ਇੰਟਰਨੈੱਟ ਮਾਰਕੀਟਿੰਗ ਦੀ ਦੁਨੀਆ 'ਚ ਐੱਸਈਓ ਦੀ ਮਹੱਤਵਪੂਰਨ ਥਾਂ ਹੈ। ਐੱਸਈਓ ਦਾ ਅਰਥ ਸਰਚ ਇੰਜਣ ਆਪਟੀਮਾਈਜ਼ੇਸ਼ਨ ਹੈ। ਕਿਸੇ ਵੈੱਬਸਾਈਟ ਜਾਂ ਬਲਾਗ ਦੀ ਸਫਲਤਾ ਲਈ ਐੱਸਈਓ ਬਹੁਤ ਮਹੱਤਵਪੂਰਨ ਹੈ। ਅੱਜ ਐੱਸਈਓ ਤੋਂ ਬਿਨਾਂ ਕਿਸੇ ਵੀ ਵੈੱਬਸਾਈਟ ਜਾਂ ਬਲਾਗ ਦਾ ਪ੍ਰਸਿੱਧ ਹੋਣਾ ਨਾ-ਮੁਮਕਿਨ ਹੈ। ਇਸ ਨੂੰ ਅਪਣਾ ਕੇ ਵੱਡੀਆਂ-ਵੱਡੀਆਂ ਈ-ਕਾਮਰਸ ਕੰਪਨੀਆਂ ਦੁਨੀਆ 'ਤੇ ਛਾ ਜਾਂਦੀਆਂ ਹਨ। ਦਰਅਸਲ, ਇਸ ਦਾ ਸਿੱਧਾ ਜਿਹਾ ਅਰਥ ਹੈ ਕਿ ਆਪਣੀ ਵੈੱਬਸਾਈਟ ਜਾਂ ਪੋਸਟ 'ਚ ਇਸ ਤਰ੍ਹਾਂ ਸੁਧਾਰ ਕਰਨਾ ਕਿ ਵੈੱਬਸਾਈਟ ਜਾਂ ਪੋਸਟ ਸਰਚ ਇੰਜਣ ਦੇ ਪਹਿਲੇ ਪੇਜ਼ਾਂ 'ਤੇ ਦਿਖਾਈ ਦੇਣ ਲੱਗੇ। ਇਸ ਤਕਨੀਕ ਜ਼ਰੀਏ ਵੈੱਬਸਾਈਟ ਨੂੰ ਕੀ-ਵਰਡ ਫ੍ਰੈਂਡਲੀ ਬਣਾਉਣਾ ਹੁੰਦਾ ਹੈ।

ਕੀ-ਵਰਡ ਦਾ ਕਮਾਲ

ਸਰਚ ਇੰਜਣ 'ਚ ਕੀ-ਵਰਡਜ਼ ਸਰਚ ਜ਼ਰੀਏ ਹੀ ਲੋਕ ਕਿਸੇ ਵੈੱਬਸਾਈਟ ਤਕ ਪਹੁੰਚਦੇ ਹਨ, ਮਤਲਬ ਕਿਸੇ ਵੀ ਵੈੱਬਸਾਈਟ ਦੇ ਟ੍ਰੈਫਿਕ ਦਾ ਮੁੱਖ ਸਰੋਤ ਸਰਚ ਇੰਜਣ ਜਿਵੇਂ, ਗੂਗਲ, ਯਾਹੂ ਆਦਿ ਹੁੰਦੇ ਹਨ, ਹਾਲਾਂਕਿ ਅੱਜ-ਕੱਲ੍ਹ ਵੈੱਬਸਾਈਟਸ ਸੋਸ਼ਲ ਮੀਡੀਆ ਜ਼ਰੀਏ ਵੀ ਟ੍ਰੈਫਿਕ ਵਧਾਉਣ ਦਾ ਕੰਮ ਕਰਦੀਆਂ ਹਨ। ਜਦੋਂ ਤੁਸੀਂ ਗੂਗਲ 'ਤੇ ਸਰਚ ਕਰਦੇ ਹੋ ਤਾਂ ਇੰਟਰਨੈੱਟ 'ਤੇ ਮੌਜੂਦ ਅਣਗਿਣਤ ਵੈੱਬ-ਪੇਜ਼ ਤੁਹਾਡੇ ਲਈ ਉਪਲੱਬਧ ਕਰਵਾਉਣਾ ਸਰਚ ਇੰਜਣ ਦਾ ਹੀ ਕੰਮ ਹੁੰਦਾ ਹੈ। ਇਸ ਕੰਮ ਨੂੰ ਕਰਨ ਲਈ ਸਾਫਟਵੇਅਰ ਹੁੰਦੇ ਹਨ, ਜੋ ਵੱਖ-ਵੱਖ ਗੱਲਾਂ ਜਾਂ ਨਿਯਮਾਂ ਨੂੰ ਧਿਆਨ 'ਚ ਰੱਖ ਕੇ ਸਰਚ ਕੀਤੇ ਗਏ ਸ਼ਬਦਾਂ ਨਾਲ ਸਬੰਧਤ ਸਭ ਤੋਂ ਵਧੀਆ ਵੈੱਬ ਪੇਜ਼ ਨੂੰ ਸਰਚ ਇੰਜਣ ਦੇ ਪਹਿਲੇ ਪੇਜ਼ 'ਤੇ ਦਿਖਾਉਂਦੇ ਹਨ। ਕਿਸੇ ਵੀ ਵੈੱਬਸਾਈਟ ਦੇ ਸਰਚ ਇੰਜਣ ਦੇ ਪਹਿਲੇ ਪੇਜ਼ 'ਤੇ ਦਿਖਾਈ ਦੇਣਾ ਕਈ ਗੱਲਾਂ 'ਤੇ ਨਿਰਭਰ ਕਰਦਾ ਹੈ ਜਿਵੇਂ, ਪੋਸਟ ਦੀ ਗੁਣਵੱਤਾ, ਪੋਸਟ ਦੀ ਸਰਚ ਕੀਤੇ ਗਏ ਕੀ-ਵਰਡਜ਼ ਨਾਲ ਸਬੰਧਤ ਲੋਕਾਂ ਵੱਲੋਂ ਪਸੰਦ ਕਰਨਾ ਜਾਂ ਜ਼ਿਆਦਾ ਤੋਂ ਜ਼ਿਆਦਾ ਸਮਾਂ ਵੈੱਬਸਾਈਟ 'ਤੇ ਬਿਤਾਉਣਾ, ਪੋਸਟ ਨੂੰ ਪ੍ਰਦਰਸ਼ਿਤ ਕਰਨ ਦਾ ਤਰੀਕਾ, ਬੈਕ ਲਿੰਕਸ ਆਦਿ ਕਈ ਕਾਰਨ ਹਨ। ਇਨ੍ਹਾਂ ਗੱਲਾਂ ਨੂੰ ਧਿਆਨ 'ਚ ਰੱਖ ਕੇ ਵੈੱਬਸਾਈਟ ਜਾਂ ਪੋਸਟ 'ਚ ਸੁਧਾਰ ਜਾਂ ਤਬਦੀਲੀ ਕਰਨਾ ਹੀ ਐੱਸਈਓ ਅਖਵਾਉਂਦਾ ਹੈ। ਇਸ ਦੀ ਪੜ੍ਹਾਈ ਲਈ ਹੁਣ ਕਈ ਤਰ੍ਹਾਂ ਦੇ ਕੋਰਸ ਉਪਲੱਬਧ ਹਨ, ਜਿਨ੍ਹਾਂ 'ਚ ਐੱਸਈਓ ਬਾਰੇ ਟ੍ਰੇਨਿੰਗ ਦਿੱਤੀ ਜਾਂਦੀ ਹੈ।

ਕਿਵੇਂ ਕੰਮ ਕਰਦਾ ਹੈ ਸਰਚ ਇੰਜਣ?

ਐੱਸਈਓ ਨੂੰ ਸਮਝਣ ਲਈ ਜ਼ਰੂਰੀ ਹੈ ਕਿ ਤੁਸੀਂ ਸਰਚ ਇੰਜਣ ਦੇ ਕੰਮ ਕਰਨ ਦਾ ਤਰੀਕੇ ਬਾਰੇ ਵੀ ਜਾਣਦੇ ਹੋਵੋ। ਇੰਟਰਨੈੱਟ 'ਤੇ ਇਕ ਹੀ ਵਿਸ਼ੇ ਨਾਲ ਸਬੰਧਤ ਲੱਖਾਂ-ਕਰੋੜਾਂ ਪੇਜ਼ ਹੁੰਦੇ ਹਨ ਲੇਕਿਨ ਜਦੋਂ ਤੁਸੀਂ ਸਰਚ ਕੁਆਇਰੀ ਜਾਂ ਕੀ-ਵਰਡਜ਼ ਨੂੰ ਗੂਗਲ ਸਰਚ ਬਾਕਸ 'ਚ ਟਾਈਪ ਕਰਦੇ ਹੋ ਤਾਂ ਸਭ ਤੋਂ ਪਹਿਲਾਂ ਪੇਜ਼ 'ਤੇ ਉਸ ਸਰਚ ਕੁਆਇਰੀ ਜਾਂ ਕੀ-ਵਰਡਜ਼ ਨਾਲ ਸਬੰਧਤ ਸਭ ਤੋਂ ਵਧੀਆ ਨਤੀਜੇ ਹੀ ਦਿਸਦੇ ਹਨ। ਸਰਚ ਇੰਜਣ ਦਾ ਮੁੱਖ ਕੰਮ ਇਹੀ ਹੁੰਦਾ ਹੈ ਕਿ ਉਹ ਵਧੀਆ ਨਤੀਜਿਆਂ ਨੂੰ ਪਹਿਲਾਂ ਦਿਖਾਵੇ। ਅਜਿਹਾ ਕਰਨ ਲਈ ਸਰਚ ਇੰਜਣ ਵੱਖ-ਵੱਖ ਸਰਚ ਇੰਜਣ ਅਲਗਾਰਿਧਮ ਦਾ ਉਪਯੋਗ ਕਰਦਾ ਹੈ।

Posted By: Harjinder Sodhi