ਵਾਤਾਵਰਨ ਨੂੰ ਬਚਾਉਣ ਤੇ ਜ਼ਿੰਦਗੀ ਨੂੰ ਕੁਦਰਤ ਨਾਲ ਜੋੜਨ ਲਈ ਹਰ ਸਾਲ 5 ਜੂਨ ਨੂੰ ਸਮਾਜ ਨੂੰ ਵਾਤਾਵਰਨ ਸਬੰਧੀ ਜਾਗਰੂਕ ਕਰਨ ਲਈ ਵਿਸ਼ਵ ਵਾਤਾਵਰਨ ਦਿਵਸ ਮਨਾਇਆ ਜਾਂਦਾ ਹੈ। ਇਸ ਦਿਵਸ ਨੂੰ ਮਨਾਉਣ ਦਾ ਮੁੱਖ ਮਕਸਦ ਧਰਤੀ ’ਤੇ ਰਹਿ ਰਹੇ ਲੋਕਾਂ ਨੂੰ ਵਾਤਾਵਰਨ ਪ੍ਰਤੀ ਜਾਗਰੂਕ ਕਰਨਾ ਸੀ ਤੇ ਹੈ। ਮੌਜੂਦਾ ਸਮੇਂ ਮਨੁੱਖ ਨੇ ਆਪਣੇ ਨਿੱਜੀ ਸਵਾਰਥਾਂ ਲਈ ਕੁਦਰਤੀ ਸਰੋਤਾਂ, ਸੋਮਿਆਂ ਨਾਲ ਖਿਲਵਾੜ ਕਰਨਾ ਸ਼ੁਰੂ ਕੀਤਾ ਹੋਇਆ ਹੈ, ਜੋ ਬੇਹੱਦ ਮੰਦਭਾਗਾ ਹੈ। ਵਾਤਾਵਰਨ ਨੂੰ ਬਚਾਉਣ ਲਈ ਅਸੀਂ ਕਿੰਨਾ ਕੁ ਸਹਿਯੋਗ ਕਰ ਰਹੇ ਹਾਂ, ਇਸ ਦਾ ਜਵਾਬ ਸ਼ਾਇਦ ਨਾਂਹ ਦੇ ਬਰਾਬਰ ਹੀ ਹੋਵੇਗਾ ।

ਮਨੁੱਖੀ ਹੋਂਦ ਨੂੰ ਖ਼ਤਰਾ

ਵਧਦੇ ਪ੍ਰਦੂਸ਼ਣ ਕਾਰਨ ਮਨੁੱਖ ਦੀ ਹੋਂਦ ਨੂੰ ਖ਼ਤਰਾ ਹੈ। ਇਸ ਲਈ ਸਾਡੇ ਕੋਲ ਅਜੇ ਵੀ ਮੌਕਾ ਹੈ ਕਿ ਸੰਭਲ ਜਾਈਏ। ਜੇ ਮਨੁੱਖ ਨੂੰ ਖ਼ੁਦ ਨੂੰ ਬਚਾਉਣਾ ਹੈ ਤਾਂ ਘੱਟੋ-ਘੱਟ ਇਕ ਦਰੱਖ਼ਤ ਜ਼ਰੂਰ ਲਾਵੇ। ਹਵਾ ਪ੍ਰਦੂਸ਼ਣ ਕਾਰਨ ਮਨੁੱਖ ਦਾ ਸਾਹ ਲੈਣਾ ਔਖਾ ਹੋ ਰਿਹਾ ਹੈ। ਹਵਾ ਪ੍ਰਦੂਸ਼ਣ ਤੇ ਜਲਵਾਯੂ ਸੰਕਟ ਵਿਚਾਲੇ ਤਾਲਮੇਲ ਬਣਾਉਣਾ ਸਾਡੇ ਲਈ ਬਹੁਤ ਜ਼ਰੂਰੀ ਹੈ। ਵਾਤਾਵਰਨ ਪ੍ਰਦੂਸ਼ਣ ਕਾਰਨ ਹਰ ਸਾਲ 70 ਲੱਖ ਲੋਕਾਂ ਦੀ ਜਾਨ ਜਾਂਦੀ ਹੈ ਤੇ ਇਸ ਨਾਲ ਬੱਚਿਆਂ ਦੇ ਵਿਕਾਸ ਨੂੰ ਵੀ ਨੁਕਸਾਨ ਪਹੁੰਚਦਾ ਹੈ। ਮਨੁੱਖੀ ਗਤੀਵਿਧੀਆਂ ਕਾਰਨ ਵਾਤਾਵਰਨ ਬਹੁਤ ਜ਼ਿਆਦਾ ਪ੍ਰਦੂਸ਼ਿਤ ਹੋਇਆ ਹੈ, ਜਿਸ ਦੇ ਨਤੀਜੇ ਸਾਡੇ ਸਾਹਮਣੇ ਆ ਰਹੇ ਹਨ।

ਗਲੋਬਲ ਵਾਰਮਿੰਗ ਦਾ ਕਾਰਨ

ਧਰਤੀ ਦਾ ਵਧਦਾ ਤਾਪਮਾਨ ਤੇ ਹਵਾ ਪ੍ਰਦੂਸ਼ਣ ‘ਗਲੋਬਲ ਵਾਰਮਿੰਗ’ ਦਾ ਕਾਰਨ ਬਣਦੇ ਹਨ, ਜੋ ਵੱਡਾ ਖ਼ਤਰਾ ਹੈ। ਸਾਡੀ ਧਰਤੀ ’ਤੇ ਪਿਛਲੇ ਸਾਲਾਂ ਵਿਚ ਭੂਚਾਲ, ਹੜ੍ਹ, ਸੁਨਾਮੀ ਵਰਗੀਆਂ ਘਟਨਾਵਾਂ ਤੇਜ਼ੀ ਨਾਲ ਵਧੀਆਂ ਹਨ। ਇਸ ਦੇ ਪਿੱਛੇ ਦਾ ਕਾਰਨ ਸਾਡੀ ਧਰਤੀ ਦੇ ਈਕੋ-ਸਿਸਟਮ ਵਿਚ ਆਈ ਤਬੀਦਲੀ ਅਤੇ ਤੇਜ਼ੀ ਨਾਲ ਵਧਦੀ ਗਲੋਬਲ ਵਾਰਮਿੰਗ ਦੇ ਕਾਰਨ ਹੀ ਇਹ ਸਭ ਹੋ ਰਿਹਾ ਹੈ। ਵਿਸ਼ਵ ਸਿਹਤ ਸੰਗਠਨ ਦੀ ਰਿਪੋਰਟ ਮੁਤਾਬਿਕ ਦੂਸ਼ਿਤ ਹਵਾ ਕਾਰਨ ਹਜ਼ਾਰਾਂ ਦੀ ਗਿਣਤੀ ’ਚ ਬੇਵਕਤੀ ਮੌਤਾਂ ਹੋ ਰਹੀਆਂ ਹਨ। ਦੁਨੀਆ ਦੇ ਸਭ ਤੋਂ ਪ੍ਰਦੂਸ਼ਿਤ ਸ਼ਹਿਰਾਂ ’ਚ 14 ਇਕੱਲੇ ਭਾਰਤ ਦੇ ਹਨ।

ਵਾਤਾਵਰਨ ਦਿਵਸ ਦਾ ਇਤਿਹਾਸ

ਵਿਸ਼ਵ ਵਾਤਾਵਰਨ ਦਿਵਸ ਵਾਤਾਵਰਨ ਦੀ ਸੁਰੱਖਿਆ ਲਈ ਪੂਰੀ ਦੁਨੀਆ ’ਚ ਮਨਾਇਆ ਜਾਂਦਾ ਹੈ। ਇਸ ਦਿਵਸ ਨੂੰ ਮਨਾਉਣ ਲਈ 1972 ’ਚ ਸੰਯੁਕਤ ਰਾਸ਼ਟਰ ਵੱਲੋਂ ਮਹਾਸਭਾ ਦਾ ਆਯੋਜਨ ਕੀਤਾ ਗਿਆ ਸੀ। ਚਰਚਾ ਦੌਰਾਨ ਵਿਸ਼ਵ ਵਾਤਾਵਰਨ ਦਿਵਸ ਦਾ ਸੁਝਾਅ ਦਿੱਤਾ ਗਿਆ ਅਤੇ ਇਸ ਤੋਂ 2 ਸਾਲ ਬਾਅਦ 5 ਜੂਨ 1974 ਨੂੰ ਇਸ ਨੂੰ ਮਨਾਉਣਾ ਸ਼ੁਰੂ ਕਰ ਦਿੱਤਾ ਗਿਆ। ਇਸ ਦਿਵਸ ਨੂੰ ਮਨਾਉਣ ਲਈ ਹਰ ਸਾਲ 143 ਦੇਸ਼ ਹਿੱਸਾ ਲੈਂਦੇ ਹਨ ਅਤੇ ਇਸ ਵਿਚ ਸਰਕਾਰੀ, ਸਮਾਜਿਕ ਤੇ ਵਪਾਰਕ ਲੋਕ ਵਾਤਾਵਰਨ ਦੀ ਸੁਰੱਖਿਆ, ਸਮੱਸਿਆ ਆਦਿ ਵਿਸ਼ੇ ’ਤੇ ਗੱਲ ਕਰਦੇ ਹਨ। ਭਾਰਤ ’ਚ ਵਾਤਾਵਰਨ ਸੁਰੱਖਿਆ ਐਕਟ 19 ਨਵੰਬਰ 1986 ’ਚ ਲਾਗੂ ਕੀਤਾ ਗਿਆ।

ਵੱਧ ਤੋਂ ਵੱਧ ਲਗਾਏ ਜਾਣ ਦਰੱਖ਼ਤ

ਸਮੇਂ ਦੀ ਮੰਗ ਹੈ ਕਿ ਵੱਧ ਤੋਂ ਵੱਧ ਦਰੱਖ਼ਤ ਲਗਾਏ ਜਾਣ। ਪਲਾਸਟਿਕ ਦੇ ਲਿਫਾਫਿਆਂ ਦੀ ਵਰਤੋਂ ਨਾ ਕੀਤੀ ਜਾਵੇ, ਕਾਰਖ਼ਨਿਆਂ ’ਚ ਵਿਸ਼ੇਸ਼ ਕਿਸਮ ਦੀਆਂ ਚਿਮਨੀਆ ਲੱਗਣ, ਘਰਾਂ ਤੇ ਦਫ਼ਤਰਾਂ ’ਚ ਏਅਰ ਕੰਡੀਸ਼ਨਰਾਂ ਦੀ ਘੱਟ ਤੋਂ ਘੱਟ ਵਰਤੋਂ ਹੋਵੇ, ਵਾਤਾਵਰਨ ਦੀ ਸੁਰੱਖਿਆ ਸਬੰਧੀ ਕਾਨੂੰਨਾਂ ਦਾ ਸਖ਼ਤੀ ਨਾਲ ਪਾਲਣ ਕੀਤਾ ਜਾਵੇ। ਬੱਚਿਆਂ ਨੂੰ ਸਕੂਲਾਂ ’ਚ ਵਾਤਾਵਰਨ ਸਬੰਧੀ ਜਾਗਰੂਕ ਕੀਤਾ ਜਾਣਾ ਚਾਹੀਦਾ ਹੈ, ਜੋ ਆਪਣਾ ਬਣਦਾ ਯੋਗਦਾਨ ਪਾ ਸਕਣ। ਆਓ ਸਾਰੇ ਮਿਲ ਕੇ ਆਪਣੇ ਵਾਤਾਵਰਨ ਨੂੰ ਪ੍ਰਦੂਸ਼ਣ-ਮੁਕਤ ਬਣਾਈਏ ਤੇ ਇਸ ਧਰਤੀ ਨੂੰ ਸੁਹੱਪਣ ਨਾਲ ਭਰ ਦੇਈਏ। ਹਰ ਵਿਅਕਤੀ ਆਪਣੀ ਜ਼ਿੰਦਗੀ ’ਚ ਜਿੰਨੀ ਆਕਸੀਜਨ ਦੀ ਵਰਤੋਂ ਕਰਦਾ ਹੈ, ਉਸ ਦੇ ਲਿਹਾਜ਼ ਨਾਲ ਉਸ ਨੂੰ ਘੱਟ ਤੋਂ ਘੱਟ 7 ਬੂਟੇ ਲਾਉਣੇ ਚਾਹੀਦੇ ਹਨ। ਅਸੀਂ ਹੁਣ ਵੀ ਸੰਭਲ ਜਾਈਏ, ਵਿਸ਼ਵ ਵਾਤਾਵਰਨ ਦਿਵਸ ’ਤੇ ਸਾਨੂੰ ਸਾਰਿਆਂ ਨੂੰ ਵਾਤਾਵਰਨ ਨੂੰ ਸਾਫ਼-ਸੁਥਰਾ ਰੱਖਣਾ ਦਾ ਪ੍ਰਣ ਕਰਨਾ ਚਾਹੀਦਾ ਹੈ। ਵਾਤਾਵਰਨ ਨੂੰ ਸਾਫ਼ ਸੁਥਰਾ ਰੱਖਣਾ ਸਾਡਾ ਸਭ ਦਾ ਸਮਾਜਿਕ ਫ਼ਰਜ਼ ਹੈ। ਜੇ ਅਸੀਂ ਕੁਦਰਤ ਦੇ ਨਿਯਮਾਂ ਨਾਲ ਛੇੜਛਾੜ ਕਰਾਂਗੇ ਤਾਂ ਖ਼ਤਰਨਾਕ ਨਤੀਜੇ ਤਾਂ ਸਾਨੂੰ ਹੀ ਭੁਗਤਣੇ ਪੈਣਗੇ।

ਵਧਦਾ ਤਾਪਮਾਨ ਆਲਮੀ ਸਮੱਸਿਆ

ਪ੍ਰਦੂਸ਼ਣ ਕਾਰਨ ਵਧਦਾ ਤਾਪਮਾਨ ਵਿਸ਼ਵ-ਵਿਆਪੀ ਸਮੱਸਿਆ ਬਣ ਚੁੱਕਿਆ ਹੈ। ਜੇ ਆਲਮੀ ਤਪਸ਼ ਇਸੇ ਰਫ਼ਤਾਰ ਨਾਲ ਵਧਦੀ ਗਈ ਤਾਂ ਗਲੇਸ਼ੀਅਰ ਖ਼ਤਮ ਹੋ ਜਾਣਗੇ, ਸਮੁੰਦਰਾਂ ’ਚ ਪਾਣੀ ਵਧ ਜਾਵੇਗਾ, ਜਿਸ ਨਾਲ ਸਮੁੰਦਰ ਕੰਢੇ ਵਸਣ ਵਾਲੇ ਕਰੋੜਾਂ ਲੋਕਾਂ ਦਾ ਖ਼ਾਤਮਾ ਹੋ ਜਾਵੇਗਾ। ਦਰੱਖ਼ਤਾਂ ਦੀ ਕਟਾਈ ਲਗਾਤਾਰ ਬੇਰਹਿਮੀ ਨਾਲ ਹੋ ਰਹੀ ਹੈ, ਜੋ ਵਾਤਾਵਰਨ ਪ੍ਰਦੂਸ਼ਣ ਲਈ ਸਭ ਤੋ ਵੱਧ ਜ਼ਿੰਮੇਵਾਰ ਹੈ। ਮੋਟਰ ਵਾਹਨਾਂ ਨੇ ਜਿੱਥੇ ਮਨੁੱਖੀ ਜੀਵਨ ਦੀ ਰਫ਼ਤਾਰ ਨੂੰ ਤੇਜ਼ ਕੀਤਾ ਅਤੇ ਅਨੇਕਾਂ ਸਹੂਲਤਾਂ ਪ੍ਰਦਾਨ ਕੀਤੀਆਂ, ਉੱਥੇ ਇਨ੍ਹਾਂ ਨਾਲ ਹੋਣ ਵਾਲੇ ਪ੍ਰਦੂਸ਼ਣ ਕਾਰਨ ਅਨੇਕਾਂ ਭਿਆਨਕ ਬਿਮਾਰੀਆਂ ਪੈਦਾ ਹੋ ਰਹੀਆਂ ਹਨ।

- ਮਾਸਟਰ ਪ੍ਰੇਮ ਸਰੂਪ

Posted By: Harjinder Sodhi