ਮਹਾਨ ਵਿਗਿਆਨੀ ਥਾਮਸ ਅਲਵਾ ਐਡੀਸਨ ਨੂੰ ਸਾਰੇ ਚੰਗੀ ਤਰ੍ਹਾਂ ਜਾਣਦੇ ਹੋਣਗੇ। ਉਨ੍ਹਾਂ ਨੂੰ ਬਚਪਨ 'ਚ ਮੰਦਬੁੱਧੀ ਬਾਲਕ ਆਖ ਕੇ ਸਕੂਲ 'ਚੋਂ ਕੱਢ ਦਿੱਤਾ ਗਿਆ ਸੀ। ਉਸੇ ਐਡੀਸਨ ਨੇ ਕਈ ਮਹੱਤਵਪੂਰਨ ਖੋਜਾਂ ਕੀਤੀਆਂ, ਜਿਨ੍ਹਾਂ 'ਚ ਬਿਜਲੀ ਦਾ ਬਲਬ ਪ੍ਰਮੁੱਖ ਹੈ। ਉਨ੍ਹਾਂ ਨੇ ਬਲਬ ਦੀ ਖੋਜ ਕਰਨ ਲਈ ਹਜ਼ਾਰਾਂ ਵਾਰ ਪ੍ਰਯੋਗ ਕੀਤੇ। ਇਸ ਦੌਰਾਨ ਐਡੀਸਨ ਨੇ ਕਿਹਾ ਸੀ ਕਿ ਮੈਂ ਨਹੀਂ ਸਮਝਦਾ ਕਿ ਮੇਰੇ ਇਕ ਹਜ਼ਾਰ ਪ੍ਰਯੋਗ ਅਸਫਲ ਹੋਏ ਹਨ, ਕਿਉਂਕਿ ਮੈਂ ਇਕ ਹਜ਼ਾਰ ਪ੍ਰਯੋਗ ਕਰ ਕੇ ਪਤਾ ਲਗਾਇਆ ਹੈ ਕਿ ਇਨ੍ਹਾਂ ਇਕ ਹਜ਼ਾਰ ਤਰੀਕਿਆਂ ਨਾਲ ਬਲਬ ਨਹੀਂ ਬਣਾਇਆ ਜਾ ਸਕਦਾ। ਐਡੀਸਨ ਦੀ ਜਗ੍ਹਾ ਕੋਈ ਆਮ ਇਨਸਾਨ ਹੁੰਦਾ ਤਾਂ ਉਹ ਜਲਦੀ ਹੀ ਹਾਰ ਮੰਨ ਲੈਂਦਾ ਪਰ ਥਾਮਸ ਐਡੀਸਨ ਨੇ ਆਪਣੀਆਂ ਕੋਸ਼ਿਸ਼ਾਂ ਜਾਰੀ ਰੱਖੀਆਂ ਤੇ ਹਾਰ ਨਹੀਂ ਮੰਨੀ।

ਬੱਚਿਓ! ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਐਡੀਸਨ ਨੇ ਆਪਣੀ ਪਹਿਲੀ ਪ੍ਰਯੋਗਸ਼ਾਲਾ ਸਿਰਫ਼ 10 ਸਾਲ ਦੀ ਉਮਰ 'ਚ ਹੀ ਬਣਾ ਲਈ ਸੀ। ਉਨ੍ਹਾਂ ਦੀ ਮਾਤਾ ਨੇ ਉਨ੍ਹਾਂ ਨੂੰ ਇਕ ਅਜਿਹੀ ਕਿਤਾਬ ਦਿੱਤੀ ਸੀ, ਜਿਸ ਵਿਚ ਕਈ ਕੈਮੀਕਲ ਤਜਰਬੇ ਲਿਖੇ ਹੋਏ ਸਨ। ਐਡੀਸਨ ਨੂੰ ਇਹ ਕਿਤਾਬ ਬੇਹੱਦ ਪਸੰਦ ਆਈ ਤੇ ਉਨ੍ਹਾਂ ਨੇ ਆਪਣੇ ਪੈਸੇ ਰਸਾਇਣਾਂ 'ਤੇ ਖ਼ਰਚ ਕਰ ਕੇ ਉਹ ਸਾਰੇ ਪ੍ਰਯੋਗ ਕਰ ਲਏ। ਥਾਮਸ ਐਡੀਸਨ ਨੂੰ ਬਚਪਨ 'ਚ ਆਪਣੇ ਪ੍ਰਯੋਗ ਜਾਰੀ ਰੱਖਣ ਲਈ ਪੈਸਿਆਂ ਦੀ ਜ਼ਰੂਰਤ ਸੀ। ਪੈਸੇ ਕਮਾਉਣ ਲਈ ਉਹ ਰੇਲ ਗੱਡੀ ਵਿਚ ਅਖ਼ਬਾਰਾਂ ਤੇ ਸਬਜ਼ੀ ਵੇਚਦਾ ਸੀ। ਜਦੋਂ ਉਸ ਦਾ ਕੋਈ ਪ੍ਰਯੋਗ ਪੂਰਾ ਹੋਣਾ ਹੁੰਦਾ ਤਾਂ ਉਹ ਬਿਨਾਂ ਸੋਚੇ ਲਗਾਤਾਰ ਚਾਰ-ਚਾਰ ਦਿਨ ਇਸ ਪ੍ਰਯੋਗ ਨੂੰ ਮੁਕੰਮਲ ਕਰਨ 'ਚ ਰੁੱਝਾ ਰਹਿੰਦਾ।

ਬਲਬ ਦੀ ਖੋਜ

ਬਲਬ ਦੀ ਖੋਜ ਥਾਮਸ ਐਡੀਸਨ ਨੇ 1879 'ਚ ਕੀਤੀ। 21 ਅਕਤੂਬਰ 1879 ਨੂੰ ਐਡੀਸਨ ਨੇ ਅਜਿਹਾ ਕਾਰਬਨ ਥਰੈੱਡ-ਫਿਲਾਮੈਂਟ ਬਣਾਇਆ ਸੀ, ਜੋ 40 ਘੰਟੇ ਤੋਂ ਜ਼ਿਆਦਾ ਸਮੇਂ ਤਕ ਬਿਜਲੀ ਨਾਲ ਜਗ ਕੇ ਰੌਸ਼ਨੀ ਪੈਦਾ ਕਰ ਸਕਦਾ ਸੀ। ਇਸ ਇਲੈਕਟ੍ਰਿਕ ਲਾਈਟ ਬਲਬ ਨੂੰ ਦੇਖਣ ਲਈ ਹਜ਼ਾਰਾਂ ਲੋਕਾਂ ਦੀ ਭੀੜ ਲੱਗੀ ਹੋਈ ਸੀ, ਜਿਸ ਤੋਂ ਬਾਅਦ ਨਿਊਯਾਰਕ ਸਿਟੀ 'ਚ ਪਰਲ ਸਟਰੀਟ ਪਾਵਰ ਸਟੇਸ਼ਨ ਖੋਲ੍ਹਣ ਤੋਂ ਬਾਅਦ ਗਾਹਕਾਂ ਨੂੰ ਬਿਜਲੀ ਮਿਲਣੀ ਸ਼ੁਰੂ ਹੋਈ। ਪਹਿਲੀ ਵਾਰ ਬਲਬ ਬਣਾਉਣ 'ਤੇ ਐਡੀਸਨ ਦਾ 40 ਹਜ਼ਾਰ ਡਾਲਰ ਦਾ ਖ਼ਰਚਾ ਆਇਆ ਸੀ। 1883 ਵਿਚ ਉਨ੍ਹਾਂ ਨੇ 'ਐਡੀਸਨ ਪ੍ਰਭਾਵ' ਦੀ ਖੋਜ ਕੀਤੀ, ਜੋ ਬਾਅਦ 'ਚ ਵਰਤਮਾਨ ਰੇਡੀਓ ਬਲਬ ਦਾ ਜਨਮਦਾਤਾ ਸਿੱਧ ਹੋਇਆ। ਅਗਲੇ 10 ਸਾਲਾਂ 'ਚ ਐਡੀਸਨ ਨੇ ਪ੍ਰਕਾਸ਼, ਸ਼ਕਤੀ ਲਈ ਬਿਜਲੀ ਦੇ ਉਤਪਾਦਨ ਅਤੇ ਵਿੱਤੀ ਪ੍ਰਣਾਲੀ ਦੇ ਸਾਧਨਾਂ ਤੇ ਵਿਧੀਆਂ 'ਤੇ ਪ੍ਰਯੋਗ ਕੀਤੇ।

ਬਲਬ ਦਾ ਵਿਗਿਆਨ

ਇੰਕੈਂਡੀਸੈਂਟ ਲੈਂਪ ਨੂੰ ਆਮ ਭਾਸ਼ਾ 'ਚ ਬਲਬ ਕਿਹਾ ਜਾਂਦਾ ਹੈ। ਗਰਮ ਹੋਣ ਕਰਕੇ ਇਹ ਇੰਕੈਂਡੀਸੈਂਟ ਪ੍ਰਕਾਸ਼ ਉਤਪੰਨ ਕਰਦਾ ਹੈ। ਇਸ 'ਚ ਇਕ ਪਤਲਾ ਫਿਲਾਮੈਂਟ ਹੁੰਦਾ ਹੈ, ਇਸ 'ਚੋਂ ਹੋ ਕੇ ਜਦੋਂ ਬਿਜਲੀ ਦੀ ਧਾਰਾ ਗੁਜ਼ਰਦੀ ਹੈ ਤਾਂ ਇਹ ਗਰਮ ਹੋ ਕੇ ਰੌਸ਼ਨੀ ਦੇਣ ਲੱਗਦਾ ਹੈ। ਫਿਲਾਮੈਂਟ ਨੂੰ ਕੱਚ ਦੇ ਬਲਬ ਅੰਦਰ ਇਸ ਲਈ ਰੱਖਿਆ ਜਾਂਦਾ ਹੈ, ਕਿਉਂਕਿ ਗਰਮ ਫਿਲਾਮੈਂਟ ਤਕ ਆਕਸੀਜਨ ਨਾ ਪੰਹੁਚ ਸਕੇ। 1.5 ਵੋਲਟ ਤੋਂ ਲੈ ਕੇ 300 ਵੋਲਟ ਦੇ ਬਲਬ ਆਸਾਨੀ ਨਾਲ ਉਪਲੱਬਧ ਹਨ। ਹੁਣ ਤਾਂ ਐੱਲਈਡੀ ਬਲਬਾਂ ਦਾ ਦੌਰ ਹੈ। ਇਨ੍ਹਾਂ ਨਾਲ ਬਿਜਲਈ ਊਰਜਾ ਦੀ ਖਪਤ ਘੱਟ ਹੁੰਦੀ ਹੈ।

Posted By: Harjinder Sodhi