ਜਦੋਂ ਦਿਲ 'ਚ ਕੋਈ ਕੰਮ ਕਰਨ ਦਾ ਜਜ਼ਬਾ ਹੋਵੇ ਤਾਂ ਫਿਰ ਰਸਤਾ ਚਾਹੇ ਕਿੰਨਾ ਵੀ ਕੰਡਿਆਂ ਭਰਿਆ ਕਿਉੁਂ ਨਾ ਹੋਵੇ, ਆਪਣੀ ਮੰਜ਼ਿਲ ਤਕ ਪਹੁੰਚਣ ਲਈ ਬੰਦਾ ਉਨ੍ਹਾਂ ਰਾਹਾਂ 'ਤੇ ਕਦਮ-ਬ-ਕਦਮ ਚੱਲਦਾ ਹੀ ਰਹਿੰਦਾ। ਇਨ੍ਹਾਂ ਰਾਹਾਂ 'ਤੇ ਹੀ ਚੱਲ ਕੇ ਆਪਣੀ ਮੰਜ਼ਿਲ ਸਰ ਕਰ ਰਿਹੈ ਵਾਈਲਡ ਲਾਈਫ ਫੋਟੋਗ੍ਰਾਫ਼ਰ ਵਜੋਂ ਜਾਣਿਆ ਜਾਂਦਾ ਜਲੰਧਰ ਦਾ 11 ਸਾਲਾ ਅਰਸ਼ਦੀਪ ਸਿੰਘ। ਅਰਸ਼ਦੀਪ ਉਮਰ 'ਚ ਤਾਂ ਚਾਹੇ ਛੋਟਾ ਹੈ ਪਰ ਫੋਟੋਗ੍ਰਾਫੀ ਉਸ ਦੀ ਕਮਾਲ ਏ। ਇੰਨੀ ਛੋਟੀ ਉਮਰ 'ਚ ਉਸ ਦੀਆਂ ਖਿੱਚੀਆਂ ਦਿਲਕਸ਼ ਤਸਵੀਰਾਂ ਦੇਖ ਕੇ ਹਰ ਕੋਈ ਇਕ ਵਾਰ ਤਾਂ ਹੈਰਾਨ ਰਹਿ ਜਾਂਦਾ ਹੈ।

ਸ਼ੌਕ

ਅਰਸ਼ਦੀਪ ਸਿੰਘ ਦਾ ਜਨਮ 3 ਦਸਬੰਰ, 2007 ਨੂੰ ਹੋਇਆ। 5 ਸਾਲ ਦੀ ਉਮਰ 'ਚ ਹੀ ਉਸ ਨੂੰ ਫੋਟੋਗ੍ਰਾਫ਼ੀ ਦਾ ਸ਼ੌਕ ਜਾਗਿਆ। ਫੋਟੋਗ੍ਰਾਫ਼ੀ ਦੇ ਸ਼ੌਕ ਸਬੰਧੀ ਅਰਸ਼ਦੀਪ ਸਿੰਘ ਨੇ ਦੱਸਿਆ ਕਿ ਆਪਣੇ ਪਿਤਾ ਨੂੰ ਫੋਟੋਗ੍ਰਾਫ਼ੀ ਕਰਦਿਆਂ ਦੇਖ ਕੇ ਉਸ ਨੂੰ ਇਹ ਚੇਟਕ ਲੱਗੀ। ਜਦੋਂ ਉਸ ਦੇ ਪਿਤਾ ਫੋਟੋਗ੍ਰਾਫ਼ੀ ਕਰਨ ਜਾਂਦੇ ਸਨ ਤਾਂ ਉਸ ਨੂੰ ਨਾਲ ਲੈ ਜਾਂਦੇ। ਪੰਜ ਸਾਲ ਦੀ ਉਮਰ 'ਚ ਉਸ ਦੇ ਪਿਤਾ ਨੇ ਉਸ ਨੂੰ ਜਨਮ ਦਿਨ 'ਤੇ ਕੈਮਰਾ ਗਿਫਟ ਕੀਤਾ ਤੇ ਉਦੋਂ ਤੋਂ ਹੀ ਉਸ ਨੇ ਕੈਮਰਾ ਚੁੱਕਣਾ ਸ਼ੁਰੂ ਕਰ ਦਿੱਤਾ ਤੇ ਪਿਤਾ ਕੋਲੋਂ ਹੀ ਫੋਟੋਗ੍ਰਾਫ਼ੀ ਦੀਆਂ ਬਾਰੀਕੀਆਂ ਸਿੱਖਣ ਲੱਗਾ।

ਪੜ੍ਹਾਈ ਦੇ ਨਾਲ-ਨਾਲ ਫੋਟੋਗ੍ਰਾਫ਼ੀ

11 ਸਾਲਾ ਅਰਸ਼ਦੀਪ ਜਲੰਧਰ ਦੇ ਏਪੀਜੇ ਸਕੂਲ 'ਚ ਪੜ੍ਹਦਾ ਹੈ ਤੇ ਫੋਟੋਗ੍ਰਾਫ਼ੀ ਦੇ ਸ਼ੌਕ ਨਾਲ ਆਪਣੀ ਪੜ੍ਹਾਈ 'ਤੇ ਵੀ ਪੂਰਾ ਧਿਆਨ ਦਿੰਦਾ ਹੈ। ਫੋਟੋਗ੍ਰਾਫੀ ਲਈ ਉਹ ਹਫ਼ਤੇ ਦੇ ਅਖ਼ੀਰ 'ਚ ਬਾਹਰ ਜਾਂਦਾ ਹੈ ਜਾਂ ਕਦੇ-ਕਦਾਈ ਸਕੂਲ ਤੋਂ ਛੁੱਟੀ ਵੀ ਲੈ ਲੈਂਦਾ ਹੈ। ਜਦੋਂ ਵੀ ਕਿਤੇ ਸਕੂਲ ਤੋਂ ਜ਼ਿਆਦਾ ਛੁੱਟੀਆਂ ਹੁੰਦੀਆਂ ਤਾਂ ਉਹ ਕਿਤੇ ਦੂਰ ਜਾ ਕੇ ਫੋਟੋਗ੍ਰਾਫੀ ਕਰਦੇ ਹਨ। ਉਸ ਦਾ ਕਹਿਣਾ ਹੈ ਕਿ ਸ਼ੌਕ ਦੇ ਨਾਲ-ਵਾਲ ਪੜ੍ਹਾਈ ਵੀ ਜ਼ਰੂਰੀ ਹੈ। ਇਸ ਤੋਂ ਇਲਾਵਾ ਉਸ ਨੂੰ ਟੈਨਿਸ ਖੇਡਣ ਦਾ ਵੀ ਸ਼ੌਕ ਹੈ।

ਕਿੱਥੇ-ਕਿੱਥੇ ਕੀਤੀ ਫੋਟੋਗ੍ਰਾਫੀ?

ਉਸ ਨੇ ਦੱਸਿਆ ਕਿ ਉਹ ਕਪੂਰਥਲਾ ਅਤੇ ਹਰੀਕੇ ਪੱਤਣ ਜਾ ਕੇ ਫੋਟੋਗ੍ਰਾਫੀ ਕਰਨੀ ਜ਼ਿਆਦਾ ਪਸੰਦ ਕਰਦਾ ਹੈ। ਉਹ ਹੁਣ ਤਕ ਕੀਨੀਆ, ਅਫ਼ਰੀਕਾ, ਰਾਜਸਥਾਨ, ਜੈਸਲਮੇਰ, ਪੌਂਗ ਡੈਮ ਵਾਈਲਡ ਲਾਈਫ ਸੈਂਚੁਰੀ ਆਦਿ ਥਾਵਾਂ 'ਤੇ ਜਾ ਕੇ ਦਿਲਕਸ਼ ਤਸਵੀਰਾਂ ਆਪਣੇ ਕੈਮਰੇ 'ਚ ਕੈਦ ਕਰ ਚੁੱਕਾ ਹੈ।


ਕਿੰਨਾ ਇੰਤਜ਼ਾਰ ਕਰਨਾ ਪੈਂਦੈ?

ਵਾਈਲਡ ਲਾਈਫ ਫੋਟੋਗਾਫੀ ਸਬੰਧੀ ਅਰਸ਼ਦੀਪ ਨੇ ਦੱਸਿਆ ਕਿ ਕੋਈ ਵੀ ਆਕਰਸ਼ਕ ਫੋਟੋ ਖਿੱਚਣ ਲਈ ਉਸ ਨੂੰ ਕਾਫ਼ੀ ਇੰਤਜ਼ਾਰ ਕਰਨਾ ਪੈਂਦਾ ਹੈ। ਉਸ ਦਾ ਕਹਿਣਾ ਹੈ ਕਿ ਜੰਗਲੀ ਜਾਨਵਰਾਂ ਦੀਆਂ ਫੋਟੋਆਂ ਖਿੱਚਣ ਲਈ ਬਾਕੀ ਫੋਟੋਆਂ ਦੇ ਮੁਕਾਬਲੇ ਇਕ ਹੀ ਮੌਕਾ ਹੁੰਦਾ ਹੈ। ਵੈਸੇ ਉਸ ਨੂੰ ਜੰਗਲੀ ਜਾਨਵਰਾਂ ਦੀਆਂ ਫੋਟੋਆਂ ਖਿੱਚਦਿਆਂ ਕਦੇ ਵੀ ਡਰ ਨਹੀਂ ਲੱਗਿਆ, ਚਾਹੇ ਉਹ ਅਜੇ ਛੋਟਾ ਹੀ ਹੈ। ਇਸ ਸਾਲ ਜਿਸ ਫੋਟੋ ਦਾ ਉਸ ਨੂੰ ਖ਼ਿਤਾਬ ਮਿਲਿਆ ਹੈ, ਉਸ ਫੋਟੋ ਨੂੰ ਖਿੱਚਣ ਲਈ ਉਸ ਨੂੰ 30 ਮਿੰਟ ਤਕ ਉਡੀਕ ਕਰਨੀ ਪਈ ਸੀ।


ਮਾਣ-ਸਨਮਾਨ

ਅਰਸ਼ਦੀਪ ਸਿੰਘ ਨੂੰ ਮਿਲੇ ਐਵਾਰਡਾਂ ਦੀ ਗੱਲ ਕਰੀਏ ਤਾਂ ਉਸ ਨੇ ਛੋਟੀ ਉਮਰੇ ਹੀ ਵੱਡੀਆਂ ਮੱਲਾਂ ਮਾਰੀਆਂ ਹਨ। ਉਸ ਨੂੰ ਪਿਛਲੇ ਸਾਲ 'ਵਾਈਲਡ ਲਾਈਫ ਫੋਟੋਗ੍ਰਾਫ਼ਰ ਆਫ ਦਿ ਯੀਅਰ-2018', 'ਯੰਗ ਕਾਮੇਡੀ ਵਾਈਲਡ ਲਾਈਫ ਆਫ ਦਿ ਯੀਅਰ-2018', 'ਜੂਨੀਅਰ ਏਸ਼ੀਅਨ ਵਾਈਲਡ ਲਾਈਫ ਫੋਟੋਗ੍ਰਾਫਰ ਆਫ ਦਿ ਈਅਰ-2018', ਨਵੰਬਰ 'ਚ ਜਾਪਾਨ ਵਿਖੇ ਫੋਟੋਗ੍ਰਾਫੀ ਦੇ ਸਪੈਸ਼ਲ ਐਵਾਰਡ ਤੇ ਇਸ ਸਾਲ ਫਿਰ ਦੁਬਾਰਾ 'ਜੂਨੀਅਰ ਏਸ਼ੀਅਨ ਵਾਈਲਡ ਲਾਈਫ ਫੋਟੋਗ੍ਰਾਫਰ ਆਫ ਦਿ ਯੀਅਰ-2019' ਦੇ ਖ਼ਿਤਾਬ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ। ਛੋਟੀ ਉਮਰ 'ਚ ਵੱਡੇ ਖ਼ਿਤਾਬ ਹਾਸਿਲ ਕਰਨਾ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਹੁੰਦੀ। ਅਰਸ਼ਦੀਪ ਆਪਣੇ ਸ਼ੌਕ ਨੂੰ ਪੂਰੀ ਮਿਹਨਤ ਨਾਲ ਪੂਰਾ ਕਰ ਰਿਹੈ। ਸ਼ਾਲਾ! ਉਹ ਹੋਰ ਤਰੱਕੀਆਂ ਕਰੇ।

- ਹਨੀ ਸੋਢੀ

Posted By: Harjinder Sodhi