ਕੋਵਿਡ-19 ਕੁਦਰਤੀ ਆਫ਼ਤ ਹੈ। 10 ਸਾਲ ਜਾਂ ਇਸ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਸੁਰੱਖਿਆ ਤੇ ਕੁਦਰਤੀ ਆਫ਼ਤਾਂ ਬਾਰੇ ਸਮਝਣਾ ਔਖਾ ਹੋ ਸਕਦਾ ਹੈ। ਜੇ ਬੱਚਿਆਂ ਦੇ ਨਜ਼ਰੀਏ ਨਾਲ ਦੇਖੀਏ ਤਾਂ ਬਾਹਰ ਖੇਡਣਾ, ਦੋਸਤਾਂ ਨਾਲ ਮਿਲਣਾ-ਜੁਲਣਾ, ਪਰਿਵਾਰਕ ਮੈਂਬਰਾਂ ਨਾਲ ਜੁੜ ਕੇ ਗੋਦ 'ਚ ਬੈਠਣਾ ਆਦਿ ਉਨ੍ਹਾਂ ਦੇ ਰੋਜ਼ਮਰਾਂ ਤੇ ਪਸੰਦੀਦਾ ਕੰਮਾਂ 'ਚ ਆਉਂਦਾ ਹੈ, ਜੋ ਫਿਲਹਾਲ ਸੰਭਵ ਨਹੀਂ ਹੈ। ਕਿਸ ਤਰ੍ਹਾਂ ਬੱਚਿਆਂ ਨਾਲ ਇਸ ਬਿਮਾਰੀ ਤੇ ਉਸ ਦੇ ਬਚਾਅ ਬਾਰੇ ਗੱਲਬਾਤ ਕੀਤੀ ਜਾਵੇ। ਇਸ ਲਈ ਮਨੋਵਿਗਿਆਨਕ ਦ੍ਰਿਸ਼ਟੀਕੋਣ ਨਾਲ ਕੁਝ ਮਹੱਤਵਪੂਰਨ ਤੱਥਾਂ ਨੂੰ ਧਿਆਨ 'ਚ ਰੱਖਣਾ ਜ਼ਰੂਰੀ ਹੈ। ਅਜਿਹੇ 'ਚ ਪਰਿਵਾਰਕ ਮੈਂਬਰਾਂ ਦੀ ਜ਼ਿੰਮੇਵਾਰੀ ਵੀ ਵੱਧ ਜਾਂਦੀ ਹੈ ਕਿ ਉਹ ਮਾਨਸਿਕ ਵਿਕਾਰਾਂ ਨੂੰ ਆਪਣੇ ਬੱਚਿਆਂ 'ਚ ਪੈਦਾ ਹੋਣ ਤੋਂ ਰੋਕਣ।

ਸਮਾਂ ਸਾਰਣੀ ਬਣਾਓ

ਸਵੈ ਜਾਂ ਇੱਛਾ ਸ਼ਕਤੀ ਵਧਾਉਣ ਲਈ ਅਧਿਆਤਮਕ ਪ੍ਰਾਰਥਨਾ ਨਾਲ ਦਿਨ ਦੀ ਸ਼ੁਰੂਆਤ ਕਰੋ। ਫਿਰ ਰੋਜ਼ਾਨਾ ਜਾਂ ਹਫ਼ਤਾਵਰੀ ਪ੍ਰਕਿਰਿਆਵਾਂ ਦੀ ਸਮਾਂ ਸਾਰਣੀ ਬਣਾਓ। ਹਰ ਵਿਸ਼ੇ ਨੂੰ ਪੜ੍ਹਨ ਦਾ ਘੱਟੋ-ਘੱਟ ਲੋੜੀਂਦਾ ਸਮਾਂ ਜ਼ਰੂਰ ਦਿਉ। ਘਰ 'ਚ ਹੋਣ ਦੇ ਬਾਵਜੂਦ ਵੀ ਰੋਜ਼ਾਨਾ ਜਲਦੀ ਉੱਠਣ, ਸਮੇਂ ਸਿਰ ਸੌਣ, ਸਾਦਾ ਤੇ ਸੰਤੁਲਿਤ ਭੋਜਨ ਖਾਣਾ ਆਦਿ ਜਾਰੀ ਰੱਖੋ।

ਕੁਦਰਤ ਨਾਲ ਕਰੋ ਪਿਆਰ

ਸੂਰਬੀਰਤਾ, ਦਲੇਰੀ, ਆਤਮ-ਵਿਸ਼ਵਾਸ, ਮਿਲਵਰਤਨ, ਦਿਆਲਤਾ, ਹਮਦਰਦੀ, ਭਾਈਚਾਰਕ ਏਕਤਾ ਸਾਡੇ ਸੱਭਿਆਚਾਰ ਦੇ ਵੱਡੇ ਗੁਣ ਹਨ, ਜੋ ਸੰਸਾਰ ਲਈ ਮਾਰਗ ਦਰਸ਼ਕ ਬਣਦੇ ਹਨ। ਇਨ੍ਹਾਂ ਗੁਣਾਂ ਨੂੰ ਗ੍ਰਹਿਣ ਕਰਨਾ ਜ਼ਰੂਰੀ ਹੈ। ਵਾਰ-ਵਾਰ ਮਨ 'ਚ ਚੰਗੇ ਵਿਚਾਰਾਂ ਨੂੰ ਦੁਹਰਾਓ। ਜੋ ਤੁਸੀ ਚਾਹੁੰਦੇ ਹੋ, ਵੱਧ ਤੋਂ ਵੱਧ ਉਸ ਦੀ ਕਲਪਨਾ ਕਰੋ। ਇਸ ਸਮੇਂ ਵਿਦਿਆਰਥੀ ਆਪਣੇ ਘਰ ਦੇ ਕੰਮਾਂ ਨੂੰ ਸਿੱਖਣ 'ਚ ਦਿਲਚਸਪੀ ਲੈਣ। ਖਾਣਾ ਬਣਾਉਣ, ਸਾਫ਼ ਸਫ਼ਾਈ, ਬਜ਼ੁਰਗਾਂ ਦੀ ਸਾਂਭ-ਸੰਭਾਲ 'ਚ ਸਮਾਂ ਗੁਜ਼ਾਰਨ ਨਾਲ ਮਨ ਨੂੰ ਸਕੂਨ ਮਿਲੇਗਾ। ਕੁਦਰਤ ਨਾਲ ਪਿਆਰ ਕਰੋ। ਰੁੱਖਾਂ, ਫੁੱਲਾਂ, ਵੇਲ-ਬੂਟਿਆਂ ਨਾਲ ਦੋਸਤੀ ਪਾਓ। ਸੂਰਜ, ਚੰਦ, ਤਾਰੇ, ਅਸਮਾਨ ਨੂੰ ਦੇਖਦਿਆਂ ਕੁਦਰਤ ਦੀ ਨਿਯਮਬੱਧਤਾ ਤੋਂ ਪ੍ਰੇਰਣਾ ਲਵੋ।

ਅਫ਼ਵਾਹਾਂ ਤੋਂ ਰਹੋ ਸੁਚੇਤ

ਕੋਰੋਨਾ ਵਾਇਰਸ ਨਾਲ ਸਬੰਧਤ ਵਾਰ-ਵਾਰ ਖ਼ਬਰਾਂ ਸੁਣਨ ਤੋਂ ਪਰਹੇਜ਼ ਕਰੋ। ਸੋਸ਼ਲ ਮੀਡੀਆ ਦੀਆਂ ਅਫ਼ਵਾਹਾਂ ਤੋਂ ਵੀ ਸਾਵਧਾਨ ਰਹਿਣ ਦੀ ਲੋੜ ਹੈ। ਅਤੀਤ ਤੇ ਭਵਿੱਖ ਦੀ ਚਿੰਤਾ ਛੱਡ ਕੇ ਵਰਤਮਾਨ 'ਚ ਰਹਿ ਕੇ ਹੀ ਜ਼ਿੰਦਗੀ ਜਿਊਣੀ ਚਾਹੀਦੀ ਹੈ। ਸਮਾਂ ਜਾਗਣ ਦਾ ਸੁਨੇਹਾ ਦੇ ਰਿਹਾ ਹੈ।

ਥੋੜ੍ਹੀ ਕਹੋ, ਜ਼ਿਆਦਾ ਸੁਣੋ

ਘਰ ਦੇ ਵੱਡੇ ਪਰਿਵਾਰਕ ਮੈਂਬਰਾਂ ਨੂੰ ਚਾਹੀਦਾ ਹੈ ਕਿ ਮਨੋਰੰਜਨ ਲਈ ਬੱਚਿਆਂ ਨਾਲ ਬੈਠੋ। ਆਪਣੇ ਬਚਪਨ ਦੀਆਂ ਕਹਾਣੀਆਂ ਤੇ ਕਿੱਸੇ ਉਨ੍ਹਾਂ ਨਾਲ ਸ਼ੇਅਰ ਕਰੋ। ਉਨ੍ਹਾਂ ਕੋਲੋਂ ਸਕੂਲ ਦੇ ਸਾਥੀਆਂ ਤੇ ਦੋਸਤਾਂ ਬਾਰੇ ਜਾਣਨ ਦੀ ਕੋਸ਼ਿਸ਼ ਕਰੋ। ਉਨ੍ਹਾਂ ਦੇ ਕੰਮਾਂ, ਗੱਲਾਂ, ਸ਼ਰਾਰਤਾਂ ਤੇ ਖ਼ੁਸ਼ੀਆਂ ਪ੍ਰਤੀ ਆਪਣੀਆਂ ਭਾਵਨਾਵਾਂ ਪ੍ਰਗਟ ਕਰੋ। ਬੱਚਿਆਂ ਨੂੰ ਖੁੱਲ੍ਹ ਕੇ ਬੋਲਣ ਦਾ ਮੌਕਾ ਦਿਉ। ਗੱਲਾਂ ਕਰਦਿਆਂ ਉਨ੍ਹਾਂ ਨੂੰ ਨਾ ਰੋਕੋ ਤੇ ਨਾ ਹੀ ਉਨ੍ਹਾਂ ਦੀ ਨਾਦਾਨੀ ਲਈ ਝਿੜਕੋ।

ਬੱਚਿਆਂ ਪ੍ਰਤੀ ਰੱਖੋ ਇਮਾਨਦਾਰੀ

ਮਹਾਮਾਰੀ ਦੌਰਾਨ ਤਣਾਅ ਹੋਣਾ ਸੁਭਾਵਿਕ ਹੀ ਹੈ। ਤਣਾਅ ਭਾਵਨਾਤਮਕ ਸਥਿਤੀ ਹੈ, ਜਿਸ ਦਾ ਮਾਨਸਿਕ ਤੇ ਸਰੀਰਕ ਰੂਪ 'ਚ ਦੋਵਾਂ 'ਤੇ ਪ੍ਰਭਾਵ ਪੈਂਦਾ ਹੈ। ਇਸ ਨਾਲ ਸਾਡੇ ਐਨਜ਼ਾਇਟੀ ਹਾਰਮੋਨਜ਼ ਦਾ ਪੱਧਰ ਵੱਧ ਜਾਂਦਾ ਹੈ, ਜਿਸ ਦਾ ਸਾਡੀ ਸਿਹਤ 'ਤੇ ਮਾੜਾ ਪ੍ਰਭਾਵ ਪੈਂਦਾ ਹੈ। ਤਣਾਅ ਘੱਟ ਕਰਨ ਲਈ ਬੱਚਿਆਂ ਨੂੰ ਯੋਗ ਤੇ ਧਿਆਨ ਦੇ ਅਭਿਆਸ ਲਈ ਉਤਸ਼ਾਹਿਤ ਕਰੋ। ਯੋਗ ਸਰੀਰ ਦੀ ਰੋਗ ਪ੍ਰਤੀਰੋਗ ਸਮਰੱਥਾ ਵਧਾਉਣ 'ਚ ਮਦਦ ਕਰਦਾ ਹੈ। ਬੱਚਿਆਂ ਨੂੰ ਭਰਪੂਰ ਨੀਂਦ ਲੈਣ ਲਈ ਕਹੋ। ਬੱਚਿਆਂ ਨਾਲ ਪੂਰੀ ਇਮਾਨਦਾਰੀ ਵਰਤੋ। ਬੱਚਿਆਂ ਨੂੰ ਹਰ ਜਗ੍ਹਾ ਸਮਾਜਿਕ ਦੂਰੀ ਬਣਾ ਕੇ ਰੱਖਣ ਲਈ ਕਹੋ।

ਚੰਗੀਆਂ ਆਦਤਾਂ ਕਰੋ ਵਿਕਸਿਤ

ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਛੋਟੇ-ਛੋਟੇ ਸੁਰੱਖਿਆ ਕਾਰਡਾਂ 'ਤੇ ਬੱਚਿਆਂ ਨੂੰ ਕੋਰੋਨਾ ਵਾਇਰਸ ਨਾਲ ਜੁੜੀਆਂ ਸਾਵਧਾਨੀਆਂ ਲਿਖ ਕੇ ਦੇਣ, ਜਿਵੇਂ ਘਰ 'ਚ ਹੀ ਖੇਡਣਾ, ਵਾਰ-ਵਾਰ ਹੱਥ ਧੋਣੇ, ਖੰਘਦੇ ਜਾਂ ਛਿੱਕਦੇ ਸਮੇਂ ਮੂੰਹ 'ਤੇ ਰੁਮਾਲ ਜਾਂ ਕੱਪੜਾ ਰੱਖਣਾ ਆਦਿ। ਇਨ੍ਹਾਂ ਕਾਰਡਾਂ ਨੂੰ ਘਰ 'ਚ ਥਾਂ-ਥਾਂ 'ਤੇ ਲੁਕਾ ਕੇ ਰੱਖੋ ਤੇ ਫਿਰ ਖੇਡ-ਖੇਡ 'ਚ ਬੱਚਿਆਂ ਨੂੰ ਕਾਰਡ ਲੱਭਣ ਲਈ ਉਤਸ਼ਾਹਿਤ ਕਰੋ। ਕੋਰੋਨਾ ਵਾਇਰਸ ਦੇ ਕਹਿਰ ਬਾਰੇ ਕਾਲਪਨਿਕ ਕਹਾਣੀਆਂ ਜ਼ਰੀਏ ਬੱਚਿਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰੋ। ਉਨ੍ਹਾਂ ਨੂੰ ਦੱਸੋ ਕਿ ਸਾਵਧਾਨੀ ਵਰਤ ਕੇ ਅਤੇ ਪ੍ਰਸ਼ਾਸਨ ਦੀਆਂ ਗੱਲਾਂ ਮੰਨ ਕੇ ਹੀ ਅਸੀਂ ਕੋਰੋਨਾ ਨੂੰ ਹਰਾਉਣ 'ਚ ਸਫਲ ਹੋ ਸਕਦੇ ਹਾਂ।

ਸਾਰੇ ਬੱਚੇ ਇੱਕੋ ਜਿਹੇ ਨਹੀਂ ਹੁੰਦੇ

ਹਰ ਬੱਚੇ ਦੀ ਸ਼ਖ਼ਸੀਅਤ ਦੂਸਰੇ ਤੋਂ ਅਲੱਗ ਹੁੰਦੀ ਹੈ। ਕੁਝ ਬੱਚੇ ਜਲਦੀ ਡਰ ਜਾਂਦੇ ਹਨ ਤੇ ਕੁਝ ਨਿਡਰ ਇਰਾਦੇ ਵਾਲੇ ਹੁੰਦੇ ਹਨ। ਕੁਝ ਮਾਨਸਿਕ ਰੂਪ ਤੋਂ ਕਮਜ਼ੋਰ ਹੁੰਦੇ ਹਨ ਤੇ ਉਹ ਕਿਸੇ ਵੀ ਚੀਜ਼ 'ਤੇ ਜ਼ਿਆਦਾ ਦੇਰ ਤਕ ਆਪਣਾ ਧਿਆਨ ਨਹੀਂ ਟਿਕਾ ਸਕਦੇ। ਉਥੇ ਹੀ ਕੁਝ ਅਸੰਤੁਲਿਤ ਤਰੀਕੇ ਨਾਲ ਛੋਟੀਆਂ-ਛੋਟੀਆਂ ਗੱਲਾਂ 'ਤੇ ਧਿਆਨ ਦਿੰਦੇ ਹਨ। ਕੁਝ ਬੱਚੇ ਪ੍ਰਯੋਗਾਤਮਕ ਇਰਾਦਿਆਂ ਵਾਲੇ ਹੁੰਦੇ ਹਨ (ਉਨ੍ਹਾਂ ਨੂੰ ਜਿਹੜੇ ਕੰਮ ਤੋਂ ਮਨ੍ਹਾ ਕੀਤਾ ਜਾਂਦਾ ਹੈ, ਉਹ ਉਹੀ ਸਭ ਤੋਂ ਪਹਿਲਾਂ ਕਰਨਗੇ), ਤੇ ਕੁਝ ਆਗਿਆਕਾਰੀ ਪ੍ਰਵਿਰਤੀ ਵਾਲੇ ਹੁੰਦੇ ਹਨ। ਜੇ ਤੁਸੀਂ ਆਪਣੇ ਬੱਚਿਆਂ ਦੇ ਸੁਭਾਅ ਨੂੰ ਸਮਝਦੇ ਹੋਏ ਉਨ੍ਹਾਂ ਨਾਲ ਗੱਲਬਾਤ ਕਰੋਗੇ ਤਾਂ ਹੀ ਇਹ ਕਾਰਗਰ ਸਾਬਿਤ ਹੋਵੇਗਾ।

Posted By: Harjinder Sodhi