ਵਾਸ਼ਿੰਗਟਨ (ਪੀਟੀਆਈ) : ਕੋਰੋਨਾ ਵਾਇਰਸ ਦੀ ਲਪੇਟ ਵਿਚ ਆਉਣ ਵਾਲੇ ਲੋਕਾਂ 'ਤੇ ਇਨਫੈਕਸ਼ਨ ਦਾ ਲੰਬੇ ਸਮੇਂ ਤਕ ਅਸਰ ਰਹਿ ਸਕਦਾ ਹੈ। ਇਕ ਨਵੇਂ ਅਧਿਐਨ ਦਾ ਦਾਅਵਾ ਹੈ ਕਿ ਹਸਪਤਾਲ ਵਿਚ ਭਰਤੀ ਰਹੇ ਇਕ-ਤਿਹਾਈ ਤੋਂ ਜ਼ਿਆਦਾ ਕੋਰੋਨਾ ਪੀੜਤਾਂ ਵਿਚ ਬਿਮਾਰੀ ਨਾਲ ਜੁੜਿਆ ਕੋਈ ਇਕ ਲੱਛਣ ਛੇ ਮਹੀਨੇ ਤਕ ਰਹਿ ਸਕਦਾ ਹੈ।

ਲੈਂਸੇਟ ਪੱਤ੍ਕਾ ਵਿਚ ਪ੍ਰਕਾਸ਼ਿਤ ਅਧਿਐਨ ਅਨੁਸਾਰ ਚੀਨ ਦੇ ਵੁਹਾਨ ਸ਼ਹਿਰ ਵਿਚ ਕੋਰੋਨਾ ਦੀ ਲਪੇਟ ਵਿਚ ਆਏ 1,733 ਰੋਗੀਆਂ ਵਿਚ ਇਸ ਖ਼ਤਰਨਾਕ ਵਾਇਰਸ ਦੇ ਲੰਬੇ ਸਮੇਂ ਦੇ ਪ੍ਰਭਾਵ ਨੂੰ ਲੈ ਕੇ ਗ਼ੌਰ ਕੀਤਾ ਗਿਆ। ਇਹ ਲੋਕ ਪਿਛਲੇ ਸਾਲ ਜਨਵਰੀ ਅਤੇ ਮਈ ਵਿਚ ਕੋਰੋਨਾ ਪ੍ਰਭਾਵਿਤ ਮਿਲੇ ਸਨ। ਜਨਵਰੀ ਵਿਚ ਬਿਮਾਰ ਪਏ ਲੋਕਾਂ 'ਤੇ ਜੂਨ ਤਕ ਅਤੇ ਮਈ ਵਿਚ ਰੋਗੀ ਪਾਏ ਗਏ ਪੀੜਤਾਂ 'ਤੇ ਸਤੰਬਰ ਤਕ ਨਜ਼ਰ ਰੱਖੀ ਜਾਵੇ।

ਚੀਨ ਦੇ ਜਿਨ ਯਿਨ-ਟੇਨ ਹਸਪਤਾਲ ਦੇ ਖੋਜਕਰਤਾਵਾਂ ਨੇ ਕੋਰੋਨਾ ਨੂੰ ਮਾਤ ਦੇਣ ਵਾਲੇ ਇਨ੍ਹਾਂ ਪੀੜਤਾਂ ਤੋਂ ਆਹਮੋ-ਸਾਹਮਣੇ ਬੈਠ ਕੇ ਇਕ ਪ੍ਰਸ਼ਨਾਵਲੀ ਦੇ ਆਧਾਰ 'ਤੇ ਗੱਲਬਾਤ ਕੀਤੀ ਅਤੇ ਉਨ੍ਹਾਂ ਵਿਚ ਕੋਰੋਨਾ ਸਬੰਧੀ ਲੱਛਣਾਂ 'ਤੇ ਗ਼ੌਰ ਕੀਤਾ। ਹਸਪਤਾਲ ਤੋਂ ਛੁੱਟੀ ਮਿਲਣ ਪਿੱਛੋਂ ਇਨ੍ਹਾਂ ਮਰੀਜ਼ਾਂ ਦੀ ਸਰੀਰਕ ਜਾਂਚ ਕਰਨ ਦੇ ਨਾਲ ਹੀ ਲੈਬ ਟੈਸਟ ਵੀ ਕੀਤੇ ਗਏ। ਇਨ੍ਹਾਂ ਵਿਚ ਫੇਫੜਿਆਂ ਦੀ ਕਾਰਜ ਸਮਰੱਥਾ ਦਾ ਵਿਸ਼ਲੇਸ਼ਣ ਕੀਤਾ ਗਿਆ।

ਖੋਜਕਰਤਾਵਾਂ ਮੁਤਾਬਕ ਪੀੜਤਾਂ ਵਿਚ ਮਾਸਪੇਸ਼ੀ ਦੀ ਸਮੱਸਿਆ ਆਮ ਤੌਰ 'ਤੇ ਪਾਈ ਗਈ। 63 ਫ਼ੀਸਦੀ ਰੋਗੀਆਂ ਨੇ ਮਾਸਪੇਸ਼ੀ ਵਿਚ ਕਮਜ਼ੋਰੀ ਦੀ ਸ਼ਿਕਾਇਤ ਕੀਤੀ। 26 ਫ਼ੀਸਦੀ ਨੇ ਨੀਂਦ ਸਬੰਧੀ ਕਠਿਨਾਈ ਦੀ ਗੱਲ ਕਹੀ ਜਦਕਿ 23 ਫ਼ੀਸਦੀ ਪੀੜਤਾਂ ਵਿਚ ਐਂਗਜਾਇਟੀ ਜਾਂ ਡਿਪ੍ਰਰੈਸ਼ਨ ਦੀ ਸਮੱਸਿਆ ਪਾਈ ਗਈ। ਖੋਜਕਰਤਾਵਾ ਨੇ ਦੱਸਿਆ ਕਿ ਕੋਰੋਨਾ ਤੋਂ ਉਭਰਨ ਵਾਲੇ ਪੀੜਤਾਂ 'ਤੇ ਕਾਫ਼ੀ ਘੱਟ ਅਧਿਐਨ ਹੋਏ ਹਨ। ਇਸ ਲਈ ਸਿਹਤ 'ਤੇ ਕੋਰੋਨਾ ਦੇ ਲੰਬੇ ਸਮੇਂ ਦੇ ਪ੍ਰਭਾਵ ਦੇ ਬਾਰੇ ਵਿਚ ਘੱਟ ਜਾਣਕਾਰੀ ਹੈ। ਇਸ ਅਧਿਐਨ ਨਾਲ ਜੁੜੇ ਖੋਜਕਰਤਾ ਬਿਨ ਕਾਓ ਨੇ ਕਿਹਾ ਕਿ ਸਾਡੇ ਵਿਸ਼ਲੇਸ਼ਣ ਤੋਂ ਜ਼ਾਹਿਰ ਹੁੰਦਾ ਹੈ ਕਿ ਹਸਪਤਾਲ ਤੋਂ ਨਿਕਲਣ ਪਿੱਛੋਂ ਜ਼ਿਆਦਾਤਰ ਰੋਗੀਆਂ ਨੂੰ ਲੰਬੇ ਸਮੇਂ ਤਕ ਕਿਸੇ ਇਕ ਲੱਛਣ ਦਾ ਸਾਹਮਣਾ ਕਰਨਾ ਪੈਂਦਾ ਹੈ।