ਬਾਰਸੀਲੋਨਾ (ਆਈਏਐੱਨਐੱਸ) : ਇਕ ਅਧਿਐਨ ਵਿਚ ਖੋਜੀਆਂ ਨੇ ਦਾਅਵਾ ਕੀਤਾ ਹੈ ਕਿ ਹਾਈ ਬਲੱਡ ਸ਼ੂਗਰ ਨਾਲ ਕੋਰੋਨਾ ਮਰੀਜ਼ਾਂ ਦੀ ਮੌਤ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ। ਅਜਿਹਾ ਉਨ੍ਹਾਂ ਮਰੀਜ਼ਾਂ ਦੇ ਨਾਲ ਵੀ ਹੋ ਸਕਦਾ ਹੈ ਜੋ ਸ਼ੂਗਰ ਰੋਗ ਤੋਂ ਪੀੜਤ ਨਹੀਂ ਹਨ। ਅਧਿਐਨ ਦੇ ਸਿੱਟਿਆਂ ਤੋਂ ਪਤਾ ਚੱਲਦਾ ਹੈ ਕਿ ਹਾਈ ਬਲੱਡ ਸ਼ੂਗਰ ਨਾਲ ਕੋਰੋਨਾ ਮਰੀਜ਼ਾਂ ਦੀ ਮੌਤ ਹੋਣ ਦੀ ਸੰਭਾਵਨਾ ਦੂਜੀਆਂ ਹੋਰ ਬਿਮਾਰੀਆਂ ਨਾਲ ਗ੍ਸਿਤ ਕੋਰੋਨਾ ਮਰੀਜ਼ਾਂ ਦੀ ਤੁਲਨਾ ਵਿਚ ਦੋ ਗੁਣਾ ਤੋਂ ਜ਼ਿਆਦਾ ਹੈ। ਸਪੇਨ ਦੇ ਵੱਖ-ਵੱਖ ਹਸਪਤਾਲਾਂ ਵਿਚ ਭਰਤੀ 11 ਹਜ਼ਾਰ ਤੋਂ ਜ਼ਿਆਦਾ ਮਰੀਜ਼ਾਂ 'ਤੇ ਕੀਤੀ ਗਈ ਇਹ ਖੋਜ ਜਰਨਲ 'ਐਨਾਲਸ ਆਫ ਮੈਡੀਸਨ' ਵਿਚ ਪ੍ਰਕਾਸ਼ਿਤ ਕੀਤੀ ਗਈ ਹੈ। ਅਧਿਐਨ ਤੋਂ ਇਸ ਗੱਲ ਦਾ ਪ੍ਰਮਾਣ ਮਿਲਦਾ ਹੈ ਕਿ ਹਾਈਪਰਗਲੇਸ਼ਿਮੀਆ (ਹਾਈ ਬਲੱਡ ਸ਼ੂਗਰ ਲਈ ਵਰਤਿਆ ਜਾਣਾ ਵਾਲੀ ਡਾਕਟਰੀ ਸ਼ਬਦ) ਨਾਲ ਕੋਰੋਨਾ ਮਰੀਜ਼ਾਂ ਵਿਚ ਮੌਤ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ।

ਅਧਿਐਨ ਤੋਂ ਇਸ ਗੱਲ ਦਾ ਵੀ ਪਤਾ ਲੱਗਿਆ ਕਿ ਹਾਈਪਰਗਲੇਸ਼ਿਮੀਆ ਕਾਰਨ ਜ਼ਿਆਦਾ ਮਰੀਜ਼ਾਂ ਨੂੰ ਵੈਂਟੀਲੇਟਰ ਅਤੇ ਆਈਸੀਯੂ ਵਿਚ ਰੱਖਣਾ ਪਿਆ। ਸਪੇਨ ਦੀ ਜੁਆਨ ਰੇਮਨ ਜਿਮੇਨੇਜ ਯੂਨੀਵਰਸਿਟੀ ਹਸਪਤਾਲ ਨਾਲ ਸਬੰਧ ਰੱਖਣ ਵਾਲੇ ਖੋਜ ਦੇ ਸਹਿ ਲੇਖਕ ਜ਼ੇਵੀਅਰ ਕੈਰਾਸਕੋ ਨੇ ਕਿਹਾ ਕਿ ਜੇਕਰ ਕੋਰੋਨਾ ਮਰੀਜ਼ਾਂ ਵਿਚ ਹਾਈਪਰਗਲੇਸ਼ਿਮੀਆ ਦਾ ਪਤਾ ਲੱਗਦਾ ਹੈ ਤਾਂ ਉਸ ਦਾ ਆਰੰਭਿਕ ਇਲਾਜ ਜ਼ਰੂਰ ਕੀਤਾ ਜਾਣਾ ਚਾਹੀਦਾ ਹੈ। ਸ਼ੂਗਰ ਪੀੜਤ ਮਰੀਜ਼ਾਂ ਵਿਚ ਹਾਈਪਰਗਲੇਸ਼ਿਮੀਆ ਇਕ ਆਮ ਸਮੱਸਿਆ ਹੈ ਪ੍ਰੰਤੂ ਬਿਮਾਰੀ ਅਤੇ ਸੱਟ ਲੱਗਣ ਨਾਲ ਇਹ ਵੱਧ ਸਕਦੀ ਹੈ। ਅਧਿਐਨ ਤਹਿਤ ਮਾਰਚ ਤੋਂ ਮਈ ਮਹੀਨੇ ਦੌਰਾਨ ਸਪੇਨ ਦੇ 100 ਹਸਪਤਾਲਾਂ ਵਿਚ ਭਰਤੀ ਮਰੀਜ਼ਾਂ ਦੇ ਡਾਟਾ ਦਾ ਅਧਿਐਨ ਕੀਤਾ ਗਿਆ। ਖੋਜ ਵਿਚ ਸ਼ਾਮਲ ਕੀਤੇ ਗਏ 11,312 ਮਰੀਜ਼ਾਂ ਵਿੱਚੋਂ ਹਰੇਕ ਦੀ ਉਮਰ 18 ਸਾਲ ਜਾਂ ਉਸ ਤੋਂ ਜ਼ਿਆਦਾ ਸੀ। ਬਲੱਡ ਗੁਲੂਕੋਜ਼ ਲੈਵਲ ਦੇ ਹਿਸਾਬ ਨਾਲ ਇਨ੍ਹਾਂ ਨੂੰ ਤਿੰਨ ਸਮੂਹਾਂ ਵਿਚ ਵੰਡਿਆ ਗਿਆ ਸੀ ਅਤੇ ਲਗਪਗ 19 ਫ਼ੀਸਦੀ ਲੋਕ ਸ਼ੂਗਰ ਤੋਂ ਪੀੜਤ ਸਨ।