ਨਵੀਂ ਦਿੱਲੀ (ਏਜੰਸੀ) : 2018 'ਚ ਦੇਸ਼ 'ਚ ਕੈਂਸਰ ਦੇ 15.86 ਲੱਖ ਮਰੀਜ਼ ਸਨ। ਕੇਂਦਰੀ ਸਿਹਤ ਮੰਤਰੀ ਹਰਸ਼ਵਰਧਨ ਨੇ ਸ਼ੁੱਕਰਵਾਰ ਨੂੰ ਲੋਕ ਸਭਾ 'ਚ ਕਿਹਾ ਕਿ ਹੈਲਥ ਕੇਅਰ ਸਿਸਟਮ 'ਚ ਵੱਖ-ਵੱਖ ਪੱਧਰਾਂ 'ਤੇ ਕੈਂਸਰ ਦੀ ਜਾਂਚ ਕੀਤੀ ਜਾਂਦੀ ਹੈ ਤੇ ਉਸ ਦਾ ਇਲਾਜ ਕੀਤਾ ਜਾਂਦਾ ਹੈ। ਇਸ ਬਿਮਾਰੀ ਦਾ ਇਲਾਜ ਸਰਜਰੀ, ਰੇਡੀਓਥੈਰੇਪੀ, ਕੀਮੋਥੈਰੇਪੀ ਤੇ ਰੋਗ ਦਬਾਉਣ ਵਾਲੀਆਂ ਦਵਾਈਆਂ ਨਾਲ ਕੀਤਾ ਜਾਂਦਾ ਹੈ।

ਪ੍ਰਸ਼ਨਕਾਲ ਦੌਰਾਨ ਇਕ ਲਿਖਤੀ ਜਵਾਬ 'ਚ ਹਰਸ਼ਵਰਧਨ ਨੇ ਕਿਹਾ ਕਿ ਭਾਰਤੀ ਮੈਡੀਕਲ ਖੋਜ ਪ੍ਰੀਸ਼ਦ ਦੇ ਨੈਸ਼ਨਲ ਕੈਂਸਰ ਰਜਿਸਟਰੀ ਪ੍ਰੋਗਰਾਮ ਮੁਤਾਬਕ 2018 'ਚ ਕੈਂਸਰ ਦੇ 15,86,571 ਮਾਮਲੇ ਸਨ। ਉਨ੍ਹਾਂ ਕਿਹਾ ਕਿ ਡੀਐੱਮ (ਮੈਡੀਕਲ ਓਨਕੋਲਾਜੀ) ਨਾਲ ਡਾਕਟਰ ਉੱਚ ਪੱਧਰੀ ਤੀਜੇ ਕੇਅਰ ਹਸਪਤਾਲਾਂ 'ਚ ਕੈਂਸਰ ਰੋਗੀਆਂ ਦਾ ਇਲਾਜ ਕਰਦੇ ਹਨ। ਜਨਰਲ ਸਰਜਰੀ, ਇਸਤਰੀ ਰੋਗ ਮਾਹਰ, ਈਐੱਨਟੀ ਸਰਜਨ ਆਦਿ ਵਰਗੇ ਡਾਕਟਰ ਵੀ ਸਰਕਾਰੀ ਤੇ ਨਿੱਜੀ ਹਸਪਤਾਲਾਂ 'ਚ ਇਲਾਜ ਕਰਦੇ ਹਨ। ਕੈਂਸਰ ਦੇ ਪ੍ਰਕਾਰ ਤੇ ਉਸ ਦੀ ਥਾਂ 'ਤੇ ਇਲਾਜ ਨਿਰਭਰ ਕਰਦਾ ਹੈ। ਸਿਹਤ ਮੰਤਰੀ ਨੇ ਕਿਹਾ ਕਿ ਸਰਕਾਰੀ ਹਸਪਤਾਲਾਂ 'ਚ ਕੈਂਸਰ ਰੋਗੀਆਂ ਸਬੰਧੀ ਕੇਂਦਰੀ ਪੱਧਰ 'ਤੇ ਸੂਚਨਾ ਦਰਜ ਕੀਤੀ ਜਾਂਦੀ ਹੈ। ਸਿਹਤ ਸੂਬਿਆਂ ਦਾ ਵਿਸ਼ਾ ਹੈ। ਸੂਬਾ ਸਰਕਾਰਾਂ ਨੂੰ ਕੇਂਦਰ ਸਰਕਾਰ ਸਮੇਤ ਹੋਰ ਸਿਹਤ ਸੇਵਾਵਾਂ 'ਚ ਸਹਾਇਤਾ ਕਰਦੀ ਹੈ।

ਹਰਸ਼ਵਰਧਨ ਨੇ ਕਿਹਾ, ਭਾਰਤ ਸਰਕਾਰ ਨੇ ਰਾਸ਼ਟਰੀ ਸਿਹਤ ਮਿਸ਼ਨ (ਐੱਨਐੱਚਐੱਮ) ਤਹਿਤ ਕੈਂਸਰ, ਡਾਇਬਟੀਜ, ਕਾਰਡੀਵੈਸਕੁਲਰ ਡਿਜੀਜ਼ ਤੇ ਸਟ੍ਰੋਕ ਦੀ ਰੋਕਥਾਮ ਤੇ ਕੰਟਰੋਲ ਲਈ ਰਾਸ਼ਟਰੀ ਪ੍ਰੋਗਰਾਮ ਲਾਗੂ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਯਤਨ 'ਚ ਕੈਂਸਰ ਰੋਕਥਾਮ, ਜਾਂਚ, ਛੇਤੀ ਪਤਾ ਲਗਾਉਣਾ ਤੇ ਇਲਾਜ ਲਈ ਸਹੀ ਪੱਧਰ 'ਤੇ ਅਦਾਰਿਆਂ 'ਚ ਭੇਜਣ ਬਾਰੇ ਜਾਗਰੂਕਤਾ ਫੈਲਾਉਣਾ ਸ਼ਾਮਿਲ ਹੈ।