ ਵੀ ਖ਼ੁਸ਼ ਨਹੀਂ ਹੁੰਦਾ, ਜੋ ਉਸ ਨੂੰ ਪਸੰਦ ਸੀ।

ਜੋ ਵਿਅਕਤੀ ਡਿਪਰੈਸ਼ਨ ਤੋਂ ਪੀੜਤ ਹੁੰਦੇ ਹਨ, ਉਨ੍ਹਾਂ ਨੂੰ ਇਹ ਪਤਾ ਹੀ ਨਹੀਂ ਲਗਦਾ ਕਿ ਉਹ ਡਿਪਰੈਸ਼ਨ ਦਾ ਸ਼ਿਕਾਰ ਹੈ। ਇਸ ਲਈ ਜ਼ਰੂਰੀ ਹੈ ਕਿ ਪੀੜਤ ਦੇ ਨਜ਼ਦੀਕੀ ਸਥਿਤੀਆਂ ਨੂੰ ਸਮਝਣ ਅਤੇ ਤੁਰੰਤ ਬਣਦੀ ਮਦਦ ਸ਼ੁਰੂ ਕਰਨ। ਲਗਾਤਾਰ ਸ਼ਾਂਤ ਰਹਿਣਾ ਅਤੇ ਰੋਜ਼ਾਨਾ ਦੀ ਕਿਸੇ ਵੀ ਗਤੀਵਿਧੀ ਵਿਚ ਰੁਚੀ ਨਾ ਲੈਣਾ, ਨੀਰਸਤਾ ਭਰ ਜਾਣਾ, ਦੋਸਤ, ਪਰਿਵਾਰ ਅਤੇ ਸਮਾਜ ਤੋਂ ਵੀ ਕੱਟਿਆ ਰਹਿਣਾ, ਜ਼ਿਆਦਾ ਚਿੰਤਾ ਕਰਨਾ, ਜੀਵਨ ਪ੍ਰਤੀ ਨਕਰਾਤਮਿਕ ਨਜ਼ਰੀਆ ਰੱਖਣਾ, ਗੱਲ-ਗੱਲ ’ਤੇ ਗੁੱਸਾ ਕਰਨਾ, ਦੁਖੀ ਰਹਿਣਾ, ਨੀਂਦ ਵੱਧ ਆਉਣਾ ਜਾਂ ਬਹੁਤ ਘੱਟ ਆਉਣਾ, ਹਮੇਸ਼ਾ ਖ਼ੁਦ ਨੂੰ ਕੋਸਦੇ ਰਹਿਣਾ ਅਤੇ ਖ਼ੁਸ਼ੀ ਦੇ ਮੌਕਿਆਂ ’ਤੇ ਵੀ ਦੁਖੀ ਰਹਿਣਾ, ਹਮੇਸ਼ਾ ਨਾਂਹਪੱਖੀ ਗੱਲਾਂ ਕਰਨਾ, ਵੱਧ ਖਾਣਾ ਜਾਂ ਸਾਧਾਰਨ ਤੋਂ ਘੱਟ ਖਾਣਾ ਅਤੇ ਚਿੜ ਕੇ ਜਵਾਬ ਦੇਣਾ, ਵਜ਼ਨ ਦਾ ਅਚਾਨਕ ਵਧਣਾ ਜਾਂ ਤੇਜ਼ੀ ਨਾਲ ਘਟਣਾ, ਥੱਕਿਆ-ਥੱਕਿਆ ਮਹਿਸੂਸ ਕਰਨਾ ਡਿਪਰੈਸ਼ਨ ਦੇ ਆਮ ਲੱਛਣ ਹਨ। ਵਾਰ-ਵਾਰ ਮੌਤ ਜਾਂ ਆਤਮ-ਹੱਤਿਆ ਦੇ ਵਿਚਾਰ ਆਉਣਾ ਵੀ ਡਿਪਰੈਸ਼ਨ ਦਾ ਲੱਛਣ ਹੈ। ਡਿਪਰੈਸ਼ਨ ਮਾਨਸਿਕ ਸਮੱਸਿਆ ਹੈ ਪ੍ਰੰਤੂ ਇਹ ਪੀੜਤ ਨੂੰ ਸਰੀਰਕ ਰੂਪ ਤੋਂ ਵੀ ਪ੍ਰਭਾਵਿਤ ਕਰਦੀ ਹੈ, ਜਿਵੇਂ ਥਕਾਵਟ, ਦੁਬਲਾਪਨ ਜਾਂ ਮੋਟਾਪਾ, ਦਿਲ ਦੀਆਂ ਬਿਮਾਰੀਆਂ, ਸਿਰ ਦਰਦ ਆਦਿ।

ਡਿਪਰੈਸ਼ਨ ਬਹੁਤ ਹੀ ਆਮ ਪ੍ਰੰਤੂ ਗੰਭੀਰ ਸਮੱਸਿਆ ਹੈ, ਜਿਸ ਤੋਂ ਬਾਹਰ ਆਉਣ ਲਈ ਪੀੜਤ ਨੂੰ ਮਨੋਵਿਗਿਆਨੀ/ਸਾਈਕੈਟਰਿਸਟ ਦੀ ਸਹਾਇਤਾ ਲੋੜੀਂਦੀ ਹੁੰਦੀ ਹੈ। ਇਸ ਦੇ ਇਲਾਜ ਲਈ ਸਹੀ ਜਾਣਕਾਰੀ ਬਹੁਤ ਜ਼ਰੂਰੀ ਹੈ। ਡਿਪਰੈਸ਼ਨ ਕੋਈ ਪਾਗਲਪਨ ਨਹੀਂ ਹੁੰਦਾ ਅਤੇ ਡਿਪਰੈਸ਼ਨ ਦੇ ਜ਼ਿਆਦਾਤਰ ਮਰੀਜ਼ ਪੂਰੀ ਤਰ੍ਹਾਂ ਠੀਕ ਹੋ ਸਕਦੇ ਹਨ। ਡਿਪਰੈਸ਼ਨ ਹੋਣ ਦੀ ਸਥਿਤੀ ਵਿਚ ਵਹਿਮਾਂ-ਭਰਮਾਂ ’ਚ ਨਹੀਂ ਪੈਣਾ ਚਾਹੀਦਾ। ਪੀੜਤ ਨੂੰ ਇਸ ਸਮੱਸਿਆ ਤੋਂ ਨਿਜਾਤ ਪਾਉਣ ਵਿਚ ਮਨੋਵਿਗਿਆਨੀ/ਸਾਈਕੈਟਰਿਸਟ ਅਤੇ ਮਰੀਜ਼ ਦੇ ਨਾਲ-ਨਾਲ ਉਸ ਦੇ ਪਰਿਵਾਰ ਤੇ ਨਜ਼ਦੀਕੀਆਂ ਦਾ ਸਹਿਯੋਗ ਬਹੁਤ ਜ਼ਰੂਰੀ ਹੈ।

ਵੱਖ-ਵੱਖ ਹੋ ਸਕਦੇ ਕਾਰਨ

ਡਿਪਰੈਸ਼ਨ ਦੇ ਵੱਖੋ-ਵੱਖਰੇ ਕਾਰਨ ਹੋ ਸਕਦੇ ਹਨ, ਜਿਵੇਂ ਕਿਸੇ ਕਰੀਬੀ ਦੀ ਮੌਤ, ਹਾਰਮੋਨਜ਼ ’ਚ ਤਬਦੀਲੀ ਅਤੇ ਕਿਸੇ ਗੰਭੀਰ ਬਿਮਾਰੀ ਤੋਂ ਪੀੜਤ ਹੋਣਾ, ਨਤੀਜਾ ਖ਼ਰਾਬ ਆਉਣਾ, ਕਿਸੇ ਕੰਮ ਵਿਚ ਉਮੀਦ ਅਨੁਸਾਰ ਸਫਲਤਾ ਨਾ ਮਿਲਣਾ ਜਾਂ ਕੰਮ ਵਿਗੜ ਜਾਣਾ, ਨੌਕਰੀ ਚਲੇ ਜਾਣਾ, ਕਰਜ਼ ’ਚ ਡੁੱਬਣ ਦੀ ਸਥਿਤੀ ਵਿਚ ਵੀ ਵਿਅਕਤੀ ਡਿਪਰੈਸ਼ਨ ਵਿਚ ਚਲਾ ਜਾਂਦਾ ਹੈ।

- ਗੋਬਿੰਦਰ ਸਿੰਘ ਢੀਂਡਸਾ

Posted By: Harjinder Sodhi