ਸਟੇਟ ਬਿਊਰੋ, ਕੋਲਕਾਤਾ : ਭਾਰਤੀ ਉਦਯੋਗਿਕ ਸੰਸਥਾਨ (ਆਈਆਈਟੀ) ਖੜਗਪੁਰ ਨੇ ਇਕ ਅਜਿਹਾ ਰੋਬੋਟ ਯੰਤਰ ਤਿਆਰ ਕੀਤਾ ਹੈ ਜੋ ਬੂਟਿਆਂ 'ਚ ਹੋਣ ਵਾਲੀਆਂ ਬਿਮਾਰੀਆਂ ਦੀ ਪਛਾਣ ਕਰਨ 'ਚ ਸਮਰੱਥ ਹੈ। ਸੰਸਥਾਨ ਦੇ ਬੁਲਾਰੇ ਨੇ ਵੀਰਵਾਰ ਨੂੰ ਦੱਸਿਆ ਕਿ ਇਸ ਰੋਬੋਟਿਕ ਪ੍ਰਣਾਲੀ 'ਚ ਇਕ ਵਾਹਨ ਲੱਗਾ ਜੋ ਖੇਤਾਂ 'ਚ ਘੁੰਮ ਸਕਦਾ ਹੈ। ਇਸ ਤੋਂ ਇਲਾਵਾ ਰੋਬੋਟ 'ਚ ਇਕ ਅਜਿਹਾ ਯੰਤਰ ਹੈ ਜੋ ਕੈਮਰੇ ਨੂੰ ਫੜ ਸਕਦਾ ਹੈ ਤੇ ਇਸ 'ਚ ਕੀਟਨਾਸ਼ਕ ਦਾ ਛਿੜਕਾਅ ਕਰਨ ਲਈ ਨਾਲੀ ਵੀ ਹੈ।

ਇਸ ਪ੍ਰਣਾਲੀ ਨੂੰ ਵਿਕਸਿਤ ਕਰਨ ਵਾਲੇ ਦਲ ਦੇ ਮੁਖੀ ਪ੍ਰੋਫੈਸਰ ਡੀਕੇ ਪ੍ਰਤੀਹਾਰ ਨੇ ਕਿਹਾ ਕਿ ਸਾਡਾ ਯੰਤਰ ਕੈਮਰਾ ਤੇ ਤਸਵੀਰਾਂ ਰਾਹੀਂ ਬੂਟਿਆਂ 'ਚ ਹੋਣ ਵਾਲੀਆਂ ਬਿਮਾਰੀਆਂ ਦਾ ਪਤਾ ਲਾ ਸਕਦਾ ਹੈ ਤੇ ਉਸ ਨੂੰ ਦੂਰ ਕਰ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਦੀ ਸਹਾਇਤਾ ਨਾਲ ਕਿਸਾਨ ਬੂਟਿਆਂ 'ਚ ਠੀਕ ਤਰ੍ਹਾਂ ਬਿਮਾਰੀਆਂ ਦਾ ਪਤਾ ਲਾ ਸਕਣਗੇ। ਪ੍ਰਤੀਹਾਰ ਨੇ ਕਿਹਾ ਕਿ ਇਸ ਯੰਤਰ ਰਾਹੀਂ ਕਿਸਾਨਾਂ ਨੂੰ ਕੀਟਨਾਸ਼ਕ ਦੇ ਛਿੜਕਾਅ ਦੌਰਾਨ ਸਿਹਤ 'ਤੇ ਪੈਣ ਵਾਲੇ ਮਾੜੇ ਪ੍ਰਭਾਵ ਤੋਂ ਵੀ ਬਚਿਆ ਜਾ ਸਕਦਾ ਹੈ। ਇਸ ਯੰਤਰ ਦਾ ਡਿਜ਼ਾਈਨ ਮੁੰਬਈ ਦੀ ਇਕ ਕੰਪਨੀ ਨੇ ਤਿਆਰ ਕੀਤਾ ਹੈ। ਹਾਲੇ ਇਸ 'ਤੇ ਹੋਰ ਕੰਮ ਚੱਲ ਰਿਹਾ ਹੈ।