ਨਵੀਂ ਦਿੱਲੀ, ਆਟੋ ਡੈਸਕ : ਇਨ੍ਹੀਂ ਦਿਨੀਂ ਦਿੱਲੀ-ਐੱਨਸੀਆਰ 'ਚ ਹਵਾ ਦੀ ਗੁਣਵੱਤਾ ਕਾਫੀ ਖਰਾਬ ਹੈ, ਜਿਸ ਕਾਰਨ ਆਮ ਲੋਕਾਂ ਨੂੰ ਸਾਹ ਲੈਣ 'ਚ ਦਿੱਕਤ ਆ ਰਹੀ ਹੈ, ਉਥੇ ਹੀ ਕਈ ਲੋਕਾਂ ਨੂੰ ਹਵਾ ਪ੍ਰਦੂਸ਼ਣ ਕਾਰਨ ਹਸਪਤਾਲ ਵੀ ਜਾਣਾ ਪੈ ਰਿਹਾ ਹੈ। ਹਵਾ ਪ੍ਰਦੂਸ਼ਣ ਤੋਂ ਜਲਦੀ ਛੁਟਕਾਰਾ ਪਾਉਣ ਲਈ ਸਰਕਾਰ ਵੀ ਤੇਜ਼ੀ ਨਾਲ ਕੰਮ ਕਰ ਰਹੀ ਹੈ। ਦਿੱਲੀ ਦੇ ਟਰਾਂਸਪੋਰਟ ਮੰਤਰੀ ਕੈਲਾਸ਼ ਗਹਿਲੋਤ ਨੇ 10 ਸਾਲ ਪੁਰਾਣੇ ਡੀਜ਼ਲ ਵਾਹਨ ਦੀ ਵਰਤੋਂ ਲਈ ਰਸਤਾ ਸਾਫ਼ ਕਰ ਦਿੱਤਾ ਹੈ। ਡੀਜ਼ਲ ਵਾਹਨ 'ਚ ਇਲੈਕਟ੍ਰਿਕ ਕਿੱਟ ਲਗਾਉਣ ਤੋਂ ਬਾਅਦ ਵਾਹਨ ਮਾਲਕ 10 ਸਾਲ ਬਾਅਦ ਵੀ ਦਿੱਲੀ-ਐਨਸੀਆਰ 'ਚ ਆਪਣੇ ਵਾਹਨ ਚਲਾ ਸਕਦੇ ਹਨ। ਦਿੱਲੀ ਦੇ ਟਰਾਂਸਪੋਰਟ ਮੰਤਰੀ ਕੈਲਾਸ਼ ਗਹਿਲੋਤ ਨੇ ਆਪਣੇ ਟਵਿੱਟਰ ਪੋਸਟ 'ਚ ਕਿਹਾ, "ਦਿੱਲੀ ਹੁਣ ਇੰਟਰਨਲ ਕੰਬਸ਼ਨ ਇੰਜਣ (ਆਈ.ਸੀ.ਈ.) ਦੀ ਇਲੈਕਟ੍ਰਿਕ ਰੀਟਰੋਫਿਟਿੰਗ ਲਈ ਤਿਆਰ ਹੈ। ਜੇਕਰ ਤੁਹਾਡੀ ਡੀਜ਼ਲ ਗੱਡੀ ਫਿੱਟ ਪਾਈ ਜਾਂਦੀ ਹੈ ਤਾਂ ਇਸਨੂੰ ਇਲੈਕਟ੍ਰਿਕ ਇੰਜਣ 'ਚ ਬਦਲਿਆ ਜਾ ਸਕਦਾ ਹੈ। ਜਲਦ ਹੀ ਵਿਭਾਗ ਇਲੈਕਟ੍ਰਿਕ ਕਿੱਟਾਂ ਬਣਾਉਣ ਵਾਲੀਆਂ ਕੰਪਨੀਆਂ ਦੀ ਸੂਚੀ ਸਾਂਝਾ ਕਰੇਗਾ। ਇਸ ਦੇ ਜ਼ਰੀਏ 10 ਸਾਲ ਬਾਅਦ ਵੀ ਡੀਜ਼ਲ ਵਾਹਨਾਂ ਦੀ ਵਰਤੋਂ ਕੀਤੀ ਜਾ ਸਕੇਗੀ।'

ਅਜਿਹੀ ਹੋਵੇਗੀ ਪ੍ਰਕਿਰਿਆ

ਇਲੈਕਟ੍ਰਿਕ ਕਿੱਟ ਨੂੰ ਡੀਜ਼ਲ ਕਾਰ 'ਚ ਉਦੋਂ ਹੀ ਲਗਾਉਣ ਦੀ ਇਜਾਜ਼ਤ ਦਿੱਤੀ ਜਾਵੇਗੀ ਜਦੋਂ ਟੈਸਟਿੰਗ ਏਜੰਸੀ ਡੀਜ਼ਲ ਕਾਰ ਦੇ ਇੰਜਣ ਦੀ ਫਿਟਨੈੱਸ ਦੀ ਜਾਂਚ ਕਰੇਗੀ ਅਤੇ ਇਸ ਨੂੰ ਮਨਜ਼ੂਰੀ ਦੇਵੇਗੀ। ਮਨਜ਼ੂਰੀ ਮਿਲਣ ਤੋਂ ਬਾਅਦ ਹੀ ਵਾਹਨ ਮਾਲਕ ਆਪਣਾ ਇੰਜਣ ਬਦਲ ਸਕਣਗੇ। ਹਾਲਾਂਕਿ ਟਰਾਂਸਪੋਰਟ ਵਿਭਾਗ ਵੱਲੋਂ ਅਜੇ ਤਕ ਟੈਸਟਿੰਗ ਏਜੰਸੀਆਂ ਦੀ ਸੂਚੀ ਜਾਰੀ ਨਹੀਂ ਕੀਤੀ ਗਈ ਹੈ। ਵਿਭਾਗ ਦਾ ਕਹਿਣਾ ਹੈ ਕਿ ਇਲੈਕਟ੍ਰਿਕ ਕਿੱਟਾਂ ਬਣਾਉਣ ਵਾਲੀਆਂ ਕੰਪਨੀਆਂ ਦੀ ਸੂਚੀ ਜਲਦੀ ਹੀ ਸਾਂਝੀ ਕੀਤੀ ਜਾਵੇਗੀ।

ਕੀ ਆ ਸਕਦੈ ਖਰਚ

ਡੀਜ਼ਲ ਇੰਜਣਾਂ 'ਚ ਇਲੈਕਟ੍ਰਿਕ ਰੀਟਰੋਫਿਟਿੰਗ ਲਈ ਅਧਿਕਾਰਤ ਦਰਾਂ ਅਜੇ ਤੈਅ ਨਹੀਂ ਕੀਤੀਆਂ ਗਈਆਂ ਹਨ। ਪਰ ਮੀਡੀਆ ਰਿਪੋਰਟਾਂ ਅਨੁਸਾਰ, ਇਲੈਕਟ੍ਰਿਕ ਕਿੱਟ ਲਗਾਉਣ ਲਈ ਵਾਹਨ ਮਾਲਕ ਨੂੰ ਅੰਦਾਜ਼ਨ 4-6 ਲੱਖ ਰੁਪਏ ਖਰਚ ਕਰਨੇ ਪੈ ਸਕਦੇ ਹਨ। ਕਿਹਾ ਜਾਂਦਾ ਹੈ ਕਿ ਡੀਜ਼ਲ ਇੰਜਣ ਨੂੰ ਕਾਰ ਵਿੱਚੋਂ ਸਭ ਤੋਂ ਪਹਿਲਾਂ ਹਟਾਇਆ ਜਾਵੇਗਾ ਅਤੇ ਇਸ ਸਪੇਸ ਦੀ ਵਰਤੋਂ ਇਲੈਕਟ੍ਰਿਕ ਮੋਟਰ, ਉੱਚ-ਵੋਲਟੇਜ ਵਾਇਰਿੰਗ ਸਰਕਟ ਅਤੇ ਕੰਟਰੋਲ ਯੂਨਿਟ ਨੂੰ ਫਿੱਟ ਕਰਨ ਲਈ ਕੀਤੀ ਜਾਵੇਗੀ, ਜਿਸ ਵਿਚ ਕਾਫੀ ਖਰਚਾ ਆ ਸਕਦਾ ਹੈ। ਜੇਕਰ ਤੁਹਾਡੇ ਵਾਹਨ 'ਚ ਇਲੈਕਟ੍ਰਿਕ ਇੰਜਣ ਲੱਗਾ ਹੈ ਤਾਂ ਤੁਹਾਨੂੰ ਆਪਣੇ ਘਰ ਵਿੱਚ ਚਾਰਜਿੰਗ ਸੈੱਟਅੱਪ ਵੀ ਲਗਾਉਣ ਦੀ ਲੋੜ ਹੋਵੇਗੀ।

ਤੁਹਾਨੂੰ ਦੱਸ ਦੇਈਏ ਕਿ ਨੈਸ਼ਨਲ ਗ੍ਰੀਨ ਟ੍ਰਿਬਿਊਨਲ 2015 ਤੇ ਸੁਪਰੀਮ ਕੋਰਟ 2018 ਵੱਲੋਂ ਜਾਰੀ ਹੁਕਮਾਂ ਅਨੁਸਾਰ 10 ਸਾਲ ਤੋਂ ਪੁਰਾਣੇ ਡੀਜ਼ਲ ਵਾਹਨ ਅਤੇ 15 ਸਾਲ ਤੋਂ ਪੁਰਾਣੇ ਪੈਟਰੋਲ ਵਾਹਨ ਦਿੱਲੀ-ਐਨਸੀਆਰ 'ਚ ਨਹੀਂ ਚੱਲ ਸਕਦੇ ਹਨ। ਇਸ ਸਮੇਂ ਦਿੱਲੀ ਵਿੱਚ 38 ਲੱਖ ਪੁਰਾਣੀਆਂ ਗੱਡੀਆਂ ਹਨ।

Posted By: Seema Anand