ਗੁਰਤੇਜ ਸਿੰਘ ਸਿੱਧੂ, ਬਿਠੰਡਾ : ਅਮਨੈਸਟੀ ਇੰਟਰਨੈਸ਼ਨਲ ਵੱਲੋਂ ਹਾਲ ਹੀ ਵਿੱਚ ਜਾਰੀ ਰਿਪੋਰਟ ਕਿ ਭਾਰਤ ਮਨੁੱਖੀ ਅਧਿਕਾਰਾਂ ਦੇ ਰਖਵਾਲਿਆਂ ਲਈ ਇੱਕ ਖ਼ਤਰਨਾਕ ਤੇ ਅਸੁਰੱਖਿਅਤ ਦੇਸ਼ ਹੈ ਦਾ ਹਵਾਲਾ ਦਿੰਦਿਆਂ ਦਲ ਖਾਲਸਾ ਨੇ ਪੰਜਾਬ, ਕਸ਼ਮੀਰ ਅਤੇ ਬਾਕੀ ਸੂਬਿਆਂ ਵਿੱਚ ਹੋ ਰਹੇ ਮਨੁੱਖੀ ਅਧਿਕਾਰਾਂ ਦੇ ਘਾਣ ਨੂੰ ਦੁਨੀਆਂ ਸਾਹਮਣੇ ਉਜਾਗਰ ਕਰਨ ਹਿੱਤ ੧੦ ਦਸੰਬਰ ਨੂੰ ਵਿਸ਼ਵ ਮਨੁੱਖੀ ਅਧਿਕਾਰ ਦਿਵਸ ਮੌਕੇ ਬਿਠੰਡਾ ਵਿਖੇ ਇੱਕ ਮਾਰਚ ਕਰਨ ਦਾ ਫ਼ੈਸਲਾ ਕੀਤਾ ਹੈ। ਪਾਰਟੀ ਦੇ ਬੁਲਾਰੇ ਕੰਵਰਪਾਲ ਸਿੰਘ ਨੇ ਕਿਹਾ ਕਿ ਇਸ ਮੁਲਕ ਵਿੱਚ ਮਨੁੱਖੀ ਅਧਿਕਾਰਾਂ ਦੀ ਰਾਖੀ ਕਰਨ ਵਾਲਿਆਂ ਦੀਆਂ ਗਿ੍ਰਫ਼ਤਾਰੀਆਂ ਤੋਂ ਲੈ ਕੇ ਪੱਤਰਕਾਰਾਂ ਉੱਤੇ ਜਾਨ ਲੇਵਾ ਹਮਲੇ ਕੀਤੇ ਜਾ ਰਹੇ ਹਨ। ਸਰਕਾਰ ਨਾਲ ਅਸਹਿਮਤੀ ਰੱਖਣ ਵਾਲੇ ਭਾਰਤੀ ਮੁੱਖਧਾਰਾ ਤੋਂ ਅੱਡ ਵਿਚਾਰ ਰੱਖਣ ਵਾਲੇ ਲੋਕਾਂ ਖ਼ਾਸ ਕਰਕੇ ਪੰਜਾਬੀਆਂ ਅਤੇ ਕਸ਼ਮੀਰੀਆਂ ਤੋਂ ਉਨ੍ਹਾਂ ਦੇ ਬੁਨਿਆਦੀ ਸੰਵਿਧਾਨਕ ਤੇ ਮੌਲਿਕ ਅਧਿਕਾਰ ਖੋਹੇ ਜਾ ਰਹੇ ਹਨ। ਸਿਤਮ ਦੀ ਗੱਲ ਹੈ ਕਿ ਹੱਕ ਮੰਗਣ ਵਾਲਿਆਂ ਨੂੰ ਸਰਕਾਰ ਤੇ ਉਸ ਦੇ ਚਹੇਤੇ ਮੀਡੀਆ ਵਲੋਂ ਵੱਖਵਾਦੀ ਤੇ ਦਹਿਸ਼ਤਵਾਦੀ ਗਰਦਾਨਿਆਂ ਜਾ ਰਿਹਾ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਬੇਸ਼ੱਕ ਸੰਯੁਕਤ ਰਾਸ਼ਟਰ ਆਪਣੇ ਮਨੁੱਖੀ ਅਧਿਕਾਰਾਂ ਦੇ ਐਲਾਨਨਾਮੇ ਦੀ ੭੦ਵੀਂ ਵਰ੍ਹੇਗੰਢ ਮਨਾਉਣ ਜਾ ਰਿਹਾ ਹੈ ਪਰ ਸਾਡੇ ਵਰਗੀਆਂ ਕੌਮਾਂ ਜਿਨ੍ਹਾਂ ਦੇ ਹੱਕ-ਹਕੂਕ ਭਾਰਤੀ ਹੁਕਮਰਾਨਾਂ ਦੁਆਰਾ ਖੋਹੇ-ਕੁਚਲੇ ਜਾ ਰਹੇ ਹਨ, ਉਹ ਆਪਣਾ ਰੋਹ ਅਤੇ ਰੋਸ ਜਿਤਾਉਣਗੀਆਂ। ਉਨ੍ਹਾਂ ਕਿਹਾ ਕਿ ਪਾਰਟੀ ਕਾਰਕੁਨ ਸਹਿਯੋਗੀ ਪਾਰਟੀਆਂ ਨਾਲ ਮਿਲਕੇ ਹੱਥਾਂ ਵਿੱਚ ਬੈਨਰ ਅਤੇ ਤਖ਼ਤੀਆਂ ਫੜ ਕੇ ਕਿਲ੍ਹਾ ਮੁਬਾਰਕ ਤੋਂ ਮਿੰਨ੍ਹੀ ਸਕੱਤਰੇਤ ਤੱਕ ਮਾਰਚ ਕੱਢਣਗੇ ਅਤੇ ਉੱਥੇ ਇੱਕ ਰੈਲੀ ਕੀਤੀ ਜਾਵੇਗੀ। ਸਿੱਖ ਨਸਲਕੁਸ਼ੀ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ੧੯੮੪ ਦੀਆਂ ਘਟਨਾਵਾਂ ਤੋਂ ਬਾਅਦ ਪੰਜਾਬ ਅੰਦਰ ਚਲੇ ਸਿੱਖ ਸੰਘਰਸ਼ ਦੌਰਾਨ ਸੈਂਕੜੇ ਲੋਕਾਂ ਨੂੰ ਨਜਾਇਜ਼ ਹਿਰਾਸਤ ਵਿੱਚ ਰੱਖਕੇ ਤਸ਼ੱਦਦ ਕੀਤਾ ਗਿਆ, ਝੂਠੇ ਮੁਕਾਬਲੇ ਬਣਾਏ ਗਏ, ਜਬਰੀ ਚੁੱਕ ਕੇ ਸਦਾ ਲਈ ਗੁੰਮ ਕਰ ਦਿੱਤਾ ਗਿਆ, ਲੋਕਾਂ ਦੇ ਹੱਕ ਖੋਹਣ ਲਈ ਕਾਲੇ ਕਾਨੂੰਨ ਘੜੇ ਗਏ ਜਿਸ ਬਾਰੇ ਉਹ ਕਈ ਵਾਰ ਸੰਯੁਕਤ ਰਾਸ਼ਟਰ ਨੂੰ ਲਿਖ ਕੇ ਸ਼ਿਕਾਇਤ ਕਰ ਚੁੱਕੇ ਹਨ, ਪਰ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਅਮਰੀਕਾ ਸਮੇਤ ਵੱਡੀਆਂ ਤਾਕਤਾਂ ਨੂੰ ਆਪਣੇ ਵਪਾਰਕ ਹਿੱਤਾਂ ਤੋਂ ਅੱਗੇ ਕੁਝ ਨਜ਼ਰ ਨਹੀਂ ਆਉਂਦਾ। ਪਾਰਟੀ ਮੀਤ ਪ੍ਰਧਾਨ ਹਰਦੀਪ ਸਿੰਘ ਮਹਿਰਾਜ ਨੇ ਕਿਹਾ ਕਿ ਮੌਜੂਦਾ ਮੋਦੀ ਸਰਕਾਰ ਦੇ ਰਾਜ ਅਧੀਨ ਜਿੱਥੇ ਨਫਰਤ ਅਤੇ ਅਸਹਿਣਸ਼ੀਲਤਾ ਲਗਾਤਾਰ ਵਧ ਰਹੀ ਹੈ ਉਥੇ ਹੀ ਅੰਤਰਰਾਸ਼ਟਰੀ ਮਨੁੱਖੀ ਅਧਿਕਾਰਾਂ ਦੀ ਰਾਖੀ ਕਰਨ ਵਾਲੇ ਕਾਰਕੁੰਨਾਂ ਨੂੰ ਨਫਰਤ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ। ਆਪਣੀ ਸਮੂਹਿਕ ਰਿਪੋਰਟ ਵਿੱਚ ਐਮਨੈਸਟੀ ਨੇ ਦਾਅਵਾ ਕੀਤਾ ਹੈ ਕਿ ਭਾਰਤ ਵਿੱਚ ਸਭ ਤੋਂ ਵੱਧ ਖਤਰਾ ਪੱਤਰਕਾਰਾਂ, ਮਨੁੱਖੀ ਅਧਿਕਾਰਾਂ ਲਈ ਕੰਮ ਕਰ ਰਹੇ ਕਾਰਕੁਨਾਂ ਅਤੇ ਉਨ੍ਹਾਂ ਲੋਕਾਂ ਨੂੰ ਹੈ ਜੋ ਘੱਟ-ਗਿਣਤੀ ਕੌਮਾਂ, ਦਲਿਤਾਂ ਅਤੇ ਆਦੀਵਾਸੀ ਲੋਕਾਂ ਦੇ ਹੱਕਾਂ ਦੀ ਗੱਲ ਕਰਦੇ ਹਨ। ਇਸ ਮੌਕੇ ਗੁਰਵਿੰਦਰ ਸਿੰਘ ਖਾਲਸਾ, ਸੁਰਿੰਦਰ ਸਿੰਘ ਨਥਾਣਾ, ਰਾਜਿੰਦਰ ਸਿੰਘ ਹਾਜ਼ਰ ਸਨ।