ਸਿੱਖਿਆ ਵਿਭਾਗ ਵੱਲੋਂ ਬੱਚਿਆਂ ਦੀ ਸਖ਼ਸ਼ੀਅਤ ਦੇ ਸਰਵਪੱਖੀ ਵਿਕਾਸ ਤੇ ਭਵਿੱਖ ਵਿਚ ਮੁਕਾਬਲੇ ਦੀਆਂ ਪ੍ਰੀਖਿਆਵਾਂ ਵਾਸਤੇ ਉਨ੍ਹਾਂ ਨੂੰ ਤਿਆਰ ਕਰਨ ਲਈ ਸਵੇਰ ਦੀ ਸਭਾ ਦੌਰਾਨ ਦੋ ਗਤੀਵਿਧੀਆਂ ਸ਼ੁਰੂ ਕੀਤੀਆਂ ਗਈਆਂ ਹਨ। 'ਅੱਜ ਦਾ ਸ਼ਬਦ' ਗਤੀਵਧੀ ਦੌਰਾਨ ਰੋਜ਼ਾਨਾ ਇਕ ਅੰਗਰੇਜ਼ੀ ਦਾ ਤੇ ਇਕ ਪੰਜਾਬੀ ਦਾ ਵਿਰਾਸਤੀ ਸ਼ਬਦ ਉਪਲੱਬਧ ਕਰਵਾਉਣ ਤੋਂ ਇਲਾਵਾ 'ਉਡਾਣ' ਪ੍ਰਾਜੈਕਟ ਅਧੀਨ ਆਮ ਗਿਆਨ ਦੇ ਪ੍ਰਸ਼ਨ-ਉੱਤਰ ਉਪਲੱਬਧ ਕਰਵਾਏ ਜਾਂਦੇ ਹਨ।

ਰੋਜ਼ਾਨਾ ਦੱਸੇ ਜਾਣ ਵਾਲੇ ਅੰਗਰੇਜ਼ੀ ਦੇ ਸ਼ਬਦ ਦਾ ਪੰਜਾਬੀ ਤੇ ਅੰਗਰੇਜ਼ੀ 'ਚ ਅਰਥ ਦੱਸਣ ਤੋਂ ਇਲਾਵਾ ਸਬੰਧਤ ਸ਼ਬਦ ਦੇ ਮੂਲ ਤੇ ਉਸ ਦੇ ਵਿਰੋਧੀ ਤੇ ਸਮਾਨਆਰਥਕ ਸ਼ਬਦਾਂ ਬਾਰੇ ਵਿਸਥਾਰ ਨਾਲ ਚਾਨਣਾ ਪਾਇਆ ਜਾਂਦਾ ਹੈ ਕਿ ਸ਼ਬਦ ਦਾ ਸੰਕਲਪ ਤੁਹਾਡੇ ਮਨਾਂ 'ਚ ਉਮਰ ਭਰ ਲਈ ਪਕੇਰਾ ਹੋ ਜਾਵੇ। ਵਿਭਾਗ ਵੱਲੋਂ ਪੰਜਾਬੀ ਦੇ ਅਲੋਪ ਹੋ ਰਹੇ ਵਿਰਾਸਤੀ ਸ਼ਬਦਾਂ ਨੂੰ ਤੁਹਾਡੇ ਰੂਬਰੂ ਕਰਨ ਦਾ ਸਿਲਸਿਲਾ ਸ਼ੁਰੂ ਕੀਤਾ ਗਿਆ ਹੈ, ਤਾਂ ਕਿ ਤੁਸੀਂ ਆਪਣੇ ਅਮੀਰ ਵਿਰਸੇ ਤੋਂ ਜਾਣੂ ਹੋ ਸਕੋ। ਰੋਜ਼ਾਨਾ ਦੇ ਇਨ੍ਹਾਂ ਸ਼ਬਦਾਂ ਦਾ ਵਿਸਥਾਰ ਵਿਸ਼ਾ ਅਧਿਆਪਕ ਤੇ ਸਕੂਲ ਮੁਖੀ ਵੱਲੋਂ ਸਵੇਰ ਦੀ ਸਭਾ ਦੌਰਾਨ ਸਾਂਝਾ ਕਰਨ ਤੋਂ ਇਲਾਵਾ ਹੋਰ ਸਾਂਝੀ ਜਗ੍ਹਾ 'ਤੇ ਬਣੇ ਬਲੈਕ ਬੋਰਡ 'ਤੇ ਲਿਖ ਕੇ ਵੀ ਉਪਲੱਬਧ ਕਰਵਾਇਆ ਜਾਂਦਾ ਹੈ, ਤਾਂ ਕਿ ਤੁਸੀਂ ਜਦੋਂ ਚਾਹੋ ਸ਼ਬਦ ਨੂੰ ਪੜ੍ਹ ਜਾਂ ਨੋਟ ਕਰ ਸਕੋ।

ਤੁਹਾਡੇ ਵਿਚੋਂ ਬਹੁਤਿਆਂ ਬੱਚਿਆਂ ਨੂੰ ਉਸੇ ਦਿਨ ਦਾ ਸ਼ਬਦ ਯਾਦ ਨਹੀਂ ਹੁੰਦਾ। ਜੇ ਸ਼ਬਦ ਪਤਾ ਹੋਵੇ ਤਾਂ ਸਪੈਲਿੰਗ ਜਾਂ ਉਸ ਦਾ ਅਰਥ ਨਹੀਂ ਪਤਾ ਹੁੰਦੇ। ਕਈ ਵਿਦਿਆਰਥੀਆਂ ਨੂੰ ਜਦੋਂ ਕਿਹਾ ਜਾਂਦਾ ਹੈ ਕਿ ਚਲੋ ਵੇਖ ਕੇ ਹੀ ਦੱਸ ਦੇਵੋ ਤਾਂ ਕਈ ਵਾਰ ਉਹ ਫਿਰ ਵੀ ਨਹੀਂ ਦੱਸ ਪਾਉਂਦੇ, ਕਿਉਂਕਿ ਉਨ੍ਹਾਂ ਨੇ ਸ਼ਬਦ ਨੋਟ ਹੀ ਨਹੀਂ ਕੀਤੇ ਹੁੰਦੇ। ਇਸ ਤਰ੍ਹਾਂ ਦੀ ਪ੍ਰਤੀਕਿਰਿਆ ਨਿਰਾਸ਼ ਕਰਦੀ ਹੈ। ਵਿਭਾਗ ਦਾ ਇਹ ਹੰਭਲਾ ਤਦ ਹੀ ਸਾਰਥਿਕ ਹੋ ਸਕਦਾ ਹੈ, ਜੇ ਤੁਸੀਂ ਇਨ੍ਹਾਂ ਸ਼ਬਦਾਂ ਨੂੰ ਚੰਗੀ ਤਰ੍ਹਾਂ ਯਾਦ ਕਰ ਲਵੋ।

ਪਿਆਰੇ ਬੱਚਿਓ! ਵਿਭਾਗ ਵੱਲੋਂ ਸ਼ੁਰੂ ਕੀਤੀ ਇਹ ਗਤੀਵਿਧੀ ਆਪਣੇ ਆਪ 'ਚ ਵਿਲੱਖਣ ਤੇ ਬੇਸ਼ਕੀਮਤੀ ਹੈ। ਤੁਸੀਂ ਇਸ ਦਾ ਵੱਧ ਤੋਂ ਵੱਧ ਲਾਹਾ ਲਵੋ। ਰੋਜ਼ਾਨਾ ਦੇ ਸ਼ਬਦਾਂ ਨੂੰ ਲੜੀ ਨੰਬਰ, ਮਿਤੀ, ਅੰਗਰੇਜ਼ੀ ਸ਼ਬਦ, ਉਸ ਦਾ ਅਰਥ, ਪੰਜਾਬੀ ਸ਼ਬਦ ਤੇ ਫਿਰ ਉਸ ਦਾ ਅਰਥ ਨੋਟ ਕਰਨ ਲਈ ਵੱਖਰੀ ਕਾਪੀ ਲਗਾ ਲਵੋ। ਜਦੋਂ ਵੀ ਸਮਾਂ ਮਿਲੇ ਬਲੈਕ ਬੋਰਡ 'ਤੇ ਲਿਖੇ ਸ਼ਬਦਾਂ ਤੇ ਉਨ੍ਹਾਂ ਦੇ ਅਰਥਾਂ ਨੂੰ ਜ਼ਰੂਰ ਪੜ੍ਹੋ। ਪਿਛਲੇ ਦਿਨਾਂ ਦੇ ਸ਼ਬਦਾਂ ਨੂੰ ਵਿਹਲੇ ਸਮੇਂ ਦੌਰਾਨ ਪੜ੍ਹਨ ਦੀ ਆਦਤ ਬਣਾਓ। ਤੁਸੀਂ ਵੇਖੋਗੇ ਕਿ ਸਾਲ ਦੇ ਅਖ਼ੀਰ ਤਕ ਤੁਹਾਡੇ ਕੋਲ ਇਕ ਵਿਸ਼ਾਲ ਸ਼ਬਦ ਭੰਡਾਰ ਹੋਵੇਗਾ।

ਇਸੇ ਤਰ੍ਹਾਂ 'ਉਡਾਣ' ਅਧੀਨ ਤੁਹਾਡੇ ਨਾਲ ਰੋਜ਼ਾਨਾ ਸਾਂਝੇ ਕੀਤੇ ਜਾਂਦੇ ਆਮ ਗਿਆਨ ਦੇ ਪ੍ਰਸ਼ਨ-ਉੱਤਰ ਵੀ ਅਕਸਰ ਮੁਕਾਬਲਾ ਪ੍ਰੀਖਿਆਵਾਂ ਦੌਰਾਨ ਪੁੱਛੇ ਜਾਂਦੇ ਹਨ। ਇਨ੍ਹਾਂ ਪ੍ਰਸ਼ਨਾਂ ਨੂੰ ਵੀ ਉੱਤਰਾਂ ਸਮੇਤ ਕਾਪੀ 'ਤੇ ਨੋਟ ਕਰ ਕੇ ਆਪਣਾ ਪ੍ਰਸ਼ਨ-ਉੱਤਰ ਬੈਂਕ ਤਿਆਰ ਕਰੋ। ਵਿਹਲੇ ਸਮੇਂ ਇਨ੍ਹਾਂ ਪ੍ਰਸ਼ਨਾਂ ਉੱਤਰਾਂ ਨੂੰ ਪੜ੍ਹੋ। ਜੇ ਤੁਸੀਂ ਸ਼ਬਦਾਂ ਅਤੇ ਪ੍ਰਸ਼ਨ-ਉੱਤਰਾਂ ਨੂੰ ਕਾਪੀ 'ਤੇ ਨੋਟ ਕਰਨ ਦੀ ਆਦਤ ਪਾ ਲਵੋਗੇ ਤਾਂ ਤੁਹਾਨੂੰ ਪੜ੍ਹਾਈ ਪੂਰੀ ਕਰਨ ਉਪਰੰਤ ਕਿਸੇ ਵੀ ਖੇਤਰ ਦੀ ਨੌਕਰੀ ਦੇ ਮੁਕਾਬਲੇ ਦੀ ਪ੍ਰੀਖਿਆ ਬੜੀ ਸੌਖੀ ਲੱਗੇਗੀ। ਇਸ ਤਰ੍ਹਾਂ ਦੀ ਜਾਣਕਾਰੀ ਤੁਹਾਨੂੰ ਮਹਿੰਗੀ ਤੋਂ ਮਹਿੰਗੀ ਪੁਸਤਕ ਵੀ ਉਪਲਬਧ ਨਹੀਂ ਕਰਵਾ ਸਕੇਗੀ।

- ਬਿੰਦਰ ਸਿੰਘ ਖੁੱਡੀ ਕਲਾਂ

98786-05965

Posted By: Harjinder Sodhi