ਤਪਦਿਕ (ਟੀਬੀ) ਦੀ ਬਿਮਾਰੀ ਨੂੰ ਵੀ ਹੋਰਨਾਂ ਬਿਮਾਰੀਆਂ ਵਾਂਗ ਕੁਦਰਤੀ ਕਰੋਪੀ ਸਮਝਿਆ ਜਾਂਦਾ ਸੀ। ਇਲਾਜ ਤੇ ਜਾਗਰੂਕਤਾ ਦੀ ਕਮੀ ਕਾਰਨ ਅਨੇਕਾਂ ਕੀਮਤੀ ਜਾਨਾਂ ਮੌਤ ਦੇ ਮੂੰਹ ਜਾ ਪੈਂਦੀਆਂ ਸਨ। ਜਿਉਂ-ਜਿਉਂ ਮਨੁੱਖ ਨੂੰ ਸੋਝੀ ਹੋਈ ਤਾਂ ਇਲਾਜ ਦੇ ਖੇਤਰ ਵਿਚ ਵਿਕਾਸ ਹੋਇਆ ਤੇ ਵੱਡੀ ਗਿਣਤੀ ’ਚ ਜਾਨਾਂ ਨੂੰ ਬਚਾਇਆ ਜਾ ਸਕਿਆ। ਕੁਝ ਖੋਜਾਂ ਅਨੁਸਾਰ ਤਪਦਿਕ ਦੀ ਬਿਮਾਰੀ ਕਰੀਬ 5 ਹਜ਼ਾਰ ਸਾਲ ਪਹਿਲਾਂ ਅਫ਼ਰੀਕਾ ਤੋਂ ਦੁਨੀਆ ’ਚ ਫੈਲੀ।

19ਵੀਂ ਸਦੀ ਵਿਚ ਇਹ ਬਿਮਾਰੀ ਜਵਾਨਾਂ ਤੇ ਅੱਧਖੜ ਉਮਰ ਦੇ ਵਿਅਕਤੀਆਂ ’ਚ ਜ਼ਿਆਦਾ ਦੇਖਣ ਨੂੰ ਮਿਲੀ। 24 ਮਾਰਚ 1882 ਵਿਚ ਰੋਬਰਟ ਕੋਚ ਨਾਂ ਦੇ ਵਿਗਿਆਨੀ ਨੇ ਤਪਦਿਕ ਦੇ ਮਰੀਜ਼ਾਂ ਦੀ ਬਲਗਮ ’ਤੇ ਪ੍ਰਯੋਗ ਕਰ ਕੇ ਬਿਮਾਰੀ ਫੈਲਾਉਣ ਵਾਲੇ ਬੈਕਟੀਰੀਆ ਦਾ ਪਤਾ ਲਾਇਆ ਅਤੇ ਉਸ ਨੂੰ ‘ਮਾਈਕੋ੍ਰਬੈਕਟੀਰੀਅਮ ਟਿਊਬਰਕਲੋਸਿਸ ਬੈਕਟੀਰੀਆ’ ਦਾ ਨਾਂ ਦਿੱਤਾ।

ਕਿਉਂ ਮਨਾਇਆ ਜਾਂਦਾ ਹੈ ਤਪਦਿਕ ਦਿਵਸ

100 ਸਾਲਾਂ ਬਾਅਦ 24 ਮਾਰਚ 1982 ਨੂੰ ਵਿਸ਼ਵ ਸਿਹਤ ਸੰਸਥਾ ਨੇ ਹਰ ਸਾਲ ਇਸ ਦਿਨ ਨੂੰ ਵਿਸ਼ਵ ਤਪਦਿਕ ਦਿਵਸ ਦੇ ਤੌਰ ’ਤੇ ਮਨਾਉਣ ਦਾ ਫ਼ੈਸਲਾ ਕੀਤਾ। ਇਹ ਦਿਨ ਟੀਬੀ ਦੀ ਵਿਸ਼ਵ-ਵਿਆਪੀ ਮਹਾਮਾਰੀ ਅਤੇ ਇਸ ਬਿਮਾਰੀ ਨੂੰ ਖ਼ਤਮ ਕਰਨ ਦੀਆਂ ਕੋਸ਼ਿਸ਼ਾਂ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਮਨਾਇਆ ਜਾਂਦਾ ਹੈ। 1993 ਵਿਚ ਵਿਸ਼ਵ ਸਿਹਤ ਸੰਸਥਾ ਨੇ ਤਪਦਿਕ ਨੂੰ ਵਿਸ਼ਵ-ਵਿਆਪੀ ਸੰਕਟ ਐਲਾਨ ਦਿੱਤਾ ਅਤੇ ਖੋਜ ਕਾਰਜਾਂ ’ਚ ਹੋਰ ਤੇਜ਼ੀ ਲਿਆਂਦੀ।

ਵਿਸ਼ਵ ਸਿਹਤ ਸੰਸਥਾ ਦੇ ਅੰਕੜਿਆਂ ਅਨੁਸਾਰ ਹਰ ਰੋਜ਼ ਕਰੀਬ 4000 ਵਿਅਕਤੀ ਟੀਬੀ ਕਾਰਨ ਆਪਣੀਆਂ ਜਾਨਾਂ ਗੁਆ ਦਿੰਦੇ ਹਨ ਤੇ ਕਰੀਬ 28000 ਵਿਅਕਤੀ ਇਸ ਦੀ ਲਪੇਟ ਵਿਚ ਆਉਂਦੇ ਹਨ। ਇਕ ਅੰਕੜੇ ਅਨੁਸਾਰ 2000 ਤੋਂ ਹੁਣ ਤਕ ਵਿਸ਼ਵ ਪੱਧਰ ’ਤੇ ਟੀਬੀ ਨੂੰ ਖ਼ਤਮ ਕਰਨ ਲਈ ਕੀਤੇ ਜਾ ਰਹੇ ਉਪਰਾਲਿਆਂ ਸਦਕਾ ਕਰੀਬ 6 ਕਰੋੜ 30 ਲੱਖ ਜ਼ਿੰਦਗੀਆਂ ਬਚਾਈਆਂ ਜਾ ਚੁੱਕੀਆਂ ਹਨ। ਵਿਸ਼ਵ ਤਪਦਿਕ ਦਿਵਸ ਵਿਸ਼ਵ ਸਿਹਤ ਸੰਗਠਨ (ਡਬਲਿਊਐੱਚਓ) ਵੱਲੋਂ ਦਰਸਾਈਆਂ ਗਈਆਂ ਅੱਠ ਸਰਕਾਰੀ ਗਲੋਬਲ ਜਨਤਕ ਸਿਹਤ ਮੁਹਿੰਮਾਂ ਵਿੱਚੋਂ ਇਕ ਹੈ।

ਕਾਰਨ

ਟੀਬੀ ਇਕ ਵਿਅਕਤੀ ਤੋਂ ਦੂਜੇ ਵਿਅਕਤੀ ਤਕ ਉਦੋਂ ਫੈਲਦੀ ਹੈ, ਜਦੋਂ ਕੋਈ ਵਿਅਕਤੀ ਖੰਘ ਜਾਂ ਛਿੱਕ ਮਾਰਦਾ ਹੈ ਅਤੇ ਖੰਘਣ, ਛਿੱਕਣ ਨਾਲ ਛੱਡੀਆਂ ਗਈਆਂ ਬੂੰਦਾਂ ਨੂੰ ਸਾਹ ਰਾਹੀਂ ਕੋਈ ਤੰਦਰੁਸਤ ਵਿਅਕਤੀ ਅੰਦਰ ਲੈਂਦਾ ਹੈ। ਇਸ ਤੋਂ ਇਲਾਵਾ ਟੀਬੀ ਦੀ ਬਿਮਾਰੀ ਹੋਣ ਦੇ ਕੁਝ ਹੋਰ ਸਹਿ ਕਾਰਕਾਂ ਵਿਚ ਤੰਬਾਕੂ ਦੀ ਵਰਤੋਂ, ਕੁਪੋਸ਼ਣ, ਸ਼ਰਾਬ ਦੀ ਵਰਤੋਂ ਵੀ ਸ਼ਾਮਿਲ ਹਨ।

ਕਿਸਮਾਂ ਤੇ ਲੱਛਣ

ਤਪਦਿਕ (ਟੀਬੀ) ਮੁੱਖ ਰੂਪ ਵਿੱਚ ’ਚ ਦੋ ਤਰ੍ਹਾਂ ਦੀ ਹੁੰਦੀ ਹੈ- ਇਕ ਫੇਫੜਿਆਂ ਅਤੇ ਦੂਜੀ ਸਰੀਰ ਦੇ ਬਾਕੀ ਹਿੱਸਿਆਂ ਦੀ। ਕਰੀਬ 90 ਫ਼ੀਸਦੀ ਤੋਂ ਵਧੇਰੇ ਲੋਕਾਂ ’ਚ ਫੇਫੜਿਆਂ ਦੀ ਟੀਬੀ ਦੇਖਣ ਨੂੰ ਮਿਲਦੀ ਹੈ। ਦੋਵਾਂ ਕਿਸਮਾਂ ਦੀ ਤਪਦਿਕ (ਟੀਬੀ) ਵਿਚ ਕੁਝ ਸਮਾਨ ਲੱਛਣ ਹਨ, ਜਿਵੇਂ ਬੁਖ਼ਾਰ ਹੋਣਾ, ਕਾਂਬਾ ਛਿੜਨਾ, ਭੁੱਖ ਘੱਟ ਲੱਗਣੀ, ਭਾਰ ’ਚ ਕਮੀ, ਥਕਾਵਟ ਅਤੇ ਰਾਤ ਸਮੇਂ ਪਸੀਨਾ ਆਉਣਾ ਆਦਿ। ਫੇਫੜਿਆਂ ਦੀ ਟੀਬੀ ’ਚ ਦੋ ਹਫ਼ਤਿਆਂ ਤੋਂ ਵੱਧ ਦੀ ਲਗਾਤਾਰ ਖੰਘ ਜਿਹੜੀ ਕਈ ਵਾਰ ਬਲਗਮ ਤੇ ਲਹੂ ਲਿਆਉਂਦੀ ਹੈ, ਆਮ ਲੱਛਣ ਹੈ। ਛਾਤੀ ਵਿਚ ਦਰਦ ਰਹਿੰਦਾ ਹੈ। ਜਿਹੜੇ ਵਿਅਕਤੀਆਂ ਵਿਚ ਰੋਗਾਂ ਨਾਲ ਲੜਨ ਦੀ ਸ਼ਕਤੀ ਘੱਟ ਹੁੰਦੀ ਹੈ, ਉਨ੍ਹਾਂ ’ਚ ਟੀਬੀ ਦਾ ਬੈਕਟੀਰੀਆ ਫੇਫੜਿਆਂ ਤੋਂ ਖ਼ੂਨ ਰਾਹੀਂ ਸਰੀਰ ਦੇ ਬਾਕੀ ਹਿੱਸਿਆਂ ਵਿਚ ਫੈਲ ਜਾਂਦਾ ਹੈ, ਜਿਵੇਂ ਲਿੰਫ ਨੋਡਜ਼, ਹੱਡੀਆਂ ਤੇ ਜੋੜ, ਪਾਚਨ ਪ੍ਰਣਾਲੀ, ਦਿਮਾਗ਼ੀ ਪ੍ਰਣਾਲੀ, ਬਲੈਡਰ ਅਤੇ ਪ੍ਰਜਨਣ ਪ੍ਰਣਾਲੀ। ਇਸ ਨੂੰ ਵਾਧੂ ਪਲਮਨਰੀ ਟੀਬੀ ਵਜੋਂ ਜਾਣਿਆ ਜਾਂਦਾ ਹੈ। ਵਾਧੂ ਪਲਮਨਰੀ ਟੀਬੀ ਦੇ ਲੱਛਣ ਪ੍ਰਭਾਵਿਤ ਅੰਗਾਂ ਜਾਂ ਪ੍ਰਣਾਲੀ ਅਨੁਸਾਰ ਵੱਖਰੇ ਹੁੰਦੇ ਹਨ। ਕਮਜ਼ੋਰ ਪ੍ਰਤੀਰੋਧੀ ਪ੍ਰਣਾਲੀ ਵਾਲੇ ਜਾਂ ਐੱਚਆਈਵੀ ਪੀੜਤ ਲੋਕਾਂ ਨੂੰ ਟੀਬੀ ਹੋਣ ਦਾ ਖਦਸ਼ਾ ਵਧੇਰੇ ਹੁੰਦਾ ਹੈ।

ਰੋਗਾਂ ਨਾਲ ਲੜਨ ਦੀ ਵਧਾਈ ਜਾਵੇ ਸ਼ਕਤੀ

ਇਸ ਤੋਂ ਇਲਾਵਾ ਟੀਬੀ ਤੋਂ ਬਚਣ ਲਈ ਸਭ ਤੋਂ ਜ਼ਰੂਰੀ ਹੈ ਕਿ ਰੋਗਾਂ ਨਾਲ ਲੜਨ ਦੀ ਸ਼ਕਤੀ ਨੂੰ ਵਧਾਇਆ ਜਾਵੇ। ਇਸ ਲਈ ਰੋਜ਼ਾਨਾ ਪੌਸ਼ਟਿਕ ਅਤੇ ਸਾਫ਼-ਸੁਥਰੇ ਭੋਜਨ ਦਾ ਸੇਵਨ ਕੀਤਾ ਜਾਵੇ, ਰੋਜ਼ਾਨਾ ਵਰਜਿਸ਼, ਖੁੱਲ੍ਹੀ ਹਵਾ ’ਚ ਸੈਰ ਵੀ ਜ਼ਰੂਰੀ ਹੈ। ਦੋ ਹਫ਼ਤਿਆਂ ਤੋਂ ਵੱਧ ਸਮੇਂ ਤੋਂ ਖਾਂਸੀ, ਭਾਰ ਘਟਣਾ, ਭੁੱਖ ਘੱਟ ਹੋਣਾ, ਬੁਖ਼ਾਰ ਤੇ ਰਾਤ ਨੂੰ ਪਸੀਨਾ ਆਉਣਾ, ਥਕਾਵਟ ਟੀਵੀ ਦੇ ਆਮ ਲੱਛਣ ਹਨ। ਜੇ ਕਿਸੇ ਨੂੰ ਇਹ ਲੱਛਣ ਹੁੰਦੇ ਹਨ ਤਾਂ ਜਾਂਚ ਲਈ ਡਾਕਟਰੀ ਸਲਾਹ ਲੈਣੀ ਚਾਹੀਦੀ ਹੈ। ਇਸ ਦੀ ਜਾਂਚ ਅਤੇ ਇਲਾਜ ਸਰਕਾਰੀ ਸਿਹਤ ਕੇਂਦਰਾਂ ’ਤੇ ਮੁਫ਼ਤ ਮੁਹੱਈਆ ਹੈ।

ਟੀਬੀ ਵਿਰੁੱਧ ਭਾਰਤ ਸਰਕਾਰ ਵੱਲੋਂ 1997 ਵਿਚ ਆਰਐੱਨਟੀਸੀਪੀ ( ਰਿਵਾਈਜ਼ਡ ਨੈਸ਼ਨਲ ਟਿਊਬਰਕਲੋਜਿਜ਼ ਕੰਟਰੋਲ ਪ੍ਰੋਗਰਾਮ) ਸ਼ੁਰੂ ਕੀਤਾ ਗਿਆ ਹੈ, ਜਿਸ ਤਹਿਤ ਟੀਬੀ ਦੇ ਮਰੀਜ਼ ਨੂੰ ਨਿਗਰਾਨੀ ਹੇਠ ਨਿਰਧਾਰਤ ਸਮੇਂ ਲਈ ਦਵਾਈ ਖਵਾਈ ਜਾਂਦੀ ਹੈ, ਇਸ ਨੂੰ ਡਾਟਸ (ਡਾਇਰੈਕਟਲੀ ਆਬਜ਼ਰਬਡ ਟਰੀਟਮੈਂਟ ਸ਼ਾਰਟ ਕੋਰਸ) ਕਿਹਾ ਜਾਂਦਾ ਹੈ। ਇਸ ਪ੍ਰਣਾਲੀ ਰਾਹੀਂ ਮਰੀਜ਼ ਨੂੰ ਦਵਾਈ ਹੋਰ ਵਧੇਰੇ ਚੰਗੇ ਤਰੀਕੇ ਨਾਲ, ਬਿਨਾਂ ਦਵਾਈ ਵਿਚ ਖੜੋਤ ਤੋਂ ਪੂਰੇ ਨਿਰਧਾਰਤ ਸਮੇਂ ਲਈ ਦਿੱਤੀ ਜਾ ਸਕਦੀ ਹੈ ਤੇ ਬਿਮਾਰੀ ਨੂੰ ਖ਼ਤਮ ਕੀਤਾ ਜਾ ਸਕਦਾ ਹੈ।

ਬਚਾਅ

ਟੀਬੀ ਤੋਂ ਬਚਾਅ ਲਈ ਦੁਨੀਆ ਭਰ ਦੇ ਸਿਹਤ ਵਿਗਿਆਨੀਆਂ ਵੱਲੋਂ ਸਦੀਆਂ ਤੋਂ ਖੋਜ ਕਾਰਜ ਕੀਤਾ ਜਾ ਰਿਹਾ ਹੈ ਪਰ ਰੋਬਰਟ ਕੋਚ ਵੱਲੋਂ ਕੀਤੀ ਖੋਜ ਤੋਂ ਬਾਅਦ ਇਸ ਪ੍ਰਕਿਰਿਆ ਵਿਚ ਤੇਜ਼ੀ ਆਈ ਹੈ। ਫਰਾਂਸ ਦੇ ਦੋ ਵਿਗਿਆਨੀਆਂ ਐਲਬਰਟ ਕਾਲਮੇਟ ਅਤੇ ਕੈਮਿਲੀ ਗਿਊਰੀਨ ਨੇ 1906 ਵਿਚ ਟੀਬੀ ਦੀ ਬਿਮਾਰੀ ਲਈ ਟੀਕੇ ਦੀ ਖੋਜ ਕੀਤੀ, ਜਿਸ ਨੂੰ ਬੀਸੀਜੀ (ਬੈਸੀਲਸ ਕਾਲਮੇਟ ਗਿਊਰੀਨ) ਨਾਂ ਦਿੱਤਾ ਗਿਆ। ਸਭ ਤੋਂ ਪਹਿਲਾਂ ਇਸ ਟੀਕੇ ਦੀ ਵਰਤੋਂ 1921 ’ਚ ਫਰਾਂਸ ਅੰਦਰ ਇਕ ਸਕੂਲੀ ਬੱਚੇ ਦੇ ਲਗਾ ਕੇ ਕੀਤੀ ਗਈ, ਜਿਸ ਦਾ ਸਕਾਰਾਤਮਿਕ ਨਤੀਜਾ ਸਾਹਮਣੇ ਆਇਆ। ਇਸ ਤੋਂ ਬਾਅਦ 1956 ਤਕ ਕਰੀਬ 6 ਲੱਖ ਬੱਚਿਆਂ ਨੂੰ ਇਹ ਵੈਕਸੀਨ ਲਗਾਈ ਗਈ। ਯੂਰਪ ਤੋਂ ਇਲਾਵਾ ਭਾਰਤ ’ਚ ਇਹ ਵੈਕਸੀਨ ਪਹਿਲੀ ਵਾਰ 1948 ਵਿਚ ਲਗਾਈ ਗਈ, ਜੋ ਹੁਣ ਤਕ ਜਾਰੀ ਹੈ। ਇਹ ਵੈਕਸੀਨ ਬੱਚੇ ਨੂੰ ਭਵਿੱਖ ’ਚ ਟੀਬੀ ਦੀ ਬਿਮਾਰੀ ਤੋਂ ਸੁਰੱਖਿਆ ਪ੍ਰਦਾਨ ਕਰਦੀ ਹੈ।

ਮੁਫ਼ਤ ਕੀਤਾ ਜਾਂਦਾ ਇਲਾਜ

ਟੀਬੀ ਪ੍ਰਭਾਵਿਤ ਮਰੀਜ਼ ਦੀ ਵੱਡੀ ਜ਼ਿੰਮੇਵਾਰੀ ਹੈ ਕਿ ਉਹ ਇਸ ਨੂੰ ਅੱਗੇ ਫੈਲਣ ਤੋਂ ਰੋਕਣ ਲਈ ਆਪਣਾ ਭਰਪੂਰ ਯੋਗਦਾਨ ਪਾਵੇ। ਖੰਘਣ ਜਾਂ ਛਿੱਕਣ ਮੌਕੇ ਰੁਮਾਲ ਦੀ ਵਰਤੋਂ ਕੀਤੀ ਜਾਵੇ ਤੇ ਖੁੱਲ੍ਹੇ ਵਿਚ ਨਾ ਥੁੱਕਿਆ ਜਾਵੇ। ਉਸ ਦੇ ਰਹਿਣ ਵਾਲੀ ਥਾਂ ਕਾਫ਼ੀ ਹਵਾਦਾਰ ਹੋਣੀ ਚਾਹੀਦੀ ਹੈ। ਟੀਬੀ ਦੀ ਪੁਸ਼ਟੀ ਹੋਣ ’ਤੇ ਦਵਾਈ ਦਾ ਕੋਰਸ ਪੂਰਾ ਕੀਤਾ ਜਾਵੇ। ਡਾਕਟਰ ਦੀ ਜਾਂਚ ਤੇ ਪੂਰੀ ਤਰ੍ਹਾਂ ਟੀਬੀ ਠੀਕ ਹੋਣ ’ਤੇ ਹੀ ਇਲਾਜ ਬੰਦ ਕੀਤਾ ਜਾਵੇ। ਬੱਚਿਆਂ ਨੂੰ ਬੀਸੀਜੀ ਦਾ ਟੀਕਾ ਸਮੇਂ ਸਿਰ ਲਗਵਾਇਆ ਜਾਵੇ। ਟੀਬੀ ਕਦੇ ਠੀਕ ਨਹੀਂ ਹੁੰਦੀ, ਇਹ ਧਾਰਨਾ ਬਿਲਕੁਲ ਗ਼ਲਤ ਹੈ। ਸਹੀ ਢੰਗ ਨਾਲ ਇਲਾਜ ਕਰਵਾਉਣ ਤੇ ਡਾਕਟਰੀ ਹਦਾਇਤਾਂ ਦੀ ਪਾਲਣਾ ਕਰਨ ਨਾਲ ਇਹ ਬਿਲਕੁਲ ਠੀਕ ਹੋ ਸਕਦੀ ਹੈ। ਸਰਕਾਰ ਵੱਲੋਂ ਇਸ ਦਾ ਇਲਾਜ ਬਿਲਕੁਲ ਮੁਫ਼ਤ ਕੀਤਾ ਜਾਂਦਾ ਹੈ।

- ਨਰਿੰਦਰ ਪਾਲ ਸਿੰਘ

Posted By: Harjinder Sodhi