ਸੁਪਰ ਹੀਰੋ ਵੂਲਵਰੀਨ ਦੀ ਕਹਾਣੀ ਅਨੁਸਾਰ ਜੇਮਜ਼ ਹਾਲੇਟ (ਵੂਲਵਰੀਨ ਦੇ ਬਚਪਨ ਦਾ ਨਾਂ) ਆਪਣੇ ਮਾਤਾ-ਪਿਤਾ ਨਾਲ ਕੈਨੇਡਾ ਦੇ ਐਲਬਰਟਾ 'ਚ ਰਹਿੰਦਾ ਹੈ। ਬਚਪਨ ਦੇ ਦਿਨਾਂ 'ਚ ਉਸ ਦੀ ਮਾਂ ਦੀ ਇਕ ਬਿਮਾਰੀ ਨਾਲ ਮੌਤ ਹੋ ਜਾਂਦੀ ਹੈ। ਉਸ ਤੋਂ ਬਾਅਦ ਇਕ ਆਇਰਿਸ਼ ਮਹਿਲਾ ਰੋਜ਼ ਓਹਾਰਾ ਉਸ ਨੂੰ ਆਪਣੇ ਨਾਲ ਹਾਵਲੇਟ ਅਸਟੇਟ ਲੈ ਜਾਂਦੀ ਹੈ, ਜਿੱਥੇ ਉਸ ਨੂੰ ਪਾਲਿਆ ਜਾਂਦਾ ਹੈ। ਇਕ ਦਿਨ ਉਹ ਕੁਝ ਅਜਿਹਾ ਅਪਰਾਧ ਹੁੰਦਾ ਦੇਖ ਲੈਂਦਾ ਹੈ, ਜਿਸ 'ਚ ਉਸ ਦੇ ਪਿਤਾ ਦੀ ਮੌਤ ਹੋ ਜਾਂਦੀ ਹੈ। ਇਹ ਦੇਖ ਕੇ ਉਸ ਨੂੰ ਬਹੁਤ ਗੁੱਸਾ ਆਉਂਦਾ ਹੈ। ਗੁੱਸੇ ਦੌਰਾਨ ਹੀ ਜੇਮਜ਼ ਦੇ ਸਰੀਰ 'ਚ ਲੁਕਿਆ ਮਿਊਟੈਂਟ (ਅਚਾਨਕ ਬਦਲਣ ਵਾਲਾ ਨਵਾਂ ਰੂਪ) ਉਸ 'ਤੇ ਹਾਵੀ ਹੋ ਜਾਂਦਾ ਹੈ ਤੇ ਉਸ ਅੰਦਰ ਅਦਭੁੱਤ ਸ਼ਕਤੀ ਆ ਜਾਂਦੀ ਹੈ। ਅਪਰਾਧੀਆਂ ਨੂੰ ਸਬਕ ਸਿਖਾਉਣ ਲਈ ਉਹ ਆਪਣੇ ਮਤਰੇਏ ਭਰਾ ਵਿਕਟਰ ਨਾਲ ਸ਼ਹਿਰ ਛੱਡ ਕੇ ਚਲਾ ਜਾਂਦਾ ਹੈ।

ਜੇਮਜ਼ ਬਣਿਆ ਵੂਲਵਰੀਨ

ਕਹਾਣੀ ਅਨੁਸਾਰ ਦੋਵੇਂ ਭਰਾ ਕਾਫ਼ੀ ਸਮੇਂ ਤਕ ਲੁਕੇ ਰਹਿੰਦੇ ਹਨ ਤੇ ਫ਼ੌਜ 'ਚ ਭਰਤੀ ਹੋ ਕੇ ਲੜਾਈਆਂ 'ਚ ਹਿੱਸਾ ਲੈਂਦੇ ਹਨ। ਵੀਅਤਨਾਮ ਦੀ ਲੜਾਈ ਦੌਰਾਨ ਵਿਕਟਰ ਦਾ ਆਪਣੇ ਉੱਚ ਅਧਿਕਾਰੀ ਨਾਲ ਝਗੜਾ ਹੋ ਜਾਂਦਾ ਹੈ, ਜਿਸ 'ਚ ਅਧਿਕਾਰੀ ਦੀ ਮੌਤ ਹੋ ਜਾਂਦੀ ਹੈ। ਜੇਮਜ਼ ਆਪਣੇ ਭਰਾ ਨੂੰ ਬਚਾਉਣ ਦੀ ਕੋਸ਼ਿਸ਼ ਕਰਦਾ ਹੈ। ਇਸ ਤੋਂ ਨਰਾਜ਼ ਫ਼ੌਜੀ ਅਧਿਕਾਰੀ ਦੋਵਾਂ ਨੂੰ ਸਜ਼ਾ ਦੇਣੀ ਚਾਹੁੰਦੇ ਹਨ ਪਰ ਕਿਸੇ ਤਰ੍ਹਾਂ ਦੋਵੇਂ ਬਚ ਜਾਂਦੇ ਹਨ ਤੇ ਇਕ ਮੇਜਰ ਵਿਲੀਅਮ ਸਟ੍ਰਾਈਕਰ ਉਨ੍ਹਾਂ ਨੂੰ ਆਪਣੀ ਟੀਮ 'ਚ ਸ਼ਾਮਿਲ ਹੋਣ ਲਈ ਕਹਿੰਦਾ ਹੈ। ਇਸ ਟੀਮ 'ਚ ਹੋਰ ਵੀ ਮਿਊਟੈਂਟ ਹੁੰਦੇ ਹਨ, ਜੋ ਮੇਜਰ ਵਿਲੀਅਮ ਲਈ ਕੰਮ ਕਰਦੇ ਹਨ। ਜੇਮਜ਼ ਉਸ ਦੇ ਗ਼ਲਤ ਕੰਮ ਕਰਨ ਤੋਂ ਨਰਾਜ਼ ਹੋ ਕੇ ਕੁਝ ਸਾਥੀਆਂ ਨਾਲ ਉਥੋਂ ਦੌੜ ਜਾਂਦਾ ਹੈ ਤੇ 'ਲੋਗਨ' ਨਾਂ ਨਾਲ ਸ਼ਾਂਤ ਜ਼ਿੰਦਗੀ ਬਿਤਾਉਣ ਲਗਦਾ ਹੈ। ਇਸ ਤੋਂ ਬਾਅਦ ਲੋਗਨ ਦੀ ਜ਼ਿੰਦਗੀ 'ਚ ਫਿਰ ਤੂਫ਼ਾਨ ਆਉਂਦਾ ਹੈ ਤੇ ਆਪਣਾ ਸਭ ਕੁਝ ਗੁਆ ਦੇਣ ਤੋਂ ਬਾਅਦ ਉਹ ਜ਼ਖ਼ਮੀ ਸ਼ੇਰ ਵਰਗਾ ਲੋਗਨ ਬਣ ਜਾਂਦਾ ਹੈ-ਮਿਊਟੈਂਟ ਵੂਲਵਰੀਨ। ਆਪਣੇ ਬਚੇ ਹੋਏ ਸਾਥੀਆਂ ਨਾਲ ਮਿਲ ਕੇ ਉਹ ਵਿਲੀਅਮ ਨੂੰ ਉਸ ਦੇ ਗ਼ਲਤ ਕੰਮਾਂ ਦੀ ਸਜ਼ਾ ਦੇਣੀ ਚਾਹੁੰਦਾ ਹੈ। ਇਹੀ ਭਾਲ ਉਸ ਨੂੰ ਥ੍ਰੀ ਮਾਈਲ ਆਈਲੈਂਡ ਤਕ ਲੈ ਜਾਂਦੀ ਹੈ, ਜਿੱਥੇ ਉਸ ਨੂੰ ਆਪਣੇ ਜਿਹੇ ਕਈ ਮਿਊਟੈਂਟ ਮਿਲਦੇ ਹਨ, ਜਿਨ੍ਹਾਂ ਨੂੰ ਬਚਾਉਣ ਲਈ ਉਸ ਨੂੰ ਵਿਲੀਅਮ ਦੇ ਬਣਾਏ ਘਾਤਕ ਮਿਊਟੈਂਟ ਕਿਲਰ ਵੈਪਨ 'ਐਕਸ' ਨਾਲ ਲੰਬੀ ਲੜਾਈ ਲੜਨੀ ਪੈਂਦੀ ਹੈ।

ਕ੍ਰਿਏਸ਼ਨ

ਵੂਲਵਰੀਨ ਮਾਰਵਲ ਕਾਮਿਕਸ ਦਾ ਕਾਲਪਨਿਕ ਸੁਪਰ ਹੀਰੋ ਹੈ, ਜਿਸ ਨੂੰ ਸਭ ਤੋਂ ਪਹਿਲਾਂ ਇਨਕ੍ਰੈਡੀਬਲ ਹਲਕ 'ਚ ਅਕਤੂਬਰ 1974 ਵਿਚ ਪੇਸ਼ ਕੀਤਾ ਗਿਆ। ਇਸ ਕਿਰਦਾਰ ਨੂੰ ਲੇਨ ਨਿਵ ਨੇ ਲਿਖਿਆ ਤੇ ਜੌਨ ਰੋਮਿਟਾ ਸੀਨੀਅਰ ਨੇ ਡਿਜ਼ਾਈਨ ਕੀਤਾ ਸੀ।

ਵੂਲਵਰੀਨ ਦੀ ਤਾਕਤ

ਵੂਲਵਰੀਨ ਹਮੇਸ਼ਾ ਦੂਸਰਿਆਂ ਤੋਂ ਖ਼ੁਦ ਨੂੰ ਲੁਕਾ ਕੇ ਰੱਖਦਾ ਹੈ। ਉਹ ਕਿੱਥੋਂ ਆਇਆ ਹੈ ਤੇ ਉਸ ਦਾ ਅਤੀਤ ਕੀ ਹੈ, ਇਸ ਬਾਰੇ ਨਾ ਉਸ ਨੂੰ ਕੁਝ ਯਾਦ ਹੈ ਤੇ ਨਾ ਹੀ ਉਸ ਬਾਰੇ ਜ਼ਿਆਦਾ ਕੋਈ ਜਾਣਦਾ ਹੈ। ਬਚਪਨ 'ਚ ਵੂਲਵਰੀਨ ਦੇ ਸਰੀਰ 'ਚ ਕਿਸੇ ਤਰ੍ਹਾਂ ਇਕ ਸਪੈਸ਼ਲ ਕੁਆਲਟੀ ਵਾਲੀ ਮੈਟਲ ਐਡਾਮੈਂਟੀਅਮ ਪਹੁੰਚ ਜਾਂਦੀ ਹੈ, ਜੋ ਕਦੇ ਨਸ਼ਟ ਨਹੀਂ ਹੋ ਸਕਦੀ। ਜਦੋਂ ਉਹ ਕੁਝ ਗ਼ਲਤ ਹੁੰਦਾ ਦੇਖਦਾ ਹੈ ਤਾਂ ਇਸ ਧਾਤੂ ਦੇ ਪ੍ਰਭਾਵ ਨਾਲ ਉਸ ਦੀਆਂ ਉਂਗਲੀਆਂ ਦੇ ਨਹੁੰ ਵੱਧ ਜਾਂਦੇ ਹਨ ਤੇ ਚਿਹਰਾ ਇਕ ਭੇਡੀਏ ਵਾਂਗ ਹੋ ਜਾਂਦਾ ਹੈ। ਉਸ ਦੇ ਨਹੁੰ ਵੀ ਮਾਰੂ ਹਥਿਆਰ ਹਨ। ਉਸ ਕੋਲ ਜਾਨਵਰਾਂ ਜਿਹੀ ਸਮਝ, ਸਰੀਰਕ ਸ਼ਕਤੀਆਂ ਨੂੰ ਵਧਾਉਣ ਦੀ ਸਮਰਥਾ ਨਾਲ ਸਰੀਰ 'ਤੇ ਹੋਏ ਜ਼ਖ਼ਮ ਖ਼ੁਦ ਹੀ ਭਰ ਸਕਦੇ ਹਨ।

ਪ੍ਰਸਿੱਧੀ

ਵੂਲਵਰੀਨ ਦਾ ਕਿਰਦਾਰ ਕਾਮਿਕਸ ਦੇ ਨਾਲ ਹਾਲੀਵੁੱਡ ਫਿਲਮਾਂ 'ਚ ਵੀ ਕਾਫ਼ੀ ਪਸੰਦੀਦਾ ਰਿਹਾ ਹੈ। ਦਿ ਇਨਕ੍ਰੈਡੀਬਲ ਹਲਕ, ਜਾਇੰਟ ਸਾਇਜ਼ ਐਕਸਮੈਨ, ਵੂਲਵਰੀਨ, ਕਿਟੀ ਪ੍ਰਾਈਡ ਐਂਡ ਵੂਲਵਰੀਨ, ਸਪਾਈਡਰਮੈਨ, ਵੂਲਵਰੀਨ ਆਦਿ ਨਾਂ ਕਾਫ਼ੀ ਪਸੰਦੀਦਾ ਰਹੇ ਹਨ। ਵੂਲਵਰੀਨ 'ਤੇ ਆਧਾਰਤ ਹਾਲੀਵੁੱਡ ਫਿਲਮਾਂ ਕਾਫ਼ੀ ਪੰਸਦ ਕੀਤੀਆਂ ਜਾ ਰਹੀਆਂ ਹਨ।

Posted By: Harjinder Sodhi