ਪਿਆਰੇ ਬੱਚਿਓ! ਤੁਸੀਂ ਆਮ ਤੌਰ 'ਤੇ ਸੜਕਾਂ ਰਾਹੀਂ ਸਫ਼ਰ ਕਰਦੇ ਹੀ ਹੋ। ਇਨ੍ਹਾਂ ਸੜਕਾਂ 'ਤੇ ਕਈ ਤਰ੍ਹਾਂ ਦੇ ਆਵਾਜਾਈ ਸਬੰਧੀ ਚਿੰਨ ਅੰਕਿਤ ਕੀਤੇ ਹੁੰਦੇ ਹਨ, ਜਿਹੜੇ ਤੁਸੀਂ ਦੇਖੇ ਹੋਣਗੇ। ਇਸੇ ਤਰ੍ਹਾਂ ਸੜਕਾਂ ਦੇ ਕਿਨਾਰਿਆਂ 'ਤੇ ਦੂਰੀ ਦਰਸਾਉਣ ਲਈ ਪੱਥਰ ਲੱਗੇ ਹੁੰਦੇ ਹਨ, ਜਿਨ੍ਹਾਂ ਨੂੰ 'ਮੀਲ ਪੱਥਰ' ਕਹਿੰਦੇ ਹਨ। ਭਾਰਤ 'ਚ ਇਹ ਪੱਥਰ ਸ਼ੇਰ ਸ਼ਾਹ ਸੂਰੀ ਦੇ ਸ਼ਾਸਨਕਾਲ ਸਮੇਂ ਲੱਗਣੇ ਸ਼ੁਰੂ ਹੋਏ ਸਨ, ਜਿਨ੍ਹਾਂ ਨੂੰ ਉਸ ਸਮੇਂ 'ਕੋਸ ਮੀਨਾਰ' ਜਾਂ 'ਡਾਕ ਮੁਨਾਰਾ' ਕਿਹਾ ਜਾਂਦਾ ਸੀ, ਕਿਉਕਿ ਉਸ ਸਮੇਂ ਦੂਰੀ ਮਾਪਣ ਦੀ ਇਕਾਈ 'ਕੋਹ' ਸੀ, ਜਿਹੜਾ 1.8 ਕਿਲੋਮੀਟਰ ਦੇ ਬਰਾਬਰ ਹੁੰਦਾ ਹੈ ਤੇ ਅੱਜ-ਕੱਲ੍ਹ ਇਨ੍ਹਾਂ ਨੂੰ ਮੀਲ ਪੱਥਰ ਕਹਿੰਦੇ ਹਾਂ।

ਅਸਲ 'ਚ ਦੋ ਸ਼ਹਿਰਾਂ ਵਿਚਕਾਰ ਦੂਰੀ ਉਨ੍ਹਾਂ ਦੋ ਸ਼ਹਿਰਾਂ ਦੇ ਡਾਕਘਰਾਂ ਤੋਂ ਮਿਣੀ ਜਾਂਦੀ ਸੀ, ਕਿਉਂਕਿ ਡਾਕਘਰ ਕਿਸੇ ਵੀ ਸ਼ਹਿਰ ਦੇ ਮੱਧ 'ਚ ਸਥਿਤ ਹੁੰਦਾ ਹੈ। ਡਾਕਘਰ ਕੋਲ ਲਗਾਏ ਗਏ ਬਿੰਦੂ ਨੂੰ 'ਜ਼ੀਰੋ ਬਿੰਦੂ ਮੀਲ ਪੱਥਰ' ਕਿਹਾ ਜਾਂਦਾ ਸੀ ਪਰ ਅੱਜ-ਕੱਲ੍ਹ ਆਬਾਦੀ ਵਧਣ ਨਾਲ ਤੇ ਸ਼ਹਿਰਾਂ ਦਾ ਵਿਸਥਾਰ ਹੋਣ ਨਾਲ ਇਹ ਜ਼ੀਰੋ ਬਿੰਦੂ ਲੋਪ ਹੋ ਗਏ ਹਨ ਤੇ ਭਾਰਤ 'ਚ ਇਸ ਤਰ੍ਹਾਂ ਦਾ ਇਕ ਜ਼ੀਰੋ ਬਿੰਦੂ ਨਾਗਪੁਰ ਸ਼ਹਿਰ ਵਿਚ ਹੈ, ਜਿੱਥੇ ਇਕ ਫਲ ਵੇਚਣ ਵਾਲਾ ਦੁਕਾਨ ਲਗਾਉਂਦਾ ਹੈ, ਕਿਉਂਕਿ ਨਾਗਪੁਰ ਸਾਂਝੇ ਭਾਰਤ ਦੇ ਮੱਧ ਵਿਚ ਸੀ।

ਅੱਜ-ਕੱਲ੍ਹ ਤੁਸੀਂ ਦੇਖਿਆ ਹੋਵੇਗਾ ਕਿ ਸੜਕਾਂ ਕਿਨਾਰੇ ਦੂਰੀ ਦਰਸਾਉਣ ਵਾਲੇ ਮੀਲ ਪੱਥਰਾਂ ਉੱਪਰ ਅਲੱਗ-ਅਲੱਗ ਰੰਗਾਂ ਦੀਆਂ ਪੱਟੀਆਂ ਲੱਗੀਆ ਹੁੰਦੀਆਂ ਹਨ, ਅਜਿਹਾ ਕਿਉਂ? ਇਸ ਪਿੱਛੇ ਵੀ ਰੋਚਕ ਕਾਰਨ ਹੈ :

- ਜੇ ਤੁਸੀਂ ਸੜਕ ਕਿਨਾਰੇ ਮੀਲ ਪੱਥਰ ਉੱਪਰ ਪੀਲੇ ਰੰਗ ਦੀ ਪੱਟੀ ਦੇਖੋਗੇ ਤਾਂ ਇਸ ਦਾ ਮਤਲਬ ਹੈ ਉਹ ਸੜਕ ਨੈਸ਼ਨਲ ਹਾਈਵੇ ਅਥਾਰਿਟੀ ਦੇ ਅਧੀਨ ਆਉਂਦੀ ਹੈ, ਮਤਲਬ ਉਸ ਸੜਕ ਨੂੰ ਬਣਾਉਣ ਤੇ ਮੁਰੰਮਤ ਦੀ ਜ਼ਿੰਮੇਵਾਰੀ ਨੈਸ਼ਨਲ ਹਾਈਵੇ ਅਥਾਰਿਟੀ ਦੀ ਹੈ।

- ਜੇਕਰ ਸੜਕ ਕਿਨਾਰੇ ਮੀਲ ਪੱਥਰ ਉੱਪਰ ਹਰੇ ਰੰਗ ਦੀ ਪੱਟੀ ਦਿਖਾਈ ਦੇਵੇ ਤਾਂ ਸਮਝ ਲਵੋ ਕਿ ਉਹ ਸੜਕ ਸਬੰਧਤ ਸੂਬਾ ਸਰਕਾਰ ਅਧੀਨ ਆਉਂਦੀ ਹੈ ਤੇ ਉਸ ਦੇ ਨਿਰਮਾਣ ਤੇ ਦੇਖਭਾਲ ਦੀ ਜ਼ਿੰਮੇਵਾਰੀ ਸੂਬਾ ਸਰਕਾਰ ਦੀ ਹੈ।

- ਜੇ ਸੜਕ ਕਿਨਾਰੇ ਲੱਗੇ ਮੀਲ ਪੱਥਰ ਉੱਪਰ ਕਾਲੇ, ਨੀਲੇ, ਜਾਂ ਸਫੈਦ ਪੱਟੀ ਦੇਖੋ ਤਾਂ ਸਮਝ ਲਵੋ ਕਿ ਉਹ ਸੜਕ ਸ਼ਹਿਰੀ ਸੜਕ ਜਾਂ ਮੁੱਖ ਜ਼ਿਲ੍ਹਾ ਸੜਕ ਹੈ, ਭਾਵ ਉਹ ਸਬੰਧਤ ਸ਼ਹਿਰ ਜਾਂ ਜ਼ਿਲ੍ਹਾ ਪ੍ਰਸ਼ਾਸਨ ਅਧੀਨ ਹੈ।

- ਹੁਣ ਤੁਸੀਂ ਜੇ ਮੀਲ ਪੱਥਰ ਉੱਪਰ ਸੰਤਰੀ ਰੰਗ ਦੀ ਪੱਟੀ ਲੱਗੀ ਵੇਖੋ ਤਾਂ ਸਮਝ ਲੈਣਾ ਕਿ ਤੁਸੀਂ ਕਿਸੇ ਪਿੰਡ ਵੱਲ ਜਾ ਰਹੇ ਹੋ ਮਤਲਬ ਉਹ ਪੇਂਡੂ ਸੜਕ ਹੈ, ਜਿਹੜੀ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਅਧੀਨ ਆਉਂਦੀ ਹੈ।

- ਹਰਮਿੰਦਰ ਸਿੰਘ ਕੈਂਥ

78887-61607

Posted By: Harjinder Sodhi