ਕਿਸੇ ਛੋਟੇ ਜਿਹੇ ਬੱਚੇ ਨੂੰ ਪੁੱਛਿਆ ਜਾਵੇ ਕਿ ਉਹ ਵੱਡਾ ਹੋ ਕੇ ਕੀ ਬਣਨਾ ਚਾਹੁੰਦਾ ਹੈ? ਜਵਾਬ 'ਚ ਉਹ ਬੱਚਾ ਆਪਣਾ ਸਿਰ ਸੁੱਟ ਕੇ ਧਿਆਨ ਨੀਵਾਂ ਕਰ ਲਵੇਗਾ। ਇਸ ਦੇ ਉਲਟ ਸੁਲਝੇ ਹੋਏ ਬਾਹਰਲੇ ਮੁਲਕਾਂ ਦੇ ਛੋਟੇ-ਛੋਟੇ ਬੱਚੇ ਵੀ ਆਪਣੇ ਜੀਵਨ ਦਾ ਨਿਸ਼ਾਨਾ ਮਿੱਥ ਚੁੱਕੇ ਹੁੰਦੇ ਹਨ। ਉਹ ਅਧਿਆਪਕ, ਡਾਕਟਰ, ਫਿਲਮਸਾਜ਼, ਐਨੀਮੇਟਰ, ਪੁਲਿਸ ਅਫਸਰ ਤੇ ਪਾਇਲਟ ਆਦਿ ਬਣਨ ਲਈ ਲੋੜੀਂਦੀ ਪੜ੍ਹਾਈ ਸ਼ੁਰੂ ਕਰ ਕੇ ਅੰਤ ਨੂੰ ਆਪਣਾ ਮਨਚਾਹਿਆ ਜੀਵਨ ਟੀਚਾ ਪ੍ਰਾਪਤ ਕਰ ਲੈਂਦੇ ਹਨ।

ਮਾਂ-ਬਾਪ ਤੇ ਮੌਜੂਦਾ ਵਾਤਾਵਰਨ ਬੱਚੇ ਦੀਆਂ ਆਦਤਾਂ ਸੁਆਰਨ ਤੇ ਵਿਗਾੜਨ 'ਚ ਬੜੇ ਸਹਾਈ ਹੁੰਦੇ ਹਨ। ਦੇਖੋ-ਦੇਖੀ ਇਕ ਸ਼ਰਾਬੀ ਪਿਓ ਦਾ ਬੱਚਾ ਪਾਣੀ ਵੀ ਸ਼ਰਾਬ ਵਾਂਗ ਪੀਂਦਾ ਹੈ, ਉਹ ਸ਼ਰਾਬੀਆਂ ਵਾਂਗ ਜ਼ੀਮਨ 'ਤੇ ਲਿਟਦਾ ਹੈ। ਮਾਂ-ਬਾਪ ਉਸ ਦੀ ਐਕਟਿੰਗ ਵੇਖ ਕੇ ਖ਼ੁਸ਼ ਹੁੰਦੇ ਹਨ। ਬੱਚੇ ਨੇ ਇਹ ਸਾਰਾ ਕੁਝ ਆਪਣੇ ਬਾਪ ਤੋਂ ਸਿੱਖਿਆ ਹੁੰਦਾ ਹੈ। ਇਸ ਲਈ ਉਹ ਸ਼ਰਾਬੀਆਂ ਵਾਲੇ ਖੇਖਣ ਕਰਦਾ ਹੈ। ਬੱਚਾ ਤਾਂ ਬੱਚਾ ਹੁੰਦਾ ਹੈ। ਉਸ ਨੂੰ ਜ਼ਹਿਰ ਵਰਗੀ ਸ਼ਰਾਬ ਦੇ ਭਿਆਨਕ ਨਤੀਜਿਆਂ ਦਾ ਪਤਾ ਨਹੀਂ ਹੁੰਦਾ। ਉਸ ਨੂੰ ਪਤਾ ਨਹੀਂ ਹੁੰਦਾ ਕਿ ਸ਼ਰਾਬ ਪੀਣ ਨਾਲ ਘਰਾਂ ਦੇ ਘਰ ਬਰਬਾਦ ਹੋ ਜਾਂਦੇ ਹਨ। ਜੇ ਬੱਚੇ ਨੂੰ ਸਮਝਾਇਆ ਜਾਵੇ ਕਿ ਗੰਦ 'ਚ ਲਿਟਣ ਵਾਲੇ ਸੂਰ ਤੇ ਸ਼ਰਾਬੀ 'ਚ ਕੋਈ ਖ਼ਾਸ ਫ਼ਰਕ ਨਹੀਂ ਹੁੰਦਾ ਤਾਂ ਬੱਚਾ ਆਪਣੇ ਬਚਪਨ 'ਚ ਹੀ ਸ਼ਰਾਬੀਪੁਣੇ ਨੂੰ ਹਮੇਸ਼ਾਲਈ ਤਿਆਗ ਸਕਦਾ ਹੈ।

ਘਰ-ਘਰ 'ਚ ਸਮਾਰਟਫੋਨ, ਟੀਵੀ ਤੇ ਲੈਪਟਾਪ ਆ ਗਏ ਹਨ। ਬੱਚੇ ਪੜ੍ਹਾਈ ਨਾਲੋਂ ਜ਼ਿਆਦਾ ਇਨ੍ਹਾਂ ਉਪਕਰਨਾਂ ਨੂੰ ਜ਼ਰੂਰੀ ਸਮਝਣ ਲੱਗ ਪਏ ਹਨ। ਉਹ ਲੱਚਰ ਸਮੱਗਰੀ, ਡਰਾਮੇ, ਮਾਰੂ ਖੇਡਾਂ ਤੇ ਫਿਲਮਾਂ ਨੂੰ ਬੜੇ ਗਹੁ ਨਾਲ ਦੇਖਦੇ ਹਨ। ਸਿਗਰਟ ਪੀਂਦੇ ਹੀਰੋ ਤੋਂ ਪ੍ਰਭਾਵਿਤ ਹੋ ਕੇ ਉਹ ਵੀ ਖ਼ਾਲੀ ਕਾਗਜ਼ ਦੀ ਸਿਗਰਟ ਸੁਲਘਾ ਕੇ ਪੀਂਦੇ ਹਨ। ਉਹ ਨਕਲੀ ਧੂੰਏ ਦੇ ਗੁਬਾਰੇ ਬਣਾਉਦੇ ਹਨ ਤੇ ਬੜੇ ਖ਼ੁਸ਼ ਹੁੰਦੇ ਹਨ। ਕਾਗ਼ਜ਼ ਦੀ ਸਿਗਰਟ ਤੋਂ ਬਾਅਦ ਉਹ ਸੱਚਮੁੱਚ ਦੀ ਸਿਗਰਟ ਪੀਣਾ ਲੋਚਦੇ ਹਨ। ਇਧਰੋਂ-ਉਧਰੋਂ ਪੈਸੇ ਚੁਰਾ ਕੇ ਉਹ ਚੋਰੀ ਛਿਪੇ ਸਿਗਰਟ, ਬੀੜੀ ਪੀਂਦੇ ਹਨ। ਉਨ੍ਹਾਂ ਵਿਚਾਰਿਆਂ ਨੂੰ ਸਿਗਰਟ, ਬੀੜੀ ਤੇ ਹੋਰ ਨਸ਼ਿਆਂ ਦੇ ਮਾਰੂ ਨਤੀਜਿਆਂ ਦਾ ਗਿਆਨ ਨਹੀਂ ਹੁੰਦਾ। ਸਿਗਰਟ ਤੇ ਹੋਰ ਨਸ਼ੇ ਸਾਡੇ ਸਾਹ-ਪ੍ਰਬੰਧ ਨੂੰ ਤਹਿਸ-ਨਹਿਸ ਕਰ ਦਿੰਦੇ ਹਨ। ਸਾਹ-ਰੋਗ, ਫੇਫੜਿਆਂ ਦਾ ਕੈਂਸਰ ਤੇ ਦੰਦਾਂ ਦਾ ਖ਼ਰਾਬ ਹੋਣਾ ਤੰਬਾਕੂ ਪੀਣ ਦਾ ਹੀ ਸਿੱਟਾ ਹੁੰਦਾ ਹੈ। ਘਰ 'ਚ ਮਾਪੇ, ਸਕੂਲ 'ਚ ਅਧਿਆਪਕ ਤੇ ਸਮਾਜ 'ਚ ਵੱਡ-ਵਡੇਰੇ ਜੇ ਚਾਹੁਣ ਤਾਂ ਬੱਚਿਆਂ ਨੂੰ ਇਹ ਸਾਰਾ ਕੁਝ ਬੜੀ ਆਸਾਨੀ ਨਾਲ ਸਮਝਾ ਸਕਦੇ ਹਨ।

ਬੱਚੇ ਮਾੜੀਆਂ ਆਦਤਾਂ ਦੇ ਨਾਲ-ਨਾਲ ਚੰਗੀਆਂ ਆਦਤਾਂ ਦਾ ਪ੍ਰਗਟਾਵਾ ਵੀ ਕਰਦੇ ਹਨ। ਬਿਮਾਰ ਮਾਂ ਦੇ ਕੋਲ ਬੈਠਾ ਹੋਇਆ ਇਕ ਬੱਚਾ ਤੀਲੇ ਦਾ ਟੀਕਾ ਬਣਾ ਕੇ ਆਪਣੀ ਮਾਂ ਨੂੰ ਲਗਾਉਂਦਾ ਹੈ। ਇਹ ਵਿਹਾਰ ਬੱਚੇ ਦੀਆਂ ਡਾਕਟਰ ਬਣਨ ਵਾਲੀਆਂ ਰੁਚੀਆਂ ਨੂੰ ਪ੍ਰਗਟਾਉਂਦਾ ਹੈ। ਅਜਿਹੇ ਬੱਚੇ ਨੂੰ ਸਿਹਤ ਵਿਗਿਆਨ ਬਾਰੇ ਜਾਣਕਾਰੀ ਦਿੱਤੀ ਜਾਵੇ ਤਾਂ ਇਕ ਦਿਨ ਉਹ ਜ਼ਰੂਰ ਡਾਕਟਰ ਬਣ ਸਕਦਾ ਹੈ।

ਘਰ 'ਚ ਪੜ੍ਹਾਈ-ਲਿਖਾਈ ਦਾ ਮਾਹੌਲ ਬੱਚੇ ਨੂੰ ਸਿਆਣਾ ਬਣਨ ਦੀ ਪ੍ਰੇਰਨਾ ਦਿੰਦਾ ਹੈ। ਅਜਿਹੇ ਘਰ 'ਚ ਛੋਟਾ ਜਿਹਾ ਬੱਚਾ ਨਿੱਕੀ ਜਿਹੀ ਸੋਟੀ ਫੜ ਕੇ ਆਪਣੇ ਵੱਡੇ ਭਰਾ ਨੂੰ ਹੋਮਵਰਕ ਕਰਨ ਲਈ ਕਹਿੰਦਾ ਹੈ। ਸੁੱਤੀ ਹੋਈ ਭੈਣ ਨੂੰ ਜਗਾਉਣ ਵਾਲਾ ਕੋਈ ਬੱਚਾ ਜਦੋਂ ਇਹ ਕਹਿੰਦਾ ਹੈ ਕਿ ਦੀਦੀ! ਘੜੀ ਦਾ ਅਲਾਰਮ ਵੱਜ ਚੁੱਕਾ ਹੈ, ਸਕੂਲ ਜਾਣ ਦੀ ਤਿਆਰੀ ਕਰ ਤਾਂ ਉਹ ਬੱਚਾ ਸਮੇਂ ਦੀ ਮਹਾਨਤਾ ਨੂੰ ਸਮਝਣ ਦੇ ਕਾਬਲ ਹੁੰਦਾ ਹੈ। ਅਜਿਹੇ ਬੱਚੇ ਸੁਚੱਜੀ ਅਗਵਾਈ ਨਾਲ ਇਕ ਦਿਨ ਸਮੇਂ ਦੇ ਪਾਬੰਦ ਹੋ ਕੇ ਮਹਾਨ ਨਾਗਰਿਕ ਬਣਨ ਦੇ ਯੋਗ ਹੋ ਜਾਂਦੇ ਹਨ।

ਕਈ ਬੱਚੇ, ਰੋਟੀਆਂ ਪਕਾ ਰਹੀ ਅੰਮੀ ਕੋਲੋਂ ਆਟਾ ਲੈ ਕੇ ਗੱਡੀ ਦਾ ਇੰਜਣ ਬਣਾਉਂਦੇ ਹਨ। ਅਜਿਹੇ ਬੱਚੇ ਮਸ਼ੀਨਰੀ ਵੱਲ ਰੁਚਿਤ ਹੁੰਦੇ ਹਨ। ਇਨ੍ਹਾਂ ਬੱਚਿਆਂ ਨੂੰ ਕਲਪੁਰਜ਼ੇ ਤੇ ਮਸ਼ੀਨਾਂ ਬਾਰੇ ਜਾਣਕਾਰੀ ਦਿੱਤੀ ਜਾਵੇ ਤਾਂ ਇਹ ਬੱਚੇ ਅੱਗੇ ਚੱਲ ਕੇ ਇੰਜੀਨੀਅਰ ਬਣ ਸਕਦੇ ਹਨ।

ਛੋਟੇ ਬੱਚੇ ਆਪਣੇ ਵੱਡੇ ਭੈਣ-ਭਰਾਵਾਂ ਦੇ ਬਸਤਿਆਂ ਵਿਚੋਂ ਪੈੱਨ-ਪੈਨਸਿਲਾਂ ਕੱਢ ਕੇ ਆਪਣੀ ਕਲਾ ਦੀ ਰੁਚੀ ਦਾ ਪ੍ਰਗਟਾਵਾ ਕਰਨ ਲਈ ਕੰਧਾਂ, ਫਰਸ਼, ਸਿਰਹਾਣੇ ਤੇ ਚਾਦਰਾਂ 'ਤੇ ਇੱਲ-ਬਤੌੜੇ ਝਰੀਟ ਦਿੰਦੇ ਹਨ। ਅਜਿਹਾ ਕਰਨ 'ਤੇ ਮਾਂ-ਪਿਓ ਬੱਚਿਆਂ ਨੂੰ ਪਿਆਰਨ, ਦੁਲਾਰਨ ਦੀ ਥਾਂ ਝਿੜਕਦੇ ਹਨ। ਇਸ ਵਰਤਾਰੇ ਨਾਲ ਬੱਚਿਆਂ ਦੇ ਕੋਮਲ ਮਨਾਂ 'ਚ ਡਰ ਪੈਂਦਾ ਹੋ ਜਾਂਦਾ ਹੈ। ਇਸ ਦੇ ਉਲਟ ਕੰਧਾਂ, ਕੱਪੜਿਆਂ 'ਤੇ ਲਕੀਰਾਂ ਮਾਰਨ ਵਾਲੇ ਬੱਚੇ ਨੂੰ ਇਕ ਸਲੇਟ ਜਾਂ ਕਾਪੀ ਤੇ ਰੰਗੀਨ ਪੈਨਸਿਲ ਲੈ ਦਿਓ। ਫੇਰ ਦੇਖੋ, ਉਹ ਬੱਚਾ ਚਾਈਂ-ਚਾਈਂ ਕਿਵੇਂ ਲਿਖਣਾ-ਪੜ੍ਹਨਾ ਸਿਖਦਾ ਹੈ ਤੇ ਕਿਵੇਂ ਆਪਣੇ ਅੰਦਰ ਲੁਕੀ ਕਲਾ ਨੂੰ ਨਿਖ਼ਾਰਨ ਲਈ ਯਤਨਸ਼ੀਲ ਹੁੰਦਾ ਹੈ। ਸ਼ੁਰੂ ਤੋਂ ਹੀ ਲਿਖਣ-ਪੜ੍ਹਨ ਵਲ ਰੁਚਿਤ ਕੀਤੇ ਹੋਏ ਬੱਚੇ ਹੀ ਅੱਗੇ ਚੱਲ ਕੇ ਦੇਸ਼ ਦੀ ਉਸਾਰੀ ਕਰਨ ਲਈ ਵਧ-ਚੜ੍ਹ ਕੇ ਹਿੱਸੇਦਾਰ ਬਣਦੇ ਹਨ।

ਰਾਕੇਟ, ਮਿਜ਼ਾਈਲਾਂ ਤੇ ਸੈਟੇਲਾਈਟਾਂ 'ਚ ਪਹਿਲਾਂ ਤੋਂ ਹੀ ਨਿਸ਼ਚਿਤ ਸਮਾਂ ਸਾਰਣੀ ਵਾਲੇ ਯੰਤਰ ਤੇ ਕਲਪੁਰਜ਼ੇ ਫਿੱਟ ਕਰ ਦਿੱਤੇ ਜਾਂਦੇ ਹਨ, ਜੋ ਅਜਿਹੇ ਯੰਤਰਾਂ ਨੂੰ ਆਪਣੀ ਮੰਜ਼ਿਲ 'ਤੇ ਪਹੁੰਚਣ ਵਿਚ ਸਹਾਈ ਹੁੰਦੇ ਹਨ। ਕੀ ਮਜ਼ਾਲ ਇਹ ਮਸ਼ੀਨਾਂ ਆਪਣੇ ਮਿੱਥੇ ਹੋਏ ਨਿਸ਼ਾਨੇ ਤੋਂ ਰਤੀ ਭਰ ਵੀ ਇਧਰ-ਉਧਰ ਹੋ ਜਾਣ। ਇਨ੍ਹਾਂ ਮਸ਼ੀਨਾਂ ਵਾਂਗ ਅੱਜ ਦੇ ਬੱਚੇ ਤੇ ਕੱਲ੍ਹ ਦੇ ਵਾਰਿਸਾਂ ਨੂੰ ਚੰਗੇਰੇ ਵਾਤਾਵਰਨ 'ਚ ਸੁਚੱਜੀਆਂ ਆਦਤਾਂ ਸਿਖਾ ਕੇ ਬੜ ਸਿਆਣੇ ਤੇ ਜ਼ਿੰਮੇਵਾਰ ਮਨੁੱਖ ਵੀ ਬਣਾਇਆ ਜਾ ਸਕਦਾ ਹੈ। ਆਪਣੇ ਜੀਵਨ ਦੇ ਨਿਸ਼ਾਨੇ ਪ੍ਰਤੀ ਸੁਚੇਤ ਬੱਚੇ ਕਦਮ-ਬ-ਕਦਮ ਆਪਣੀ ਮਿੱਥੀ ਹੋਈ ਮੰਜ਼ਿਲ 'ਤੇ ਪਹੁੰਚ ਹੀ ਜਾਂਦੇ ਹਨ।

- ਹਰਦੇਵ ਚੌਹਾਨ

70098-57708

Posted By: Harjinder Sodhi