ਜੇਐੱਨਐੱਨ, ਨਵੀਂ ਦਿੱਲੀ : ਭਾਰਤ 'ਚ ਜਿੰਨੀਆਂ ਵੀ ਫਿਊਲ ਕਾਰਾਂ ਹਨ ਉਨ੍ਹਾਂ ਵਿਚੋਂ ਜ਼ਿਆਦਾਤਰ ਦੀ ਮਾਈਲੇਜ 20 ਤੋਂ 23 ਕਿੱਲੋਮੀਟਰ ਪ੍ਰਤੀ ਲੀਟਰ ਹੁੰਦੀ ਹੈ। ਹਾਲਾਂਕਿ ਇਹ ਮਾਈਲੇਜ ਤੁਹਾਨੂੰ ਉਦੋਂ ਹਾਸਿਲ ਹੁੰਦੀ ਹੈ ਜਦੋਂ ਤੁਸੀਂ ਕਾਰ ਨੂੰ ਬੇਹੱਦ ਘੱਟ ਸਪੀਡ 'ਚ ਚਲਾ ਰਹੇ ਹੁੰਦੇ ਹੋ। ਨਾਲ ਹੀ ਤੁਹਾਡੀ ਕਾਰ 'ਚ ਘੱਟੋ-ਘੱਟ ਲੋਕ ਬੈਠੇ ਹੋਣ। ਕੁੱਲ ਮਿਲਾ ਕੇ ਸਾਡਾ ਕਹਿਣਾ ਇਹ ਹੈ ਕਿ ਕਾਰ ਏਨੀ ਮਾਈਲੇਜ ਸਿਰਫ਼ ਆਸਾਨ ਡਰਾਈਵ ਜਾਂ ਕਹੋ ਇਕੋਨਾਮੀ ਮੋਡ 'ਤੇ ਹੀ ਦਿੰਦੀ ਹੈ। ਹਾਲਾਂਕਿ ਜ਼ਿਆਦਾਤਰ ਲੋਕ ਅਜਿਹਾ ਨਹੀਂ ਕਰ ਪਾਉਂਦੇ। ਅਜਿਹੇ ਵਿਚ ਮਾਈਲੇਜ ਕਾਫੀ ਘੱਟ ਜਾਂਦੀ ਹੈ ਤੇ ਅੱਗੇ ਚੱਲ ਕੇ ਇਹ ਤਕਰੀਬਨ ਅੱਧੀ ਰਹਿ ਜਾਂਦੀ ਹੈ। ਜੇਕਰ ਤੁਹਾਡੀ ਕਾਰ ਵੀ ਘੱਟ ਮਾਈਲੇਜ ਦਿੰਦੀ ਹੈ ਤੇ ਤੁਸੀਂ ਇਸ ਨੂੰ ਵਧਾਉਣਾ ਚਾਹੁੰਦੇ ਹੋ ਤਾਂ ਅਸੀਂ ਤੁਹਾਨੂੰ ਕਾਰ ਦੇ ਅਜਿਹੇ ਪਾਰਟਸ ਬਾਰੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਨੂੰ ਬਦਲਣ ਤੋਂ ਬਾਅਦ ਤੁਸੀਂ ਕਾਰ ਦੀ ਮਾਈਲੇਜ ਕਾਫੀ ਹੱਦ ਤਕ ਵਧਾ ਸਕਦੇ ਹੋ।

ਕੰਪਨੀ ਫਿੱਟਿਡ ਟਾਇਰਜ਼

ਜ਼ਿਆਦਾਤਰ ਲੋਕ ਕੰਪਨੀ ਫਿੱਟਿਡ ਟਾਇਰਜ਼ ਦਾ ਹੀ ਇਸਤੇਮਾਲ ਕਰਦੇ ਹਨ, ਇਹ ਘੱਟ ਚੌੜੇ ਹੁੰਦੇ ਹਨ ਨਾਲ ਹੀ ਇਨ੍ਹਾਂ ਦਾ ਵਜ਼ਨ ਵੀ ਕਸਟਮਾਈਜ਼ ਟਾਇਰਜ਼ ਦੇ ਮੁਕਾਬਲੇ ਕਾਫੀ ਘੱਟ ਹੁੰਦਾ ਹੈ। ਅਜਿਹੇ ਵਿਚ ਇਹ ਇੰਜਣ 'ਤੇ ਕਾਫੀ ਘੱਟ ਦਬਾਅ ਬਣਾਉਂਦੇ ਹਨ ਜਿਸ ਨਾਲ ਮਾਈਲੇਜ ਆਮ ਬਣੀ ਰਹਿੰਦੀ ਹੈ। ਤੁਸੀਂ ਜੇਕਰ ਚੌੜੇ ਟਾਇਰਜ਼ ਦਾ ਇਸਤੇਮਾਲ ਕਰਦੇ ਹੋ, ਇਸ ਨਾਲ ਕਾਰ ਦੀ ਗਰਿੱਪ ਤਾਂ ਵਧ ਜਾਂਦੀ ਹੈ ਪਰ ਇੰਜਣ 'ਤੇ ਦਬਾਅ ਵਧ ਜਾਂਦਾ ਹੈ ਜਿਸ ਨਾਲ ਮਾਈਲੇਜ ਆਪਣੇ-ਆਪ ਘਟਣ ਲਗਦੀ ਹੈ।

ਸਪਾਇਲਰ

ਆਮਤੌਰ 'ਤੇ ਤੁਸੀਂ ਸਪੋਰਟਸ ਕਾਰਾਂ 'ਚ ਸਪਾਇਲਰ ਦੇਖਿਆ ਹੋਵੇਗਾ। ਇਹ ਕਾਰ ਨੂੰ ਸਟੇਬਲ ਬਣਾਉਂਦੇ ਹਨ ਤੇ ਇਸ ਨੂੰ ਰੋਡ 'ਤੇ ਡੋਲਣ ਨਹੀਂ ਦਿੰਦੇ। ਜੇਕਰ ਤੁਸੀਂ ਆਮ ਕਾਰਾਂ 'ਚ ਸਪਾਇਲਰ ਦਾ ਇਸਤੇਮਾਲ ਕਰਦੇ ਹੋ ਤਾਂ ਇਸ ਨਾਲ ਕਾਰ ਦਾ ਐਰੋਡਾਇਨਾਮਿਕ ਡਿਜ਼ਾਈਨ ਪ੍ਰਭਾਵਿਤ ਹੁੰਦਾ ਹੈ ਜਿਸ ਨਾਲ ਕਾਰ ਨੂੰ ਚੱਲਣ 'ਚ ਜ਼ਿਆਦਾ ਜ਼ੋਰ ਲਗਾਉਣਾ ਪੈਂਦਾ ਹੈ। ਅਜਿਹੇ ਵਿਚ ਤੁਹਾਨੂੰ ਸਪਾਇਲਰ ਤੁਰੰਤ ਕਢਵਾ ਦੇਣਾ ਚਾਹੀਦੈ।

ਹੈਵੀ ਰੂਫ ਰੇਲਸ

ਹੈਵੀ ਰੂਫ ਰੇਲਸ ਜ਼ਿਆਦਾਤਰ ਐੱਸਯੂਵੀ ਵਾਹਨਾਂ 'ਚ ਆਫਰ ਕੀਤੀ ਜਾਂਦੀ ਹੈ ਜਿਸ ਨਾਲ ਤੁਸੀਂ ਇਸ ਵਿਚ ਆਪਣਾ ਕਾਫੀ ਸਾਰਾ ਸਾਮਾਨ ਕੈਰੀ ਕਰ ਸਕਦੇ ਹੋ। ਹਾਲਾਂਕਿ ਲੋਕ ਹੁਣ ਛੋਟੀਆਂ ਕਾਰਾਂ 'ਚ ਵੀ ਇਨ੍ਹਾਂ ਨੂੰ ਅੰਸੈਂਬਲ ਕਰਵਾਉਣ ਲੱਗੇ ਹਨ ਪਰ ਇਹ ਇੰਜਣ 'ਤੇ ਦਬਾਅ ਬਣਾਉਂਦੀਆਂ ਹਨ ਜਿਸ ਨਾਲ ਮਾਈਲੇਜ ਕਾਫੀ ਘੱਟ ਜਾਂਦੀ ਹੈ। ਅਜਿਹੇ ਵਿਚ ਤੁਹਾਨੂੰ ਛੋਟੀਆਂ ਕਾਰਾਂ 'ਚ ਹੈਵੀ ਰੂਫ ਨਹੀਂ ਲਗਵਾਉਣੀ ਚਾਹੀਦੀ।

ਹੈਵੀ ਪ੍ਰੋਟੈਕਸ਼ਨ ਗਰਿੱਲ

ਲੋਕ ਨਵੀਂ ਕਾਰ ਖਰੀਦਣ 'ਤੇ ਉਸ ਦੇ ਫਰੰਟ 'ਚ ਹੈਵੀ ਪ੍ਰੋਟੈਕਸ਼ਨ ਗਰਿੱਲ ਲਗਵਾ ਲੈਂਦੇ ਹਨ। ਇਸ ਨਾਲ ਕਈ ਤਰ੍ਹਾਂ ਦੀਆਂ ਦਿੱਕਤਾਂ ਹੁੰਦੀਆਂ ਹਨ ਜਿਨ੍ਹਾਂ ਵਿਚ ਏਅਰ ਬੈਗ ਦਾ ਨਾਂ ਖੁੱਲ੍ਹਣਾ ਵੀ ਸ਼ਾਮਲ ਹੈ, ਨਾਲ ਹੀ ਇਸ ਨਾਲ ਮਾਈਲੇਜ ਵੀ ਕਾਫੀ ਘੱਟ ਜਾਂਦੀ ਹੈ। ਤੁਹਾਨੂੰ ਹੈਵੀ ਪ੍ਰੋਟੈਕਸ਼ਨ ਕੇਜ਼ ਜਾਂ ਗਰਿੱਲ ਤੋਂ ਬਚਣਾ ਚਾਹੀਦੈ, ਇਹ ਤੁਹਾਨੂੰ ਮੁਸੀਬਤ 'ਚ ਪਾ ਸਕਦੀ ਹੈ।

Posted By: Seema Anand