ਅੱਜ ਦਾ ਸਮਾਂ ਬੜਾ ਨਾਜ਼ੁਕ ਦੌਰ ਵਿੱਚੋਂ ਲੰਘ ਰਿਹਾ ਹੈ। ਨੈਤਿਕਤਾ ਜਾਪੇ ਜਿਵੇਂ ਕਿਤੇ ਖੰਭ ਲਾ ਕੇ ਉੱਡ ਗਈ ਹੋਵੇ। ਵਿਦਿਆਰਥੀਆਂ ’ਚ ਅਨੁਸ਼ਾਸਨਹੀਣਤਾ ਅਤੇ ਬੇਚੈਨੀ ਆਮ ਵੇਖਣ ਨੂੰ ਮਿਲ ਰਹੀ ਹੈ। ਧੀਰਜ, ਸਹਿਣਸ਼ੀਲਤਾ ਅਤੇ ਹਲੀਮੀ ਖ਼ਤਮ ਹੋ ਰਹੀ ਹੈ। ਕਿਤਾਬਾਂ ਦੀ ਥਾਂ ਮੋਬਾਈਲਾਂ ਨੇ ਲੈ ਲਈ ਹੈ। ਗੂਗਲ ’ਤੇ ਸਰਚ ਮਾਰ ਕੇ ਬੱਚੇ ਹਰ ਚੀਜ਼ ਦੀ ਜਾਣਕਾਰੀ ਬਿਨਾਂ ਊਰਜਾ ਖ਼ਰਚ ਕੀਤਿਆਂ ਹਾਸਿਲ ਕਰ ਲੈਂਦੇ ਹਨ, ਜਿਸ ਨਾਲ ਉਨ੍ਹਾਂ ਦੀ ਸੋਚ ਵਿਚ ਖੜੋਤ ਆ ਜਾਂਦੀ ਹੈ। ਵਿਦਿਆਰਥੀਆਂ ਵਿਚ ਰਚਨਾਤਮਕ ਰੁਚੀਆਂ ਲਗਪਗ ਖ਼ਤਮ ਹੋ ਰਹੀਆਂ ਹਨ। ਮੋਬਾਈਲ ਉੱਪਰ ਮਾੜੀ ਪ੍ਰਵਿਰਤੀ ਅਤੇ ਹਿੰਸਾ ਨੂੰ ਦਰਸਾਉਂਦੀਆਂ ਵੀਡੀਓ ਦੇਖਣ ਵਿਚ ਵਿਦਿਆਰਥੀ ਰੱੁਝੇ ਰਹਿੰਦੇ ਹਨ। ਇਹੀ ਲੱਛਣ ਉਨ੍ਹਾਂ ਦੇ ਆਪਣੇ ਸੁਭਾਅ ’ਚ ਆ ਜਾਂਦੇ ਹਨ। ਸਿੱਟੇ ਵਜੋਂ ਉਨ੍ਹਾਂ ਦਾ ਸੁਭਾਅ ਜਿੱਦੀ ਚਿੜਚਿੜਾ ਅਤੇ ਝਗੜਾਲੂ ਬਣ ਜਾਂਦਾ ਹੈ। ਇਸ ਹਾਲਾਤ ’ਚ ਵਿਦਿਆਰਥੀਆਂ ਨੂੰ ਯੋਗ ਸੇਧ ਮਿਲਣੀ ਜ਼ਰੂਰੀ ਹੈ।

ਚੰਗੇ ਵਿਚਾਰਾਂ ਨਾਲ ਬਣੇਗੀ ਉਸਾਰੂ ਸੋਚ

ਹਰ ਸਕੂਲ ’ਚ ਕੋਈ ਨਾ ਕੋਈ ਅਧਿਆਪਕ ਜ਼ਰੂਰ ਹੁੰਦਾ ਹੈ, ਜਿਸ ਨੂੰ ਸਾਹਿਤ ਨਾਲ ਪਿਆਰ ਹੁੰਦਾ ਹੈ। ਉਸ ਅਧਿਆਪਕ ਦੀ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਉਹ ਵਿਦਿਆਰਥੀਆਂ ਨੂੰ ਸਾਹਿਤ ਨਾਲ ਜੋੜਨ ਪਰ ਇਹ ਕਾਰਜ ਏਨਾ ਸੌਖਾ ਨਹੀਂ। ਵਿਦਿਆਰਥੀਆਂ ਦਾ ਧਿਆਨ ਹੋਰ ਗ਼ੈਰ-ਜ਼ਰੂਰੀ ਗਤੀਵਿਧੀਆਂ ਤੋਂ ਹਟਾ ਕੇ ਕਿਤਾਬਾਂ ਵੱਲ ਜੋੜਨਾ ਆਪਣੇ ਆਪ ’ਚ ਇਕ ਚੈਲਿੰਜ ਹੁੰਦਾ ਹੈ। ਸਵੇਰ ਦੀ ਸਭਾ ’ਚ ਅਧਿਆਪਕਾਂ ਨੂੰ ਚਾਹੀਦਾ ਹੈ ਕਿ ਉਹ ਕਿਸੇ ਨਾ ਕਿਸੇ ਲੇਖਕ ਦੀ ਸਾਹਿਤਕ ਕਿ੍ਰਤ ਦਾ ਕੁਝ ਹਿੱਸਾ ਸੰਖੇਪ ’ਚ ਬੱਚਿਆਂ ਨੂੰ ਜ਼ਰੂਰ ਦੱਸਣ। ਹੋ ਸਕੇ ਆਪਣੀ ਲਿਖੀ ਕੋਈ ਕਵਿਤਾ ਜਾਂ ਲੇਖ ਬੱਚਿਆਂ ਨਾਲ ਜ਼ਰੂਰ ਸਾਂਝਾ ਕਰਨ। ਅਜਿਹਾ ਕਰਨ ਨਾਲ ਬੱਚਿਆਂ ਅੰਦਰ ਵੀ ਲਿਖਣ ਦੀ ਚੇਟਕ ਲੱਗੇਗੀ। ਚੰਗੇ ਵਿਚਾਰਾਂ ਨਾਲ ਉਨ੍ਹਾਂ ਦੀ ਸੋਚ ਉਸਾਰੂ ਬਣ ਜਾਵੇਗੀ।

ਪੈਦਾ ਹੋਵੇਗੀ ਲਿਖਣ ਦੀ ਰੁਚੀ

ਸਿੱਖਿਆ ਵਿਭਾਗ ਵੱਲੋਂ ਵੀ ਇਸ ਦਿਸ਼ਾ ਵੱਲ ਉਪਰਾਲਾ ਕੀਤਾ ਗਿਆ ਹੈ । ਹਰ ਸਕੂਲ ਨੂੰ ਆਪਣੇ ਪੱਧਰ ’ਤੇ ਇਕ ਮੈਗਜ਼ੀਨ ਛਪਾਉਣ ਲਈ ਕਿਹਾ ਗਿਆ ਹੈ, ਜਿਸ ਵਿਚ ਵਿਦਿਆਰਥੀਆਂ ਨੂੰ ਆਪਣੀਆਂ ਮੌਲਿਕ ਰਚਨਾਵਾਂ ਲਿਖਣ ਲਈ ਪ੍ਰੇਰਿਤ ਕੀਤਾ ਜਾ ਸਕਦਾ ਹੈ। ਅਧਿਆਪਕ ਉਨ੍ਹਾਂ ਦੇ ਮਾਰਗ ਦਰਸ਼ਕ ਬਣ ਸਕਦੇ ਹਨ। ਉਨ੍ਹਾਂ ਦੀਆਂ ਲਿਖਤਾਂ ਨੂੰ ਸੁਧਾਰਨ ’ਚ ਉਨ੍ਹਾਂ ਦੀ ਮਦਦ ਕਰ ਸਕਦੇ ਹਨ। ਉਨ੍ਹਾਂ ਦੀਆਂ ਲਿਖਤਾਂ ਜਦੋਂ ਮੈਗਜ਼ੀਨ ’ਚ ਛਪਣਗੀਆਂ ਤਾਂ ਉਨ੍ਹਾਂ ਦਾ ਮਨੋਬਲ ਵਧੇਗਾ। ਇੰਝ ਕਰਨ ਨਾਲ ਕੁਝ ਵਿਦਿਆਰਥੀਆਂ ਵਿਚ ਲਿਖਣ ਦੀ ਰੁਚੀ ਪੈਦਾ ਹੋਵੇਗੀ। ਉਹ ਹੋਰ ਵਧੇਰੇ ਚੰਗਾ ਲਿਖਣ ਦੇ ਸਮਰੱਥ ਹੋ ਜਾਣਗੇ। ਵੇਖੋ ਵੇਖੀ ਇਕ ਤੋਂ ਬਾਅਦ ਹੋਰ ਕਈ ਵਿਦਿਆਰਥੀ ਆਪਣੇ ਵਿਚਾਰਾਂ ਨੂੰ ਸ਼ਬਦਾਂ ’ਚ ਪਰੋ ਕੇ ਸਾਹਿਤ ਪ੍ਰਤੀ ਪਿਆਰ ਨੂੰ ਦਰਸਾਉਣਗੇ। ਜਦੋਂ ਵਿਦਿਆਰਥੀ ਸਾਹਿਤ ਦੇ ਨੇੜੇ ਆ ਗਏ ਤਾਂ ਨੈਤਿਕਤਾ ਵਾਲੇ ਗੁਣ ਆਪਣੇ ਆਪ ਹੀ ਉਨ੍ਹਾਂ ਅੰਦਰ ਜਜ਼ਬ ਹੋ ਜਾਣਗੇ। ਇਸ ਤੋਂ ਇਲਾਵਾ ਉਨ੍ਹਾਂ ਦੇ ਮਨ ਅੰਦਰ ਸਭ ਸ਼ੰਕੇ ਦੂਰ ਹੋ ਜਾਣਗੇ। ਹਰ ਵਿਸ਼ੇ ਦੇ ਪੱਖ ਨੂੰ ਉਹ ਵਿਗਿਆਨਿਕ ਦਿ੍ਰਸ਼ਟੀ ਨਾਲ ਵੇਖਣ ਵਿਚ ਸਫਲ ਹੋ ਜਾਣਗੇ। ਇਕ ਆਦਰਸ਼ ਨਾਗਰਿਕ ਬਣਨ ਦੇ ਸਾਰੇ ਗੁਣ ਉਨ੍ਹਾਂ ਅੰਦਰ ਪੈਦਾ ਹੋ ਜਾਣਗੇ।

- ਨਵਦੀਪ ਸਿੰਘ ਭਾਟੀਆ

Posted By: Harjinder Sodhi