ਇਕ ਸਮਾਂ ਸੀ, ਜਦੋਂ ਅਧਿਆਪਕ ਦਾ ਰੁਤਬਾ ਸਮਾਜ ’ਚ ਬਹੁਤ ਉੱਚਾ ਤੇ ਸੁੱਚਾ ਮੰਨਿਆ ਜਾਂਦਾ ਸੀ ਤੇ ਉਸ ਨੂੰ ਗੁਰੂ ਦਾ ਦਰਜਾ ਦਿੱਤਾ ਜਾਂਦਾ ਸੀ। ਅਧਿਆਪਕ ਵੀ ਪੂਰੀ ਤਨਦੇਹੀ ਨਾਲ ਆਪਣੀ ਸਾਰੀ ਜ਼ਿੰਮੇਵਾਰੀ ਨਿਭਾਉਂਦਾ ਸੀ। ਉਸ ਸਮੇਂ ਗੁਰੂਕੁਲ ਹੁੰਦੇ ਸਨ। ਮਾਪੇ ਆਪਣੇ ਬੱਚਿਆਂ ਨੂੰ ਛੋਟੀ ਉਮਰ ’ਚ ਹੀ ਗੁਰੂਕੁਲ ਵਿਚ ਛੱਡ ਦਿੰਦੇ ਸਨ। ਉੱਥੇ ਰਹਿੰਦੇ ਹੋਏ ਬੱਚੇ ਪੜ੍ਹਾਈ ਦੇ ਨਾਲ-ਨਾਲ ਗੁਰੂਕੁਲ ਦੀ ਸਫ਼ਾਈ ਤੇ ਉਸ ਲਈ ਭਿੱਖਿਆ ਵੀ ਮੰਗਦੇ ਸਨ, ਜਿਸ ਕਰਕੇ ਉਨ੍ਹਾਂ ਵਿੱਚੋਂ ਮੈਂ ਖ਼ਤਮ ਹੁੰਦੀ ਸੀ। ਇਸ ਨਾਲ ਉਹ ਆਮ ਜ਼ਿੰਦਗੀ ’ਚ ਵਿਚਰਨ ਦਾ ਗੁਣ ਸਿੱਖਦੇ ਸਨ। ਉਨ੍ਹਾਂ ’ਚ ਸਹਿਣਸ਼ੀਲਤਾ ਤੇ ਵੱਡਿਆਂ ਦੀ ਆਗਿਆ ਦਾ ਪਾਲਣ ਕਰਨ ਦੀ ਭਾਵਨਾ ਪੈਦਾ ਹੁੰਦੀ ਸੀ। ਇਸ ਤਰ੍ਹਾਂ ਗੁਰੂ ਨਾਲ ਵਿਚਰਦਿਆਂ ਉਹ ਚੰਗੀਆ ਕਦਰਾਂ-ਕੀਮਤਾਂ ਤੇ ਦੁਨੀਆਦਾਰੀ ਸਿੱਖ ਕੇ ਅਨੁਭਵੀ ਇਨਸਾਨ ਬਣ ਕੇ ਹੀ ਸਮਾਜ ’ਚ ਕਦਮ ਰੱਖਦੇੇ ਸਨ।

ਕੱਚੀ ਮਿੱਟੀ ਵਾਂਗ ਹੁੰਦਾ ਬੱਚਾ

ਉਦੋਂ ਇਕ ਅਧਿਆਪਕ ਦਾ ਫ਼ਰਜ਼ ਹੋਰ ਵੀ ਵੱਧ ਜਾਂਦਾ ਹੈ, ਜਦੋਂ ਬੱਚਾ ਉਸ ਕੋਲ ਆਉਂਦਾ ਹੈ। ਉਹ ਕੱਚੀ ਮਿੱਟੀ ਵਾਂਗ ਹੁੰਦਾ ਹੈ ਤੇ ਉਹ ਉਸ ਨੂੰ ਕੁਝ ਵੀ ਬਣਾ ਸਕਦਾ ਹੈ। ਇਕ ਬੱਚਾ ਆਪਣੇ ਅਧਿਆਪਕ ਦੀ ਪੂਰੀ ਨਕਲ ਕਰਦਾ ਹੈ। ਇਸ ਦਾ ਮਤਲਬ ਹੈ ਕਿ ਬੱਚੇ ਲਈ ਅਧਿਆਪਕ ਕਿੰਨਾ ਮਹੱਤਵਪੂਰਨ ਹੈ। ਜੇ ਮੈਂ ਅੱਜ ਅਧਿਆਪਕ ਹਾਂ ਤਾਂ ਸ਼ਇਦ ਮੈਂ ਵੀ ਆਪਣੇ ਅਧਿਆਪਕਾਂ ਦੀ ਰੀਸ ਹੀ ਕੀਤੀ ਹੈ। ਮੇਰੀ ਜ਼ਿੰਦਗੀ ’ਚ ਬਹੁਤ ਪਿਆਰੇ ਅਧਿਆਪਕ ਆਏ, ਜਿਨ੍ਹਾਂ ਤੋਂ ਮੈਂ ਬਹੁਤ ਕੁਝ ਸਿੱਖਿਆ। ਉਨ੍ਹਾਂ ਨੇ ਮੇਰੇ ਹਰ ਕੰਮ ਦੀ ਤਾਰੀਫ਼ ਕਰ ਕੇ ਮੇਰੇ ’ਚ ਆਤਮ-ਵਿਸ਼ਵਾਸ ਪੈਦਾ ਕੀਤਾ। ਉਨ੍ਹਾਂ ਨੇ ਦੂਜੇ ਵਿਦਿਆਰਥੀਆਂ ਨੂੰ ਹਰ ਗੱਲ ’ਚ ਮੇਰੀ ੳਦਾਹਰਨ ਦੇਣੀ ਤੇ ਪ੍ਰਸ਼ੰਸਾ ਕਰਨੀ, ਇਸ ਨਾਲ ਮੈਨੂੰ ਹੋਰ ਵੀ ਮਿਹਨਤ ਨਾਲ ਪੜ੍ਹਨ ਦਾ ਮਨ ਕਰਦਾ। ਇਹੀ ਸਭ ਤਰੀਕੇ ਹੁਣ ਮੈਂ ਆਪਣੇ ਵਿਦਿਅਰਥੀਆਂ ’ਤੇ ਅਜ਼ਮਾਉਂਦੀ ਹਾਂ।

ਇਹ ਕਿਹਾ ਜਾਂਦਾ ਹੈ ਕਿ ਪਹਿਲੇ 5 ਸਾਲ ਤਕ ਬੱਚੇ ਨੂੰ ਬਹੁਤ ਪਿਆਰ ਦਿਉ ਤਾਂ ਜੋ ਉਹ ਚੰਗਾ ਵੱਧ-ਫੁਲ ਸਕੇ ਤੇ 6 ਤੋਂ 16 ਸਾਲ ਤਕ ਉਸ ਨਾਲ ਸਖ਼ਤੀ ਨਾਲ ਚੱਲਦਿਆਂ ਉਸ ਨੂੰ ਦੁਨੀਆਦਾਰੀ ਸਿਖਾਓ ਤੇ 16 ਸਾਲ ਤੋਂ ਬਾਅਦ ਉਸ ਨਾਲ ਦੋਸਤਾਂ ਵਾਂਗ ਵਿਚਰੋ, ਤਾਂ ਜੋ ਉਹ ਆਪਣੀ ਹਰ ਗੱਲ ਤੁਹਾਡੇ ਨਾਲ ਸਾਂਝੀ ਕਰ ਸਕੇ ਤੇ ਕੋਈ ਓਹਲਾ ਨਾ ਰੱਖੇ। ਇਸ ਤਰ੍ਹਾਂ ਉਸ ਨੂੰ ਹਰ ਊੁਚ-ਨੀਚ ਸਿਖਾ ਕੇ ਸਮਝਦਾਰ ਇਨਸਾਨ ਬਣਾਉਣ ’ਚ ਤੁਸੀਂ ਆਪਣਾ ਕਿਰਦਾਰ ਨਿਭਾ ਸਕਦੇ ਹੋ।

ਬਣਾਉਂਦਾ ਹੈ ਦੁਨੀਆ ’ਚ ਵਿਚਰਨਯੋਗ

ਅਧਿਆਪਕ ਚੱਲਦੇ ਪਾਣੀ ਦੀ ਤਰ੍ਹਾਂ ਹੋਣਾ ਚਾਹੀਦਾ ਹੈ, ਜਿਹੜਾ ਸਾਫ਼ ਹੁੰਦਾ ਹੈ ਤੇ ਉਸ ’ਚ ਸਭ ਕੁਝ ਸਾਫ਼ ਦਿਸਦਾ ਹੈ, ਜਿਹੜਾ ਅੰਦਰੋਂ-ਬਾਹਰੋਂ ਇੱਕੋ ਜਿਹਾ ਹੋਵੇ। ਪ੍ਰਾਇਮਰੀ ਅਧਿਆਪਕ ਕੱਚੀ ਮਿੱਟੀ ਤਿਆਰ ਕਰਦਾ ਹੈ, ਸੈਕੰਡਰੀ ਅਧਿਆਪਕ ਉਸ ਮਿੱਟੀ ਤੋਂ ਆਕਿ੍ਰਤੀ ਬਣਾਉਂਦਾ ਹੈ ਤੇ ਸੀਨੀਅਰ ਸੈਕੰਡਰੀ ਅਧਿਆਪਕ ਉਸ ਨੂੰ ਪਾਲਿਸ਼ ਕਰ ਕੇ ਬਾਹਰਲੀ ਦੁਨੀਆ ’ਚ ਵਿਚਰਨਯੋਗ ਬਣਾਉੁਂਦਾ ਹੈ। ਇਸ ਤਰ੍ਹਾਂ ਅਧਿਆਪਕ ’ਚ ਤਿੰਨ 3 ਹੋਣੇ ਚਾਹੀਦੇ ਹਨ।

ਪਹਿਲਾ C: (Convince) ਮਤਲਬ ਅਧਿਆਪਕ ਨੂੰ ਆਪਣੇ ਆਪ ’ਤੇ ਵਿਸ਼ਵਾਸ ਹੋਵੇ ਕਿ ਉਹ ਅਧਿਆਪਨ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ ਤੇ ਵਿਦਿਆਰਥੀ ਪ੍ਰਤੀ ਉਸ ਦੀ ਜੋ ਜ਼ਿੰਮੇਦਾਰੀ ਬਣਦੀ ਹੈ, ਉਹ ਉਸ ਤੋਂ ਜਾਣੂ ਹੈ। ਕੀ ਉਹ ਆਪਣੇ ਕਿੱਤੇ ਪ੍ਰਤੀ ਵਫ਼ਾਦਾਰ ਹੈ। ਇਹੀ ਭਾਵਨਾ ਇਕ ਆਮ ਇਨਸਾਨ ਨੂੰ ਸਮਰਪਿਤ ਅਧਿਆਪਕ ਬਣਾਉਂਦੀ ਹੈ।

ਦੂਜਾ C : (Commitment) ਮਤਲਬ ਅਧਿਆਪਕ ਆਪਣੇ ਪੇਸ਼ੇ ਪ੍ਰਤੀ ਪੂਰੀ ਤਰ੍ਹਾਂ ਵਚਨਬੱਧ ਹੋਵੇ। ਉਹ ਆਪਣੇ ਵਿਸ਼ੇ ’ਚ ਪੂਰਾ ਮਾਹਿਰ ਹੋਵੇ। ਉਹ ਸਮੇਂ-ਸਮੇਂ ’ਤੇ ਨਵੀਆਂ ਕਿਤਾਬਾਂ ਨੂੰ ਪੜ੍ਹ ਕੇ ਆਪਣੇ ਗਿਆਨ ਨੂੰ ਅਪਡੇਟ ਰੱਖੇ। ਇਕ ਚੰਗੇ ਅਧਿਆਪਕ ਨੂੰ ਚੰਗੀਆਂ ਕਿਤਾਬਾਂ ਪੜ੍ਹਨ ਦੀ ਆਦਤ ਜ਼ਰੂਰ ਹੋਣੀ ਚਾਹੀਦੀ ਹੈ। ਅਸੀਂ ਸਾਰੀ ਉਮਰ ਸਿੱਖਦੇ ਹਾਂ ਕਿਉਂਕਿ ਗਿਆਨ ਦੀ ਕੋਈ ਸੀਮਾ ਨਹੀਂ ਹੁੰਦੀ। ਅਧਿਆਪਕ ਨੂੰ ਲਾਇਬ੍ਰੇਰੀ ਨਾਲ ਲਗਾਅ ਹੋਣਾ ਚਾਹੀਦਾ ਹੈ।

ਤੀਜਾ C : (Cognitive) ਯਾਨੀ ਅਧਿਆਪਕ ਨੂੰ ਬੁਧਾਤਮਕ ਹੋਣਾ ਚਾਹੀਦਾ ਹੈ। ਮਤਲਬ ਉਸ ਨੂੰ ਆਪਣੇ ਆਲੇ-ਦੁਆਲੇ ਬਾਰੇ ਗਿਆਨ ਹੋਣਾ ਵੀ ਲਾਜ਼ਮੀ ਹੈ। ਕਿਤਾਬੀ ਗਿਆਨ ਦੇ ਨਾਲ-ਨਾਲ ਆਮ ਗਿਆਨ (ਜੀਕੇ) ਹੋਣਾ ਵੀ ਜ਼ਰੂਰੀ ਹੈ। ਅਧਿਆਪਕ ਮਨੋਵਿਗਿਆਨੀ ਹੋਣਾ ਚਾਹੀਦਾ ਹੈ, ਤਾਂ ਜੋ ਉਹ ਵਿਦਿਆਰਥੀਆਂ ਦੇ ਮਨ ’ਚ ਉੱਠ ਰਹੇ ਵਲਵਲਿਆਂ ਨੂੰ ਵੀ ਸਮਝ ਜਾਵੇ ਤੇ ਸਹੀ ਸਮੇਂ ’ਤੇ ਉਨ੍ਹਾਂ ਨੂੰ ਸਹੀ ਰਸਤਾ ਦਿਖਾ ਸਕਦਾ ਹੋਵੇ। ਜਮਾਤ ’ਚ ਸਾਰੇ ਵਿਦਿਆਰਥੀ ਇੱਕੋ ਜਿਹੇ ਹੁਸ਼ਿਆਰ ਨਹੀਂ ਹੋ ਸਕਦੇ। ਜੇ ਇਕ ਵਿਦਿਆਰਥੀ ਪੜ੍ਹਾਈ ’ਚ ਅੱਗੇ ਹੈ ਤਾਂ ਦੂਜਾ ਖੇਡਾਂ ’ਚ ਮਾਹਿਰ ਹੋ ਸਕਦਾ ਹੈ। ਇਸ ਲਈ ਅਧਿਆਪਕ ਨੇ ਹੀ ਇਹ ਪਛਾਣ ਕਰਨੀ ਹੁੰਦੀ ਹੈ ਤੇ ਉਸ ਦੀ ਦਿਲਚਸਪੀ ਦੇਖਦਿਆਂ ਵਿਦਿਆਰਥੀ ਨੂੰ ਉਸ ਖੇਤਰ ਵਿਚ ਅੱਗੇ ਵਧਣ ਲਈ ਪ੍ਰੇੇਰਤ ਕੀਤਾ ਜਾਵੇ। ਹੁਸ਼ਿਆਰ ਵਿਦਿਆਰਥੀ ਤਾਂ ਹੁਸ਼ਿਆਰ ਹੁੰਦਾ ਹੀ ਹੈ, ਅਧਿਆਪਕ ਨੂੰ ਕਮਜ਼ੋਰ ਵਿਦਿਆਰਥੀ ਵੱਲ ਵੱਧ ਧਿਆਨ ਦੇਣ ਦੀ ਲੋੜ ਹੁੰਦੀ ਹੈ। ਬੱਚੇ ਦੇ ਕਾਮਯਾਬ ਹੋਣ ’ਚ ਅਧਿਆਪਕ ਦਾ ਖ਼ਾਸ ਰੋਲ ਹੁੰਦਾ ਹੈ। ਉਹ ਹਮੇਸ਼ਾ ਆਪਣੇ ਅਧਿਆਪਕ ਨੂੰ ਯਾਦ ਰੱਖਦੇ ਹਨ। ਇਸ ਲਈ ਅਧਿਆਪਕ ਨੂੰ ਵਿਦਿਆਰਥੀ ਲਈ ਉਦਾਹਰਨ ਬਣਨਾ ਚਾਹੀਦਾ ਹੈ।

ਮਾਪੇ ਦੇਣ ਅਧਿਆਪਕਾਂ ਦਾ ਸਹਿਯੋਗ

ਅੱਜ ਜਦੋਂ ਸਮਾਜ ’ਚ ਬਹੁਤ ਬੁਰਾਈਆਂ ਉੱਭਰ ਰਹੀਆਂ ਹਨ ਤਾਂ ਅਧਿਆਪਕ ਦਾ ਕੰਮ ਹੋਰ ਵੀ ਚੁਣੌਤੀਪੂਰਨ ਹੋ ਗਿਆ ਹੈ। ਅੱਜ-ਕੱਲ੍ਹ ਦੇ ਬੱਚੇ ਬਹੁਤ ਵਿਗੜ ਰਹੇ ਹਨ। ਇਸ ਤਰ੍ਹਾਂ ਦੇ ਮਾਹੌਲ ’ਚ ਅਧਿਆਪਕ ਨੂੰ ਪੜ੍ਹਾਈ ਦੇ ਨਾਲ-ਨਾਲ ਵਿਦਿਆਰਥੀ ਨੂੰ ਸਮਾਜਿਕ ਕੁਰੀਤੀਆਂ ਤੋਂ ਵੀ ਦੂਰ ਰੱਖਣਾ ਉਸ ਦਾ ਫ਼ਰਜ਼ ਬਣ ਗਿਆ ਹੈ। ਵਿਦਿਆਰਥੀ ਜਦੋਂ ਸਕੂਲ ਵਿਚ ਆਉਂਦਾ ਹੈ ਤਾਂ ਉਹ ਕੋਰੇ ਕਾਗਜ਼ ਵਾਂਗ ਹੁੰਦਾ ਹੈ ਤੇ ਇਕ ਤਜਰਬੇਦਾਰ ਅਧਿਆਪਕ ਉਸ ਬੱਚੇ ਵਿਚਲੇ ਗੁਣ ਪਰਖ ਕੇ ਉਸ ਨੂੰ ਕੁਝ ਵੀ ਬਣਾ ਸਕਦਾ ਹੈ। ਬੱਚਿਆਂ ਦੇ ਮਾਪਿਆਂ ਦਾ ਵੀ ਫ਼ਰਜ਼ ਬਣਦਾ ਹੈ ਕਿ ਉਹ ਵੀ ਅਧਿਆਪਕ ਨੂੰ ਪੂਰਾ ਸਹਿਯੋਗ ਦੇਣ, ਤਾਂ ਜੋ ਉਨ੍ਹਾਂ ਦੇ ਬੱਚੇ ਵਧੀਆ ਨਾਗਰਿਕ ਬਣ ਕੇ ਸਮਾਜ ਵਿਚ ਵਿਚਰਨ ਤੇ ਸਫਲ ਜ਼ਿੰਦਗੀ ਜਿਊਣ ਦੇ ਕਾਬਿਲ ਬਣ ਜਾਣ ਤੇ ਦੇਸ਼ ਦੀ ਤਰੱਕੀ ’ਚ ਆਪਣਾ ਯੋਗਦਾਨ ਪਾਉਣ।

ਪਵਿੱਤਰ ਹੁੰਦਾ ਵਿਦਿਆਰਥੀ-ਅਧਿਆਪਕ ਦਾ ਰਿਸ਼ਤਾ

ਮਾਪਿਆਂ ਤੋਂ ਬਾਅਦ ਅਧਿਆਪਕ ਹੀ ਹੈ, ਜੋ ਤੁਹਾਨੂੰ ਸਹੀ ਦਿਸ਼ਾ ਦੇ ਸਕਦਾ ਹੈ। ਵਿਦਿਆਰਥੀ ਦੇ ਆਪਣੀ ਜ਼ਿੰਦਗੀ ਵਿਚ ਸਫਲ ਹੋ ਕੇ ਉੱਚ ਅਹੁਦੇ ’ਤੇ ਪਹੁੰਚਣ ਦੀ ਸਭ ਤੋਂ ਵੱਧ ਖ਼ੁਸ਼ੀ ਜਨਮ ਦੇਣ ਵਾਲੇੇ ਮਾਪਿਆਂ ਦੇ ਨਾਲ-ਨਾਲ ਜਿਨ੍ਹਾਂ ਅਧਿਆਪਕਾਂ ਤੋਂ ਉਹ ਪੜ੍ਹਿਆ ਹੁੰਦਾ ਹੈ, ਉਨ੍ਹਾਂ ਨੂੰ ਹੁੰਦੀ ਹੈ। ਅਧਿਆਪਕ ਦਾ ਸਿਰ ਮਾਣ ਨਾਲ ਉੱਚਾ ਹੋ ਜਾਂਦਾ ਹੈ ਤੇ ਉਹ ਫ਼ਖ਼ਰ ਨਾਲ ਕਹਿੰਦਾ ਹੈ ਕਿ ਇਹ ਮੇਰਾ ਵਿਦਿਆਰਥੀ ਸੀ। ਇਸ ਤਰ੍ਹਾਂ ਅਧਿਆਪਕ ਤੇ ਵਿਦਿਆਰਥੀ ਦਾ ਰਿਸ਼ਤਾ ਬਹੁਤ ਉੱਚਾ-ਸੁੱਚਾ ਤੇ ਪਵਿੱਤਰ ਮੰਨਿਆ ਜਾਂਦਾ ਹੈ। ਇਹ ਸਭ ਕੁਝ ਦੇਖਦਿਆਂ ਅਧਿਆਪਕ ਦੀ ਜ਼ਿੰਮੇਵਾਰੀ ਹੋਰ ਵੀ ਪੀਡੀ ਹੋ ਜਾਂਦੀ ਹੈ। ਇਕ ਅਧਿਆਪਕ ਤਾਂ ਹੀ ਕਾਮਯਾਬ ਅਧਿਆਪਕ ਹੈ, ਜੇ ਉਸ ਦੇ ਵਿਦਿਆਰਥੀ ਆਪਣੀ ਜ਼ਿੰਦਗੀ ਵਿਚ ਚੰਗੇ ਮੁਕਾਮ ’ਤੇ ਪਹੁੰਚਦੇ ਹਨ।

ਵਿਦਿਆਰਥੀ ਦੀ ਜ਼ਿੰਦਗੀ ’ਚ ਭਰਦੈ ਰੋਸ਼ਨੀ

ਇਹ ਸੱਚਾਈ ਹੈ ਕਿ ਅਧਿਆਪਕ ਆਪ ਮੋਮਬੱਤੀ ਵਾਂਗ ਜਲ ਕੇ ਵਿਦਿਆਰਥੀ ਦੀ ਜ਼ਿੰਦਗੀ ’ਚੋਂ ਹਨੇਰਾ ਦੂਰ ਕਰ ਕੇ ਰੋਸ਼ਨੀ ਭਰਦਾ ਹੈ। ਇਕ ਅਧਿਆਪਕ ਤੋਂ ਪੜ੍ਹ ਕੇ ਹੀ ਬੱਚੇ ਆਈਏਐੱਸ, ਪੀਸੀਐੱਸ, ਡਾਕਟਰ, ਇੰਜੀਨਿਅਰ ਤੇ ਹੋਰ ਅਧਿਆਪਕ ਬਣਦੇ ਹਨ। ਅਧਿਆਪਕ ਇਕ ਸੜਕ ਦੀ ਤਰ੍ਹਾਂ ਹੁੰਦਾ ਹੈ, ਜੋ ਸਭ ਮੁਸਾਫ਼ਰਾਂ ਨੂੰ ਆਪਣੀ ਮੰਜ਼ਿਲ ’ਤੇ ਪੁਹੰਚਾਉਣ ਦਾ ਕੰਮ ਕਰਦੀ ਹੈ ਤੇ ਆਪ ਉੱਥੇ ਹੀ ਰਹਿੰਦੀ ਹੈ। ਇਕ ਚੰਗਾ ਅਧਿਆਪਕ ਬੱਚੇ ਲਈ ਰੱਬ ਦੇ ਬਰਾਬਰ ਹੁੰਦਾ ਹੈ, ਜਿਸ ’ਤੇ ਬੱਚਾ ਮਾਪਿਆਂ ਤੋਂ ਵੀ ਵੱਧ ਵਿਸ਼ਵਾਸ ਕਰਦਾ ਹੈ।

- ਪਿ੍ਰੰ. ਰਵਿੰਦਰ ਕੌਰ

Posted By: Harjinder Sodhi