ਜਦੋਂ ਅਸੀਂ ਕੋਈ ਵੀ ਕੋਸ਼ਿਸ਼ ਕਰਦੇ ਹਾਂ ਤਾਂ ਉਸ ਪਿੱਛੇ ਸਾਡੀ ਕੋਈ ਨਾ ਕੋਈ ਮਨਸ਼ਾ ਜ਼ਰੂਰ ਜੁੜੀ ਹੁੰਦੀ ਹੈ, ਇਸ ਲਈ ਸਾਡੀਆਂ ਚਾਹਤਾਂ ਦਾ ਸਾਡੇ ਯਤਨਾਂ ਨਾਲ ਸਿੱਧਾ ਸਬੰਧ ਹੁੰਦਾ ਹੈ। ਜੇ ਸਾਨੂੰ ਫਲ ਦੀ ਮਿਠਾਸ ਦਾ ਪਤਾ ਨਾ ਹੋਵੇ ਤਾਂ ਸਾਡੀਆਂ ਕੋਸ਼ਿਸ਼ਾਂ ਤਾਕਤਵਰ ਨਹੀਂ ਰਹਿੰਦੀਆਂ, ਕੰਮ ਕਰਨਾ ਬੋਝਲ ਲਗਦਾ ਹੈ। ਇਹ ਵੀ ਕਿਹਾ ਜਾਂਦਾ ਹੈ ਕਿ ਕੇਵਲ ਨਿਸ਼ਾਨੇ ਬਾਰੇ ਨਾ ਸੋਚੋ ਸਗੋਂ ਮੰਜ਼ਿਲ ਤਕ ਜਾਂਦੇ ਵਕਤ ਸਫ਼ਰ ਦੀ ਲੱਜਤ ਲੈਣੀ ਵੀ ਸਿੱਖੋ। ਜੇ ਸਿੱਖਿਆ ਦੀ ਗੱਲ ਕਰੀਏ ਤਾਂ ਕਿਹਾ ਜਾਂਦਾ ਹੈ ਕਿ ਵਿੱਦਿਆ ਦੀਆਂ ਜੜ੍ਹਾਂ ਕੌੜੀਆਂ ਅਤੇ ਫਲ ਮਿੱਠਾ ਹੁੰਦਾ ਹੈ। ਇਸ ਦਾ ਸਰਲ ਭਾਸ਼ਾ ’ਚ ਭਾਵ ਹੈ ਕਿ ਵਿੱਦਿਆ ਪ੍ਰਾਪਤੀ ਲਈ ਮਿਹਨਤ ਬਹੁਤ ਕਰਨੀ ਪੈਂਦੀ ਹੈ। ਬੱਚਿਆਂ ਨੂੰ ਪੜ੍ਹਾਈ ਦੀ ਮਹੱਤਤਾ ਮਹਿਸੂਸ ਕਰਵਾਉਣ ਦੀ ਲੋੜ ਹੁੰਦੀ ਹੈ। ਬੱਚਿਆਂ ਨੂੰ ਪ੍ਰੇਰਿਤ ਕਰਨ ਲਈ ਅਧਿਆਪਕ ਦਾ ਖ਼ੁਦ ਉਤਸ਼ਾਹੀ ਹੋਣਾ ਬਹੁਤ ਜ਼ਰੂਰੀ ਹੈ। ਅਧਿਆਪਕ ਦੀ ਪ੍ਰੇਰਨਾ ਸਦਕਾ ਬੱਚੇ ਪੜ੍ਹਨ ਤੇ ਨਵਾਂ ਸਿੱਖਣ ਲਈ ਤਿਆਰ ਹੋ ਜਾਂਦੇ ਹਨ।

ਨਵੀਆਂ ਤਕਨੀਕਾਂ

ਅੱਜ ਭਾਵੇਂ ਤਕਨੀਕ ਦਾ ਦੌਰ ਹੈ। ਬੱਚੇ ਡਿਜੀਟਲ ਕਿਤਾਬਾਂ ਅਤੇ ਕਿਰਿਆਵਾਂ ਰਾਹੀਂ ਬੜਾ ਕੁਝ ਸਿੱਖ ਰਹੇ ਹਨ ਪਰ ਤਕਨੀਕ ਕਦੇ ਵੀ ਅਧਿਆਪਕ ਦਾ ਬਦਲ ਨਹੀਂ ਬਣ ਸਕਦੀ। ਬੱਚੇ ਨੂੰ ਪੜ੍ਹਨ ਲਈ ਤਿਆਰ ਕਰਨ ਦਾ ਕੰਮ ਸਿਰਫ਼ ਅਧਿਆਪਕ ਹੀ ਕਰ ਸਕਦਾ ਹੈ। ਬੱਚੇ ਆਪਣੇ ਅਧਿਆਪਕ ਰਾਹੀਂ ਖ਼ੁਦ ਨੂੰ ਵੱਡਾ ਹੋਇਆ ਦੇਖਦੇ ਹਨ। ਇਸ ਸਾਰੀ ਪ੍ਰਕਿਰਿਆ ਦੀ ਬੁਨਿਆਦ ਵਿੱਦਿਆ ਪ੍ਰਾਪਤੀ ਹੈ। ਹਰ ਸਾਲ ਬੱਚੇ ਅਗਲੀਆਂ ਕਲਾਸਾਂ ’ਚ ਜਾਂਦੇ ਹਨ ਤੇ ਉਨ੍ਹਾਂ ਦਾ ਨਵੀਆਂ ਕਿਤਾਬਾਂ ਨਾਲ ਵਾਹ ਪੈਂਦਾ ਹੈ, ਜੋ ਬੱਚਿਆਂ ਨੂੰ ਔਖੀਆਂ ਲਗਦੀਆਂ ਹਨ। ਬੱਚਿਆਂ ਅੰਦਰ ਗਿਆਨ ਦੀ ਭੁੱਖ ਪੈਦਾ ਕਰਨ ਲਈ ਅਧਿਆਪਕ ਨੂੰ ਹੀ ਮੁੱਖ ਭੂਮਿਕਾ ਨਿਭਾਉਣੀ ਹੁੰਦੀ ਹੈ।

ਕੁਦਰਤੀ ਗੁਣਾਂ ਦਾ ਵਿਕਾਸ

ਜਮਾਤ ਦੇ ਪਾਠਕ੍ਰਮ ਵਿੱਚੋਂ ਬੱਚੇ ਕੋਲ ਕੀ, ਕਿੰਨਾ ਅਤੇ ਕਿਵੇਂ ਭੇਜਣਾ ਹੈ ? ਕੇਵਲ ਸ਼ਬਦਾਂ ਰਾਹੀਂ ਕਰਵਾਈ ਪੜ੍ਹਾਈ ਵਿਦਿਆਰਥੀ ਅਕਸਰ ਭੁੱਲ ਜਾਂਦੇ ਹਨ ਕਿਉਂਕਿ ਵਿਦਿਆਰਥੀ ਕਿਤਾਬਾਂ ਨੂੰ ਬੋਝ ਮੰਨ ਕੇ ਪੜ੍ਹਦੇ ਹਨ। ਕਿਤਾਬੀ ਗਿਆਨ ਬੱਚਿਆਂ ਅੰਦਰ ਭਰਨ ਲਈ ਅਧਿਆਪਕ ਨੇ ਉਸਾਰੂ ਮਾਹੌਲ ਸਿਰਜਨਾ ਹੁੰਦਾ ਹੈ। ਬੱਚਿਆਂ ਦੇ ਦਿਮਾਗ਼ ’ਚ ਜੋ ਵਿਚਾਰ ਪੈਦਾ ਹੁੰਦੇ ਹਨ, ਉਸ ਨੂੰ ਪੋਟਿਆਂ ’ਚ ਫੜੇ ਪੈੱਨ ਰਾਹੀਂ ਲਿਖਵਾਉਣ ਲਈ ਆਲੇ-ਦੁਆਲੇ ਦੇ ਅਸਲ ਸੰਸਾਰ ਦਾ ਬਹੁਤ ਮਹੱਤਵ ਹੈ। ਪਾਠ ਪੜ੍ਹਾਉਂਦੇ ਵਕਤ ਵਿਸ਼ਾ-ਵਸਤੂ ਨਾਲ ਸਬੰਧਤ ਆਲੇ-ਦੁਆਲੇ ਵਿਚ ਮੌਜੂਦ ਠੋਸ ਵਸਤੂਆਂ ਨਾਲ ਬੱਚੇ ਦੀ ਜਾਣ-ਪਛਾਣ ਕਰਾਉਣੀ ਬਹੁਤ ਜ਼ਰੂਰੀ ਹੈ। ਅਜਿਹਾ ਹੋਣ ਨਾਲ ਉਨ੍ਹਾਂ ਅੰਦਰ ਪੜ੍ਹਾਏ ਗਏ ਕੰਮ ਦੀ ਪੱਕੀ ਮੋਹਰ ਲੱਗ ਜਾਂਦੀ ਹੈ। ਸਕੂਲ ਕੇਵਲ ਪੜ੍ਹਾਈ ਲਈ ਨਹੀਂ ਸਗੋਂ ਬੱਚੇ ਅੰਦਰ ਸਮਾਜ ਵਿਚ ਆਪਣੀ ਥਾਂ ਬਣਾਉਣ ਵਾਲੀ ਸੂਝ ਪੈਦਾ ਕਰਨ ਵਾਲੀ ਸੰਸਥਾ ਹੈ। ਸਿੱਖਿਆ ਨੇ ਬੱਚਿਆਂ ਅੰਦਰ ਕੁਦਰਤੀ ਮੂਲ ਗੁਣਾਂ ਦਾ ਵਿਕਾਸ ਕਰਨਾ ਹੁੰਦਾ ਹੈ, ਜਿਨ੍ਹਾਂ ਨੂੰ ਹਾਸਿਲ ਕਰ ਕੇ ਉਹ ਸਮਾਜ ਦੀ ਕੀਮਤੀ ਪੂੰਜੀ ਬਣ ਜਾਂਦਾ ਹੈ।

ਵਿੱਦਿਅਕ ਟੂਰ

ਬੱਚਿਆਂ ਨੂੰ ਸਕੂਲ ਦੀ ਚਾਰਦੀਵਾਰੀ ਤੋਂ ਬਾਹਰ ਲਿਜਾਣਾ ਬਹੁਤ ਜ਼ਰੂਰੀ ਹੈ। ਇਸ ਮਸਲੇ ’ਚ ਆਮ ਤੌਰ ’ਤੇ ਦੇਖਿਆ ਜਾਂਦਾ ਹੈ ਕਿ ਵਿੱਦਿਅਕ ਟੂਰ ਬਹੁਤ ਘੱਟ ਲਗਾਏ ਜਾਂਦੇ ਹਨ। ਜਦੋਂ ਵੀ ਟੂਰ ਜਾਣਾ ਹੋਵੇ ਤਾਂ ਉਸ ਦੀ ਪਹਿਲਾਂ ਤੋਂ ਵਿਉਂਤਬੰਦੀ ਬਹੁਤ ਜ਼ਰੂਰੀ ਹੈ। ਜਿਹੜੀਆਂ ਥਾਵਾਂ ’ਤੇ ਜਾਣਾ ਹੋਵੇ, ਉਨ੍ਹਾਂ ਬਾਰੇ ਬੱਚਿਆਂ ਨੂੰ ਜਾਣੂ ਕਰਵਾ ਦਿੱਤਾ ਜਾਵੇ, ਤਾਂ ਜੋ ਬੱਚੇ ਯਾਤਰਾ ਸਮੇਂ ਵੱਧ ਤੋਂ ਵੱਧ ਗਿਆਨ ਹਾਸਿਲ ਕਰ ਸਕਣ। ਵਿੱਦਿਅਕ ਟੂਰ ਤੋਂ ਬਾਅਦ ਬੱਚਿਆਂ ਤੋਂ ਲਿਖਤੀ ਅਨੁਭਵ ਜ਼ਰੂਰ ਲੈਣੇ ਚਾਹੀਦੇ ਹਨ।

ਸਮਾਰਟ ਕਲਾਸਰੂਮ

ਬੱਚਿਆਂ ਨੂੰ ਸਿਖਾਉਣ ਲਈ ਮਾੲੀਂਡ ਮੈਪ ਵੀ ਵਧੀਆ ਵਿਧੀ ਹੈ, ਜਿਸ ਦੇ ਸਬੰਧਤ ਵਿਸ਼ਾ-ਵਸਤੂ ਦੇ ਪ੍ਰਮੁੱਖ ਤੱਥਾਂ ਨੂੰ ਕਲਾਤਮਿਕ ਢੰਗਾਂ ਨਾਲ ਸੰਖੇਪ ਰੂਪ ਵਿਚ ਲਿਖ ਕੇ ਬੱਚਿਆਂ ਨਾਲ ਸਾਂਝਾ ਕੀਤਾ ਜਾਂਦਾ ਹੈ। ਇਸ ਵਿਧੀ ਨਾਲ ਰੰਗਦਾਰ ਸਿਰਲੇਖ ਦੀ ਵਿਆਖਿਆ ਬੱਚਿਆਂ ਵੱਲੋਂ ਕੀਤੀ ਜਾਂਦੀ ਹੈ। ਇਸ ਵਿਧੀ ਰਾਹੀਂ ਪਾਠ ਦਾ ਵੱਡਾ ਹਿੱਸਾ ਬੱਚੇ ਆਪਣੀ ਸਹਿਭਾਗਤਾ ਰਾਹੀਂ ਜਮਾਤ ਦੇ ਕਮਰੇ ’ਚ ਹੀ ਸਿੱਖ ਲੈਂਦੇ ਹਨ। ਅੱਜ-ਕੱਲ੍ਹ ਤਕਨੀਕ ਦੇ ਯੁੱਗ ਵਿਚ ਸਮਾਰਟ ਕਲਾਸਰੂਮ ਵਿਚ ਬੱਚਿਆਂ ਨੂੰ ਹੋਰ ਵੀ ਵਧੀਆ ਤਰੀਕੇ ਨਾਲ ਸਿਖਾਇਆ ਜਾ ਸਕਦਾ ਹੈ।

ਤੱਥਾਂ ਸਮੇਤ ਸਮਝਾਉਣ ਦੀ ਕੋਸ਼ਿਸ਼

ਬੱਚਿਆਂ ਨੂੰ ਖੇਡਾਂ ਦੇ ਮਹੱਤਵ ਨੂੰ ਸਿਖਾਉਣ ਲਈ ਕਿਤਾਬ ਤੋਂ ਪੜ੍ਹਾਉਣ ਦੀ ਬਜਾਏ ਖੇਡ ਮੈਦਾਨ ’ਚ ਲਿਜਾ ਕੇ ਜ਼ਿਆਦਾ ਸਿਖਾਇਆ ਜਾਂਦਾ ਹੈ। ਬੱਚੇ ਟੈਲੀਵਿਜ਼ਨ ’ਚ ਮੈਚਾਂ ਦਾ ਸਿੱਧਾ ਪ੍ਰਸਾਰਨ ਵੇਖ ਕੇ ਲਿਖਣ ਦੇ ਨਾਲ-ਨਾਲ ਖ਼ੁਦ ਖਿਡਾਰੀ ਬਣਨ ਲਈ ਪ੍ਰੇਰਿਤ ਹੁੰਦੇ ਹਨ। ਅਧਿਆਪਕ ਕੋਲ ਹੋਰ ਬਥੇਰੀਆਂ ਜੁਗਤਾਂ ਹਨ, ਜਿਸ ਨਾਲ ਬੱਚੇ ਦਾ ਜਮਾਤ ਦੇ ਕਮਰੇ ਨਾਲ ਸਨੇਹ ਪੈਦਾ ਕੀਤਾ ਜਾ ਸਕਦਾ ਹੈ। ਬੱਚਿਆਂ ਦੀਆਂ ਨਿੱਕੀਆਂ-ਨਿੱਕੀਆਂ ਕਹਾਣੀਆਂ, ਬਾਤਾਂ, ਬੁਝਾਰਤਾਂ, ਚਿੱਤਰਕਾਰੀ ਕਿਰਤਾਂ ਨੂੰ ਅਖ਼ਬਾਰ ’ਚ ਛਪਵਾ ਦੇਣ ਨਾਲ ਬੱਚਿਆਂ ਅੰਦਰ ਉਤਸ਼ਾਹ ਪੈਦਾ ਹੁੰਦਾ ਹੈ। ਕਲਾਸ ’ਚ ਬੱਚਿਆਂ ਦੇ ਗਰੁੱਪ ਬਣਾ ਕੇ ਮੁਕਾਬਲੇ ਕਰਵਾਏ ਜਾ ਸਕਦੇ ਹਨ। ਜੇਤੂ ਵਿਦਿਆਰਥੀਆਂ ਨੂੰ ਸਕੂਲ ਵੱਲੋਂ ਇਨਾਮ ਦੇ ਕੇ ਉਨ੍ਹਾਂ ਅੰਦਰ ਉਤਸ਼ਾਹ ਪੈਦਾ ਕੀਤਾ ਜਾ ਸਕਦਾ ਹੈ। ਬੱਚਿਆਂ ਨੂੰ ਤਣਾਅ-ਮੁਕਤ ਰੱਖਣ ਲਈ ਕੇਵਲ

ਕਿਤਾਬਾਂ ਰਾਹੀਂ ਸਿਖਾਉਣ ਦੀ ਰਵਾਇਤੀ ਪਹੁੰਚ ਵਿਚ ਸੋਧ ਕਰ ਕੇ ਨਵੀਆਂ ਸਿੱਖਣ ਸਿਖਾਉਣ ਦੀਆਂ ਵਿਧੀਆਂ ਦਾ ਵਿਕਾਸ ਕਰਨਾ ਸਮੇਂ ਦੀ ਮੁੱਖ ਲੋੜ ਹੈ।

- ਗੌਰਵ ਮੁੰਜਾਲ

Posted By: Harjinder Sodhi