ਵਾਸ਼ਿੰਗਟਨ : ਰੋਜ਼ਾਨਾ ਕਸਰਤ ਨਾਲ ਨਾ ਸਿਰਫ਼ ਤਨ ਅਤੇ ਮਨ ਨੂੰ ਸਿਹਤਮੰਦ ਰੱਖਿਆ ਜਾ ਸਕਦਾ ਹੈ ਬਲਕਿ ਕਈ ਬਿਮਾਰੀਆਂ ਤੋਂ ਬਚਾਅ ਵੀ ਹੋ ਸਕਦਾ ਹੈ। ਡਾਕਟਰ ਵੀ ਚੰਗੀ ਸਿਹਤ ਲਈ ਕਸਰਤ ਦੀ ਸਲਾਹ ਦਿੰਦੇ ਹਨ। ਇਸ ਅਧਿਐਨ ਦਾ ਵੀ ਕੁਝ ਅਜਿਹਾ ਹੀ ਕਹਿਣਾ ਹੈ। ਇਸ ਵਿਚ ਪਾਇਆ ਗਿਆ ਕਿ ਹਫ਼ਤੇ ਵਿਚ ਤਿੰਨ ਘੰਟੇ ਦਾ ਵਾਕਿੰਗ, ਜਾਗਿੰਗ, ਯੋਗ ਜਾਂ ਕਿਸੇ ਵੀ ਤਰ੍ਹਾਂ ਦੀ ਕਸਰਤ ਨਾਲ ਡਿਪ੍ਰੈਸ਼ਨ ਦੇ ਖ਼ਤਰੇ ਨੂੰ ਰੋਕਣ ਵਿਚ ਮਦਦ ਮਿਲ ਸਕਦੀ ਹੈ।

ਅਮਰੀਕਾ ਦੀ ਹਾਵਰਡ ਯੂਨੀਵਰਸਿਟੀ ਦੇ ਖੋਜਕਰਤਾਵਾਂ ਵੱਲੋਂ ਵੱਡੇ ਪੈਮਾਨੇ 'ਤੇ ਕੀਤੇ ਗਏ ਅਧਿਐਨ ਅਨੁਸਾਰ ਹਫ਼ਤਾ ਭਰ ਕੁਝ ਸਮਾਂ ਟਹਿਲਣ, ਦੌੜਨ ਜਾਂ ਡਾਂਸ ਕਰਨ ਨਾਲ ਡਿਪ੍ਰੈਸ਼ਨ ਦੇ ਖ਼ਤਰੇ ਨੂੰ ਦੂਰ ਰੱਖਿਆ ਜਾ ਸਕਦਾ ਹੈ। ਕਸਰਤ ਰਾਹੀਂ ਉਹ ਲੋਕ ਵੀ ਬਚਾਅ ਕਰ ਸਕਦੇ ਹਨ ਜਿਨ੍ਹਾਂ ਵਿਚ ਇਸ ਮਨੋਰੋਗ ਦਾ ਪਿਤਾ-ਪੁਰਖੀ ਤੌਰ 'ਤੇ ਖ਼ਤਰਾ ਰਹਿੰਦਾ ਹੈ। ਖੋਜਕਰਤਾਵਾਂ ਨੇ ਇਹ ਸਿੱਟਾ ਕਰੀਬ ਅੱਠ ਹਜ਼ਾਰ ਮਰਦਾਂ ਅਤੇ ਔਰਤਾਂ ਦੇ ਡੀਐੱਨਏ ਨਮੂਨਿਆਂ ਅਤੇ ਹੋਰ ਤਜਰਬਿਆਂ ਦੇ ਵਿਸ਼ਲੇਸ਼ਣ ਦੇ ਆਧਾਰ 'ਤੇ ਕੱਢਿਆ ਹੈ। ਅਧਿਐਨ ਦੀ ਅਗਵਾਈ ਕਰਨ ਵਾਲੇ ਹਾਵਰਡ ਦੇ ਟੀਐੱਚ ਚੈਨ ਸਕੂਲ ਆਫ ਪਬਲਿਕ ਹੈਲਥ ਦੇ ਖੋਜਕਰਤਾ ਕਾਰਮੇਲ ਚੋਈ ਨੇ ਕਿਹਾ ਕਿ ਸਰੀਰਕ ਗਤੀਵਿਧੀ ਦਾ ਪ੍ਰਭਾਵ ਇਹ ਹੈ ਕਿ ਡਿਪ੍ਰੈਸ਼ਨ ਦੇ ਜੋਖਮ ਦੇ ਨਾਲ ਜਨਮ ਲੈਣ ਵਾਲੇ ਲੋਕਾਂ ਵਿਚ ਵੀ ਇਸ ਮਨੋਰੋਗ ਦੇ ਖ਼ਤਰੇ ਨੂੰ ਪ੍ਰਭਾਵਹੀਣ ਕੀਤਾ ਜਾ ਸਕਦਾ ਹੈ।

ਇਸ ਤਰ੍ਹਾਂ ਕੀਤਾ ਗਿਆ ਅਧਿਐਨ

ਖੋਜਕਰਤਾਵਾਂ ਨੇ ਅੱਠ ਹਜ਼ਾਰ ਲੋਕਾਂ ਨਾਲ ਕਸਰਤ ਦੇ ਬਾਰੇ ਵਿਚ ਉਨ੍ਹਾਂ ਦੀ ਆਦਤ ਦੇ ਬਾਰੇ ਵਿਚ ਪ੍ਰਸ਼ਨਾਵਲੀ ਭਰਵਾਈ। ਉਨ੍ਹਾਂ ਤੋਂ ਪੁੱਛਿਆ ਗਿਆ ਸੀ ਕਿ ਉਹ ਹਫ਼ਤੇ ਵਿਚ ਕਿੰਨੇ ਘੰਟੇ ਅਤੇ ਕਿਸ ਤਰ੍ਹਾਂ ਦੀ ਕਸਰਤ ਕਰਦੇ ਹਨ? ਇਸ ਪਿੱਛੋਂ ਖੋਜਕਰਤਾਵਾਂ ਨੇ ਪਿਤਾ-ਪੁਰਖੀ ਚੱਲ ਰਹੇ ਰੋਗਾਂ 'ਤੇ ਗ਼ੌਰ ਕਰਨ ਲਈ ਉਨ੍ਹਾਂ ਦੇ ਡੀਐੱਨਏ ਦਾ ਟੈਸਟ ਕੀਤਾ। ਉਨ੍ਹਾਂ ਨੇ ਇਨ੍ਹਾਂ ਦੇ ਮੈਡੀਕਲ ਰਿਕਾਰਡ ਨੂੰ ਵੀ ਘੋਖਿਆ।

ਅਧਿਐਨ ਦਾ ਇਹ ਰਿਹਾ ਸਿੱਟਾ

ਸੁਸਤ ਲੋਕਾਂ ਦੀ ਤੁਲਨਾ ਵਿਚ ਹਫ਼ਤੇ ਵਿਚ ਘੱਟ ਤੋਂ ਘੱਟ ਤਿੰਨ ਘੰਟੇ ਤਕ ਟਹਿਲਣ, ਦੌੜਨ ਜਾਂ ਯੋਗ ਕਰਨ ਵਾਲੇ ਲੋਕਾਂ ਵਿਚ ਡਿਪ੍ਰੈਸ਼ਨ ਦਾ ਖ਼ਤਰਾ ਘੱਟ ਪਾਇਆ ਗਿਆ ਜਦਕਿ ਹਫ਼ਤੇ ਵਿਚ 30 ਮਿੰਟ ਜ਼ਿਆਦਾ ਕਸਰਤ ਕਰਨ 'ਤੇ ਇਹ ਖ਼ਤਰਾ 17 ਫ਼ੀਸਦੀ ਹੋਰ ਘੱਟ ਹੋ ਗਿਆ।

30 ਕਰੋੜ ਤੋਂ ਜ਼ਿਆਦਾ ਲੋਕ ਪ੍ਰਭਾਵਿਤ

ਡਿਪ੍ਰੈਸ਼ਨ ਇਕ ਤਰ੍ਹਾਂ ਦਾ ਆਮ ਮਾਨਸਿਕ ਰੋਗ ਹੈ। ਇਸ ਰੋਗ ਕਾਰਨ ਮਨ ਹਮੇਸ਼ਾ ਉਦਾਸ ਰਹਿੰਦਾ ਹੈ ਅਤੇ ਕਿਸੇ ਕੰਮ ਵਿਚ ਮਨ ਨਹੀਂ ਲੱਗਦਾ। ਵਿਸ਼ਵ ਸਿਹਤ ਸੰਗਠਨ ਅਨੁਸਾਰ ਡਿਪ੍ਰੈਸ਼ਨ ਨਾਲ ਦੁਨੀਆ ਭਰ ਵਿਚ 30 ਕਰੋੜ ਤੋਂ ਜ਼ਿਆਦਾ ਲੋਕ ਪ੍ਰਭਾਵਿਤ ਹਨ।