ਕੋਰੋਨਾ ਮਹਾਮਾਰੀ ਵਿਸ਼ਵ ਦੇ ਦੋ ਸੌ ਤੇਰਾਂ ਦੇਸ਼ਾਂ ਲਈ ਚੁਣੌਤੀ ਬਣੀ ਹੋਈ ਹੈ। ਇਸ ਮਹਾਮਾਰੀ ਦਾ ਵਾਇਰਸ ਦਸੰਬਰ 2019 ਨੂੰ ਚੀਨ ਦੇ ਵੁਹਾਨ ਸ਼ਹਿਰ ਤੋਂ ਨਿਕਲ ਕੇ ਪੂਰੇ ਦੁਨੀਆ ਵਿਚ ਫੈਲ ਗਿਆ। ਕੋਵਿਡ-19 ਨੇ ਸਭ ਤੋਂ ਜ਼ਿਆਦਾ ਕਹਿਰ ਅਮਰੀਕਾ ’ਚ ਮਚਾਇਆ ਤੇ ਉਸ ਤੋਂ ਬਾਅਦ ਬ੍ਰਾਜ਼ੀਲ, ਭਾਰਤ, ਫਰਾਂਸ, ਰੂਸ, ਇਟਲੀ ਜਰਮਨੀ ਆਦਿ ਦੇਸ਼ਾਂ ਨੂੰ ਆਪਣੀ ਲਪੇਟ ’ਚ ਲੈ ਲਿਆ।

ਸਕੂਲ ਜਾਣ ਨੂੰ ਕਾਹਲੇ ਹਨ ਬੱਚੇ

ਭਾਵੇਂ ਦੁਨੀਆ ਦੇ ਵੱਖ-ਵੱਖ ਦੇਸ਼ਾਂ ’ਚ ਇਸ ਦੀ ਵੈਕਸੀਨ ਤਿਆਰ ਹੋ ਚੁੱਕੀ ਹੈ ਪਰ ਕੋਰੋਨਾ ਦੇ ਨਵੇਂ ਵੈਰੀਏਂਟ ਦੁਨੀਆ ਦੇ ਵਿਗਿਆਨਕਾਂ ਲਈ ਚੁਣੌਤੀ ਦਾ ਵਿਸ਼ਾ ਬਣੇ ਹੋਏ ਹਨ। ਭਾਰਤ ’ਚ ਹੁਣ ਤਕ ਕਰੀਬ 38 ਕਰੋੜ ਲੋਕਾਂ ਨੂੰ ਕੋਵੀਸ਼ੀਲਡ ਤੇ ਕੋਵੈਕਸੀਨ ਲਗਾਈ ਜਾ ਚੁੱਕੀ ਹੈ, ਜੋ ਭਾਰਤੀ ਵਿਗਿਆਨੀਆਂ ਨੇ ਤਿਆਰ ਕੀਤੀ ਹੈ। ਸਾਡੇ ਦੇਸ਼ ’ਚ ਕੋਰੋਨਾ ਮਹਾਮਾਰੀ ਨੂੰ ਠੱਲ੍ਹ ਪਾਉਣ ਲਈ ਹਰ ਰੋਜ਼ ਸੂਬੇ ’ਚ ਅਠਾਰਾਂ ਸਾਲ ਤੋਂ ਵੱਧ ਉਮਰ ਦੇ ਵਿਅਕਤੀਆਂ ਨੂੰ ਵੈਕਸੀਨ ਲਗਾਈ ਜਾ ਰਹੀ ਹੈ ਪਰ ਬੱਚਿਆਂ ਨੂੰ ਵੈਕਸੀਨ ਲਗਾਉਣ ਦੀ ਪ੍ਰਕਿਰਿਆ ਅਜੇ ਸ਼ੁਰੂ ਨਹੀਂ ਕੀਤੀ ਗਈ। ਸਾਰੇ ਦੇਸ਼ ਦੇ ਸਕੂਲ-ਕਾਲਜ ਮਾਰਚ 2019 ਤੋਂ ਬੰਦ ਹਨ। ਜਦੋਂ ਤਾਲਾਬੰਦੀ ਕੀਤੀ ਗਈ ਤਾਂ ਵੱਖ-ਵੱਖ ਸੂਬਿਆਂ ’ਚ ਬੋਰਡ ਪ੍ਰੀਖਿਆਵਾਂ ਚੱਲ ਰਹੀਆਂ ਸਨ। ਬੱਚੇ ਇੰਤਜ਼ਾਰ ਕਰਦੇ ਰਹੇ ਕਿ ਕਦੋਂ ਇਹ ਲਾਕਡਾਊਨ ਖੁੱਲ੍ਹੇਗਾ ਤੇ ਉਹ ਪ੍ਰੀਖਿਆ ’ਚ ਬੈਠਣਗੇ। ਇਸ ਸਮੇਂ ਦੌਰਾਨ ਵੀ ਅਧਿਆਪਕ ਘਰ ਬੈਠੇ ਹੀ ਬੱਚਿਆਂ ਨਾਲ ਆਨਲਾਈਨ ਜੁੜੇ ਰਹੇ ਅਤੇ ਅਧਿਆਪਕ ਉਨ੍ਹਾਂ ਨੂੰ ਜ਼ੂਮ ਐਪ ਰਾਹੀਂ ਪੜ੍ਹਾਉਂਦੇ ਰਹੇ। ਇਸ ਦੇ ਨਾਲ-ਨਾਲ ਅਧਿਆਪਕਾਂ ਨੇ ਗੂਗਲ ਫਾਰਮ, ਪੀਪੀਟੀ, ਪੀਡੀਐੱਫ ਅਤੇ ਵੱਖ-ਵੱਖ ਤਕਨੀਕਾਂ ਨਾਲ ਲੋੜੀਂਦੀ ਸਮੱਗਰੀ ਬੱਚਿਆਂ ਤਕ ਪਹੁੰਚਾਈ, ਜੋ ਸ਼ਲਾਘਾਯੋਗ ਉਪਰਾਲਾ ਹੈ। ਲੰਮੇ ਸਮੇਂ ਤੋਂ ਸਕੂਲ ਬੰਦ ਹੋਣ ਕਰਕੇ ਬੱਚੇ ਘਰਾਂ ’ਚ ਕੈਦ ਹੋ ਕੇ ਰਹਿ ਗਏ ਹਨ। ਸਕੂਲੋਂ ਦੂਰ ਬੈਠੇ ਬੱਚਿਆਂ ਦੇ ਸਬਰ ਦੇ ਬੰਨ੍ਹ ਹੁਣ ਟੱੁਟਣ ਕਿਨਾਰੇ ਹਨ। ਸਭਨਾਂ ਦਾ ਚਿੱਤ ਸਕੂਲ ਜਾਣ ਨੂੰ ਕਾਹਲਾ ਹੈ। ਘਰਾਂ ’ਚ ਰਹਿ ਕੇ ਉਹ ਕਲਾਸ ਦੇ ਕਮਰਿਆਂ ਨੂੰ ਬਹੁਤ ਚੇਤੇ ਕਰ ਰਹੇ ਹਨ ਕਿਉਂਕਿ ਆਨਲਾਈਨ ਪੜ੍ਹਾਈ ਕਲਾਸਾਂ ਦਾ ਬਦਲ ਨਹੀਂ ਹੈ। ਇਸ ਸਮੇਂ ਕੋਰੋਨਾ ਮਹਾਮਾਰੀ ਦੀ ਦੂਜੀ ਲਹਿਰ ਦਾ ਪ੍ਰਭਾਵ ਘੱਟ ਹੋਣ ਸ਼ੁਰੂ ਹੋਇਆ ਹੈ। ਕਾਲਜ ਤਾਂ ਭਾਵੇਂ ਖੱੁਲ੍ਹ ਗਏ ਹਨ, ਇਸ ਦੇ ਨਾਲ ਹੀ ਮਾਂ-ਬਾਪ ਤੇ ਬੱਚਿਆਂ ਦੇ ਮਨ ’ਚ ਵੀ ਇਹ ਉਮੀਦ ਪੈਦਾ ਹੋ ਗਈ ਹੈ ਕਿ ਜਲਦੀ ਹੀ ਸਕੂਲ ਵੀ ਖੁੱਲ੍ਹ ਜਾਣਗੇ। ਸਕੂਲ-ਕਾਲਜ ਖੁੱਲ੍ਹਣ ਤੋਂ ਬਾਅਦ ਸਾਰਿਆਂ ਨੂੰ ਹੋਰ ਵੀ ਚੇਤੰਨ ਰਹਿਣ ਦੀ ਜ਼ਰੂਰਤ ਹੈ। ਬੱਚਿਆਂ ਨੂੰ ਹੁਣ ਤੋਂ ਹੀ ਆਉਣ ਵਾਲੇ ਸਮੇਂ ਲਈ ਤਿਆਰ ਕਰਨਾ ਬਹੁਤ ਜ਼ਰੂਰੀ ਹੈ, ਤਾਂ ਜੋ ਸਕੂਲ ਖੁੱਲ੍ਹਣ ਮਗਰੋਂ ਉਨ੍ਹਾਂ ਦੇ ਵਿਹਾਰ ’ਚ ਕੀ ਤਬਦੀਲੀਆਂ ਆਉਣੀਆਂ ਚਾਹੀਦੀਆਂ ਹਨ। ਪਿਆਰੇ ਬੱਚਿਓ! ਹੁਣ ਜਦੋਂ ਵੀ ਤੁਹਾਡੇ ਸਕੂਲ ਖੱੁਲ੍ਹਣਗੇ ਤਾਂ ਤੁਹਾਨੂੰ ਕੁਝ ਗੱਲਾਂ ਯਾਦ ਰੱਖਣ ਦੇ ਨਾਲ-ਨਾਲ ਕੁਝ ਜ਼ਿੰਮੇਵਾਰੀਆਂ ਨਿਭਾਉਣ ਲਈ ਵੀ ਤਿਆਰ-ਬਰ ਤਿਆਰ ਰਹਿਣਾ ਪਵੇਗਾ।

ਜ਼ਰੂਰ ਲਗਾਓ ਮਾਸਕ

ਸਭ ਤੋਂ ਪਹਿਲੀ ਗੱਲ ਜੋ ਬੱਚਿਆਂ ਨੂੰ ਸਮਝਾਉਣੀ ਚਾਹੀਦੀ ਹੈ ਕਿ ਉਹ ਆਪਣੇ ਚਿਹਰੇ ਨੂੰ ਹਮੇਸ਼ਾ ਮਾਸਕ ਨਾਲ ਢਕ ਕੇ ਰੱਖਣ। ਕੋਰੋਨਾ ਵਾਇਰਸ ਸਭ ਤੋਂ ਜ਼ਿਆਦਾ ਹਮਲਾ ਮੂੰਹ ਤੇ ਨੱਕ ਰਾਹੀਂ ਹੀ ਸਰੀਰ ’ਤੇ ਕਰਦਾ ਹੈ। ਜੇ ਬੱਚੇ ਆਪਣਾ ਨੱਕ ਤੇ ਮੂੰਹ ਮਾਸਕ ਨਾਲ ਢਕ ਕੇ ਰੱਖਣਗੇ ਤਾਂ ਵਾਇਰਸ ਨੂੰ ਸਰੀਰ ਅੰਦਰ ਜਾਣ ਤੋਂ ਰੋਕਿਆ ਜਾ ਸਕਦਾ ਹੈ। ਇਸ ਲਈ ਹਰ ਸਮੇਂ ਮਾਸਕ ਪਹਿਨਣਾ ਸਮੇਂ ਦੀ ਲੋੜ ਬਣ ਗਈ ਹੈ।

ਹੱਥਾਂ ਨੂੰ ਵਾਰ-ਵਾਰ ਧੋਵੋ

ਛੋਟੇ ਬੱਚਿਆਂ ਨੂੰ ਖ਼ਾਸ ਤੌਰ ’ਤੇ ਇਹ ਸਮਝਾਇਆ ਜਾਵੇ ਕਿ ਉਹ ਆਪਣੇ ਹੱਥਾਂ ਨੂੰ ਸਾਬਣ ਨਾਲ ਵਾਰ-ਵਾਰ ਧੋਂਦੇ ਰਹਿਣ ਜਾਂ ਸੈਨੇਟਾਈਜ਼ ਕਰਦੇ ਰਹਿਣ। ਬੱਚੇ ਅਕਸਰ ਦੋਸਤਾਂ ਨਾਲ ਮਿਲ ਕੇ ਖਾਣਾ ਖਾਂਦੇ ਹਨ ਪਰ ਹੁਣ ਉਨ੍ਹਾਂ ਨੂੰ ਇਹ ਆਦਤ ਬਦਲਣੀ ਪਵੇਗੀ ਕਿਉਂਕਿ ਇਹ ਸਮੇਂ ਦੀ ਨਜ਼ਾਕਤ ਹੈ ਅਤੇ ਸਾਡਾ ਫ਼ਰਜ਼ ਵੀ ਬਣਦਾ ਹੈ ਕਿ ਆਪਣੇ ਬੱਚਿਆਂ ਨੂੰ ਇਸ ਪ੍ਰਤੀ ਜਾਗਰੂਕ ਕਰੀਏ।

ਦੋਸਤਾਂ ਨਾਲ ਹੱਥ ਮਿਲਾਉਣ ਤੋਂ ਪਰਹੇਜ਼

ਆਪਣੇ ਦੋਸਤਾਂ ਜਾਂ ਸਹਿਪਾਠੀਆਂ ਨੂੰ ਮਿਲਣ ਸਮੇਂ ਹੱਥ ਜੋੜ ਕੇ ਨਮਸਕਾਰ ਕਰਨ ਦੀ ਆਦਤ ਵਿਕਸਿਤ ਕਰਨ ਲਈ ਬੱਚਿਆਂ ਲਈ ਪ੍ਰੇਰਿਆ ਜਾਵੇ। ਉਹ ਆਪਣੇ ਦੋਸਤਾਂ ਨਾਲ ਹੱਥ ਮਿਲਾਉਣ ਜਾਂ ਗਲੇ ਮਿਲਣ ਤੋਂ ਪਰਹੇਜ਼ ਕਰਨ। ਦੋਸਤਾਂ ਨਾਲ ਆਪਣੀ ਕਾਪੀ-ਪੈੱਨ ਆਦਿ ਵੀ ਸਾਂਝੇ ਨਾ ਕਰਨ। ਇਹ ਗੱਲ ਛੋਟੇ ਬੱਚਿਆਂ ਨੂੰ ਖ਼ਾਸ ਤੌਰ ਉੱਤੇ ਸਮਝਾਉਣੀ ਚਾਹੀਦੀ ਹੈ। ਸ਼ਾਲਾ! ਗਿਆਨ ਦੇ ਮੰਦਰ ਇਨ੍ਹਾਂ ਸਕੂਲਾਂ ਦੇ ਦਰਵਾਜ਼ੇ ਬੱਚਿਆਂ ਲਈ ਕਦੇ ਬੰਦ ਨਾ ਹੋਣ।

ਜ਼ਿੰਦਗੀ ਹੈ ਕੀਮਤੀ

ਸਭ ਤੋਂ ਜ਼ਰੂਰੀ ਗੱਲ ਇਹ ਹੈ ਕਿ ਜਿਸ ਬੱਚੇ ਦੀ ਸਿਹਤ ਖ਼ਰਾਬ ਹੋਵੇ। ਖ਼ਾਸ ਤੌਰ ’ਤੇ ਖ਼ਾਂਸੀ, ਜ਼ੁਕਾਮ, ਬੁਖਾਰ ਆਦਿ ਹੋਵੇ ਤਾਂ ਉਸ ਨੂੰ ਸਕੂਲ ਨਹੀਂ ਭੇਜਣਾ ਚਾਹੀਦਾ, ਜਿੰਨੀ ਦੇਰ ਤਕ ਉਹ ਤੰਦਰੁਸਤ ਨਹੀਂ ਹੁੰਦਾ। ਇਸ ਤਰ੍ਹਾਂ ਸਰਕਾਰ ਵੱਲੋਂ ਦਿੱਤੀਆਂ ਹਦਾਇਤਾਂ ਦੀ ਪਾਲਣਾ ਕਰਨੀ ਯਕੀਨੀ ਬਣਾਉਣੀ ਚਾਹੀਦੀ ਹੈ, ਜਿੰਨੀ ਦੇਰ ਤਕ ਸਾਡਾ ਦੇਸ਼ ਇਸ ਮਹਾਮਾਰੀ ਤੋਂ ਨਿਜ਼ਾਤ ਨਹੀਂ ਪਾ ਲੈਂਦਾ। ਘਰ ਵਾਂਗ ਸਕੂਲ ਨੂੰ ਵੀ ਸਾਫ਼-ਸੁਥਰਾ ਰੱਖਣਾ ਚਾਹੀਦਾ ਹੈ। ਸਕੂਲ ਖੁੱਲ੍ਹਣ ਤੋਂ ਬਾਅਦ ਪੂਰੀ ਸਾਵਧਾਨੀ ਨਾਲ ਸਕੂਲ ਤੋਂ ਘਰ ਤੇ ਘਰੋਂ ਸਕੂਲ ਜਾਣਾ ਬਣਦਾ ਹੈ। ਬੱਚਿਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਉਨ੍ਹਾਂ ਦੀ ਸਿਹਤ ਪ੍ਰਤੀ ਹਰ ਪਲ਼ ਸੁਚੇਤ ਕਰਨਾ ਅਧਿਆਪਕ ਦੀ ਜ਼ਿੰਮੇਵਾਰੀ ਬਣਦੀ ਹੈ। ਮਾਂ-ਬਾਪ ਦਾ ਫ਼ਰਜ਼ ਹੈ ਕਿ ਉਹ ਆਪਣੇ ਬੱਚਿਆਂ ਨੂੰ ਇਨ੍ਹਾਂ ਸਾਰੀਆਂ ਗੱਲਾਂ ਪ੍ਰਤੀ ਸੁਚੇਤ ਕਰਨ ਤਾਂ ਜੋ ਜਦੋਂ ਉਹ ਸਕੂਲ ਜਾਣ ਤਾਂ ਇਨ੍ਹਾਂ ਸਾਰੀਆਂ ਗੱਲਾਂ ਦਾ ਚੰਗੀ ਤਰ੍ਹਾਂ ਧਿਆਨ ਰੱਖਿਆ ਜਾਵੇ। ਉਨ੍ਹਾਂ ਦੀ ਜ਼ਿੰਦਗੀ ਪਰਿਵਾਰ, ਸਮਾਜ ਅਤੇ ਦੇਸ਼ ਲਈ ਬਹੁਤ ਕੀਮਤੀ ਹੈ।

ਸਮਾਜਿਕ ਦੂਰੀ ਦੀ ਕਰੋ ਪਾਲਣਾ

ਸਮਾਜਿਕ ਦੂਰੀ ਦੀ ਪਾਲਣਾ ਕਰਨੀ ਲਾਜ਼ਮੀ ਬਣਦੀ ਹੈ। ਸਕੂਲ ਖੁੱਲ੍ਹਣ ਤੋਂ ਬਾਅਦ ਚਾਹੇ ਉਹ ਪ੍ਰਾਰਥਨਾ ਸਭਾ ਹੋਵੇ ਜਾਂ ਕਲਾਸਰੂਮ, ਲਾਇਬ੍ਰੇਰੀ ਜਾਂ ਖੇਡ ਦਾ ਮੈਦਾਨ, ਬੱਚਿਆਂ ਨੂੰ ਹਰ ਥਾਂ ਸਮਾਜਿਕ ਦੂਰੀ ਦੀ ਪਾਲਣਾ ਕਰਨੀ ਪਵੇਗੀ। ਇਸ ਲਈ ਸਾਨੂੰ ਬੱਚਿਆਂ ਨੂੰ ਮਾਨਸਿਕ ਰੂਪ ’ਚ ਤਿਆਰ ਕਰਨਾ ਚਾਹੀਦਾ ਹੈ ਕਿ ਉਹ ਸਾਰਿਆਂ ਨਾਲ ਘੱਟੋ-ਘੱਟ ਦੋ ਫੁੱਟ ਦੀ ਦੂਰੀ ਬਣਾ ਕੇ ਰੱਖਣ।

- ਪੂਜਾ ਸ਼ਰਮਾ

Posted By: Harjinder Sodhi