ਹਰ ਸਾਲ ਅਸੀਂ 5 ਸਤੰਬਰ ਨੂੰ ਅਧਿਆਪਕ ਦਿਵਸ ਦੇ ਰੂਪ ’ਚ ਮਨਾਉਂਦੇ ਹਾਂ। ਇਸ ਦੀ ਸ਼ੁਰੂਆਤ 1962 ’ਚ ਦੇਸ਼ ਦੇ ਪਹਿਲੇ ਉਪ-ਰਾਸ਼ਟਰਪਤੀ, ਦੂਜੇ ਰਾਸ਼ਟਰਪਤੀ ਤੇ ਭਾਰਤ ਰਤਨ ਡਾ. ਸਰਵਪੱਲੀ ਰਾਧਾਿਸ਼ਨਨ ਦੇ ਸਨਮਾਨ ’ਚ ਕੀਤੀ ਗਈ ਸੀ। ਹਰ ਵਿਦਿਆਰਥੀ ਆਦਰਸ਼ ਅਧਿਆਪਕ ਦੀ ਤੁਲਨਾ ਉਸ ਨਾਲ ਕਰਦਾ ਹੈ ਤੇ ਚਾਹੁੰਦਾ ਹੈ ਕਿ ਉਸ ਨੂੰ ਵੀ ਅਜਿਹਾ ਗੁਰੂ ਮਿਲੇ ਪਰ ਇਸ ਲਈ ਵੀ ਸਾਨੂੰ ਇਕ ਆਦਰਸ਼ ਵਿਦਿਆਰਥੀ ਬਣਨ ਦੀ ਜ਼ਰੂਰਤ ਹੁੰਦੀ ਹੈ। ਇਹ ਦਿਨ ਆਪਣੇ ਅਧਿਆਪਕਾਂ ਨੂੰ ਸਨਮਾਨ ਦੇਣ ਦਾ ਹੁੰਦਾ ਹੈ, ਉਨ੍ਹਾਂ ਨੂੰ ਇਹ ਅਹਿਸਾਸ ਕਰਵਾਉਣ ਦਾ ਦਿਨ ਹੈ ਕਿ ਸਾਡੇ ਲਈ ਉਹ ਬਹੁਤ ਖ਼ਾਸ ਹਨ।

ਮਾਤਾ-ਪਿਤਾ ਹੁੰਦੇ ਪਹਿਲੇ ਅਧਿਆਪਕ

ਜ਼ਿੰਦਗੀ ’ਚ ਮਾਤਾ-ਪਿਤਾ ਹੀ ਸਭ ਤੋਂ ਪਹਿਲੇ ਤੇ ਵਧੀਆ ਅਧਿਆਪਕ ਹੰੁਦੇ ਹਨ ਕਿਉਂਕਿ ਉਹ ਤੁਹਾਨੂੰ ਜ਼ਿੰਦਗੀ ਬਾਰੇ ਗਿਆਨ ਦਿੰਦੇ ਹਨ। ਉਨ੍ਹਾਂ ਵੱਲੋਂ ਦਿੱਤੀ ਗਈ ਸਿੱਖਿਆ ਬੇਸ਼ਕੀਮਤੀ ਹੁੰਦੀ ਹੈ। ਘਰ ਦਾ ਖ਼ੁਸ਼ਨੁਮਾ ਮਾਹੌਲ ਬੱਚੇ ਦੇ ਦਿਮਾਗ਼ੀ ਵਿਕਾਸ ਲਈ ਜ਼ਰੁੂਰੀ ਹੈ। ਘਰ ਬੱਚਿਆਂ ਦਾ ਪਹਿਲਾ ਸਕੂਲ ਹੁੰਦਾ ਹੈ ਤੇ ਮਾਪੇ ਅਧਿਆਪਕ। ਉਨ੍ਹਾਂ ਨੂੰ ਉੱਚ ਆਦਰਸ਼ ਵਾਲਾ ਜੀਵਨ ਜਿਊਣ ਦਾ ਢੰਗ ਦੱਸ ਕੇ ਮਾਪੇ ਬੱਚਿਆਂ ਦੇ ਮਾਰਗ ਦਰਸ਼ਕ ਬਣਦੇ ਹਨ।

ਭਵਿੱਖ ਦਾ ਨਿਰਮਾਤਾ

ਅਧਿਆਪਕ ਨੂੰ ਭਵਿੱਖ ਦਾ ਨਿਰਮਾਤਾ ਕਿਹਾ ਜਾਂਦਾ ਹੈ ਕਿਉਂਕਿ ਉਹੀ ਸਾਨੂੰ ਇਸ ਯੋਗ ਬਣਾਉਂਦੇ ਹਨ ਕਿ ਅਸੀਂ ਰਾਸ਼ਟਰ ਨਿਰਮਾਣ ’ਚ ਆਪਣਾ ਯੋਗਦਾਨ ਪਾ ਸਕਦੇ ਹਾਂ। ਅਧਿਆਪਕ ਸਿਰਫ਼ ਉਹੀ ਨਹੀਂ ਹੰੁਦੇ, ਜੋ ਸਾਨੂੰ ਸਕੂਲ ਜਾਂ ਕਾਲਜ ’ਚ ਪੜ੍ਹਾਉਂਦੇ ਹਨ ਸਗੋਂ ਜ਼ਿੰਦਗੀ ਦੇ ਹਰ ਮੋੜ ’ਤੇ ਕਈ ਵਾਰ ਸਾਡੇ ਸਾਥੀ, ਸਹਿਕਰਮੀ ਦੇ ਰੂਪ ’ਚ ਵੀ ਅਜਿਹੇ ਅਧਿਆਪਕ ਮਿਲ ਜਾਂਦੇ ਹਨ, ਜੋ ਸਾਨੂੰ ਯੋਗ ਬਣਾਉਣ ’ਚ ਆਪਣੀ ਅਹਿਮ ਭੂਮਿਕਾ ਨਿਭਾਉਂਦੇ ਹਨ। ਸਾਡੇ ਦੇਸ਼ ’ਚ ਹਰ ਖੇਤਰ ਵਿਚ ਅਜਿਹੇ ਕਈ ਮਹਾਨ ਅਧਿਆਪਕ ਹੋਏ ਹਨ, ਜਿਨ੍ਹਾਂ ਦੀ ਵਜ੍ਹਾ ਨਾਲ ਆਧੁਨਿਕ ਤੇ ਪ੍ਰਗਤੀਸ਼ੀਲ ਭਾਰਤ ਸਾਡੇ ਸਾਰਿਆਂ ਦੇ ਸਾਹਮਣੇ ਹੈ।

ਭਵਿੱਖ ਦੀ ਰੱਖਦੈ ਨੀਂਹ

ਅਧਿਆਪਨ ਵਿਸ਼ਵ ਦਾ ਸਭ ਤੋਂ ਪ੍ਰਭਾਵਸ਼ਾਲੀ ਕਾਰਜ ਹੈ। ਅਧਿਆਪਕ ਬੱਚੇ ਦੇ ਭਵਿੱਖ ਦੀ ਨੀਂਹ ਰੱਖਦਾ ਹੈ ਤੇ ਉਨ੍ਹਾਂ ਨੂੰ ਜ਼ਿੰਮੇਵਾਰ ਨਾਗਰਿਕ ਬਣਾਉਣ ’ਚ ਸਹਾਈ ਹੁੰਦਾ ਹੈ। ਅਧਿਆਪਕਾਂ ਵੱਲੋਂ ਦਿੱਤੀ ਗਈ ਸਿੱਖਿਆ ਬੱਚਿਆਂ ਦੇ ਭਵਿੱਖ ਨੂੰ ਉਜਾਗਰ ਕਰਦੀ ਹੈ। ਚੰਗੇ ਸਮਾਜ ਦੇ ਨਿਰਮਾਣ ’ਚ ਅਧਿਆਪਕਾਂ ਦੀ ਅਹਿਮ ਭੂਮਿਕਾ ਹੁੰਦੀ ਹੈ। ਇਸ ਦਿਨ ਪੂਰੇ ਦੇਸ਼ ’ਚ ਭਾਰਤ ਸਰਕਾਰ ਵੱਲੋਂ ਸਭ ਤੋਂ ਵਧੀਆ ਅਧਿਆਪਕਾਂ ਨੂੰ ਰਾਸ਼ਟਰਪਤੀ ਦੁਆਰਾ ਪੁਰਸਕਾਰ ਦਿੱਤਾ ਜਾਂਦਾ ਹੈ। ਸੂਬਾ ਸਰਕਾਰਾਂ ਵੀ ਆਪਣੇ-ਆਪਣੇ ਸੂਬਿਆਂ ਦੇ ਸਰਵੋਤਮ ਅਧਿਆਪਕਾਂ ਨੂੰ ਸਨਮਾਨਿਤ ਕਰਦੀਆਂ ਹਨ ਕਿਉਂਕਿ ਆਦਰਸ਼ ਅਧਿਆਪਕ ਹੀ ਸਮਾਜ ’ਚ ਉੱਚ ਆਦਰਸ਼ ਸਥਾਪਿਤ ਕਰਨ ਵਾਲੀ ਸ਼ਖ਼ਸੀਅਤ ਹੁੰਦੀ ਹੈ।

ਸਮੇਂ ਦਾ ਹਾਣੀ ਬਣਾਉਂਦੈ ਅਧਿਆਪਕ

ਅਧਿਆਪਕ ਸਮੁੱਚੀ ਮਨੁੱਖਤਾ ਲਈ ਗਿਆਨ ਦੇ ਸਮੁੰਦਰ ਹਨ। ਅਜੋਕੇ ਦੌਰ ’ਚ ਵਿਦਿਆਰਥੀਆਂ ਨੂੰ ਵਕਤ ਦੇ ਹਾਣੀ ਬਣਾਉਣ ਦੀ ਵੱਡੀ ਜ਼ਿੰਮੇਵਾਰੀ ਵੀ ਅਧਿਆਪਕ ਦੀ ਹੈ, ਜਿਸ ਦੀ ਸਫਲ ਉਦਾਹਰਨ ਕੋਵਿਡ-19 ’ਚ ਹੋਈ ਤਾਲਾਬੰਦੀ ਦੌਰਾਨ ਮਿਲੀ। ਉਨ੍ਹਾਂ ਨੇ ਸਿੱਖਿਆ ਦੀਆਂ ਨਵੀਂਆਂ ਵਿਧੀਆਂ ਰਾਹੀਂ ਬੱਚਿਆਂ ਨੂੰ ਆਨਲਾਈਨ ਸਿੱਖਿਆ ਦੇ ਕੇ ਆਪਣੀ ਹਿੰਮਤ ਤੇ ਯੋਗਤਾ ਦਾ ਨਤੀਜਾ ਵੀ ਦਿੱਤਾ ਹੈ। ਅਧਿਆਪਕ ਦੀ ਪ੍ਰੇਰਨਾ ਦੇ ਲੜ ਲੱਗ ਕੇ, ਉਸ ਨੂੰ ਬਣਦਾ ਸਤਿਕਾਰ ਦੇ ਕੇ ਅੱਜ ਦੇ ਵਿਦਿਆਰਥੀ ਆਪਣੇ ਸੁਪਨਿਆਂ ਨੂੰ ਸਫਲਤਾਵਾਂ ਦੇ ਸੱਚ ’ਚ ਬਦਲ ਸਕਦੇ ਹਨ।

ਦਿਖਾਉਂਦੇ ਹਨ ਸਫਲਤਾ ਦਾ ਰਾਹ

ਕਈ ਵਾਰ ਅਧਿਆਪਕ ਤੁਹਾਨੂੰ ਗ਼ਲਤੀਆਂ ’ਤੇ ਡਾਂਟਦਾ ਵੀ ਹੈ ਪਰ ਤੁਹਾਡੀ ਸਫਲਤਾ ’ਤੇ ਅਧਿਆਪਕ ਨੂੰ ਵੀ ਓਨੀ ਹੀ ਖ਼ੁਸ਼ੀ ਹੰੁਦੀ ਹੈ, ਜਿੰਨੀ ਤੁਹਾਨੂੰ ਖ਼ੁਦ ਨੂੰ ਹੁੰਦੀ ਹੈ। ਅੱਜ-ਕੱਲ੍ਹ ਜ਼ਿਆਦਾਤਰ ਅਧਿਆਪਕ ਬੱਚਿਆਂ ਨੂੰ ਕਿਤਾਬੀ ਗਿਆਨ ਦੇਣ ਤਕ ਹੀ ਸੀਮਤ ਹਨ। ਉਨ੍ਹਾਂ ਕੋਲ ਵਿਦਿਆਰਥੀਆਂ ਦੇ ਨਿੱਜੀ ਜੀਵਨ ਬਾਰੇ ਜਾਣਨ ਦਾ ਸਮਾਂ ਨਹੀਂ ਹੰੁਦਾ ਪਰ ਫਿਰ ਵੀ ਕੁਝ ਅਧਿਆਪਕ ਅਜਿਹੇ ਹੰੁਦੇ ਹਨ, ਜੋ ਅਧਿਆਪਨ ਨੂੰ ਸਿਰਫ਼ ਕਿੱਤਾ ਨਾ ਸਮਝਦੇ ਹੋਏ ਇਸ ਨੂੰ ਜ਼ਿੰਮੇਵਾਰੀ ਨਾਲ ਨਿਭਾਉਂਦੇ ਹਨ। ਉਹ ਵਿਦਿਆਰਥੀਆਂ ਨੂੰ ਚੁਣੌਤੀਆਂ ਨਾਲ ਲੜਨ ਲਈ ਤਿਆਰ ਕਰਦੇ ਹਨ ਤੇ ਉਨ੍ਹਾਂ ਨੂੰ ਸਫਲਤਾ ਦਾ ਰਾਹ ਦਿਖਾਉਂਦੇ ਹਨ।

ਪਹਿਲੀ ਮਹਿਲਾ ਅਧਿਆਪਕ ਸਾਵਿੱਤਰੀ ਬਾਈ ਫੂਲੇ

ਸਾਵਿੱਤਰੀ ਬਾਈ ਫੂਲੇ ਨੂੰ ਦੇਸ਼ ਦੀ ਪਹਿਲੀ ਅਧਿਆਪਕ ਹੋਣ ਦਾ ਮਾਣ ਹਾਸਿਲ ਹੈ। ਦੇਸ਼ ਵਾਸੀ ਉਸ ਨੂੰ ਪਹਿਲੀ ਮਹਿਲਾ ਅਧਿਆਪਕ ਕਹਿੰਦੇ ਹਨ। ਉਹ ਲੜਕੀਆਂ ਨੂੰ ਵੱਧ ਤੋਂ ਵੱਧ ਸਿੱਖਿਅਤ ਕਰਨਾ ਚਾਹੰੁਦੀ ਸੀ। ਸਿੱਖਿਆ ਦੇ ਖੇਤਰ ’ਚ ਅੱਜ ਨਵਂੇ-ਨਵੇਂ ਤਜਰਬੇ ਹੋ ਰਹੇ ਹਨ। ਉਸ ਦਾ ਕਹਿਣਾ ਸੀ ਕਿ ਪ੍ਰੀਖਿਆਵਾਂ ਤੋਂ ਕਦੇ ਨਾ ਡਰੋ ਕਿਉਂਕਿ ਜੋ ਕੁਝ ਅਧਿਆਪਕ ਸਾਨੂੰ ਕਲਾਸ ’ਚ ਪੜ੍ਹਾਉਂਦੇ ਹਨ, ਸਿਖਾਉਂਦੇ ਹਨ, ਉਹ ਸਿਰਫ਼ ਇਹੀ ਦੇਖਣਾ ਚਾਹੰੁਦੇ ਹਨ ਕਿ ਤੁਸੀਂ ਕੀ ਸਿੱਖਿਆ ਹੈ। ਫਿਰ ਪ੍ਰੀਖਿਆਵਾਂ ਤੋਂ ਘਬਰਾਉਣਾ ਕਿਉਂ? ਤੁਸੀਂ ਦੇਸ਼ ਦੇ ਭਵਿੱਖ ਹੋ। ਅਧਿਆਪਕਾਂ ਦਾ ਸਨਮਾਨ ਕਰੋ, ਦਿਲ ਲਾ ਕੇ ਪੜ੍ਹੋ ਤੇ ਖ਼ੂਬ ਅੱਗੇ ਵਧੋ।

ਪੰਜ ਗੁਣ ਬਣਾਉਣਗੇ ਤੁਹਾਨੂੰ ਆਦਰਸ਼ ਵਿਦਿਆਰਥੀ

ਕਿਤਾਬਾਂ ਨਾਲ ਪਿਆਰ : ਆਦਰਸ਼ ਵਿਦਿਆਰਥੀ ਉਹ ਹੰੁਦਾ ਹੈ, ਜਿਸ ਦੀ ਸਿਰਫ਼ ਸਕੂਲ ਤੇ ਪਹਿਵਾਰ ’ਚ ਹੀ ਨਹੀਂ ਸਗੋਂ ਅਧਿਆਪਕ ਦੇ ਦਿਲ ’ਚ ਵੀ ਵੱਖਰੀ ਥਾਂ ਹੰੁਦੀ ਹੈ। ਉਹ ਕਿਤਾਬਾਂ ਨਾਲ ਪਿਆਰ ਕਰਦਾ ਹੈ। ਅਧਿਆਪਕ ਵੱਲੋਂ ਦੱਸੀ ਗਈ ਹਰ ਗੱਲ ਨੂੰ ਆਪਣੀ ਜ਼ਿੰਦਗੀ ’ਚ ਅਪਣਾ ਲੈਂਦਾ ਹੈ। ਉਹ ਚੰਗੇ ਗੁਣਾਂ ਨੂੰ ਅਪਨਾਉਂਦਾ ਹੈ ਤੇ ਬੁਰਾਈਆਂ ਤੋਂ ਦੂੁਰ ਰਹਿੰਦਾ ਹੈ।

ਸਿੱਖਿਆ ਦੀ ਚਾਹਤ : ਆਦਰਸ਼ ਵਿਦਿਆਰਥੀ ਉਹ ਹੈ, ਜੋ ਗਿਆਨ ਨੂੰ ਜ਼ਿੰਦਗੀ ਦਾ ਪਹਿਲਾ ਆਦਰਸ਼ ਮੰਨਦਾ ਹੈ। ਜਿਸ ਨੂੰ ਗਿਆਨ ਦੀ ਚਾਹਤ ਨਹੀਂ, ਉਹ ਆਦਰਸ਼ ਵਿਦਿਆਰਥੀ ਨਹੀਂ ਹੋ ਸਕਦਾ। ਵਿੱਦਿਆ ਹੀ ਹੈ, ਜੋ ਮਨੁੱਖ ਨੂੰ ਸਫਲ, ਸਹਿਣਸ਼ੀਲ ਤੇ ਗੁਣਵਾਨ ਬਣਾਉਂਦੀ ਹੈ। ਗਿਆਨ ਹਾਸਿਲ ਕਰ ਕੇ ਹੀ ਵਿਦਿਆਰਥੀ ਅੱਗੇ ਚੱਲ ਕੇ ਯੋਗ ਨਾਗਰਿਕ ਬਣ ਸਕਦਾ ਹੈ।

ਅਧਿਆਪਕ ਦਾ ਸਨਮਾਨ : ਆਦਰਸ਼ ਵਿਦਿਆਰਥੀ ਆਪਣੇ ਅਧਿਆਪਕ ਦਾ ਸਨਮਾਨ ਕਰਦਾ ਹੈ। ਉਹ ਆਪਣੀ ਸ਼ਖ਼ਸੀਅਤ ਨੂੰ ਉੱਚਾ ਬਣਾਉਣ ਦੀ ਕੋਸ਼ਿਸ਼ ਕਰਦਾ ਹੈ। ਉਹ ਵੱਡਿਆਂ ਤੇ ਅਧਿਆਪਕਾਂ ਦੀ ਗੱਲ ਮੰਨ ਕੇ ਉਸ ’ਤੇ ਅਮਲ ਕਰਦਾ ਹੈ।

ਆਲਸ ਨੂੰ ਤਿਆਗੋ : ਆਦਰਸ਼ ਵਿਦਿਆਰਥੀ ਨੂੰ ਸਾਦਾ ਤੇ ਸੱਚਾ ਹੋਣਾ ਚਾਹੀਦਾ ਹੈ। ਉਸ ਨੂੰ ਆਲਸ ਨਹੀਂ ਪਾਉਣੀ ਚਾਹੀਦੀ। ਸਖ਼ਤ ਮਿਹਨਤ ਕਰਨੀ ਚਾਹੀਦੀ ਹੈ। ਪੜ੍ਹਾਈ ਤੋਂ ਇਲਾਵਾ ਖੇਡਾਂ ਤੇ ਹੋਰ ਗਤੀਵਿਧੀਆਂ ’ਚ ਭਾਗ ਲੈਣਾ ਚਾਹੀਦਾ ਹੈ। ਉਸ ਨੂੰ ਸਕੂਲ ’ਚ ਹੋਣ ਵਾਲੀਆਂ ਸਾਰੀਆਂ ਗਤੀਵਿਧੀਆਂ ’ਚ ਭਾਗ ਲੈ ਕੇ ਆਪਣੀ ਸ਼ਖ਼ਸੀਅਤ ਦਾ ਵਿਕਾਸ ਕਰਨਾ ਚਾਹੀਦਾ ਹੈ। ਇਕ ਆਦਰਸ਼ ਵਿਦਿਆਰਥੀ ਆਪਣੇ ਟੀਚੇ ਨੂੰ ਹਮੇਸ਼ਾ ਧਿਆਨ ’ਚ ਰੱਖਦਾ ਹੈ ਤੇ ਹਰ ਕੰਮ ’ਚ ਅੱਗੇ ਰਹਿੰਦਾ ਹੈ।

ਅਨੁਸ਼ਾਸਨ ’ਚ ਰਹਿਣਾ ਜ਼ਰੂਰੀ : ਆਦਰਸ਼ ਤਰੀਕੇ ਨਾਲ ਜਿਊਣ ਲਈ ਅਨੁਸ਼ਾਸਨ ’ਚ ਰਹਿਣਾ ਜ਼ਰੂਰੀ ਹੈ। ਇਸ ਦਾ ਅਰਥ ਹੈ ਖ਼ੁਦ ਨੂੰ ਸੰਜਮ ’ਚ ਰੱਖਣਾ। ਇਸ ਤੋਂ ਬਿਨਾਂ ਵਿਅਕਤੀ ਪਸ਼ੂ ਸਮਾਨ ਹੈ। ਵਿਦਿਆਰਥੀ ਦਾ ਜੀਵਨ ਅਨੁਸ਼ਾਸਿਤ ਹੋ ਕੇ ਉਸ ਨੂੰ ਉਸ ਦੀ ਮੰਜ਼ਿਲ ਤਕ ਪਹੁੰਚਾ ਸਕਦਾ ਹੈ।

Posted By: Harjinder Sodhi