ਜੇਐੱਨਐੱਨ, ਨਵੀਂ ਦਿੱਲੀ : ਅੱਜ ਤੋਂ ਨਵੇਂ ਸਾਲ ਦੀ ਸ਼ੁਰੂਆਤ ਹੋ ਰਹੀ ਹੈ। ਤੁਹਾਨੂੰ ਦੱਸ ਦੇਈਏ ਕਿ ਪਿਛਲਾ ਸਾਲ ਆਟੋਮੋਬਾਈਲ ਇੰਡਸਟਰੀ ਲਈ ਕੁਝ ਖ਼ਾਸ ਨਹੀਂ ਰਿਹਾ। ਹਾਲਾਂਕਿ ਸਾਲ 2021 ਤੋਂ ਆਟੋ ਇੰਡਸਟਰੀ ਨੂੰ ਕਾਫ਼ੀ ਉਮੀਦਾਂ ਹਨ। ਤੁਹਾਨੂੰ ਦੱਸ ਦੇਈਏ ਕਿ ਅੱਜ ਤੋਂ ਆਟੋਮੋਬਾਈਲ ਇੰਡਸਟਰੀ 'ਚ ਕਈ ਨਿਯਮ ਬਦਲ ਜਾਣਗੇ ਜਿਨ੍ਹਾਂ ਨੂੰ ਜਾਣਨਾ ਤੁਹਾਡੇ ਲਈ ਬੇਹਦ ਜ਼ਰੂਰੀ ਹੈ। ਅੱਜ ਅਸੀਂ ਤੁਹਾਨੂੰ ਇਨ੍ਹਾਂ ਨਿਯਮਾਂ ਬਾਰੇ ਵਿਸਤਾਰ ਨਾਲ ਦੱਸਣ ਜਾ ਰਹੇ ਹਾਂ।

ਕਾਰਾਂ ਤੇ ਟੂ-ਵ੍ਹੀਲਰ ਹੋਣਗੇ ਮਹਿੰਗੇ

1 ਜਨਵਰੀ 2021 ਤੋਂ ਭਾਰਤ 'ਚ ਕਾਰਾਂ ਖਰੀਦਣਾ ਮਹਿੰਗਾ ਹੋ ਗਿਆ ਹੈ। ਹੁਣ ਤੁਹਾਨੂੰ ਕਾਰ ਖਰੀਦਣ ਲਈ ਪਹਿਲਾਂ ਨਾਲੋਂ ਜ਼ਿਆਦਾ ਕੀਮਤ ਚੁਕਾਉਣੀ ਪਵੇਗੀ। ਅਸਲ ਵਿਚ ਆਟੋ-ਮੋਬਾਈਲ ਕੰਪਨੀਆਂ ਨਵੇਂ ਸਾਲ 'ਚ ਆਪਣੇ ਕਈ ਮਾਡਲਾਂ ਦੀ ਕੀਮਤ 5 ਫ਼ੀਸਦੀ ਤਕ ਵਧਾਉਣ ਜਾ ਰਹੀਆਂ ਹਨ। ਅਜਿਹੇ ਵਿਚ ਕਾਰ ਖਰੀਦਣਾ ਹੁਣ ਤੁਹਾਡੇ ਲਈ ਮਹਿੰਗਾ ਹੋ ਜਾਵੇਗਾ। ਜਿਹੜੀਆਂ ਆਟੋਮੋਬਾਈਲ ਕੰਪਨੀਆਂ ਆਪਣੇ ਵਾਹਨਾਂ ਦੀ ਕੀਮਤ ਵਧਾਉਣ ਜਾ ਰਹੀਆਂ ਹਨ ਉਨ੍ਹਾਂ ਵਿਚ ਮਾਰੂਤੀ ਸੁਜ਼ੂਕੀ ਇੰਡੀਆ, ਨਿਸਾਨ, ਰੈਨਾ ਇੰਡੀਆ, ਹਾਂਡਾ ਕਾਰਸ, ਮਹਿੰਦਰਾ ਐਂਡ ਮਹਿੰਦਰਾ, ਈਸੁਜ਼ੂ, ਆਡੀ ਇੰਡੀਆ, ਫੌਕਸਵੈਗਨ ਕਾਰ ਕੰਪਨੀਆਂ, ਫੋਰਡ ਇੰਡੀਆ ਤੇ ਬੀਐੱਮਡਬਲਯੂ ਇੰਡੀਆ ਸ਼ਾਮਲ ਹਨ। ਉੱਥੇ ਹੀ ਟੂ-ਵ੍ਹੀਲਰ ਕੰਪਨੀ ਹੀਰੋ ਮੋਟੋਕਾਰਪ ਦੀਆਂ ਵੀ ਬਾਈਕ-ਸਕੂਟਰ ਦੀਆਂ ਕੀਮਤਾਂ 1 ਜਨਵਰੀ ਤੋਂ ਵਧ ਜਾਣਗੀਆਂ।

ਇਹ ਹੈ ਵਜ੍ਹਾ

ਕੱਚੇ ਮਾਲ ਦੀ ਵਧਦੀ ਕੀਮਤ : ਕਾਰਾਂ ਦੇ ਨਿਰਮਾਣ 'ਚ ਲੱਗਣ ਵਾਲੇ ਕੱਚੇ ਮਾਲ ਦੀਆਂ ਕੀਮਤਾਂ 'ਚ ਲਗਾਤਾਰ ਇਜ਼ਾਫ਼ਾ ਹੋ ਰਿਹਾ ਹੈ। ਇਸ ਵਿਚ ਪਲਾਸਟਿਕ, ਸਟੀਲ ਤੇ ਐਲੂਮੀਨੀਅਮ ਸ਼ਾਮਲ ਹਨ। ਜ਼ਾਹਿਰ ਹੈ ਕਿ ਇਨ੍ਹਾਂ ਦੀਆਂ ਕੀਮਤਾਂ 'ਚ ਵਾਧਾ ਹੋਵੇਗਾ ਤਾਂ ਕਾਰਾਂ ਦੀ ਕੀਮਤ ਵਧੇਗੀ, ਹਾਲਾਂਕਿ ਆਟੋਮੋਬਾਈਲ ਕੰਪਨੀਆਂ ਨੇ ਸਾਲ 2020 ਤਕ ਕੀਮਤਾਂ ਵਧਾਉਣ ਦਾ ਫ਼ੈਸਲਾ ਨਹੀਂ ਕੀਤਾ ਸੀ ਪਰ ਘਾਟੇ ਤੋਂ ਬਚਣ ਲਈ ਹੁਣ ਕੀਮਤਾਂ ਵਧਾਈਆਂ ਜਾ ਰਹੀਆਂ ਹਨ।

ਨਵੀਆਂ ਨਾਰਮਸ

ਦੇਸ਼ ਵਿਚ ਨਵੇਂ ਸੇਫਟੀ ਨਾਰਮਸ ਤੇ BS6 ਨਾਰਮਸ ਕਾਰਨ ਵਾਹਨ ਬਣਾਉਣ ਦੀ ਲਾਗਤ ਕਾਫ਼ੀ ਵਧ ਗਈ ਹੈ। ਇਸ ਦੇ ਬਾਵਜੂਦ ਕੰਪਨੀਆਂ ਨੇ ਕੀਮਤ 'ਚ ਜ਼ਿਆਦਾ ਵਾਧਾ ਨਹੀਂ ਕੀਤਾ ਸੀ। ਦੱਸ ਦੇਈਏ ਕਿ ਵਾਹਨਾਂ ਨੂੰ ਵੱਧ ਤੋਂ ਵੱਧ ਸੁਰੱਖਿਅਤ ਤੇ ਹਾਈਟੈੱਕ ਬਣਾਉਣ ਕਾਰਨ ਵੀ ਇਨ੍ਹਾਂ ਦੀ ਲਾਗਤ ਵਧ ਜਾਂਦੀ ਹੈ। ਨਤੀਜਾ ਕਾਰਾਂ ਦੀ ਕੀਮਤ ਵਧਣਾ ਆਮ ਹੈ।

ਵਾਹਨ ਦੇ ਦਸਤਾਵੇਜ਼ਾਂ ਦੀ ਵੈਲੀਡਿਟੀ ਵਧੀ

ਜੇਕਰ ਤੁਹਾਡੇ ਡਰਾਈਵਿੰਗ ਲਾਇਸੈਂਸ, ਆਰਸੀ ਤੇ ਫਿਟਨੈੱਸ ਪ੍ਰਮਾਣ ਪੱਤਰ ਵਰਗੇ ਮਹੱਤਵਪੂਰਨ ਦਸਤਾਵੇਜ਼ਾਂ ਦੀ ਵੈਲੀਡਿਟੀ ਨਵੇਂ ਸਾਲ 'ਤੇ ਖ਼ਤਮ ਹੋਣ ਵਾਲੀ ਹੈ ਤਾਂ ਤੁਹਾਨੂੰ ਪਰੇਸ਼ਾਨ ਹੋਣ ਦੀ ਜ਼ਰੂਰਤ ਨਹੀਂ। ਦਰਅਸਲ ਸਰਕਾਰ ਨੇ ਇਨ੍ਹਾਂ ਦੀ ਵੈਲੀਡਿਟੀ 'ਚ ਵਾਧਾ ਕਰ ਦਿੱਤਾ ਹੈ। ਦੱਸ ਦੇਈਏ, 31 ਦਸੰਬਰ ਨੂੰ ਵਾਹਨ ਸਬੰਧੀ ਕਾਗ਼ਜ਼ ਦੀ ਵੈਲੀਡਿਟੀ ਖ਼ਤਮ ਹੋ ਰਹੀ ਸੀ ਜਿਸ ਵਿਚ ਇਕ ਵਾਰ ਫਿਰ ਲੋਕਾਂ ਨੂੰ ਰਾਹਤ ਦਿੱਤੀ ਗਈ ਹੈ। ਯਾਨੀ ਹੁਣ ਜੇਕਰ ਤੁਹਾਡੇ ਵਾਹਨ ਦੇ ਕਿਸੇ ਵੀ ਕਾਗ਼ਜ਼ਾਤ ਦੀ ਵੈਲੀਡਿਟੀ 1 ਫਰਵਰੀ 2020 ਤੋਂ ਖ਼ਤਮ ਹੋ ਗਈ ਹੈ ਤੇ ਤੁਸੀਂ ਇਸ ਨੂੰ ਰੀਨਿਊ ਨਹੀਂ ਕਰਵਾ ਸਕੇ ਹੋ ਤਾਂ ਪਰੇਸ਼ਾਨੀ ਦੀ ਕੋਈ ਗੱਲ ਨਹੀਂ ਹੈ, ਇਨ੍ਹਾਂ ਨੂੰ ਹੁਣ 31 ਮਾਰਚ ਤਕ ਮੰਨਿਆ ਜਾਵੇਗਾ।

Posted By: Seema Anand