ਅਨੁਸ਼ਾਸਨ ਮਨੁੱਖੀ ਜੀਵਨ ’ਚ ਮਹੱਤਵਪੂਰਨ ਸਥਾਨ ਰੱਖਦਾ ਹੈ। ਅਨੁਸ਼ਾਸਨ ਦਾ ਮਤਲਬ ਹੈ ਨਿਯਮਾਂ ਤੇ ਕਾਨੂੰਨ ਦੀ ਪਾਲਣਾ। ਇਹ ਮਨੁੱਖ ਦੇ ਦਿਮਾਗ਼ ਤੇ ਆਚਰਨ ਨੂੰ ਅਜਿਹੀ ਸਿੱਖਿਆ ਦਿੰਦਾ ਹੈ, ਜਿਸ ਨਾਲ ਉਹ ਆਪਣੇ ਆਪ ’ਤੇ ਕਾਬੂ ਰੱਖ ਸਕੇ ਤੇ ਆਗਿਆਕਾਰੀ ਬਣ ਸਕੇ। ਸਾਡੇ ਸਰੀਰ ਦੇ ਅੰਗ ਵੀ ਅਨੁਸ਼ਾਸਨ ਅਨੁਸਾਰ ਹੀ ਇਕ-ਦੂਜੇ ਦੀ ਸਹਾਇਤਾ ਕਰਦੇ ਹਨ। ਸਾਡੀ ਜ਼ਿੰਦਗੀ ’ਚ ਸਭ ਤੋਂ ਵੱਡੀ ਉਦਾਹਰਨ ਉਹ ਛੋਟੀਆਂ-ਛੋਟੀਆਂ ਕੀੜੀਆਂ ਦੀ ਹੈ, ਜੋ ਇਕ ਕਤਾਰ ’ਚ ਚੱਲ ਕੇ ਅਨੁਸ਼ਾਸਨ ਵਿਚ ਰਹਿ ਕੇ ਆਪਣਾ ਕੰਮ ਕਰਦੀਆਂ ਹਨ। ਇਸੇ ਤਰ੍ਹਾਂ ਅਨੁਸ਼ਾਸਨ ਮਨੁੱਖੀ ਜ਼ਿੰਦਗੀ ਤੇ ਸਰੀਰ ’ਚ ਮਹੱਤਵਪੂਰਨ ਸਥਾਨ ਰੱਖਦਾ ਹੈ। ਵਿਸ਼ਵ ਭਰ ’ਚ ਹਰ ਥਾਂ ’ਤੇ ਨਿਯਮਾਂ ਤੇ ਕਾਨੂੰਨਾਂ ਦਾ ਰਾਜ ਹੁੰਦਾ ਹੈ, ਜਿਸ ਦੀ ਹਰ ਮਨੁੱਖ ਨੂੰ ਪਾਲਣਾ ਕਰਨੀ ਪੈਂਦੀ ਹੈ।

ਸੱਭਿਅਕ ਸਮਾਜ ਦੀ ਨੀਂਹ

ਅਨੁਸ਼ਾਸਨ ਹਰ ਸੱਭਿਅਕ ਸਮਾਜ ਦੀ ਨੀਂਹ ਹੁੰਦਾ ਹੈ। ਇਸੇ ਤਰ੍ਹਾਂ ਜੇ ਸਾਡੇ ਆਲੇ-ਦੁਆਲੇ ਨਿਯਮ ਤੇ ਕਾਨੂੰਨ ਨਾ ਹੋਣ ਤਾਂ ਸਾਡਾ ਜਿਊਣਾ ਔਖਾ ਹੋ ਜਾਵੇਗਾ। ਇਸ ਤੋਂ ਬਿਨਾਂ ਸਾਡੀ ਹਾਲਤ ‘ਸਿਰ ’ਤੇ ਨਹੀਂ ਕੁੰਡਾ ਤੇ ਹਾਥੀ ਫਿਰੇ ਲੁੰਡਾ’ ਵਾਲੀ ਹੋ ਜਾਵੇਗੀ, ਜਿਸ ਨਾਲ ਹਰ ਪਾਸੇ ਖਲਬਲੀ ਮਚ ਜਾਵੇਗੀ। ਅਨੁਸ਼ਾਸਨ ਸਾਡੇ ਜੀਵਨ ਨੂੰ ਕਾਬੂ ਵਿਚ ਰੱਖਦਾ ਹੈ ਤੇ ਜ਼ਿੰਦਗੀ ’ਚ ਮਿਠਾਸ ਭਰਦਾ ਹੈ।

ਇਹ ਮਨੁੱਖੀ ਚਰਿੱਤਰ ਦੀ ਰੀੜ੍ਹ ਦੀ ਹੱਡੀ ਹੈ। ਇਹ ਮਨੁੱਖੀ ਸ਼ਖ਼ਸੀਅਤ ਨੂੰ ਬੁਲੰਦੀਆਂ ਦਾ ਤਾਜ ਪਹਿਨਾਉਂਦਾ ਹੈ। ਇਸ ਤੋਂ ਬਿਨਾਂ ਸਾਡੀ ਜ਼ਿੰਦਗੀ ਫਿੱਕੀ ਤੇ ਬੇਰੰਗ ਹੁੰਦੀ ਹੈ। ਜੇ ਇਕ ਵਿਦਿਆਰਥੀ ’ਚ ਅਨੁਸ਼ਾਸਨ ਨਹੀਂ ਤਾਂ ਉਹ ਇਕ ਚੰਗਾ ਵਿਦਿਆਰਥੀ ਨਹੀਂ। ਇਕ ਚੰਗੇ ਖਿਡਾਰੀ ’ਚ ਅਨੁਸ਼ਾਸਨ ਨਹੀਂ ਤਾਂ ਉਹ ਇਕ ਚੰਗਾ ਕਰਮਚਾਰੀ ਨਹੀਂ ਅਖਵਾ ਸਕਦਾ, ਇਸੇ ਤਰ੍ਹਾਂ ਇਕ ਨਾਗਰਿਕ ’ਚ ਅਨੁਸ਼ਾਸਨ ਦੀ ਭਾਵਨਾ ਨਹੀਂ ਤਾਂ ਉਹ ਚੰਗਾ ਨਾਗਰਿਕ ਨਹੀਂ ਬਣ ਸਕਦਾ।

ਕੀਮਤੀ ਖ਼ਜ਼ਾਨਾ ਹੈ ਅਨੁਸ਼ਾਸਨ

ਜੇ ਗੌਰ ਨਾਲ ਦੇਖੀਏ ਤਾਂ ਸਾਨੂੰ ਸਾਡੀ ਕੁਦਰਤ, ਸੂਰਜ, ਚੰਨ, ਤਾਰੇ, ਧਰਤੀ, ਹਵਾ, ਪਾਣੀ ਅਤੇ ਸਾਰੇ ਖੰਡ-ਬ੍ਰਹਿਮੰਡ ਇਕ ਅਨੁਸ਼ਾਸਨ ’ਚ ਬੱਝੇ ਦਿਖਾਈ ਦਿੰਦੇ ਹਨ। ਦਿਲਚਸਪ ਗੱਲ ਇਹ ਹੈ ਕਿ ਵਿਗਿਆਨੀਆਂ ਨੇ ਸੂਰਜੀ ਪਰਿਵਾਰ ਦੇ ਨੌਵੇਂ ਗ੍ਰਹਿ ਪਲੂਟੋ ਨੂੰ ਸੂਰਜੀ ਪਰਿਵਾਰ ਵਿੱਚੋਂ ਇਸੇ ਕਰਕੇ ਬਾਹਰ ਕੱਢ ਦਿੱਤਾ ਸੀ ਕਿਉਂਕਿ ਉਹ ਅਨੁਸ਼ਾਸਨ ’ਚ ਨਹੀਂ ਸੀ। ਸਾਨੂੰ ਸਾਰਿਆਂ ਨੂੰ ਆਪਣੇ ਜੀਵਨ ’ਚ ਅਨੁਸ਼ਾਸਨ ਨੂੰ ਵੱਧ ਤੋਂ ਵੱਧ ਅਪਣਾਉਣਾ ਚਾਹੀਦਾ ਹੈ।

ਇਹ ਇਕ ਕੀਮਤੀ ਖ਼ਜ਼ਾਨਾ ਹੈ। ਇਸ ਦੀ ਸੰਭਾਲ ਕਰ ਕੇ ਅਸੀਂ ਸੱੁਖ, ਆਰਾਮ, ਖ਼ੁਸ਼ਹਾਲੀ ਤੇ ਸਨਮਾਨ ਨੂੰ ਪ੍ਰਾਪਤ ਕਰ ਸਕਦੇ ਹਾਂ। ਅਨੁਸ਼ਾਸਨਹੀਣ ਵਿਅਕਤੀ ਜ਼ਿੰਦਗੀ ’ਚ ਕਦੇ ਵੀ ਸਫਲਤਾ ਪ੍ਰਾਪਤ ਨਹੀਂ ਕਰ ਸਕਦਾ। ਅਨੁਸ਼ਾਸਨ ’ਚ ਰਹਿ ਕੇ ਅਸੀਂ ਜ਼ਿੰਦਗੀ ਦੀ ਹਰ ਦੌੜ ’ਚ ਕਾਮਯਾਬ ਹੋ ਸਕਦੇ ਹਾਂ ਅਤੇ ਨਵੀਆਂ ਮੰਜ਼ਿਲਾਂ ਪ੍ਰਾਪਤ ਕਰ ਸਕਦੇ ਹਾਂ।

ਕਰੋ ਸਮੇਂ ਦੀ ਕਦਰ

ਅਨੁਸ਼ਾਸਨ ਵਿਹੂਣਾ ਮਨੁੱਖ ਜ਼ਿੰਦਗੀ ਦਾ ਆਨੰਦ ਨਹੀਂ ਮਾਣ ਸਕਦਾ। ਅਨੁਸ਼ਾਸਨ ’ਚ ਰਹਿ ਕੇ ਤੇ ਸਮੇਂ ਦੀ ਕਦਰ ਕਰ ਕੇ ਅਸੀਂ ਆਪਣੀ ਜ਼ਿੰਦਗੀ ਦੀ ਫੁਲਵਾੜੀ ’ਚ ਰੰਗ ਭਰ ਸਕਦੇ ਹਾਂ। ਅਨੁਸ਼ਾਸਿਤ ਮਨੁੱਖ ਜਿੱਥੇ ਉੱਨਤੀ ਦੀਆਂ ਸਿਖ਼ਰਾਂ ਛੂਹਦਾ ਹੈ, ਉੱਥੇ ਹੀ ਅਨੁਸ਼ਾਸਨਹੀਣ ਮਨੁੱਖ ਗਿਰਾਵਟ ਤੇ ਗ਼ੁਲਾਮੀ ਦਾ ਸ਼ਿਕਾਰ ਬਣਦਾ ਹੈ। ਇਸ ਲਈ ਇਕ ਕਾਮਯਾਬ ਇਨਸਾਨ ਬਣਨ ਲਈ ਮਨੁੱਖ ਦੇ ਜੀਵਨ ਵਿਚ ਅਨੁਸ਼ਾਸਨ ਦਾ ਰੋਲ ਅਹਿਮ ਹੈ ਕਿਉਂਕਿ ਵਿਦਵਾਨਾਂ ਨੇ ਕਿਹਾ ਹੈ ਕਿ ਕਾਮਯਾਬੀ ਦਾ ਰਾਜ਼ ਅਨੁਸ਼ਾਸਨ ਹੈ।

(ਧੰਨਵਾਦ ਸਹਿਤ ਨੈਤਿਕ ਨਿਯਮ ਕਿਤਾਬ ’ਚੋਂ)

- ਸਲਵਿੰਦਰ ਸਿੰਘ ਸਮਰਾ

Posted By: Harjinder Sodhi