ਹਰ ਸਮਾਜ ਦੀਆਂ ਨਰੋਈਆਂ ਕਦਰਾਂ-ਕੀਮਤਾਂ ਤੇ ਇਤਿਹਾਸ ਵਿਰਾਸਤ ਬਣਦੇ ਹਨ। ਵਿਸ਼ਵ ਦੇ ਹਰ ਸਮਾਜ ਨੂੰ ਆਪਣੀ ਵਿਰਾਸਤ ’ਤੇ ਮਹਿਸੂਸ ਹੋਣ ਵਾਲਾ ਮਾਣ ਵਿਲੱਖਣ ਤੇ ਵਿਸ਼ੇਸ਼ ਹੁੰਦਾ ਹੈ। ਇਹ ਮਹਿਸੂਸ ਕੀਤਾ ਜਾਣ ਵਾਲਾ ਮਾਣ ਹੀ ਹੈ ਜੋ ਕਿਸੇ ਸਮਾਜ ਨੂੰ ਕੁਰੀਤੀਆਂ ਵੱਲ ਵਧਣ ਤੋਂ ਰੋਕ ਕੇ ਹੋਰ ਬਿਹਤਰ ਕਰਨ ਲਈ ਲਗਾਤਾਰ ਪ੍ਰੇਰਿਤ ਕਰਦਾ ਹੈ। ਵਿਰਾਸਤ ਦੀ ਅਹਿਮੀਅਤ ਨੂੰ ਵੇਖਦਿਆਂ ਹਰ ਸਮਾਜ ਦੇ ਨਾਗਰਿਕਾਂ ਦੀ ਇੱਛਾ ਹੁੰਦੀ ਹੈ ਕਿ ਉਸ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਆਪਣੀ ਵਿਰਾਸਤ ਨਾਲ ਜੁੜੀਆਂ ਰਹਿਣ। ਆਉਣ ਵਾਲੀਆਂ ਪੀੜ੍ਹੀਆਂ ਨੂੰ ਵਿਰਾਸਤ ਨਾਲ ਜੋੜੀ ਰੱਖਣ ਲਈ ਹਰ ਸਮਾਜ ਵੱਲੋਂ ਬਹੁਤ ਸਾਰੇ ਉਪਰਾਲੇ ਕੀਤੇ ਜਾਂਦੇ ਹਨ। ਇਨ੍ਹਾਂ ਉਪਰਾਲਿਆਂ ਵਿੱਚੋਂ ਹੀ ਹਨ ਸਮਾਰਕਾਂ, ਮਿਊਜ਼ੀਅਮ ਤੇ ਜੰਗਾਂ ਯੁੱਧਾਂ ਦੌਰਾਨ ਵਿਖਾਈ ਬੀਰਤਾ ਦੇ ਸਬੂਤਾਂ ਵਜੋਂ ਇਮਾਰਤਾਂ ਦੀ ਸੰਭਾਲ। ਬੇਸ਼ੱਕ ਸਮੇਂ ਦੀ ਤਬਦੀਲੀ ਤੇ ਤਰੱਕੀ ਨਾਲ ਸੱਭਿਆਚਾਰ ਅਤੇ ਕਦਰਾਂ-ਕੀਮਤਾਂ ’ਚ ਵੀ ਤਬਦੀਲੀਆਂ ਸੁਭਾਵਿਕ ਹਨ ਪਰ ਕੋਈ ਵੀ ਸਮਾਜ ਆਪਣੀ ਅਮੀਰ ਵਿਰਾਸਤ ਨੂੰ ਕਿਸੇ ਵੀ ਕੀਮਤ ’ਤੇ ਸਮਾਜ ਵਿੱਚੋਂ ਮਨਫ਼ੀ ਨਹੀਂ ਹੋਣ ਦੇਣਾ ਚਾਹੁੰਦਾ।

ਵਿਸ਼ਵ ਵਿਰਾਸਤ ਦਿਵਸ ਮਨਾਉਣ ਦੀ ਸ਼ੁਰੂਆਤ

ਯੂਨੈਸਕੋ ਵੱਲੋਂ ਇਨਸਾਨੀਅਤ ਨੂੰ ਮਾਨਵਤਾ ਦਾ ਸੰਦੇਸ਼ ਦੇਣ ਵਾਲੀਆਂ ਵਿਸ਼ਵ ਭਰ ਦੇ ਮੁਲਕਾਂ ’ਚ ਸਥਿਤ ਸਮਾਰਕਾਂ ਤੇ ਸਥਾਨਾਂ ਦੀ ਪਛਾਣ ਕਰਦਿਆਂ ਸਮਾਰਕ ਖੇਤਰ ਦਾ ਨਿਰਮਾਣ ਕੀਤਾ ਗਿਆ ਹੈ। ਯੂਨੈਸਕੋ ਦੀ ਜੂਨ 2020 ਦੀ ਸੂਚੀ ਅਨੁਸਾਰ 167 ਮੁਲਕਾਂ ’ਚ ਸਥਿਤ 1,121 ਸਮਾਰਕਾਂ ਨੂੰ ਇਸ ਖੇਤਰ ਵਿਚ ਸ਼ੁਮਾਰ ਕੀਤਾ ਗਿਆ ਹੈ। ਇਨ੍ਹਾਂ ਵਿੱਚੋਂ 869 ਸਮਾਰਕਾਂ ਸੱਭਿਆਚਾਰ, 213 ਕੁਦਰਤੀ ਅਤੇ 39 ਮਿਸ਼ਰਤ ਵਿਸ਼ੇਸ਼ਤਾਵਾਂ ’ਤੇ ਅਧਾਰਿਤ ਹਨ। ਜੇ ਮੁਲਕਾਂ ਦੀ ਗੱਲ ਕਰੀਏ ਤਾਂ ਚੀਨ ਤੇ ਇਟਲੀ ਦੀਆਂ ਸਮਾਰਕਾਂ ਨੂੰ ਸਭ ਤੋਂ ਜ਼ਿਆਦਾ ਗਿਣਤੀ ’ਚ ਸ਼ੁਮਾਰ ਕੀਤਾ ਗਿਆ ਹੈ। ਵਿਰਾਸਤ ਦੀ ਸੰਭਾਲ ਅਤੇ ਇਸ ਨੂੰ ਆਉਣ ਵਾਲੀਆਂ ਨਸਲਾਂ ਤੱਕ ਪੁੱਜਦਾ ਕਰਨ ਵਿਚ ਸਮਾਰਕਾਂ ਦੇ ਯੋਗਦਾਨ ਨੂੰ ਵੇਖਦਿਆਂ ਵਿਸ਼ਵ ਭਰ ਦੇ ਮੁਲਕਾਂ ਵੱਲੋਂ ਇਨ੍ਹਾਂ ਦੀ ਸੰਭਾਲ ਦੇ ਯਤਨਾਂ ’ਤੇ ਸੁਹਿਰਦਤਾ ਨਾਲ ਵਿਚਾਰ-ਵਟਾਂਦਰਾ ਕੀਤਾ ਜਾਣ ਲੱਗਿਆ। ਵ੍ਹਾਈਟ ਹਾਊਸ ਵੱਲੋਂ ਵਿਸ਼ਵ ਭਰ ਦੀਆਂ ਸਮਾਰਕਾਂ ਦੀ ਸੰਭਾਲ ਲਈ 1965 ਵਿਚ ‘ਵਿਸ਼ਵ ਵਿਰਾਸਤ ਟਰੱਸਟ’ ਬਣਾਉਣ ਦਾ ਸੁਝਾਅ ਅਮਲ ਵਿਚ ਲਿਆਂਦਾ ਗਿਆ। ਕੁਦਰਤ ਦੀ ਸੰਭਾਲ ਲਈ ਕੌਮਾਂਤਰੀ ਪੱਧਰ ਦੀ ਸੰਸਥਾ ‘ਦਿ ਇੰਟਰਨੈਸ਼ਨਲ ਯੂਨੀਅਨ ਫਾਰ ਕੰਜ਼ਰਵੇਸ਼ਨ ਆਫ ਨੇਚਰ’ ਵੱਲੋਂ ਵੀ ਸਮਾਰਕਾਂ ਦੀ ਸੰਭਾਲ ਬਾਰੇ 1968 ਵਿਚ ਅਜਿਹਾ ਹੀ ਵਿਚਾਰ ਦਿੱਤਾ ਗਿਆ। ਵਿਸ਼ਵ ਭਰ ਦੀਆਂ ਸੰਸਥਾਵਾਂ ਦੇ ਨਤੀਜੇ ਵਜੋਂ ਹਰ ਵਰ੍ਹੇ 18 ਅਪ੍ਰੈਲ ਦਾ ਦਿਨ ‘ਵਿਸ਼ਵ ਵਿਰਾਸਤ ਦਿਵਸ’ (World Heritage Day ) ਵਜੋਂ ਮਨਾਇਆ ਜਾਣ ਲੱਗਿਆ। ਇਹ ਦਿਨ ਮਨਾਉਣ ਦੀ ਸ਼ੁਰੂਆਤ ਇੰਟਰਨੈਸ਼ਨਲ ਕੌਂਸਲ ਫਾਰ ਮੌਨੂਮੈਂਟਸ ਐਂਡ ਸਾਈਟਸ ਵੱਲੋਂ 18 ਅਪ੍ਰੈਲ 1982 ਨੂੰ ਕੀਤੀ ਗਈ ਤੇ 1983 ’ਚ ਯੂਨੈਸਕੋ ਦੀ 22ਵੀਂ ਕਾਨਫਰੰਸ ਵਿਚ ਇਸ ਨੂੰ ਮਨਜ਼ੂਰੀ ਦਿੱਤੀ ਗਈ।

ਵਿਰਾਸਤ ਪ੍ਰਤੀ ਜਾਗਰੂਕਤਾ

ਇਸ ਦਿਨ ਵਿਸ਼ਵ ਭਰ ਦੇ ਮੁਲਕਾਂ ਵੱਲੋਂ ਵਿੱਦਿਅਕ ਸੰਸਥਾਵਾਂ ’ਚ ਸੈਮੀਨਾਰਾਂ ਤੇ ਭਾਸ਼ਣਾਂ ਜ਼ਰੀਏ ਬੱਚਿਆਂ ਅਤੇ ਨੌਜਵਾਨਾਂ ਨੂੰ ਸਮਾਜ ਦੀ ਅਮੀਰ ਵਿਰਾਸਤ ਤੋਂ ਜਾਣੂ ਕਰਵਾਉਣ ਦੇ ਨਾਲ-ਨਾਲ ਵਿਰਾਸਤ ਦੀ ਸੰਭਾਲ ਲਈ ਬਣਾਏ ਸਮਾਰਕਾਂ, ਮਿਊਜ਼ੀਅਮਾਂ ਤੇ ਅਜਾਇਬ ਘਰਾਂ ਦੀ ਸੰਭਾਲ ਅਤੇ ਸਤਿਕਾਰ ਪ੍ਰਤੀ ਜਾਗਰੂਕ ਕੀਤਾ ਜਾਂਦਾ ਹੈ। ਵਿਰਾਸਤੀ ਸਥਾਨਾਂ ਦੀ ਸੰਭਾਲ ਲਈ ਸਰਕਾਰਾਂ ਵੱਲੋਂ ਕਾਨੂੰਨੀ ਵਿਵਸਥਾਵਾਂ ਵੀ ਕਾਇਮ ਕੀਤੀਆਂ ਗਈਆਂ ਹਨ। ਇਹ ਹਰ ਸਮਾਜ ਦੀ ਵਿਰਾਸਤ ਹੀ ਹੁੰਦੀ ਹੈ, ਜੋ ਉਸਾਰੂ ਰਸਤੇ ’ਤੇ ਚੱਲ ਕੇ ਇਨਸਾਨੀਅਤ ਦੀ ਭਲਾਈ ਲਈ ਤੱਤਪਰ ਰਹਿਣ ਦਾ ਸੰਦੇਸ਼ ਦਿੰਦੀ ਹੈ। ਪੰਜਾਬ ਦੀ ਸੱਭਿਆਚਾਰਕ ਤੇ ਮਾਨਵਤਾ ਪੱਖੀ ਸੋਚ ਦੀ ਅਮੀਰ ਵਿਰਾਸਤ ਦੀ ਗਵਾਹੀ ਭਰਦੇ ਬਹੁਤ ਸਾਰੇ ਪਵਿੱਤਰ ਅਸਥਾਨ ਹਨ। ਇਹ ਸਾਨੂੰ ਕਦਮ-ਕਦਮ ’ਤੇ ਸੱਚੀਆਂ-ਸੁੱਚੀਆਂ ਕਦਰਾਂ-ਕੀਮਤਾਂ ਅਪਣਾ ਕੇ ਜ਼ਿੰਦਗੀ ’ਚ ਅੱਗੇ ਵਧਣ ਦਾ ਸੰਦੇਸ਼ ਦਿੰਦੇ ਹਨ। ਸ੍ਰੀ ਆਨੰਦਪੁਰ ਸਾਹਿਬ ਵਿਖੇ ਸਥਿਤ ‘ਵਿਰਾਸਤ-ਏ-ਖਾਲਸਾ’ ’ਚ ਸਿੱਖ ਗੁਰੂ ਸਾਹਿਬਾਨਾਂ ਅਤੇ ਸਿੱਖ ਸ਼ਹੀਦਾਂ ਵੱਲੋਂ ਜਬਰ-ਜ਼ੁਲਮ ਖ਼ਿਲਾਫ ਦਿੱਤੀਆਂ ਸ਼ਹਾਦਤਾਂ ਤੇ ਪੰਜਾਬ ਦੇ ਸੱਭਿਆਚਾਰ ਦੇ ਝਲਕਾਰੇ ਮਿਲਦੇ ਹਨ। ਅੰਮਿ੍ਰਤਸਰ ਵਿਖੇ ਸਥਿਤ ‘ਜਲ੍ਹਿਆਂਵਾਲਾ ਬਾਗ਼’ ਸਾਨੂੰ ਅੰਗਰੇਜ਼ ਹਕੂਮਤ ਵੱਲੋਂ ਨਿਰਦੋਸ਼ ਲੋਕਾਂ ’ਤੇ ਢਾਹੇ ਜ਼ੁਲਮ ਦੀ ਯਾਦ ਦਿਵਾਉਂਦਾ ਹੈ।

ਕੁਦਰਤ ਨਾਲ ਪਿਆਰ ਕਰਨ ਦਾ ਸੰਦੇਸ਼

ਵਿਰਾਸਤੀ ਸੰਭਾਲ ਦੀਆਂ ਤਮਾਮ ਕੋਸ਼ਿਸ਼ਾਂ ਵਿੱਚੋਂ ਹੀ ਇਕ ਕੋਸ਼ਿਸ਼ ਹੈ ‘ਵਿਸ਼ਵ ਵਿਰਾਸਤ ਦਿਵਸ’। ਇਹ ਦਿਵਸ ਜਿੱਥੇ ਹਰ ਇਨਸਾਨ ਨੂੰ ਖ਼ੁਦ ਦੀ ਅਮੀਰ ਵਿਰਾਸਤ ਨਾਲ ਜੋੜੀ ਰੱਖਣ ਦਾ ਉਪਰਾਲਾ ਹੈ, ਉੱਥੇ ਹੀ ਇਨਸਾਨਾਂ ਵੱਲੋਂ ਖ਼ੁਦਗਰਜ਼ੀ ਭਰੇ ਆਲਮਾਂ ਨਾਲ ਕੁਦਰਤ ਨਾਲ ਕੀਤੇ ਜਾ ਰਹੇ ਖਿਲਵਾੜ ਪ੍ਰਤੀ ਸੁਚੇਤ ਕਰਨ ਦਾ ਵੀ ਦਿਨ ਹੈ। ਇਹ ਦਿਨ ਮਨਾਉਣ ਦਾ ਅਸਲ ਮਨੋਰਥ ਖ਼ੁਦ ਦੀ ਵਿਰਾਸਤ ਅਤੇ ਦੂਜਿਆਂ ਦੀ ਵਿਰਾਸਤ ਦੇ ਸਤਿਕਾਰ ਨਾਲ ਜੁੜਿਆ ਹੋਇਆ ਹੈ। ਅਨੇਕਤਾ ਵਿਚ ਏਕਤਾ ਦੀ ਸੋਚ ਨੂੰ ਮਜ਼ਬੂਤ ਕਰਨ ਦਾ ਉਪਰਾਲਾ ਹੈ ਵਿਸ਼ਵ ਵਿਰਾਸਤ ਦਿਵਸ। ਅਸਲ ’ਚ ਦੂਜੇ ਸਮਾਜਾਂ ਦੀਆਂ ਵਿਰਾਸਤਾਂ ਪ੍ਰਤੀ ਨਫ਼ਰਤ ਭਰੀ ਸੋਚ ਦਾ ਖ਼ਾਤਮੇ ਨਾਲ ਹੀ ਇਹ ਦਿਨ ਮਨਾਉਣ ਦਾ ਮਨੋਰਥ ਪੂਰਾ ਹੋਣਾ ਹੈ।

ਵਿਸ਼ਵ ਵਿਰਾਸਤ ਦਿਵਸ ਸਾਨੂੰ ਅਮੀਰ ਕਦਰਾਂ-ਕੀਮਤਾਂ ਸਵੀਕਾਰਨ ਤੇ ਇਨ੍ਹਾਂ ਦੀ ਸੰਭਾਲ ਲਈ ਕੀਤੇ ਯਤਨਾਂ ਨੂੰ ਸਤਿਕਾਰਨ ਦਾ ਸੰਦੇਸ਼ ਦਿੰਦਾ ਹੈ। ਕੁਦਰਤ ਤੇ ਇਨਸਾਨੀਅਤ ਨਾਲ ਪਿਆਰ ਕਰਨ ਦਾ ਸੰਦੇਸ਼ ਦਿੰਦੇ ਇਸ ਦਿਨ ’ਤੇ ਆਪਾਂ ਸਾਰੇ ਦੂਜਿਆਂ ਦੇ ਧਰਮ, ਸਭਿਆਚਾਰ, ਕਦਰਾਂ-ਕੀਮਤਾਂ, ਵਿਸ਼ਵਾਸਾਂ ਦੇ ਸਤਿਕਾਰ ਤੇ ਕੁਦਰਤ ਦੀ ਸੰਭਾਲ ਪ੍ਰਤੀ ਜਾਗਰੂਕਤਾ ਦਾ ਪ੍ਰਣ ਜ਼ਰੂਰ ਕਰੀਏ।

- ਬਿੰਦਰ ਸਿੰਘ ਖੁੱਡੀ ਕਲਾਂ

Posted By: Harjinder Sodhi