ਨਵੀਂ ਦਿੱਲੀ (ਪੀਟੀਆਈ) : ਦੇਸ਼ ਦੀ ਮੁੱਖ ਕਾਰ ਕੰਪਨੀ ਟਾਟਾ ਮੋਟਰਜ਼ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਹ ਅੱਠ ਮਈ ਤੋਂ ਉਹ ਆਪਣੇ ਯਾਤਰੀ ਵਾਹਨਾਂ ਦੀਆਂ ਕੀਮਤਾਂ ਵਧਾਏਗੀ। ਇਹ ਵਾਧਾ ਵਾਹਨਾਂ ਦੇ ਮਾਡਲ ਤੇ ਵੈਰੀਐਂਟ ਦੇ ਹਿਸਾਬ ਨਾਲ ਔਸਤਨ 1.8 ਫ਼ੀਸਦੀ ਦੇ ਦਾਇਰੇ ’ਚ ਹੋਵੇਗਾ। ਕੰਪਨੀ ਮੁਤਾਬਕ ਕੱਚੇ ਮਾਲ ਦੀ ਲਾਗਤ ’ਚ ਹੋਏ ਵਾਧੇ ਦੀ ਮਾਮੂਲੀ ਪੂਰਤੀ ਲਈ ਵਾਹਨਾਂ ਦੀਆਂ ਕੀਮਤਾਂ ਵਧਾਉਣੀਆਂ ਜ਼ਰੂਰੀ ਹੋ ਗਈਆਂ ਹਨ।

ਟਾਟਾ ਮੋਟਰਜ਼ ਕੋਲ ਐਂਟਰੀ ਲੈੱਵਲ ਦੀ ਹੈਚਬੈਕ ਟਿਆਗੋ ਤੋਂ ਲੈ ਕੇ ਹਾਲ ’ਚ ਪੇਸ਼ ਕੀਤੀ ਗਈ ਸਫ਼ਾਰੀ ਐੱਸਯੂਬੀ ਸਮੇਤ ਹੈਰੀਅਰ ਤੇ ਨਿਕਸਾਨ ਵਰਗੇ ਵਾਹਨ ਹਨ। ਦਿੱਲੀ ’ਚ ਇਨ੍ਹਾਂ ਵਾਹਨਾਂ ਦੀ ਐਕਸ-ਸ਼ੋਅਰੂਮ ਕੀਮਤ 4.85 ਲੱਖ ਰੁਪਏ ਤੋਂ ਲੈ ਕੇ 21.4 ਲੱਖ ਰੁਪਏ ਹੈ।

ਟਾਟਾ ਮੋਟਰਜ਼ ਦੇ ਪ੍ਰੈਜੀਡੈਂਟ (ਪੈਸੰਜਰ ਵਹੀਕਲ ਬਿਜਨੈੱਸ) ਸ਼ੈਲੇਸ਼ ਚੰਦਰਾ ਨੇ ਕਿਹਾ ਕਿ ਇਸਪਾਤ ਤੇ ਕੀਮਤੀ ਧਾਤੂਆਂ ਵਰਗੇ ਕੱਚੇ ਮਾਲ ਦੀਆਂ ਕੀਮਤਾਂ ਵਧਣ ਨਾਲ ਸਾਨੂੰ ਵਾਧੇ ਦਾ ਇਕ ਹਿੱਸਾ ਗਾਹਕਾਂ ਤਕ ਟਰਾਂਸਫਰ ਕਰਨਾ ਪੈ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਜਿਨ੍ਹਾਂ ਗਾਹਕਾਂ ਨੇ ਸੱਤ ਮਈ ਤਕ ਬੁਕਿੰਗ ਕਰਵਾ ਲਈ ਹੈ, ਉਨ੍ਹਾਂ ਨੂੰ ਪੁਰਾਣੀਆਂ ਕੀਮਤਾਂ ’ਤੇ ਹੀ ਵਾਹਨ ਮਿਲਣਗੇ।

Posted By: Tejinder Thind