ਪਿਆਰੇ ਬੱਚਿਓ! ਕੋਰੋਨਾ ਤੋਂ ਬਚਾਅ ਲਈ ਮੁਲਕ 'ਚ ਹੋਈ ਤਾਲਾਬੰਦੀ ਆਪਣੇ ਆਪ 'ਚ ਮਿਸਾਲੀ ਹੈ। ਅਜਿਹਾ ਸਮਾਂ ਤੁਸੀਂ ਤਾਂ ਕੀ, ਤੁਹਾਡੇ ਮਾਤਾ-ਪਿਤਾ ਨੇ ਵੀ ਨਹੀਂ ਵੇਖਿਆ ਹੋਣਾ। ਤਾਲਾਬੰਦੀ ਨੇ ਜ਼ਿੰਦਗੀ ਦੇ ਹਰ ਪੱਖ ਨੂੰ ਪ੍ਰਭਾਵਿਤ ਕੀਤਾ ਹੈ। ਹਰ ਇਨਸਾਨ ਦੀ ਜ਼ਿੰਦਗੀ 'ਤੇ ਇਸ ਦੇ ਬਹੁਪੱਖੀ ਪ੍ਰਭਾਵ ਪਏ ਹਨ। ਜੇ ਵਿੱਦਿਅਕ ਖੇਤਰ ਦੀ ਗੱਲ ਕਰੀਏ ਤਾਂ ਬੋਰਡ ਦੀਆਂ ਸਾਲਾਨਾ ਪ੍ਰੀਖਿਆਵਾਂ ਅੱਧ ਵਿਚਾਲੇ ਲਟਕ ਕੇ ਰਹਿ ਗਈਆਂ ਸਨ। ਘਰੇਲੂ ਪ੍ਰੀਖਿਆਵਾਂ ਦੇ ਨਤੀਜੇ ਤੇ ਨਵੇਂ ਸੈਸ਼ਨ ਦੇ ਦਾਖ਼ਲੇ ਹੋਣੇ ਵੀ ਹਾਲੇ ਬਾਕੀ ਸਨ। ਸਾਡੇ ਸੂਬਾਈ ਬੋਰਡ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਬਾਰ੍ਹਵੀਂ ਜਮਾਤ ਨੂੰ ਛੱਡ ਕੇ ਬਾਕੀ ਜਮਾਤਾਂ ਪੰਜਵੀਂ,ਅੱਠਵੀਂ ਤੇ ਦਸਵੀਂ ਦੇ ਨਤੀਜੇ ਲਗਾਤਾਰ ਸਮੁੱਚੇ ਮੁਲਾਂਕਣ ਦੇ ਆਧਾਰ 'ਤੇ ਐਲਾਨ ਹਨ। ਇਨ੍ਹਾਂ ਨਤੀਜਿਆਂ ਦੀ ਵਿਲੱਖਣਤਾ ਇਹ ਰਹੀ ਹੈ ਕਿ ਕਿਸੇ ਜਮਾਤ ਦੇ ਨਤੀਜੇ 'ਚ ਵਿਦਿਆਰਥੀਆਂ ਦੇ ਅੰਕ ਨਹੀਂ ਦਰਸਾਏ ਗਏ। ਸਮੂਹ ਵਿਦਿਆਰਥੀਆਂ ਨੂੰ ਕੋਵਿਡ-19 ਦੇ ਹਵਾਲੇ ਨਾਲ ਗਰੇਡ ਦੇ ਕੇ ਪਾਸ ਕੀਤਾ ਗਿਆ ਹੈ। ਹੋਰ ਤਾਂ ਹੋਰ ਇਸ ਵਾਰ ਮੈਰਿਟ ਸੂਚੀ ਵੀ ਜਾਰੀ ਨਹੀਂ ਕੀਤੀ ਜਾ ਸਕੀ।

ਆਨਲਾਈਨ ਪੜ੍ਹਾਈ ਦੀ ਵਿਵਸਥਾ

ਪੂਰੇ ਮੁਲਕ 'ਚ ਮਾਰਚ ਮਹੀਨੇ ਤੋਂ ਹੋਈ ਸਕੂਲਾਂ ਦੀ ਤਾਲਾਬੰਦੀ ਹਾਲੇ ਵੀ ਜਾਰੀ ਹੈ। ਹਰ ਸਮਾਜ ਲਈ ਉਸ ਦੇ ਬੱਚਿਆਂ ਦੀ ਸਿਹਤ ਸਭ ਤੋਂ ਜ਼ਰੂਰੀ ਹੁੰਦੀ ਹੈ। ਇਸ ਲਈ ਸਾਡੀਆਂ ਸਰਕਾਰਾਂ ਸਕੂਲ਼ ਖੋਲ੍ਹ ਕੇ ਬੱਚਿਆਂ ਦੀ ਸਿਹਤ ਪ੍ਰਤੀ ਕਿਸੇ ਕਿਸਮ ਦਾ ਖ਼ਤਰਾ ਮੁੱਲ ਨਹੀਂ ਲੈਣਾ ਚਾਹੁੰਦੀਆਂ। ਤਾਲਾਬੰਦੀ ਦੌਰਾਨ ਹੀ ਤਕਰੀਬਨ ਸਾਰੇ ਸਕੂਲਾਂ ਦਾ ਨਵਾਂ ਸੈਸ਼ਨ ਸ਼ੁਰੂ ਹੋਇਆ ਹੈ। ਸੈਸ਼ਨ ਦੀ ਪੜ੍ਹਾਈ ਜਾਰੀ ਰੱਖਣ ਲਈ ਸਕੂਲ਼ਾਂ ਵੱਲੋਂ ਆਪੋ-ਆਪਣੇ ਪੱਧਰ 'ਤੇ ਆਨਲਾਈਨ ਪੜ੍ਹਾਈ ਦੀਆਂ ਵਿਵਸਥਾਵਾਂ ਕੀਤੀਆਂ ਗਈਆਂ ਹਨ। ਸੋਸ਼ਲ ਮੀਡੀਆ ਦੇ ਨਾਲ-ਨਾਲ ਦੂਰਦਰਸ਼ਨ ਨੂੰ ਵੀ ਆਨਲਾਈਨ ਪੜ੍ਹਾਈ ਦਾ ਜ਼ਰੀਆ ਬਣਾਇਆ ਗਿਆ ਹੈ। ਲਾਕਡਾਊਨ ਦੌਰਾਨ ਜਿੱਥੇ ਤੁਸੀਂ ਆਨਲਾਈਨ ਪੜ੍ਹਾਈ ਬਾਰੇ ਆਪਣੇ ਅਧਿਆਪਕਾਂ ਦੀਆਂ ਹਦਾਇਤਾਂ ਦਾ ਪਾਲਣ ਕਰਨਾ ਹੈ, ਉੱਥੇ ਹੀ ਕੋਵਿਡ-19 ਤੋਂ ਬਚਾਅ ਬਾਰੇ ਸਰਕਾਰੀ ਹਦਾਇਤਾਂ ਦੀ ਪਾਲਣਾ ਯਕੀਨੀ ਬਣਾਉਂਦਿਆਂ ਆਪਣੇ ਆਪ ਨੂੰ ਸੁਰੱਖਿਅਤ ਵੀ ਰੱਖਣਾ ਹੈ। ਆਪਣੇ ਨਜ਼ਦੀਕੀਆਂ ਨੂੰ ਵੀ ਕੋਵਿਡ-19 ਬਾਰੇ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਲਈ ਪ੍ਰੇਰਿਤ ਕਰਨਾ ਹੈ।

ਪੁਸਤਕਾਂ ਸਰਵਪੱਖੀ ਵਿਕਾਸ ਦਾ ਵਸੀਲਾ

ਇਸ ਲਾਕਡਾਊਨ ਕਾਲ ਦੌਰਾਨ ਜਿੱਥੇ ਵਿਹਲ ਵਧੀ ਹੈ, ਉੱਥੇ ਹੀ ਬਾਕੀ ਲੋਕਾਂ ਨਾਲ ਮੇਲ-ਜੋਲ ਟੁੱਟਣ ਕਾਰਨ ਕਈ ਲੋਕ ਮਾਨਸਿਕ ਪ੍ਰੇਸ਼ਾਨੀ ਦਾ ਸ਼ਿਕਾਰ ਹੋ ਗਏ ਹਨ ਪਰ ਆਪਾਂ ਇਸ ਕਾਲ ਨੂੰ ਮਾਨਸਿਕ ਪ੍ਰੇਸ਼ਾਨੀ ਦਾ ਸਬੱਬ ਬਣਾਉਣ ਦੀ ਬਜਾਏ ਜ਼ਿੰਦਗੀ ਦੀਆਂ ਯਾਦਾਂ ਦੀ ਪੁਸਤਕ ਦਾ ਸੁਨਹਿਰਾ ਪੰਨਾ ਬਣਾਉਣ ਦੀ ਕੋਸ਼ਿਸ਼ ਕਰਨੀ ਹੈ। ਇਸ ਕਾਲ ਦੌਰਾਨ ਘਰ 'ਚ ਰਹਿ ਕੇ ਅਜਿਹੇ ਕਾਰਜਾਂ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕਰਨੀ ਹੈ, ਜਿਨ੍ਹਾਂ 'ਤੇ ਆਪਾਂ ਬਾਅਦ 'ਚ ਮਾਣ ਕਰ ਸਕੀਏ। ਲਾਕਡਾਊਨ ਦੀਆਂ ਪਾਬੰਦੀਆਂ ਕਾਰਨ ਪੜ੍ਹਾਈ ਕਰਨ ਉਪਰੰਤ ਵੀ ਤੁਹਾਡੇ ਕੋਲ ਕਾਫ਼ੀ ਸਮਾਂ ਬਚ ਜਾਂਦਾ ਹੈ। ਇਸ ਬਚੇ ਸਮੇਂ ਦਾ ਸਦਉਪਯੋਗ ਹੀ ਸਭ ਤੋਂ ਵੱਡੀ ਚੁਣੌਤੀ ਹੈ। ਹਰ ਇਨਸਾਨ ਅੰਦਰ ਇੱਕ ਕਲਾਕਾਰ ਛੁਪਿਆ ਹੁੰਦਾ ਹੈ। ਸਿਰਫ਼ ਲੋੜ ਤਾਂ ਇਸ ਛੁਪੀ ਕਲਾ ਨੂੰ ਪਛਾਣ ਕੇ ਉਜਾਗਰ ਕਰਨ ਦੀ ਹੁੰਦੀ ਹੈ। ਤੁਹਾਡੇ ਵਿੱਚੋਂ ਬਹੁਤ ਸਾਰੇ ਵਧੀਆ ਅਦਾਕਾਰ, ਚਿੱਤਰਕਾਰ, ਗਾਇਕ ਤੇ ਹੋਰ ਕਲਾਵਾਂ ਦੇ ਮਾਲਕ ਹਨ ਪਰ ਇਨ੍ਹਾਂ ਦੀ ਪ੍ਰਫੁੱਲਤਾ ਲਈ ਸਮਾਂ ਨਾ ਮਿਲਣ ਕਾਰਨ ਇਹ ਦੱਬ ਕੇ ਰਹਿ ਜਾਂਦੀਆਂ ਹਨ। ਲੜਕੀਆਂ ਮਾਵਾਂ ਨਾਲ ਘਰ ਦੀ ਰਸੋਈ 'ਚ ਖਾਣਾ ਪਕਾਉਣ ਦਾ ਹੁਨਰ ਸਿੱਖ ਸਕਦੀਆਂ ਹਨ। ਪਾਠਕ੍ਰਮ ਦੀ ਪੜ੍ਹਾਈ ਤੋਂ ਇਲਾਵਾ ਹੋਰ ਪੁਸਤਕਾਂ ਪੜ੍ਹੀਆਂ ਜਾ ਸਕਦੀਆਂ ਹਨ ਤੇ ਤੁਸੀਂ ਖ਼ੁਦ ਵੀ ਰਚਨਾਵਾਂ ਲਿਖ ਸਕਦੇ ਹੋ। ਪਾਠਕ੍ਰਮ ਤੋਂ ਬਾਹਰ ਦੀਆਂ ਪੁਸਤਕਾਂ ਕਿਸੇ ਵੀ ਵਿਅਕਤੀ ਦੇ ਸਰਵਪੱਖੀ ਵਿਕਾਸ ਦਾ ਮੁੱਖ ਵਸੀਲਾ ਹੁੰਦੀਆਂ ਹਨ। ਪੁਸਤਕਾਂ ਪੜ੍ਹ ਕੇ ਹੀ ਇਨਸਾਨ ਨੂੰ ਦੂਜਿਆਂ ਦੀ ਜੀਵਨ ਗਾਥਾ ਦਾ ਪਤਾ ਲੱਗਦਾ ਹੈ। ਲਾਕਡਾਊਨ ਦਾ ਇਹ ਸਮਾਂ ਜ਼ਿੰੰਦਗੀ ਦੀ ਯਾਦ ਜ਼ਰੂਰ ਬਣਨਾ ਹੈ। ਇਸ ਸਮੇਂ ਦੌਰਾਨ ਸਿੱਖੀ ਜਾਂ ਪ੍ਰਫੁੱਲਤ ਕੀਤੀ ਕਲਾ ਦਾ ਸਵਾਦ ਵੱਖਰਾ ਹੀ ਹੋਣਾ ਹੈ।

ਸੁਨਹਿਰੀ ਯਾਦਾਂ ਦਾ ਸਰਮਾਇਆ

ਇਸ ਤਰ੍ਹਾਂ ਖ਼ੁਦ ਨੂੰ ਗਤੀਵਿਧੀਆਂ ਦੇ ਰੁਝੇਵੇਂ 'ਚ ਪਾਉਣ ਨਾਲ ਇਨਸਾਨ ਬੇਲੋੜੇ ਮਾਨਸਿਕ ਤਣਾਅ ਤੋਂ ਵੀ ਮੁਕਤ ਹੋ ਜਾਂਦਾ ਹੈ। ਇਸ ਕਾਲ ਨੇ ਬਹੁਤ ਸਾਰੇ ਵਿਅਕਤੀਆਂ ਨੂੰ ਕਈ ਪੱਖਾਂ ਤੋਂ ਬੇਸਹਾਰਾ ਬਣਾ ਦਿੱਤਾ ਹੈ। ਇਨ੍ਹਾਂ ਦੀ ਮਦਦ ਕਰਕੇ ਵੀ ਯਾਦਾਂ ਦੀ ਪਟਾਰੀ ਦਾ ਹਿੱਸਾ ਬਣਾਇਆ ਜਾ ਸਕਦਾ ਹੈ। ਆਮ ਲੋਕਾਂ ਨੂੰ ਜਾਗਰੂਕ ਕਰਨ ਲਈ ਵੀ ਘਰ ਬੈਠਿਆਂ ਹੀ ਯੋਗਦਾਨ ਪਾਇਆ ਜਾ ਸਕਦਾ ਹੈ। ਇਸ ਸਮੇਂ ਨੇ ਬੀਤ ਜਾਣਾ ਹੈ, ਸਿਰਫ਼ ਬਾਕੀ ਰਹਿਣਾ ਹੈ ਯਾਦਾਂ ਦਾ ਸਰਮਾਇਆ। ਆਓ ਸਿਰਜ ਲਈਏ ਕੁਝ ਸੁਨਹਿਰੀ ਯਾਦਾਂ ਦਾ ਸਰਮਾਇਆ।

ਬਿੰਦਰ ਸਿੰਘ ਖੁੱਡੀ ਕਲਾਂ,

98765-05965

Posted By: Harjinder Sodhi