ਮੰਨਿਆ ਜਾਂਦਾ ਹੈ ਕਿ ਹੋਲੀ ਵਾਲੇ ਦਿਨ ਲੋਕ ਪੁਰਾਣੇ ਗਿਲੇ-ਸ਼ਿਕਵੇ ਭੁੱਲ ਕੇ ਗਲ਼ੇ ਮਿਲਦੇ ਹਨ ਤੇ ਮੁੜ ਦੋਸਤ ਬਣ ਜਾਂਦੇ ਹਨ। ਬੱਚੇ ਇਸ ਦਿਨ ਦਾ ਬੇਸਬਰੀ ਨਾਲ ਇੰਤਜ਼ਾਰ ਕਰਦੇ ਹਨ, ਤਾਂ ਜੋ ਉਹ ਆਪਣੇ ਦੋਸਤਾਂ ਨਾਲ ਮੌਜ-ਮਸਤੀ ਕਰ ਸਕਣ। ਜੇ ਹੋਲੀ ਖੇਡਦੇ ਸਮੇਂ ਕੁਝ ਕੁ ਗੱਲਾਂ ਦਾ ਧਿਆਨ ਰੱਖਿਆ ਜਾਵੇ ਤਾਂ ਇਹ ਸੋਨੇ ’ਤੇ ਸੁਹਾਗੇ ਵਾਲੀ ਗੱਲ ਹੋਵੇਗੀ।

ਰੰਗਾਂ ਦਾ ਸਾਡੀ ਜ਼ਿੰਦਗੀ ’ਚ ਬਹੁਤ ਮਹੱਤਵ ਹੈ। ਇਹ ਕੁਦਰਤ ਦੇ ਨਾਲ-ਨਾਲ ਸਾਡੀ ਜ਼ਿੰਦਗੀ ਨੂੰ ਵੀ ਖ਼ੂਬਸੂਰਤ ਬਣਾਉਣ ਦਾ ਕੰਮ ਕਰਦੇ ਹਨ। ਵੈਸੇ ਤਾਂ ਸਾਰਿਆਂ ਦਾ ਕੋਈ ਨਾ ਪਸੰਦੀਦਾ ਰੰਗ ਜ਼ਰੂਰ ਹੰੁਦਾ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਦੁਨੀਆ ’ਚ ਸਭ ਤੋਂ ਜ਼ਿਆਦਾ ਪਸੰਦ ਕੀਤਾ ਜਾਣ ਵਾਲਾ ਰੰਗ ਕਿਹੜਾ ਹੈ ਜਾਂ ਇਸ ਦੁਨੀਆ ’ਚ ਆਉਣ ਤੋਂ ਬਾਅਦ ਤੁਸੀਂ ਸਭ ਤੋਂ ਪਹਿਲਾਂ ਕਿਹੜਾ ਰੰਗ ਦੇਖਿਆ ਸੀ। ਆਓ ਜਾਣਦੇ ਹਾਂ ਰੰਗਾਂ ਦੀ ਅਨੋਖੀ ਦੁਨੀਆ ਬਾਰੇ: -

ਕਿੰਨੇ ਹਨ ਰੰਗ

ਵੈਸੇ ਤਾਂ ਦੁਨੀਆ ’ਚ ਸੱਤ ਰੰਗ ਹਨ। ਸਿਰਫ਼ ਇਨਸਾਨਾਂ ਨੂੰ ਹੀ ਇਹ ਸੱਤ ਰੰਗ ਦਿਖਾਈ ਦਿੰਦੇ ਹਨ ਪਰ ਦੂਸਰੇ ਜੀਵਾਂ ਨੂੰ ਕੁਝ ਹੀ ਰੰਗ ਦਿਖਾਈ ਦਿੰਦੇ ਹਨ। ਰੰਗਾਂ ਨੂੰ ਦੇਖਣ ਲਈ ਜਾਨਵਰਾਂ ਦੀ ਸਮਰੱਥਾ ਅੱਖਾਂ ਦੀ ਰੈਟਿਨਾ ’ਚ ਮੌਜੂਦ ਰੰਗਾਂ ਦੀ ਸੂਚੀ ’ਤੇ ਨਿਰਭਰ ਕਰਦੀ ਹੈ। ਇਹ ਅੱਖਾਂ ’ਚ ਮੌਜੂਦ ਕੌਨ ਤੇ ਰਾਡ ਜਿਹੀਆਂ ਸੰਰਚਨਾਵਾਂ ਹੰੁਦੀਆਂ ਹਨ। ਕੁਝ ਜਾਨਵਰਾਂ ’ਚ ਇਨ੍ਹਾਂ ਦੀ ਗਿਣਤੀ ਘੱਟ ਜਾਂ ਜ਼ਿਆਦਾ ਹੋ ਸਕਦੀ ਹੈ। ਇਸ ਨਾਲ ਉਹ ਰਾਤ ਭਰ ਵੀ ਬਿਹਤਰ ਤਰੀਕੇ ਨਾਲ ਦੇਖ ਸਕਦੇ ਹਨ। ਲੋਕਾਂ ’ਚ ਹਮੇਸ਼ਾ ਇਹੀ ਧਾਰਨਾ ਰਹੀ ਹੈ ਕਿ ਸਾਨ੍ਹ ਲਾਲ ਰੰਗ ਦੇਖ ਕੇ ਭੜਕਦੇ ਹਨ ਪਰ ਸੱਚ ਤਾਂ ਇਹ ਹੈ ਕਿ ਗਲਿਹਰੀ ਤੇ ਸਾਨ੍ਹ ਅਜਿਹੇ ਜਾਨਵਰ ਹਨ, ਜਿਨ੍ਹਾਂ ਨੂੰ ਲਾਲ ਰੰਗ ਦਿਸਦਾ ਹੀ ਨਹੀਂ ਹੈ। ਹੁਣ ਇਸ ਦੇ ਆਧਾਰ ’ਤੇ ਇਹ ਵੀ ਸੰਭਵ ਹੈ ਕਿ ਹੋਰ ਵੀ ਕਈ ਰੰਗ ਮੌਜੂਦ ਹੋਣ ਪਰ ਇਨਸਾਨ ਉਨ੍ਹਾਂ ਨੂੰ ਦੇਖ ਨਹੀਂ ਸਕਦਾ।

ਰੰਗਾਂ ਨੂੰ ਦੇਖਣ ਦੀ ਸਮਰੱਥਾ

ਕਾਰ ਦਾ ਰੰਗ ਜੇ ਸਫ਼ੈਦ ਹੋਵੇ ਤਾਂ ਇਸ ਨੂੰ ਸਭ ਤੋਂ ਜ਼ਿਆਦਾ ਸੁਰੱਖਿਅਤ ਮੰਨਿਆ ਜਾਂਦਾ ਹੈ। ਇਸ ਦੀ ਵਜ੍ਹਾ ਇਹ ਹੈ ਕਿ ਸਫ਼ੈਦ ਰੰਗ ਹਰ ਤਰ੍ਹਾਂ ਦੇ ਵਾਤਾਵਰਨ ’ਚ ਦੂਰ ਤੋਂ ਹੀ ਨਜ਼ਰ ਆ ਜਾਂਦਾ ਹੈ। ਸਿਰਫ਼ ਬਰਫਬਾਰੀ ਦੀ ਹਾਲਤ ’ਚ ਇਸ ਨੂੰ ਦੇਖ ਸਕਣਾ ਔਖਾ ਹੰੁਦਾ ਹੈ। ਹਾਲਾਂਕਿ ਸੜਕ ’ਤੇ ਆਸਾਨੀ ਨਾਲ ਦੇਖੇ ਜਾ ਸਕਣ ਵਾਲੇ ਰੰਗਾਂ ਦੀ ਸੂਚੀ ’ਚ ਪਹਿਲੇ ਨੰਬਰ ’ਤੇ ਹਲਕਾ ਪੀਲਾ ਰੰਗ ਆਉਂਦਾ ਹੈ ਪਰ ਲੋਕ ਇਸ ਰੰਗ ਨੂੰ ਜ਼ਿਆਦਾ ਪਸੰਦ ਨਹੀਂ ਕਰਦੇ। ਇਸ ਲਈ ਉਹ ਸਫ਼ੈਦ ਰੰਗ ਦੀ ਗੱਡੀ ਨੂੰ ਪਹਿਲ ਦਿੰਦੇ ਹਨ। ਇਸ ਤੋਂ ਬਾਅਦ ਸੁਰੱਖਿਅਤ ਰੰਗਾਂ ਦੀ ਸੂਚੀ ’ਚ ਸਿਲਵਰ ਰੰਗ ਦਾ ਨਾਂ ਆਉਂਦਾ ਹੈ, ਜਿਸ ਨੂੰ ਭਾਰੀ ਬਾਰਿਸ਼ ਤੇ ਧੰੁਦ ’ਚ ਵੀ ਸੌਖੀ ਤਰ੍ਹਾਂ ਦੇਖਿਆ ਜਾ ਸਕਦਾ ਹੈ।

ਕੀ ਹੈ ਭੱੁਖ ਦਾ ਰੰਗ

ਕੀ ਭੱੁਖ ਦਾ ਵੀ ਕੋਈ ਰੰਗ ਹੋ ਸਕਦਾ ਹੈ? ਨਾਮਵਰ ਪੀਜ਼ਾ ਤੇ ਬਰਗਰ ਕੰਪਨੀਆਂ ਦੇ ਇਸ਼ਤਿਹਾਰ ਤੋਂ ਲੈ ਕੇ ਰੈਸਟੋਰੈਂਟ ਅਤੇ ਉਨ੍ਹਾਂ ਦੀ ਪੈਕਿੰਗ ਤਕ ’ਚ ਜ਼ਿਆਦਾਤਰ ਤੁਹਾਨੂੰ ਲਾਲ ਤੇ ਪੀਲਾ ਰੰਗ ਨਜ਼ਰ ਆਵੇਗਾ। ਇਸ ਦਾ ਕਾਰਨ ਇਹ ਹੈ ਕਿ ਲਾਲ ਤੇ ਪੀਲਾ ਰੰਗ ਸਾਡੀ ਭੱੁਖ ਨੂੰ ਵਧਾਉਣ ਦਾ ਕੰਮ ਕਰਦੇ ਹਨ। ਇਸ ਲਈ ਭਾਰ ਘਟਾਉਣ ਦੀ ਕੋਸ਼ਿਸ਼ ਕਰਨ ਵਾਲੇ ਲੋਕਾਂ ਨੂੰ ਆਪਣੀ ਰਸੋਈ ’ਚ ਪੀਲੇ ਰੰਗ ਦਾ ਪੇਂਟ ਨਾ ਕਰਵਾਉਣ ਦੀ ਸਲਾਹ ਦਿੱਤੀ ਜਾਂਦੀ ਹੈ। ਉਥੇ ਹੀ ਨੀਲਾ ਰੰਗ ਸਾਡੀ ਭੱੁਖ ਨੂੰ ਘੱਟ ਕਰਨ ਦਾ ਕੰਮ ਕਰਦਾ ਹੈ। ਇਸ ਲਈ ਕਿਸੇ ਵੀ ਰੈਸਟੋਰੈਂਟ ’ਚ ਤੁਹਾਨੂੰ ਸ਼ਾਇਦ ਹੀ ਇਹ ਰੰਗ ਨਜ਼ਰ ਆਵੇਗਾ।

ਡਰ ਦਾ ਰੰਗ

ਇਸ ਕੁਦਰਤ ’ਚ ਜਿੱਥੇ ਚਾਰੇ ਪਾਸੇ ਰੰਗ ਹਨ, ਕੀ ਉਥੇ ਰੰਗਾਂ ਤੋਂ ਡਰ ਕੇ ਜਿਊਣਾ ਸੰਭਵ ਹੈ? ਕ੍ਰੋਮੋਫੋਬੀਆ ਅਜਿਹੀ ਬਿਮਾਰੀ ਹੈ, ਜਿਸ ’ਚ ਇਨਸਾਨ ਰੰਗਾਂ ਤੋਂ ਡਰਦਾ ਹੈ। ਇਸ ਬਿਮਾਰੀ ਦੀ ਵਜ੍ਹਾ ਕਰਕੇ ਇਨਸਾਨ ਨਾਲ ਰੰਗਾਂ ਨਾਲ ਜੁੜਿਆ ਕੋਈ ਵੀ ਭਿਆਨਕ ਹਾਦਸਾ ਹੋ ਸਕਦਾ ਹੈ। ਇਹ ਬਿਮਾਰੀ ਸਾਡੀ ਜ਼ਿੰਦਗੀ ਨੂੰ ਇਕ ਅਜਿਹੇ ਦਾਇਰੇ ’ਚ ਕੈਦ ਕਰ ਦਿੰਦੀ ਹੈ, ਜਿੱਥੇ ਸਭ ਕੁਝ ਬਲੈਕ ਐਂਡ ਵ੍ਹਾਈਟ ਹੰੁਦਾ ਹੈ।

ਮੱਛਰਾਂ ਨੂੰ ਪਸੰਦ ਹੈ ਇਹ ਰੰਗ

ਕਈ ਖੋਜਾਂ ’ਚ ਇਹ ਗੱਲ ਸਾਹਮਣੇ ਆਈ ਹੈ ਕਿ ਦੁਨੀਆ ਭਰ ’ਚ ਸਭ ਤੋਂ ਜ਼ਿਆਦਾ ਪਸੰਦ ਕੀਤਾ ਜਾਣ ਵਾਲਾ ਰੰਗ ਨੀਲਾ ਹੈ। ਜਿਨ੍ਹਾਂ ਲੋਕਾਂ ’ਤੇ ਇਹ ਸਰਵੇ ਕੀਤਾ ਗਿਆ, ਉਨ੍ਹਾਂ ’ਚੋਂ 40 ਫ਼ੀਸਦੀ ਲੋਕਾਂ ਨੇ ਨੀਲੇ ਰੰਗ ਨੂੰ ਪਸੰਦੀਦਾ ਮੰਨਿਆ। ਇਸ ਤੋਂ ਬਾਅਦ ਲੋਕ ਬੈਂਗਨੀ ਰੰਗ ਨੂੰ ਪਸੰਦ ਕਰਦੇ ਹਨ। ਲੋਕਾਂ ਨੇ ਨਾਰੰਗੀ, ਸਫ਼ੈਦ ਤੇ ਪੀਲੇ ਰੰਗ ਨੂੰ ਸਭ ਤੋਂ ਘੱਟ ਪਸੰਦ ਕੀਤਾ। ਨੀਲੇ ਰੰਗ ਦੀ ਪ੍ਰਸਿੱਧੀ ਸਿਰਫ਼ ਇਨਸਾਨਾਂ ਤਕ ਸੀਮਤ ਨਹੀਂ ਹੈ ਸਗੋਂ ਇਹ ਰੰਗ ਮੱਛਰਾਂ ਨੂੰ ਵੀ ਬਹੁਤ ਪਸੰਦ ਹੈ। ਇਕ ਖੋਜ ਅਨੁਸਾਰ ਗੂੜ੍ਹੇ ਰੰਗ ਦੇ ਕੱਪੜੇ ਮੱਛਰਾਂ ਨੂੰ ਤੁਰੰਤ ਆਕਰਸ਼ਿਤ ਕਰਦੇ ਹਨ। ਇਸ ਲਈ ਘਰੋਂ ਬਾਹਰ ਨਿਕਲਣ ਸਮੇਂ ਹਲਕੇ ਰੰਗ ਤੇ ਪੂਰੀ ਬਾਂਹ ਵਾਲੇ ਕੱਪੜੇ ਪਾਉਣ ਦੀ ਸਲਾਹ ਦਿੱਤੀ ਜਾਂਦੀ ਹੈ।

ਗੱੁਸੇ ਨੂੰ ਕੰਟਰੋਲ ਕਰਦਾ ਹੈ ਗੁਲਾਬੀ ਰੰਗ

ਗੁਲਾਬੀ ਰੰਗ ਮਨ ਨੂੰ ਸ਼ਾਂਤੀ ਤੇ ਸਕੂਨ ਦੇਣ ਵਾਲਾ ਰੰਗ ਹੈ। ਇਹ ਗੱੁਸੇ ਨੂੰ ਸ਼ਾਂਤ ਕਰਦਾ ਹੈ ਤੇ ਥਕਾਵਟ ਨੂੰ ਦੂਰ ਕਰਦਾ ਹੈ। ਇਸ ਲਈ ਬੰਦੀਖ਼ਾਨਾ ਤੇ ਮਨੋਰੋਗ ਹਸਪਤਾਲਾਂ ’ਚ ਇਸ ਰੰਗ ਨਾਲ ਪੇਂਟ ਕੀਤਾ ਜਾਂਦਾ ਹੈ, ਤਾਂ ਜੋ ਉਨ੍ਹਾਂ ਨੂੰ ਕੰਟਰੋਲ ਕਰਨ ’ਚ ਜ਼ਿਆਦਾ ਪਰੇਸ਼ਾਨੀ ਨਾ ਹੋਵੇ।

ਬੰਦ ਅੱਖਾਂ ਨਾਲ ਦਿਸਦਾ ਹੈ ਇਹ ਰੰਗ

ਜੇ ਅਚਾਨਕ ਕਦੇ ਰਾਤ ਨੂੰ ਲਾਈਟ ਬੰਦ ਹੋ ਜਾਵੇ ਤਾਂ ਉਸ ਸਮੇਂ ਸੰਘਣੇ ਹਨੇਰੇ ’ਚ ਤੁਹਾਨੂੰ ਆਪਣੇ ਆਸੇ-ਪਾਸੇ ਬਲੂ ਤੇ ਗ੍ਰੇ ਰੰਗ ਦੇ ਧੱਬੇ ਜ਼ਰੂਰ ਮਹਿਸੂਸ ਹੰੁਦੇ ਹੋਣਗੇ। ਇਹ ਹਾਲਤ ਤੇਜ਼ ਧੱੁਪ ’ਚ ਕੁਝ ਸਮਾਂ ਰੁਕਣ ਤੋਂ ਬਾਅਦ ਹਨੇਰੇ ਕਮਰੇ ’ਚ ਜਾਣ ’ਤੇ ਵੀ ਹੰੁਦੀ ਹੈ। ਵਿਗਿਆਨੀ ਇਸ ਨੂੰ ਅਗੈਂਗਰੂ ਕਹਿੰਦੇ ਹਨ।

ਸਭ ਤੋਂ ਪਹਿਲਾਂ ਦੇਖਿਆ ਜਾਂਦਾ ਲਾਲ ਰੰਗ

ਨਵਜੰਮੇ ਬੱਚੇ ਜੋ ਇਕ ਤੋਂ ਦੋ ਹਫ਼ਤਿਆਂ ਦੇ ਹੰੁਦੇ ਹਨ, ਉਨ੍ਹਾਂ ਨੂੰ ਕੁਝ ਵੀ ਸਪੱਸ਼ਟ ਨਹੀਂ ਦਿਸਦਾ ਪਰ ਜਿਉਂ ਹੀ ਉਹ ਰੰਗਾਂ ਨੂੰ ਦੇਖਣ ਦੇ ਲਾਇਕ ਹੰੁਦੇ ਹਨ, ਉਨ੍ਹਾਂ ਨੂੰ ਸਭ ਤੋਂ ਪਹਿਲਾਂ ਲਾਲ ਰੰਗ ਹੀ ਦਿਸਦਾ ਹੈ। ਵਿਗਿਆਨੀ ਇਸ ਦਾ ਕਾਰਨ ਲਾਲ ਰੰਗ ਦੀਆਂ ਕਿਰਨਾਂ ਦੀ ਲੰਬਾਈ ਸਭ ਤੋਂ ਲੰਬੀ ਮੰਨਦੇ ਹਨ। ਇਸੇ ਵਜ੍ਹਾ ਕਰਕੇ ਛੋਟੇ ਬੱਚਿਆਂ ਦੀਆਂ ਵਿਕਸਤ ਹੋ ਰਹੀਆਂ ਅੱਖਾਂ ਸਭ ਤੋਂ ਪਹਿਲਾਂ ਲਾਲ ਰੰਗ ਨੂੰ ਹੀ ਦੇਖਦੀਆਂ ਹਨ।

Posted By: Harjinder Sodhi