ਵਰਲਡ ਰੇਡੀਓ ਡੇਅ ਦੀ ਸ਼ੁਰੂਆਤ ਸਾਲ 2012 'ਚ ਹੋਈ ਹੈ। ਕਿੰਗਡਮ ਆਫ ਸਪੇਨ ਦੀ ਸਿਫ਼ਾਰਸ਼ 'ਤੇ ਯੂਨੈਸਕੋ ਨੇ 3 ਨਵੰਬਰ, 2011 ਨੂੰ ਯੂਨੈਸਕੋ ਦੀ ਜਨਰਲ ਕਾਨਫਰੰਸ 'ਚ 13 ਫਰਵਰੀ ਨੂੰ ਵਰਲਡ ਰੇਡੀਓ ਡੇਅ ਦੇ ਰੂਪ 'ਚ ਐਲਾਨਿਆ। ਇਸ ਤੋਂ ਬਾਅਦ ਹਰ ਸਾਲ 13 ਫਰਵਰੀ ਨੂੰ ਦੁਨੀਆ ਭਰ 'ਚ ਵਰਲਡ ਰੇਡੀਓ ਡੇਅ ਵਜੋਂ ਮਨਾਇਆ ਜਾਂਦਾ ਹੈ।

ਪਹਿਲਾ ਰੇਡੀਓ ਪ੍ਰਸਾਰਣ

ਅੱਜ ਤੋਂ ਲਗਪਗ 114 ਸਾਲ ਪਹਿਲਾਂ 24 ਦਸਬੰਰ, 1906 ਦੀ ਸ਼ਾਮ ਨੂੰ ਕੈਨੇਡਿਆਈ ਵਿਗਿਆਨਕ ਰੈਗੀਨਾਲਡ ਫੈਸੈਂਡੇਨ ਨੇ ਜਦੋਂ ਆਪਣਾ ਵਾਇਲਨ ਵਜਾਇਆ ਤਾਂ ਐਟਲਾਂਟਿਕ ਮਹਾਸਾਗਰ 'ਚ ਤੈਰ ਰਹੇ ਤਾਮਾਮ ਜਹਾਜ਼ਾਂ ਦੇ ਰੇਡੀਓ ਅਪਰੇਟਰਾਂ ਨੇ ਉਸ ਸੰਗੀਤ ਨੂੰ ਆਪਣੇ ਰੇਡੀਓ ਸੈੱਟ 'ਤੇ ਸੁਣਿਆ, ਇਹ ਦੁਨੀਆ 'ਚ ਰੇਡੀਓ ਪ੍ਰਸਾਰਣ ਦੀ ਸ਼ੁਰੂਆਤ ਸੀ। ਇਸ ਤੋਂ ਬਾਅਦ ਉਸੇ ਸ਼ਾਮ ਫੈਸੈਂਡੇਨ ਨੇ ਆਪਣੀ ਆਵਾਜ਼ 'ਚ ਗਾਣਾ ਵੀ ਗਾਇਆ ਤੇ ਬਾਈਬਲ ਦੀਆਂ ਕੁਝ ਲਾਈਨਾਂ ਵੀ ਪੜ੍ਹੀਆਂ। ਇਸ ਤੋਂ ਪਹਿਲਾਂ ਵੀ ਮਾਰਕੋਨੀ ਨੇ ਸਾਲ 1900 'ਚ ਇੰਗਲੈਂਡ ਤੋਂ ਅਮਰੀਕਾ ਬੇਤਾਰ ਸੁਨੇਹੇ ਭੇਜ ਕੇ ਵਿਅਕਤੀਗਤ ਰੇਡੀਓ ਸੁਨੇਹੇ ਭੇਜਣ ਦੀ ਸ਼ੁਰੂਆਤ ਕਰ ਦਿੱਤੀ ਸੀ ਪਰ ਇਕ ਤੋਂ ਜ਼ਿਆਦਾ ਵਿਅਕਤੀਆਂ ਨੂੰ ਇੱਕੋ ਵੇਲੇ ਸੁਨੇਹੇ ਭੇਜਣ ਜਾਂ ਬ੍ਰਾਡਕਾਸਟਿੰਗ ਦੀ ਸ਼ੁਰੂਆਤ 1906 'ਚ ਫੈਸੈਂਡੇਨ ਨਾਲ ਹੀ ਹੋਈ।

ਰੋਚਕ ਹੈ ਰੇਡੀਓ ਦਾ ਇਤਿਹਾਸ

ਰੇਡੀਓ ਪ੍ਰਸਾਰਣ ਦਾ ਪਿਛਲੇ 114 ਸਾਲਾਂ ਦਾ ਇਤਿਹਾਸ ਕਾਫ਼ੀ ਰੋਚਕ ਹੈ। ਲੀ ਦਿ ਫੋਰੈਸਟ ਤੇ ਚਾਰਲਜ਼ ਹੈਰਾਲਡ ਜਿਹੇ ਲੋਕਾਂ ਨੇ ਇਸ ਤੋਂ ਬਾਅਦ ਰੇਡੀਓ ਪ੍ਰਸਾਰਣ ਦੀ ਵਰਤੋਂ ਕਰਨੀ ਸ਼ੁਰੂ ਕੀਤੀ। ਉਦੋਂ ਤਕ ਰੇਡੀਓ ਦਾ ਪ੍ਰਯੋਗ ਸਿਰਫ਼ ਜਲ ਸੈਨਾ ਤਕ ਹੀ ਸੀਮਤ ਸੀ। 1917 'ਚ ਪਹਿਲੇ ਵਿਸ਼ਵ ਯੁੱਧ ਦੀ ਸ਼ੁਰੂਆਤ ਤੋਂ ਬਾਅਦ ਕਿਸੇ ਗ਼ੈਰ-ਫ਼ੌਜੀ ਲਈ ਰੇਡੀਓ ਦੀ ਵਰਤੋਂ ਵਰਜਿਤ ਕਰ ਦਿੱਤੀ ਗਈ ਸੀ।

ਪਹਿਲਾ ਰੇਡੀਓ ਸਟੇਸ਼ਨ

1918 'ਚ ਲੀ ਦਿ ਫੋਰੈਸਟ ਨੇ ਨਿਊਯਾਰਕ ਦੇ ਹਾਈ ਬ੍ਰਿਜ ਇਲਾਕੇ 'ਚ ਦੁਨੀਆ ਦਾ ਪਹਿਲਾ ਰੇਡੀਓ ਸਟੇਸ਼ਨ ਸ਼ੁਰੂ ਕੀਤਾ ਪਰ ਕੁਝ ਦਿਨਾਂ ਬਾਅਦ ਪੁਲਿਸ ਨੂੰ ਖ਼ਬਰ ਮਿਲ ਗਈ ਤੇ ਰੇਡੀਓ ਸਟੇਸ਼ਨ ਬੰਦ ਕਰਵਾ ਦਿੱਤਾ ਗਿਆ। ਇਸ ਤੋਂ ਇਕ ਸਾਲ ਬਾਅਦ ਲੀ ਦਿ ਫੋਰੈਸਟ ਨੇ 1919 'ਚ ਸੈਨ ਫਰਾਂਸਿਕੋ 'ਚ ਇਕ ਹੋਰ ਰੇਡੀਓ ਸਟੇਸ਼ਨ ਸ਼ੁਰੂ ਕਰ ਦਿੱਤਾ। ਨਵੰਬਰ 1920 'ਚ ਜਲ ਸੈਨਾ ਦੇ ਰੇਡੀਓ ਵਿਭਾਗ 'ਚ ਕੰਮ ਕਰ ਚੁੱਕੇ ਫਰੈਂਕ ਕਾਰਨਾਰਡ ਨੂੰ ਦੁਨੀਆ 'ਚ ਪਹਿਲੀ ਵਾਰ ਕਾਨੂੰਨੀ ਤੌਰ 'ਤੇ ਰੇਡੀਓ ਸਟੇਸ਼ਨ ਸ਼ੁਰੂ ਕਰਨ ਨੂੰ ਮਨਜ਼ੂਰੀ ਮਿਲੀ। ਕੁਝ ਹੀ ਸਾਲਾਂ 'ਚ ਦੇਖਦਿਆਂ ਹੀ ਦੇਖਦਿਆਂ ਦੁਨੀਆ ਭਰ 'ਚ ਸੈਂਕੜੇ ਰੇਡੀਓ ਸਟੇਸ਼ਨਾਂ ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ। ਰੇਡੀਓ 'ਚ ਇਸ਼ਤਿਹਾਰਾਂ ਦੀ ਸ਼ੁਰੂਆਤ 1923 'ਚ ਹੋਈ।

ਆਜ਼ਾਦੀ ਤੋਂ ਬਾਅਦ ਰੇਡੀਓ ਦਾ ਪ੍ਰਸਾਰ

ਆਜ਼ਾਦੀ ਤੋਂ ਬਾਅਦ ਭਾਰਤ 'ਚ ਰੇਡੀਓ ਸਰਕਾਰੀ ਕੰਟਰੋਲ 'ਚ ਰਿਹਾ। ਸਰਕਾਰੀ ਸੁਰੱਖਿਆ 'ਚ ਰੇਡੀਓ ਦਾ ਕਾਫ਼ੀ ਪ੍ਰਸਾਰ ਹੋਇਆ। ਸਾਲ 1947 'ਚ ਆਕਾਸ਼ਵਾਣੀ ਕੋਲ ਛੇ ਰੇਡੀਓ ਸਟੇਸ਼ਨ ਸਨ ਤੇ ਉਸ ਦੀ ਪਹੁੰਚ 11 ਫ਼ੀਸਦੀ ਲੋਕਾਂ ਤਕ ਹੀ ਸੀ। ਅੱਜ ਆਕਾਸ਼ਵਾਣੀ ਦੇ 420 ਤੋਂ ਜ਼ਿਆਦਾ ਰੇਡੀਓ ਸਟੇਸ਼ਨ ਹਨ, ਜਿਨ੍ਹਾਂ ਦੀ 92 ਫ਼ੀਸਦੀ ਖੇਤਰ 'ਚ 99.19 ਫ਼ੀਸਦੀ ਆਬਾਦੀ ਤਕ ਪਹੁੰਚ ਹੈ।

ਦੇਸ਼ 'ਚ ਰੇਡੀਓ ਦੀ ਸ਼ੁਰੂਆਤ

ਆਪਣੇ ਦੇਸ਼ 'ਚ ਰੇਡੀਓ ਬ੍ਰਾਡਕਾਸਟਿੰਗ ਦੀ ਸ਼ੁਰੂਆਤ ਸਾਲ 1923 'ਚ ਹੋਈ ਸੀ। ਲੇਕਿਨ 1930 ਤਕ ਇੰਡੀਅਨ ਬ੍ਰਾਡਕਾਸਟ ਕੰਪਨੀ (ਆਈਬੀਸੀ) ਦੀਵਾਲੀਆ ਹੋ ਗਈ ਸੀ ਤੇ ਉਸ ਨੂੰ ਵੇਚਣਾ ਪਿਆ। ਇਸ ਤੋਂ ਬਾਅਦ ਇੰਡੀਅਨ ਸਟੇਟ ਬ੍ਰਾਡਕਾਸਟਿੰਗ ਸਰਵਿਸ ਨੂੰ ਬਣਾਇਆ ਗਿਆ ਸੀ। 1936 'ਚ ਆਪਣੇ ਦੇਸ਼ 'ਚ ਸਰਕਾਰੀ ਇੰਪੀਰੀਅਲ ਰੇਡੀਓ ਆਫ ਇੰਡੀਆ ਦੀ ਸ਼ੁਰੂਆਤ ਹੋਈ, ਜੋ ਆਜ਼ਾਦੀ ਤੋਂ ਬਾਅਦ ਆਲ ਇੰਡੀਆ ਰੇਡੀਓ ਬਣ ਗਿਆ, ਹਾਲਾਂਕਿ ਦੂਸਰੇ ਵਿਸ਼ਵ ਯੁੱਧ ਦੀ ਸ਼ੁਰੂਆਤ ਤੋਂ ਬਾਅਦ ਸਾਰੇ ਲਾਇਸੰਸ ਰੱਦ ਕਰ ਦਿੱਤੇ ਗਏ।

ਇੰਟਰਨੈੱਟ ਜ਼ਰੀਏ ਰੇਡੀਓ ਪ੍ਰਸਾਰਣ

ਇੰਟਰਨੈੱਟ ਰੇਡੀਓ ਨੂੰ ਵੈੱਬ ਰੇਡੀਓ, ਨੈੱਟ ਰੇਡੀਓ, ਸਟ੍ਰੀਮਿੰਗ ਰੇਡੀਓ, ਈ-ਰੇਡੀਓ ਆਦਿ ਨਾਵਾਂ ਨਾਲ ਵੀ ਜਾਣਿਆ ਜਾਂਦਾ ਹੈ। ਇੰਟਰਨੈੱਟ 'ਤੇ ਰੇਡੀਓ ਪ੍ਰਸਾਰਣ ਨੂੰ ਵੈੱਬ ਕਾਸਟਿੰਗ ਵੀ ਕਿਹਾ ਜਾਂਦਾ ਹੈ। ਇੰਟਰਨੈੱਟ ਰੇਡੀਓ 'ਚ ਮੀਡੀਆ ਦੀ ਸਟ੍ਰੀਮਿੰਗ ਹੁੰਦੀ ਹੈ। ਇੰਟਰਨੈੱਟ ਰੇਡੀਓ ਪੌਡਕਾਸਟਿੰਗ ਤੋਂ ਵੀ ਵੱਖਰਾ ਹੈ, ਜਿਥੇ ਸਟ੍ਰੀਮਿੰਗ ਦੀ ਬਜਾਏ ਡਾਊਨਲੋਡਿੰਗ ਹੁੰਦੀ ਹੈ। ਕਈ ਇੰਟਰਨੈੱਟ ਰੇਡੀਓ ਸੇਵਾਵਾਂ ਰਵਾਇਤੀ ਰੇਡੀਓ ਸਟੇਸ਼ਨ ਰੇਡੀਓ ਤੰਤਰ ਨਾਲ ਜੁੜੀਆਂ ਹੁੰਦੀਆਂ ਹਨ। ਇੰਟਰਨੈੱਟ 'ਤੇ ਵੱਡੀ ਗਿਣਤੀ 'ਚ ਰੇਡੀਓ ਸਟੇਸ਼ਨ ਤੇ ਵੱਖ-ਵੱਖ ਤਰ੍ਹਾਂ ਦਾ ਸੰਗੀਤ ਮੁਹੱਈਆ ਕਰਵਾਉਣ ਵਾਲੀਆਂ ਵੈੱਬਸਾਈਟਾਂ ਉਪਲੱਬਧ ਹਨ।

Posted By: Harjinder Sodhi