ਆਦਰਸ਼ ਅਧਿਆਪਕ ਮਿਹਨਤੀ, ਇਮਾਨਦਾਰ, ਸਮੇਂ ਦੀ ਕਦਰ ਕਰਨ ਵਾਲਾ, ਸੱਚ ਦਾ ਸਾਥ ਦੇਣ ਵਾਲਾ ਸੁਹਿਰਦ, ਸਹਿਣਸ਼ੀਲ ਤੇ ਨੈਤਿਕ ਗੁਣਾਂ ਨਾਲ ਭਰਪੂਰ ਹੁੰਦਾ ਹੈ। ਉਹ ਹਮੇਸ਼ਾ ਉੱਚੀ ਸੋਚ ਵਾਲਾ ਹੁੰਦਾ ਹੈ। ਜਿਹੜੇ ਅਧਿਆਪਕ ਦੋਸਤਾਨਾ ਤੇ ਮਦਦ ਵਾਲਾ ਵਿਹਾਰ ਕਰਦੇ ਹਨ, ਉਹ ਚੰਗੇ ਅਧਿਆਪਕ ਹੁੰਦੇ ਹਨ। ਕਹਿੰਦੇ ਹਨ ਕਿ ਅਧਿਆਪਕ ਉਹ ਦੀਵਾ ਹੈ, ਜੋ ਖ਼ੁਦ ਬਲ ਕੇ ਦੂਸਰਿਆਂ ਨੂੰ ਰੋਸ਼ਨੀ ਦਿੰਦਾ ਹੈ।

ਨਿੱਜੀ ਸਮੱਸਿਆਵਾਂ ਨੂੰ ਕਰਦਾ ਹੈ ਹੱਲ

ਅਧਿਆਪਕ ਵਿਦਿਆਰਥੀ ਮਨਾਂ ਵਿੱਚੋਂ ਪਿਛਾਂਹਖਿੱਚੂ ਸੋਚ, ਮਾੜੇ ਵਿਚਾਰ, ਅਨੈਤਿਕਤਾ ਨੂੰ ਦੂਰ ਕਰਦਾ ਹੈ। ਉਹ ਵਿਦਿਆਰਥੀਆਂ ਦੀਆਂ ਨਿੱਜੀ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕਰਦਾ ਹੈ। ਇਸ ਤੋਂ ਇਲਾਵਾ ਉਹ ਵਿਦਿਆਰਥੀਆਂ ਨੂੰ ਸਮਾਜਿਕ ਕੰਮਾਂ ’ਚ ਹਿੱਸਾ ਲੈਣ ਲਈ ਵੀ ਸਮੇਂ-ਸਮੇਂ ’ਤੇ ਪ੍ਰੇਰਦੇ ਰਹਿੰਦੇ ਹਨ। ਚੰਗਾ ਅਧਿਆਪਕ ਵਿਦਿਆਰਥੀਆਂ ਦੀ ਸ਼ਬਦਾਵਲੀ ਨੂੰ ਅਮੀਰ ਬਣਾਉਣ ’ਚ ਸਹਾਇਤਾ ਕਰਦਾ ਹੈ, ਉਨ੍ਹਾਂ ਨੂੰ ਕੁੰਜੀਵਤ ਸ਼ਬਦ ਪ੍ਰਦਾਨ ਕਰਦਾ ਹੈ। ਚੰਗੇ ਅਧਿਆਪਕ ਕੋਲ ਵਿੱਦਿਆ ਦਾ ਅਨਮੋਲ ਖ਼ਜ਼ਾਨਾ ਹੁੰਦਾ ਹੈ। ਵਿਲੀਅਮ ਏਅਰਜ਼ ਆਪਣੀ ਪੁਸਤਕ ‘ਟੂ ਟੀਚ ਦਿ ਜਰਨੀ ਆਫ ਏ ਟੀਚਰ’ ’ਚ ਇਸ ਗੱਲ ਦਾ ਜਵਾਬ ਦਿੰਦਾ ਹੈ ਕਿ ਅਸਰਦਾਰ ਸਿੱਖਿਆ ਦੇਣ ਲਈ ਸਮਝਦਾਰ, ਕਦਰਦਾਨ ਤੇ ਮਿਹਨਤੀ ਟੀਚਰਾਂ ਦੀ ਜ਼ਰੂਰਤ ਹੈ। ਚੰਗੀ ਸਿੱਖਿਆ ਦੇਣ ਲਈ ਖ਼ਾਸ ਤਕਨੀਕਾਂ ਜ਼ਿਆਦਾ ਜ਼ਰੂਰੀ ਨਹੀਂ ਹਨ।

ਚੁਣੌਤੀਆਂ ਨਾਲ ਲੜਨ ਲਈ ਕਰਦੈ ਤਿਆਰ

ਵਿਦਿਆਰਥੀ ਅਧਿਆਪਕਾਂ ਨਾਲ ਹੀ ਜ਼ਿਆਦਾ ਸਮਾਂ ਬਿਤਾਉਂਦੇ ਹਨ, ਇਸ ਲਈ ਸਿੱਧੇ-ਅਸਿੱਧੇ ਤੌਰ ’ਤੇ ਉਹ ਵਿਦਿਆਰਥੀ ਦੀ ਜ਼ਿੰਦਗੀ ਲਈ ਮਹੱਤਵ ਦੇ ਅੰਕੜੇ ਬਣ ਜਾਂਦੇ ਹਨ। ਇਸ ਕਰਕੇ ਆਦਰਸ਼ ਅਧਿਆਪਕਾਂ ਦਾ ਫ਼ਰਜ਼ ਬਣਦਾ ਹੈ ਕਿ ਉਹ ਬੱਚਿਆਂ ਨਾਲ ਅਜਿਹਾ ਰਵੱਈਆ ਰੱਖਣ, ਤਾਂ ਜੋ ਉਹ ਵਿਦਿਆਰਥੀਆਂ ਲਈ ਚੰਗੀ ਮਿਸਾਲ ਬਣ ਸਕਣ। ਇਕ ਆਦਰਸ਼ਵਾਦੀ ਅਧਿਆਪਕ ਬੱਚਿਆਂ ਨੂੰ ਭਵਿੱਖ ’ਚ ਆਉਣ ਵਾਲੀਆਂ ਚੁਣੌਤੀਆਂ ਨਾਲ ਲੜਨ ਲਈ ਤਿਆਰ ਕਰਦਾ ਹੈ। ਉਹ ਆਉਣ ਵਾਲੇ ਸਮੇਂ ਲਈ ਚੰਗੇ ਲੀਡਰ, ਨੇਤਾ ਪੈਦਾ ਕਰਦਾ ਹੈ, ਤਾਂ ਜੋ ਉਹ ਲੋਕਾਂ ਲਈ ਇਕ ਉਦਾਹਰਨ ਬਣ ਸਕਣ ਤੇ ਦੇਸ਼ ਦਾ ਭਵਿੱਖ ਸੰਵਾਰ ਸਕਣ।

ਗੁਰੂ ਦਾ ਕਰੋ ਸਤਿਕਾਰ

ਅਧਿਆਪਕ ਗੁਰੂ ਹੈ ਤੇ ਵਿਦਿਆਰਥੀ ਸ਼ਿਸ਼। ਗੁਰੂ-ਚੇਲੇ ਦਾ ਇਹ ਰਿਸ਼ਤਾ ਬਹੁਤ ਪਵਿੱਤਰ ਹੁੰਦਾ ਹੈ। ਵਿਦਿਆਰਥੀਆਂ ਨੂੰ ਹਮੇਸ਼ਾ ਗੁਰੂ ਦਾ ਸਤਿਕਾਰ ਕਰਨਾ ਚਾਹੀਦਾ ਹੈ। ਚੰਗਾ ਅਧਿਆਪਕ ਪੜ੍ਹਾਈ ਦੇ ਨਾਲ-ਨਾਲ ਵਿਦਿਆਰਥੀਆਂ ਨੂੰ ਜੀਵਨ ’ਚ ਖੇਡਾਂ ਨੂੰ ਅਪਣਾਉਣ ਉੱਤੇ ਜ਼ੋਰ ਦਿੰਦਾ ਹੈ। ਸਿਖਲਾਈ ਦੇਣਾ ਅਧਿਆਪਕਾਂ ਦੀ ਮੁੱਖ ਭੂਮਿਕਾ ਹੈ। ਇਸ ਭੂਮਿਕਾ ’ਚ ਵਿਦਿਆਰਥੀਆਂ ਵੱਲੋਂ ਸਿੱਖਣ ਦੀ ਇੱਛਾ ਨੂੰ ਉਤਸ਼ਾਹਿਤ ਕਰਨਾ ਆਦਰਸ਼ ਅਧਿਆਪਕ ਦਾ ਫ਼ਰਜ਼ ਬਣਦਾ ਹੈ। ਅਧਿਆਪਕ ਚੰਗੀ ਸੋਚ ਦਾ ਮਾਲਕ ਹੋਣਾ ਚਾਹੀਦਾ ਹੈ, ਜੋ ਵਿਦਿਆਰਥੀਆਂ ਨੂੰ ਅਤੇ ਸਮਾਜ ਨੂੰ ਚੰਗੀ ਸੇਧ ਦੇ ਕੇ ਚੰਗੇ ਸਮਾਜ ਦੀ ਸਿਰਜਣਾ ਕਰ ਸਕੇ। ਆਦਰਸ਼ ਅਧਿਆਪਕ ਦੀ ਪਹਿਲੀ ਤਰਜੀਹ ਆਦਰਸ਼ ਤੇ ਆਚਰਨ ਨਿਰਮਾਣਕਾਰੀ ਹੁੰਦੀ ਹੈ।

ਸਮਾਜ ’ਚ ਵਿਚਰਨ ਦੇ ਬਣਾਉਂਦਾ ਹੈ ਕਾਬਿਲ

ਨੈਤਿਕ ਕਦਰਾਂ-ਕੀਮਤਾਂ ਨਾਲ ਭਰਪੂਰ ਅਧਿਆਪਕ ਵਿਦਿਆਰਥੀਆਂ ਦੀ ਜ਼ਿੰਦਗੀ ’ਚ ਰੰਗ ਭਰਦਾ ਹੈ, ਜਿਵੇਂ ਇਕ ਮਾਲੀ ਪਹਿਲਾਂ ਬੀਜ ਬੀਜਦਾ ਹੈ, ਫਿਰ ਪਾਣੀ ਪਾਉਂਦਾ ਹੈ, ਪੌਦੇ ਦੀ ਦੇਖਭਾਲ ਕਰਦਾ ਹੈ ਤੇ ਜਦੋਂ ਪੌਦਾ ਵੱਡਾ ਹੋ ਜਾਂਦਾ ਹੈ ਤਾਂ ਉਹ ਮਿੱਠੇ ਫਲ ਦਿੰਦਾ ਹੈ। ਇਸੇ ਤਰ੍ਹਾਂ ਇਕ ਅਧਿਆਪਕ ਵੀ ਬੱਚੇ ਨੂੰ ਪਾਲਦਾ ਹੈ। ਚੰਗਾ ਅਧਿਆਪਕ ਜਿੱਥੇ ਆਪ ਸਮੇਂ ਸਿਰ ਕਲਾਸ ਲੈਂਦਾ ਹੈ, ਉੱਥੇ ਹੀ ਬੱਚਿਆਂ ਨੂੰ ਵੀ ਸਮੇਂ ਸਿਰ ਕਲਾਸ ’ਚ ਆਉਣ ਬਾਰੇ ਕਹੇਗਾ। ਡਾ. ਸਰਵਪੱਲੀ ਰਾਧਾ ਕਿ੍ਰਸ਼ਨਨ ਅਨੁਸਾਰ ਅਧਿਆਪਕ ਸਮਾਜ ਦੇ ਸਭ ਤੋਂ ਵੱਧ ਰੋਸ਼ਨ ਦਿਮਾਗ਼ ਹੁੰਦੇ ਹਨ। ਅਧਿਆਪਕ ਅਤੇ ਵਿਦਿਆਰਥੀ ਦੀ ਸਾਂਝ ਸਿਰਫ਼ ਪੜ੍ਹਾਈ ਤਕ ਹੀ ਸੀਮਤ ਨਹੀਂ ਹੁੰਦੀ ਸਗੋਂ ਅਧਿਆਪਕ ਵਿਦਿਆਰਥੀ ਨੂੰ ਜ਼ਿੰਦਗੀ ਦੀਆਂ ਪੌੜੀਆਂ ਚੜ੍ਹਨ ਦੇ ਕਾਬਿਲ ਬਣਾਉਣ ’ਚ ਵੀ ਅਹਿਮ ਰੋਲ ਅਦਾ ਕਰਦਾ ਹੈ।

ਅਜੋਕੇ ਦੌਰ ਵਿਚ ਵਿਦਿਆਰਥੀਆਂ ਨੂੰ ਵਕਤ ਦੇ ਹਾਣੀ ਬਣਾਉਣ ਦੀ ਵੱਡੀ ਜ਼ਿੰਮੇਵਾਰੀ ਵੀ ਅਧਿਆਪਕ ਦੀ ਹੈ, ਜਿਸ ਦੀ ਸਫ਼ਲ ਉਦਾਹਰਣ ਕੋਵਿਡ-19 ’ਚ ਲੱਗੇ ਲਾਕਡਾਊਨ ਦੌਰਾਨ ਆਨਲਾਈਨ ਪੜ੍ਹਾਈ ਦੇ ਸੂਤਰਧਾਰ ਬਣ ਕੇ ਅਧਿਆਪਕਾਂ ਨੇ ਪੇਸ਼ ਕੀਤੀ ਹੈ। ਉਨ੍ਹਾਂ ਨੇ ਸਿੱਖਿਆ ਦੀਆਂ ਨਵੀਂਆਂ ਸੰਚਾਰ ਵਿਧੀਆਂ ਰਾਹੀਂ ਬੱਚਿਆਂ ਨੂੰ ਆਨਲਾਈਨ ਸਿੱਖਿਆ ਦੇ ਕੇ ਆਪਣੀ ਹਿੰਮਤ ਤੇ ਯੋਗਤਾ ਦਾ ਨਤੀਜਾ ਵੀ ਦਿੱਤਾ ਹੈ। ਅਧਿਆਪਕ ਦੀ ਪ੍ਰੇਰਨਾ ਦੇ ਲੜ ਲੱਗ ਕੇ, ਉਸ ਨੂੰ ਬਣਦਾ ਸਤਿਕਾਰ ਦੇ ਕੇ ਅੱਜ ਦੇ ਵਿਦਿਆਰਥੀ ਆਪਣੇ ਸੁਪਨਿਆਂ ਨੂੰ ਸਫਲਤਾਵਾਂ ਦੇ ਸੱਚ ’ਚ ਬਦਲ ਸਕਦੇ ਹਨ।

ਬੱਚਿਆਂ ਲਈ ਰੋਲ ਮਾਡਲ ਬਣਨਾ ਜ਼ਰੂਰੀ

ਅਧਿਆਪਕ ਕੌਮ ਦਾ ਨਿਰਮਾਤਾ ਹੁੰਦੇ ਹਨ। ਇਸ ਲਈ ਅਧਿਆਪਕ ਦਾ ਬੱਚਿਆਂ ਲਈ ਰੋਲ ਮਾਡਲ ਬਣਨਾ ਬਹੁਤ ਜ਼ਰੂਰੀ ਹੈ, ਜਿਸ ਨੂੰ ਦੇਖ ਕੇ ਬੱਚੇ ਸਿੱਖਦੇ ਹਨ। ਬੱਚੇ ਆਪਣੇ ਪਰਿਵਾਰ ਨਾਲ ਘੱਟ ਤੇ ਅਧਿਆਪਕ ਨਾਲ ਜ਼ਿਆਦਾ ਸਮਾਂ ਬਤੀਤ ਕਰਦੇ ਹਨ। ਜਿਹੋ ਜਿਹੀਆਂ ਆਦਤਾਂ ਇਕ ਅਧਿਆਪਕ ਦੀਆਂ ਹੋਣਗੀਆਂ, ਬੱਚਾ ਵੀ ਉਹੀ ਆਦਤਾਂ ਗ੍ਰਹਿਣ ਕਰੇਗਾ। ਇਕ ਚੰਗਾ ਅਧਿਆਪਕ ਹਮੇਸ਼ਾ ਬਲੈਕ ਬੋਰਡ ਤੇ ਹੋਰ ਸਮੱਗਰੀ ਦੀ ਵਰਤੋਂ ਕਰ ਕੇ ਪੜ੍ਹਾਉਂਦਾ ਹੈ। ਕਲਾਸ ’ਚ ਅਨੁਸ਼ਾਸਨ ’ਤੇ ਜ਼ੋਰ ਦਿੰਦਾ ਹੈ। ਵਿਦਿਆਰਥੀਆਂ ਨੂੰ ਜ਼ਰੂਰੀ ਜਾਣਕਾਰੀ ਦਿੰਦਾ ਹੈ, ਸਮੇਂ-ਸਮੇਂ ਕਾਪੀਆਂ ਚੈੱਕ ਕਰਦਾ ਹੈ, ਅਭਿਆਸ ਕਰਵਾਉਣ ’ਤੇ ਜ਼ੋਰ ਦਿੰਦਾ ਹੈ ਤੇ ਬੱਚਿਆਂ ਨੂੰ ਖ਼ੁਦ ਪ੍ਰਸ਼ਨ-ਉੱਤਰ ਲੱਭ ਕੇ ਹੱਲ ਕਰਨ ਲਈ ਕਹਿੰਦਾ ਹੈ।

- ਗਗਨਦੀਪ ਕੌਰ ਧਾਲੀਵਾਲ

Posted By: Harjinder Sodhi