ਬਦਲਦੇ ਮੌਸਮ ਤੋਂ ਇਲਾਵਾ ਵੀ ਅਕਸਰ ਤੁਸੀਂ ਸਰਦੀ, ਜ਼ੁਕਾਮ ਤੇ ਫੀਵਰ ਦਾ ਸ਼ਿਕਾਰ ਹੁੰਦੇ ਰਹਿੰਦੇ ਹੋ ਤਾਂ ਇਹ ਤੁਹਾਡੀ ਖ਼ਰਾਬ ਇਮਿਊਨਿਟੀ ਵੱਲ ਇਸ਼ਾਰਾ ਕਰਦਾ ਹੈ। ਇਸ ਦੀ ਸਭ ਤੋਂ ਵੱਡੀ ਵਜ੍ਹਾ ਤੁਹਾਡਾ ਖ਼ਰਾਬ ਖਾਣ-ਪੀਣ ਹੁੰਦਾ ਹੈ। ਖਾਣੇ 'ਚ ਹਰੀਆਂ ਸਬਜ਼ੀਆਂ ਤੇ ਫਲ਼ਾਂ ਤੋਂ ਇਲਾਵਾ ਡ੍ਰਾਈ-ਫਰੂਟਸ ਤੇ ਕੁਝ ਮਸਾਲੇ ਵੀ ਹੁੰਦੇ ਹਨ ਜਿਹੜੇ ਇਮਿਊਨਿਟੀ ਬੂਸਟ ਕਰ ਕੇ ਤੁਹਾਨੂੰ ਲੰਬੇ ਸਮੇਂ ਤਕ ਬਿਮਾਰੀਆਂ ਤੋਂ ਦੂਰ ਰੱਖਦੇ ਹਨ। ਜਾਣਾਂਗੇ ਇਨ੍ਹਾਂ ਫੂਡਜ਼ ਬਾਰੇ...

ਹਲਦੀ

ਹਲਦੀ ਦੀ ਵਰਤੋਂ ਨਾ ਸਿਰਫ਼ ਖਾਣੇ ਦਾ ਸਵਾਦ ਵਧਾਉਂਦੀ ਹੈ ਬਲਕਿ ਢੇਰ ਸਾਰੇ ਰੋਗਾਂ ਤੋਂ ਵੀ ਬਚਾਉਂਦੀ ਹੈ। ਹਲਦੀ ਦੀ ਵਰਤੋਂ ਭੋਜਨ ਦੇ ਨਾਲ ਹੀ ਦਵਾਈ ਦੇ ਰੂਪ 'ਚ ਵੀ ਕੀਤੀ ਜਾਂਦੀ ਹੈ। ਇਸ ਵਿਚ ਕਰਕਿਊਮਿਨ ਨਾਂ ਦਾ ਪੋਸ਼ਕ ਤੱਤ ਪਾਇਆ ਜਾਂਦਾ ਹੈ ਜੋ ਸਾਡੇ ਸਰੀਰ ਦੀ ਰੋਗ-ਪ੍ਰਤੀਰੋਧਕ ਸਮਰੱਥਾ ਵਧਾਉਣ 'ਚ ਮਦਦ ਕਰਦਾ ਹੈ। ਹਲਦੀ 'ਚ ਕੈਂਸਰ ਰੋਕੂ ਗੁਣ ਵੀ ਪਾਏ ਜਾਂਦੇ ਹਨ ਜੋ ਸਰਦੀ-ਜ਼ੁਕਾਮ ਤੋਂ ਰਾਹਤ ਦਿਵਾਉਣ ਦੇ ਨਾਲ-ਨਾਲ ਜ਼ਖ਼ਮਾਂ ਦੇ ਜਲਦੀ ਭਰਨ 'ਚ ਵੀ ਮਦਦ ਕਰਦੇ ਹਨ। ਇਹੀ ਕਾਰਨ ਹੈ ਕਿ ਹਲਦੀ ਦਾ ਸੇਵਨ ਸਿਹਤ ਲਈ ਕਾਫ਼ੀ ਫਾਇਦੇਮੰਦ ਮੰਨਿਆ ਜਾਂਦਾ ਹੈ।

ਪਾਲਕ

ਲਗਪਗ ਹਰ ਮੌਸਮ 'ਚ ਆਸਾਨੀ ਨਾਲ ਮਿਲਣ ਵਾਲੀ ਇਸ ਹਰੀ ਪੱਤੇਦਾਰ ਸਬਜ਼ੀ 'ਚ ਢੇਰ ਸਾਰੇ ਗੁਣ ਮੌਜੂਦ ਹੁੰਦੇ ਹਨ। ਪਾਲਕ ਫਲੈਵੋਨਾਇਟਸ, ਕੈਰੋਟੇਨਾਇਡਸ, ਵਿਟਾਮਿਨ-ਸੀ, ਈ ਆਦਿ ਦਾ ਚੰਗਾ ਸ੍ਰੋਤ ਮੰਨਿਆ ਜਾਂਦਾ ਹੈ। ਇਹ ਇਮਿਊਨ ਸਿਸਟਮ ਲਈ ਬਹੁਤ ਚੰਗੇ ਸੁਪੋਰਟ ਦਾ ਕੰਮ ਕਰਦੀ ਹੈ।

ਪਪੀਤਾ

ਵਿਟਾਮਿਨ-ਸੀ ਨਾਲ ਭਰਪੂਰ ਇਹ ਫਲ਼ ਨਾ ਸਿਰਫ਼ ਸਰੀਰ ਦੀ ਰੋਗ ਪ੍ਰਤੀਰੋਧਕ ਸਮਰੱਥਾ 'ਚ ਵਾਧਾ ਕਰਦਾ ਹੈ ਬਲਕਿ ਪਾਚਨਤੰਤਰ ਨੂੰ ਵੀ ਸਹੀ ਰੱਖਣ 'ਚ ਮਦਦ ਕਰਦਾ ਹੈ। ਇਸ ਵਿਚ ਪਾਇਆ ਜਾਣ ਵਾਲਾ ਡਾਈਜੈਸਟਿਵ ਐਂਜਾਇਮ ਪਪੇਨ ਭੋਜਨ ਸਹੀ ਤਰ੍ਹਾਂ ਨਾਲ ਪਚਾਉਣ 'ਚ ਮਦਦ ਕਰਦਾ ਹੈ। ਇਹ ਪੋਟਾਸ਼ੀਅਮ, ਫੋਲੇਟ ਅਤੇ ਵਿਟਾਮਿਨ-ਬੀ ਦਾ ਵੀ ਵਧੀਆ ਸ੍ਰੋਤ ਹੈ।

ਦਹੀਂ

ਜੇਕਰ ਤੁਸੀਂ ਦਹੀਂ ਦਾ ਸੇਵਨ ਇਹ ਸੋਚ ਕੇ ਨਹੀਂ ਕਰਦੇ ਹੋ ਕਿ ਇਸ ਦੇ ਸੇਵਨ ਨਾਲ ਸਰਦੀ-ਜ਼ੁਕਾਮ ਵਧ ਜਾਵੇਗਾ ਤਾਂ ਇਹ ਤੁਹਾਡੀ ਭੁੱਲ ਹੈ। ਦਹੀਂ ਦਾ ਸੇਵਨ ਸਿਰਫ਼ ਭੋਜਨ ਦਾ ਸਵਾਦ ਹੀ ਨਹੀਂ ਵਧਾਉਂਦਾ ਬਲਕਿ ਇਸ ਵਿਚ ਢੇਰ ਸਾਰੇ ਚਮਤਕਾਰੀ ਗੁਣ ਹੁੰਦੇ ਹਨ ਜੋ ਨਾ ਸਿਰਫ਼ ਤੁਹਾਨੂੰ ਤੰਦਰੁਸਤ ਰੱਖਦੇ ਹਨ ਬਲਕਿ ਕਈ ਗੰਭੀਰ ਰੋਗਾਂ ਤੋਂ ਵੀ ਬਚਾਉਂਦੇ ਹਨ। ਮਾਹਿਰਾਂ ਮੁਤਾਬਿਕ ਇਸ ਵਿਚ ਪਾਏ ਜਾਣ ਵਾਲੇ ਢੇਰ ਸਾਰੇ ਪੋਸ਼ਕ ਤੱਤ ਅੰਤੜੀਆਂ ਦੀ ਸਮੱਸਿਆ ਅਤੇ ਸੰਕ੍ਰਮਣ ਦੂਰ ਰੱਖਣ 'ਚ ਮਦਦ ਕਰਦੇ ਹਨ। ਖੋਜਾਂ ਤੋਂ ਇਹ ਵੀ ਸਾਬਿਤ ਹੋ ਚੁੱਕਾ ਹੈ ਕਿ ਰੋਜ਼ਾਨਾ ਥੋੜ੍ਹਾ ਜਿਹਾ ਦਹੀਂ ਖਾਣ ਨਾਲ ਸਾਡਾ ਇਮਿਊਨ ਸਿਸਟਮ ਕਾਫ਼ੀ ਮਜ਼ਬੂਤ ਹੁੰਦਾ ਹੈ।

Posted By: Seema Anand