ਜੇਐੱਨਐੱਨ, ਨਵੀਂ ਦਿੱਲੀ : ਕੀ ਤੁਹਾਡੀਆਂ ਅੱਖਾਂ ਉੱਪਰਲੀ ਚਮੜੀ ਵੀ ਪਪੜੀਦਾਰ ਨਜ਼ਰ ਆਉਣ ਲੱਗੀ ਹੈ? ਪਲਕਾਂ ਦੇ ਆਲੇ-ਦੁਆਲੇ ਦਾਗ਼ ਵਰਗੀ ਦਿਸਣ ਵਾਲੀ ਇਹ ਚਮੜੀ ਅਸਲ ਵਿਚ ਕਲੈਸਟ੍ਰੋਲ ਹੈ। ਤੁਹਾਡੀਆਂ ਅੱਖਾਂ ਕੋਲ ਚਮੜੀ ਦਾ ਅਜਿਹਾ ਹੋ ਜਾਣਾ ਇਸ ਗੱਲ ਦਾ ਸੰਕੇਤ ਹੈ ਕਿ ਤੁਹਾਡੇ ਸਰੀਰ 'ਚ ਕਲੈਸਟ੍ਰੋਲ ਵਧ ਗਿਆ ਹੈ ਤੇ ਤੁਹਾਨੂੰ ਇਸ ਨੂੰ ਕੰਟਰੋਲ ਕਰਨ ਦੀ ਜ਼ਰੂਰਤ ਹੈ। ਵਧਿਆ ਹੋਇਾ ਕਲੈਸਟ੍ਰੋਲ ਤੁਹਾਨੂੰ ਹਾਰਟ ਅਟੈਕ, ਸਟ੍ਰੋਕ ਤੇ ਹਾਈ ਬਲੱਡ ਪ੍ਰੈਸ਼ਰ ਵਰਗੀਆਂ ਸਮੱਸਿਆਵਾਂ ਦੇ ਸਕਦਾ ਹੈ। ਇਸ ਲਈ ਜਿੰਨੀ ਜਲਦੀ ਹੋ ਸਕੇ ਤੁਹਾਨੂੰ ਆਪਣੇ ਸਰੀਰ 'ਚ ਕਲੈਸਟ੍ਰੋਲ ਕੰਟਰੋਲ ਕਰਨਾ ਸ਼ੁਰੂ ਕਰ ਦੇਣਾ ਚਾਹੀਦਾ ਹੈ। ਇੱਥੇ ਇਹ ਵੀ ਜਾਣਨਾ ਜ਼ਰੂਰੀ ਹੈ ਕਿ ਇਹ ਸੰਕੇਤ ਦਿਸਣ 'ਤੇ ਤੁਹਾਨੂੰ ਘੱਟੋ-ਘੱਟ ਇਕ ਵਾਰ ਡਾਕਟਰ ਤੋਂ ਸਲਾਹ ਲੈ ਕੇ ਆਪਣੇ ਕਲੈਸਟ੍ਰੋਲ ਦੀ ਜਾਂਚ ਕਰਵਾ ਲੈਣੀ ਚਾਹੀਦੀ ਹੈ ਤਾਂ ਜੋ ਸੰਭਾਵੀ ਖ਼ਤਰੇ ਨੂੰ ਸਹੀ ਸਮੇਂ 'ਤੇ ਰੋਕਿਆ ਜਾ ਸਕੇ।

ਅੱਖਾਂ ਉੱਪਰ ਜਮ੍ਹਾ ਇਸ ਪੱਪੜੀ ਵਾਲੀ ਚਮੜੀ ਨੂੰ ਹਟਾਉਣ ਲਈ ਕਲੈਸਟ੍ਰੋਲ ਘਟਾਉਣਾ ਤਾਂ ਜ਼ਰੂਰੀ ਹੈ ਹੀ, ਨਾਲ ਹੀ ਤੁਸੀਂ ਕੁਝ ਆਸਾਨ ਘਰੇਲੂ ਉਪਾਅ ਵੀ ਅਪਣਾ ਸਕਦੇ ਹੋ ਜਿਨ੍ਹਾਂ ਨਾਲ ਧੱਬੇ ਵਰਗੇ ਦਿਸਣ ਵਾਲਾ ਇਹ ਨਿਸ਼ਾਨ ਜਲਦੀ ਗ਼ਾਇਬ ਹੋ ਜਾਵੇਗਾ। ਜਾਣੋ ਇਸ ਦੇ ਬਾਰੇ...

ਲਸਣ ਦੀ ਕਰੋ ਵਰਤੋਂ

ਅੱਖਾਂ ਨੇੜੇ ਜਮ੍ਹਾਂ ਪੱਪੜੀ ਹਟਾਉਣ ਲਈ ਲਸਣ ਇਕ ਆਸਾਨ ਤੇ ਅਸਰਦਾਰ ਉਪਾਅ ਹੈ। ਇਸ ਲਈ ਤੁਸੀਂ ਬਹੁਤੀ ਮਿਹਨਤ ਨਹੀਂ ਕਰਨੀ। ਬੱਸ ਇਕ ਲਸਣ ਦੀ ਕਲੀ ਲਓ ਤੇ ਉਸ ਨੂੰ ਛਿੱਲ ਕੇ ਵਿਚਕਾਰੋ ਕੱਟ ਲਓ। ਹੁਣ ਇਸ ਨੂੰ ਆਪਣੀਆਂ ਅੱਖਾਂ ਦੇ ਆਸਪਾਸ ਜਿੱਥੇ ਵੀ ਚਮੜੀ 'ਤੇ ਦਾਗ਼ ਜਾਂ ਦਾਣੇ ਦਿਸ ਰਹੇ ਹਨ, ਉੱਥੇ ਥੋੜ੍ਹੀ ਦੇਰ ਰਗੜੋ। ਇਸ ਨਾਲ ਤੁਹਾਨੂੰ ਚਮੜੀ 'ਤੇ ਥੋੜ੍ਹੀ ਜਲਨ ਮਹਿਸੂਸ ਹੋਵੇਗੀ ਪਰ ਉਸ ਨਾਲ ਕੋਈ ਸਮੱਸਿਆ ਨਹੀਂ ਹੈ। ਦਿਨ ਵਿਚ 2-3 ਵਾਰ ਅਜਿਹਾ ਕਰੋ, ਹੌਲੀ-ਹੌਲੀ ਇਹ ਦਾਗ਼ ਗ਼ਾਇਬ ਹੋ ਜਾਣਗੇ।

ਕੇਲੇ ਦਾ ਛਿਲਕਾ

ਕੇਲੇ ਦੇ ਛਿਲਕੇ ਦੀ ਵਰਤੋਂ ਕਰ ਕੇ ਵੀ ਤੁਸੀਂ ਅੱਖਾਂ 'ਤੇ ਜਮ੍ਹਾਂ ਕਲੈਸਟ੍ਰੋਲ ਤੋਂ ਛੁਟਕਾਰਾ ਪਾ ਸਕਦੇ ਹਨ। ਇਸ ਦੇ ਲਈ ਕੇਲੇ ਦੇ ਛਿਲਕੇ ਨੂੰ ਛੋਟੇ-ਛੋਟੇ ਟੁਕੜਿਆਂ 'ਚ ਕੱਟ ਲਓ ਤੇ ਰਾਤ ਨੂੰ ਸੌਣ ਤੋਂ ਪਹਿਲਾਂ ਗਿੱਲ੍ਹੇ ਵਾਲੇ ਹਿੱਸੇ ਨੂੰ ਧੱਬਿਆਂ ਵਾਲੀ ਜਗ੍ਹਾ ਲਾਓ ਤੇ ਟੇਪ ਜਾਂ ਬੈਂਡੇਜ ਦੀ ਮਦਦ ਨਾਲ ਚਿਪਕਾ ਲਓ। ਰਾਤ ਭਰ ਇਸੇ ਤਰ੍ਹਾਂ ਸੁੱਤੇ ਰਹੋ ਤੇ ਸਵੇਰੇ ਟੇਪ ਕੱਢ ਦਿਉ। 2-3 ਦਿਨ ਅਜਿਹਾ ਕਰਨ ਨਾਲ ਦਾਗ਼ ਘਟਣ ਲੱਗਣਗੇ।

ਪਿਆਜ਼ ਦਾ ਰਸ

ਪਿਆਜ਼ ਦਾ ਰਸ ਲਗਾਉਣ ਨਾਲ ਵੀ ਅੱਖਾਂ ਨੇੜੇ ਜਮ੍ਹਾਂ ਕਲੈਸਟ੍ਰੋਲ ਹਟਾਇਆ ਜਾ ਸਕਦਾ ਹੈ। ਇਸ ਦੇ ਲਈ ਇਕ ਛੋਟੇ ਸਾਈਜ਼ ਦਾ ਪਿਆਜ਼ ਕੱਟੋ ਤੇ ਇਸ ਨੂੰ ਪੀਸ ਲਓ। ਹੁਣ ਕਿਸੇ ਸੂਤੀ ਕੱਪੜੇ ਜਾਂ ਛਾਣਨੀ ਦੀ ਮਦਦ ਨਾਲ ਰਸ ਨਿਚੋੜ ਲਓ। ਇਸ ਰਸ 'ਚ ਥੋੜ੍ਹਾ ਲੂਣ ਮਿਲਾਓ ਤੇ ਰਾਤ ਭਰ ਲਈ ਇਸ ਨੂੰ ਛੱਡ ਦਿਉ। ਸਵੇਰੇ ਉੱਠਣ ਤੋਂ ਬਾਅਦ ਇਸ ਰਸ ਨੂੰ ਆਪਣੀਆਂ ਅੱਖਾਂ ਨੇੜੇ ਜਮ੍ਹਾਂ ਦਾਗ਼-ਧੱਬਿਆਂ 'ਤੇ ਲਾਓ। ਜਲਦ ਦੀ ਤੁਹਾਡੀ ਚਮੜੀ ਠੀਕ ਹੋਣ ਲੱਗੇਗੀ।

ਕੈਸਟਰ ਆਇਲ (ਅਰੰਡੀ ਦਾ ਤੇਲ)

ਜੇਕਰ ਤੁਹਾਡੀਆਂ ਅੱਖਾਂ 'ਤੇ ਕਲੈਸਟ੍ਰੋਲ ਜਮ੍ਹਾਂ ਹੋਣ ਦੇ ਨਿਸ਼ਾਨ ਜਾਂ ਦਾਣੇ ਆਉਣੇ ਹਾਲੇ ਸ਼ੁਰੂ ਹੋਏ ਹਨ ਤਾਂ ਅਰੰਡੀ ਦੇ ਤੇਲ (ਕੈਸਟਰ ਆਇਲ) ਦੀ ਵਰਤੋਂ ਕਰ ਕੇ ਵੀ ਤੁਸੀਂ ਇਸ ਤੋਂ ਛੁਟਕਾਰਾ ਪਾ ਸਕਦੇ ਹੋ। ਇਸ ਦੀ ਵਰਤੋਂ ਲਈ ਥੋੜ੍ਹੇ ਜਿਹੇ ਅਰੰਡੀ ਦੇ ਤੇਲ 'ਚ ਰੂੰ ਦਾ ਫਾਹਾ (ਕਾਟਨ ਬੱਡ) ਗਿੱਲਾ ਕਰੋ ਤੇ ਪੱਪੜੀ ਵਾਲੀ ਥਾਂ ਲਾਓ। ਦਿਨ ਵਿਚ 3-4 ਵਾਰ ਜਦੋਂ ਵੀ ਸਮਾਂ ਮਿਲੇ ਇਸ ਨੂੰ ਰੂੰ ਦੀ ਮਦਦ ਨਾਲ ਲਗਾ ਲਓ। ਕੁਝ ਦਿਨਾਂ 'ਚ ਤੁਹਾਡੇ ਦਾਗ਼ ਪੂਰੀ ਤਰ੍ਹਾਂ ਸਾਫ਼ ਹੋ ਜਾਣਗੇ।

ਐੱਪਲ ਸਾਈਡਰ ਵਿਨੇਗਰ

ਐੱਪਲ ਸਾਈਡਰ ਵਿਨੇਗਰ (ਸੇਬ ਦਾ ਸਿਰਕਾ) ਵੀ ਕਲੈਸਟ੍ਰੋਲ ਡਿਪਾਜ਼ਿਟ ਠੀਕ ਕਰਨ ਲਈ ਵਰਤਿਆ ਜਾ ਸਕਦਾ ਹੈ। ਇਸ ਦੇ ਲਈ ਰੂੰ ਦੇ ਇਕ ਫਾਹੇ ਨੂੰ ਸੇਬ ਦੇ ਸਿਰਕੇ 'ਚ ਗਿੱਲਾ ਕਰੋ ਤੇ ਕਲੈਸਟ੍ਰੋਲ ਜਮ੍ਹਾਂ ਵਾਲੀ ਜਗ੍ਹਾ 'ਤੇ ਰੱਖ ਕੇ ਟੇਪ ਨਾਲ ਚਿਪਕਾ ਲਓ। 2 ਘੰਟੇ ਲੱਗਾ ਰਹਿਣ ਦਿਓ ਤੇ ਫਿਰ ਸਾਦੇ ਪਾਣੀ ਨਾਲ ਮੂੰਹ ਧੋ ਲਓ। ਛੇਤੀ ਹੀ ਤੁਹਾਨੂੰ ਇਸ ਤੋਂ ਛੁਟਕਾਰਾ ਮਿਲ ਜਾਵੇਗਾ।

Posted By: Seema Anand