ਆਪਾਂ ਕੋਈ ਵੀ ਕੋਸ਼ਿਸ਼ ਕਰਦੇ ਹਾਂ ਤਾਂ ਉਸ ਪਿੱਛੇ ਸਾਡੀ ਕੋਈ ਨਾ ਕੋਈ ਮਨਸ਼ਾ ਜ਼ਰੂਰ ਜੁੜੀ ਹੁੰਦੀ ਹੈ। ਇਸ ਲਈ ਸਾਡੀਆਂ ਚਾਹਤਾਂ ਦਾ ਸਾਡੇ ਯਤਨਾਂ ਨਾਲ ਸਿੱਧਾ ਸਬੰਧ ਹੁੰਦਾ ਹੈ। ਜੇ ਸਾਨੂੰ ਫਲ ਦੀ ਮਿਠਾਸ ਦਾ ਪਤਾ ਨਾ ਹੋਵੇ ਤਾਂ ਸਾਡੀਆਂ ਕੋਸ਼ਿਸ਼ਾਂ ਤਾਕਤਵਾਰ ਨਹੀਂ ਰਹਿੰਦੀਆਂ, ਕੰਮ ਕਰਨਾ ਬੋਝਲ ਲੱਗਦਾ ਹੈ। ਇਹ ਵੀ ਕਿਹਾ ਜਾਂਦਾ ਹੈ ਕਿ ਕੇਵਲ ਨਿਸ਼ਾਨੇ ਬਾਰੇ ਨਾ ਸੋਚੋ, ਸਗੋਂ ਮੰਜ਼ਿਲ ਤਕ ਜਾਂਦੇ ਵਕਤ ਸਫਰ ਦੀ ਲੱਜ਼ਤ ਲੈਣੀ ਵੀ ਸਿੱਖੋ ਪਰ ਫਿਰ ਵੀ ਸਾਡੀ ਮਿਹਨਤ ਦਾ ਅਖ਼ੀਰ ਕੋਈ ਸਿੱਟਾ ਮਿਲਣਾ ਹੁੰਦਾ ਹੈ। ਜੇ ਸਿੱਖਿਆ ਦੀ ਗੱਲ ਕਰੀਏ ਤਾਂ ਕਿਹਾ ਜਾਂਦਾ ਹੈ ਕਿ ਵਿੱਦਿਆ ਦੀਆਂ ਜੜ੍ਹਾਂ ਕੌੜੀਆਂ ਤੇ ਫਲ ਮਿੱਠਾ ਹੁੰਦਾ ਹੈ। ਇਸ ਦਾ ਸਰਲ ਭਾਸ਼ਾ 'ਚ ਭਾਵ ਹੈ ਕਿ ਵਿੱਦਿਆ ਪ੍ਰਾਪਤੀ ਲਈ ਮਿਹਨਤ ਬਹੁਤ ਕਰਨੀ ਪੈਂਦੀ ਹੈ।

ਅਧਿਆਪਕ ਦਾ ਉਤਸ਼ਾਹੀ ਹੋਣਾ ਜ਼ਰੂਰੀ

ਸਕੂਲੀ ਪੜ੍ਹਾਈ ਕਰਦਿਆਂ ਪਾਠਕ੍ਰਮ ਦੀਆਂ ਕਿਤਾਬਾਂ ਨਾਲ ਸੰਘਰਸ਼ ਕਰ ਰਹੇ ਬੱਚਿਆਂ ਦੇ ਮਾਮਲੇ 'ਚ ਇਹ ਗੱਲ ਹੋਰ ਵੀ ਔਖੀ ਹੈ। ਬੱਚਿਆਂ ਨੂੰ ਪੜ੍ਹਾਈ ਦਾ ਮਹੱਤਵ ਮਹਿਸੂਸ ਕਰਵਾਉਣ ਦੀ ਲੋੜ ਹੁੰਦੀ ਹੈ। ਇਹ ਕੰਮ ਮਾਪਿਆਂ ਤੇ ਅਧਿਆਪਕਾਂ ਨੇ ਮਿਲ ਕੇ ਕਰਨਾ ਹੁੰਦਾ ਹੈ ਪਰ ਮਾਪੇ ਕੰਮਕਾਰ 'ਚ ਰੁੱਝੇ ਹਨ, ਇਸ ਕਰਕੇ ਇਹ ਜ਼ਿੰਮੇਵਾਰੀ ਕੇਵਲ ਅਧਿਆਪਕ ਦੇ ਸਿਰ 'ਤੇ ਆ ਜਾਂਦੀ ਹੈ। ਜਿਸ ਤਰ੍ਹਾਂ ਕਿਹਾ ਜਾਂਦਾ ਹੈ 'ਜਗਦਾ ਦੀਵਾ ਹੀ ਹੋਰ ਦੀਵਿਆਂ ਨੂੰ ਜਗਾ ਸਕਦਾ ਹੈ', ਬਿਲਕੁਲ ਇਸੇ ਤਰ੍ਹਾਂ ਬੱਚਿਆਂ ਨੂੰ ਪ੍ਰੇਰਿਤ ਕਰਨ ਲਈ ਅਧਿਆਪਕ ਦਾ ਖ਼ੁਦ ਉਤਸ਼ਾਹੀ ਹੋਣਾ ਬਹੁਤ ਜ਼ਰੂਰੀ ਹੈ। ਅਧਿਆਪਕ ਉਹ ਜੁਗਨੂੰ ਹੈ, ਜਿਸ ਦੀ ਚਮਕ ਵੇਖ ਕੇ ਬੱਚਿਆਂ ਅੰਦਰ ਨਵੀਂ ਊਰਜਾ ਭਰ ਜਾਂਦੀ ਹੈ। ਅਧਿਆਪਕ ਦੀ ਪ੍ਰੇਰਨਾ ਨਾਲ ਬੱਚੇ ਪੜ੍ਹਨ ਤੇ ਨਵਾਂ ਸਿੱਖਣ ਲਈ ਤਿਆਰ ਹੋ ਜਾਂਦੇ ਹਨ।

ਤਕਨੀਕ ਦਾ ਦੌਰ

ਅੱਜ ਭਾਵੇਂ ਤਕਨੀਕ ਦਾ ਦੌਰ ਹੈ। ਬੱਚੇ ਡਿਜੀਟਲ ਕਿਤਾਬਾਂ ਤੇ ਕਿਰਿਆਵਾਂ ਰਾਹੀਂ ਬੜਾ ਕੁਝ ਸਿੱਖ ਰਹੇ ਹਨ ਪਰ ਤਕਨੀਕ ਕਦੇ ਵੀ ਅਧਿਆਪਕ ਦਾ ਬਦਲ ਨਹੀਂ ਬਣ ਸਕਦੀ। ਬੱਚੇ ਨੂੰ ਪੜ੍ਹਨ ਲਈ ਤਿਆਰ ਕਰਨ ਦਾ ਕੰਮ ਅਧਿਆਪਕ ਹੀ ਕਰ ਸਕਦਾ ਹੈ। ਅਧਿਆਪਕ ਆਪਣੇ ਵਿਦਿਆਰਥੀਆਂ ਲਈ ਰੋਲ ਮਾਡਲ ਹੈ। ਬੱਚੇ ਆਪਣੇ ਅਧਿਆਪਕ ਰਾਹੀਂ ਖ਼ੁਦ ਨੂੰ ਵੱਡਾ ਹੋਇਆ ਦੇਖਦੇ ਹਨ। ਅਧਿਆਪਕ ਬੱਚਿਆਂ ਰਾਹੀਂ ਆਪਣੀਆਂ ਰਹਿ ਗਈਆਂ ਕਮੀਆਂ ਨੂੰ ਪੂਰਾ ਕਰਨ ਦੀ ਉਮੀਦ ਕਰਦਾ ਹੈ। ਇਸ ਸਾਰੀ ਪ੍ਰਕਿਰਿਆ ਦੀ ਬੁਨਿਆਦ ਵਿੱਦਿਆ ਪ੍ਰਾਪਤੀ ਹੈ। ਹਰ ਸਾਲ ਬੱਚੇ ਅਗਲੀਆਂ ਕਲਾਸਾਂ 'ਚ ਚਲੇ ਜਾਂਦੇ ਹਨ ਤੇ ਉਨ੍ਹਾਂ ਦਾ ਨਵੀਆਂ ਕਿਤਾਬਾਂ ਨਾਲ ਵਾਹ ਪੈਂਦਾ ਹੈ, ਜੋ ਬੱਚਿਆਂ ਨੂੰ ਔਖੀਆਂ ਲੱਗਦੀਆਂ ਹਨ। ਸਰਕਾਰਾਂ ਤੇ ਸਿੱਖਿਆ ਸ਼ਾਸਤਰੀ ਪੜ੍ਹਾਈ ਨੂੰ ਸੌਖਾ ਤੇ ਰੌਚਕ ਬਣਾਉਣ ਲਈ ਯਤਨ ਕਰ ਰਹੇ ਹਨ। ਬੱਚਿਆਂ ਅੰਦਰ ਗਿਆਨ ਦੀ ਭੁੱਖ ਪੈਦਾ ਕਰਨ ਲਈ ਅਧਿਆਪਕ ਨੇ ਹੀ ਮੁੱਖ ਭੂਮਿਕਾ ਨਿਭਾਉਣੀ ਹੁੰਦੀ ਹੈ।

ਕੁਦਰਤੀ ਗੁਣਾਂ ਦਾ ਵਿਕਾਸ

ਜਮਾਤ ਦੇ ਪਾਠਕ੍ਰਮ 'ਚੋਂ ਬੱਚੇ ਕੋਲ ਕੀ, ਕਿੰਨਾ ਤੇ ਕਿਵੇਂ ਭੇਜਣਾ ਹੈ? ਕੇਵਲ ਸ਼ਬਦਾਂ ਰਾਹੀਂ ਕਰਵਾਈ ਜਾ ਰਹੀ ਪੜ੍ਹਾਈ ਬੱਚੇ ਅਕਸਰ ਭੁੱਲ ਜਾਂਦੇ ਹਨ ਕਿਉਂਕਿ ਬੱਚੇ ਕਿਤਾਬਾਂ ਨੂੰ ਬੋਝ ਮੰਨ ਕੇ ਪੜ੍ਹਦੇ ਹਨ। ਕਿਤਾਬੀ ਗਿਆਨ ਬੱਚਿਆਂ ਅੰਦਰ ਭਰਨ ਲਈ ਅਧਿਆਪਕ ਨੇ ਉਸਾਰੂ ਮਾਹੌਲ ਸਿਰਜਣਾ ਹੁੰਦਾ ਹੈ। ਬੱਚੇ ਦੇ ਦਿਮਾਗ਼ 'ਚ ਜੋ ਵਿਚਾਰ ਪੈਦਾ ਹੁੰਦਾ ਹੈ, ਉਸ ਨੂੰ ਪੋਟਿਆਂ 'ਚ ਫੜੇ ਪੈੱਨ ਰਾਹੀਂ ਲਿਖਵਾਉਣ ਲਈ ਆਲੇ-ਦੁਆਲੇ ਦੇ ਅਸਲ ਸੰਸਾਰ ਦਾ ਬਹੁਤ ਮਹੱਤਵ ਹੈ। ਪਾਠ ਪੜ੍ਹਾਉਂਦੇ ਵਕਤ ਵਿਸ਼ਾ-ਵਸਤੂ ਨਾਲ ਸਬੰਧਤ ਆਲੇ-ਦੁਆਲੇ 'ਚ ਮੌਜੂਦ ਠੋਸ ਵਸਤੂਆਂ ਨਾਲ ਬੱਚੇ ਦੀ ਜਾਣ-ਪਛਾਣ ਕਰਵਾਉਣੀ ਬਹੁਤ ਜ਼ਰੂਰੀ ਹੈ। ਅਜਿਹਾ ਹੋਣ ਨਾਲ ਉਨ੍ਹਾਂ ਅੰਦਰ ਪੜ੍ਹਾਏ ਗਏ ਕੰਮ ਦੀ ਪੱਕੀ ਮੋਹਰ ਲੱਗ ਜਾਂਦੀ ਹੈ। ਸਕੂਲ ਕੇਵਲ ਪੜ੍ਹਾਈ ਲਈ ਨਹੀਂ ਸਗੋਂ ਬੱਚੇ ਅੰਦਰ ਸਮਾਜ 'ਚ ਆਪਣਾ ਥਾਂ ਬਣਾਉਣ ਵਾਲੀ ਸੂਝ ਪੈਦਾ ਕਰਨ ਵਾਲੀ ਸੰਸਥਾ ਹੈ। ਬੱਚਿਆਂ ਨੂੰ ਕਮਰਿਆਂ ਅੰਦਰ ਬੰਦ ਕਰ ਕੇ ਕੇਵਲ ਪ੍ਰਸ਼ਨ ਉੱਤਰਾਂ ਨੂੰ ਰਟਾ ਦੇਣਾ ਤਾਂ ਬਿਲਕੁਲ ਵੀ ਪੜ੍ਹਾਈ ਨਹੀਂ। ਸਿੱਖਿਆ ਨੇ ਬੱਚੇ ਅੰਦਰ ਉਸ ਦੇ ਕੁਦਰਤੀ ਮੂਲ ਗੁਣਾਂ ਦਾ ਵਿਕਾਸ ਕਰਨਾ ਹੁੰਦਾ ਹੈ, ਜਿਨ੍ਹਾਂ ਨੂੰ ਹਾਸਲ ਕਰ ਕੇ ਉਹ ਸਮਾਜ ਦੀ ਕੀਮਤੀ ਪੂੰਜੀ ਬਣ ਜਾਂਦਾ ਹੈ।

ਵਿੱਦਿਅਕ ਟੂਰ ਦੀ ਵਿਉਂਤਬੰਦੀ

ਬੱਚਿਆਂ ਨੂੰ ਸਕੂਲ ਦੀ ਚਾਰਦੀਵਾਰੀ ਤੋਂ ਬਾਹਰ ਲਿਜਾਣਾ ਬਹੁਤ ਜ਼ਰੂਰੀ ਹੈ ਪਰ ਇਸ ਮਾਮਲੇ 'ਚ ਆਮ ਦੇਖਿਆ ਜਾਂਦਾ ਹੈ ਕੇ ਵਿੱਦਿਅਕ ਟੂਰ ਬਹੁਤ ਘੱਟ ਕਰਵਾਏ ਜਾਂਦੇ ਹਨ। ਜਦੋਂ ਕਦੇ ਸਾਲ 'ਚ ਇਕ-ਦੋ ਵਾਰ ਟੂਰ ਜਾਂਦਾ ਹੈ ਤਾਂ ਬੱਚੇ ਇਸ ਨੂੰ ਲੈ ਕੇ ਇੰਨੇ ਕੁ ਰੋਮਾਂਚਕ ਹੋਏ ਹੁੰਦੇ ਹਨ ਕਿ ਵਿੱਦਿਅਕ ਫੇਰਾ ਉਨ੍ਹਾਂ ਲਈ ਸਿਰਫ਼ ਮਨੋਰੰਜਨ ਦਾ ਸਾਧਨ ਹੁੰਦਾ ਹੈ ਭਾਵ ਗਿਆਨ ਹਾਸਿਲ ਕਰਨ ਵਾਲਾ ਪੱਖ ਲੋਪ ਹੁੰਦਾ ਹੈ। ਇਸ ਲਈ ਜਦੋਂ ਵੀ ਸਕੂਲ ਦਾ ਟੂਰ ਜਾਣਾ ਹੋਵੇ ਤਾਂ ਉਸ ਦੀ ਪਹਿਲਾਂ ਤੋਂ ਵਿਉਂਤਬੰਦੀ ਬਹੁਤ ਜ਼ਰੂਰੀ ਹੈ। ਜਿਹੜੀਆਂ ਥਾਵਾਂ 'ਤੇ ਜਾਣਾ ਹੋਵੇ, ਉਨ੍ਹਾਂ ਬਾਰੇ ਬੱਚਿਆਂ ਨੂੰ ਜਾਣੂ ਕਰਵਾ ਦਿੱਤਾ ਜਾਵੇ ਤਾਂ ਜੋ ਬੱਚੇ ਯਾਤਰਾ ਸਮੇਂ ਵੱਧ ਤੋਂ ਵੱਧ ਗਿਆਨ ਹਾਸਿਲ ਕਰ ਸਕਣ। ਟੂਰ ਤੋਂ ਬਾਅਦ ਬੱਚਿਆਂ ਦੇ ਅਨੁਭਵ ਲਿਖਤੀ ਰੂਪ 'ਚ ਲੈਣੇ ਬਹੁਤ ਜ਼ਰੂਰੀ ਹਨ ਤਾਂ ਜੋ ਅਧਿਆਪਕ ਨੂੰ ਪਤਾ ਲੱਗ ਸਕੇ ਕਿ ਬੱਚਿਆਂ ਨੇ ਕੀ ਕੁਝ ਨਵਾਂ ਸਿੱਖਿਆ ਹੈ।

ਪੜ੍ਹਾਉਂਦੇ ਸਮੇਂ ਕਰੋ ਸਵਾਲ

ਬੱਚਿਆਂ ਨੂੰ ਨਵਾਂਪਣ ਦੇਣ ਲਈ ਬਾਹਰੋਂ ਬੁਲਾਰਿਆਂ ਦਾ ਪ੍ਰਬੰਧ ਕੀਤਾ ਜਾਣਾ ਬਹੁਤ ਜ਼ਰੂਰੀ ਹੈ। ਬਾਹਰਲੇ ਸਪੀਕਰ ਦਾ ਭਾਸ਼ਣ ਸੁਣ ਬੱਚੇ ਕਿਤਾਬਾਂ 'ਚ ਪੜ੍ਹੇ ਜਾਣ ਵਾਲੇ ਤੱਥਾਂ ਦੀ ਨਵੀਂ ਵਿਆਖਿਆ ਹਾਸਿਲ ਕਰਦੇ ਹਨ। ਬੱਚਿਆਂ ਨੂੰ ਮਹਿਸੂਸ ਹੁੰਦਾ ਹੈ ਕਿ ਬਾਹਰਲਾ ਸੰਸਾਰ ਕਿਤਾਬਾਂ ਨਾਲ ਜੁੜਿਆ ਹੋਇਆ ਹੈ ਤੇ ਕਿਤਾਬਾਂ ਪੜ੍ਹਨਾ ਵੀ ਤਜਰਬਾ ਹਾਸਿਲ ਕਰਨਾ ਹੈ। ਇਸ ਤਰ੍ਹਾਂ ਦੇ ਲੈਕਚਰਾਂ ਰਾਹੀਂ ਬੱਚਿਆਂ ਨੂੰ ਪਾਠਕ੍ਰਮ ਸੌਖਾ ਤੇ ਰੌਚਕ ਲੱਗਣ ਲੱਗ ਜਾਂਦਾ ਹੈ ਤੇ ਕਿਤਾਬਾਂ ਉਨ੍ਹਾਂ ਦੀਆਂ ਦੋਸਤ ਬਣ ਜਾਂਦੀਆਂ ਹਨ। ਅਧਿਆਪਕ ਨੂੰ ਸਿੱਧਾ ਪਾਠ ਪੜ੍ਹਾਉਣ ਦੀ ਬਜਾਇ ਬੱਚਿਆਂ ਨਾਲ ਕਰਵਾਏ ਜਾਣ ਵਾਲੇ ਵਿਸ਼ੇ ਨਾਲ ਸਬੰਧਤ ਸਰਲ ਗੱਲਾਂ ਤੇ ਸਧਾਰਨ ਸਵਾਲ ਕਰਨੇ ਚਾਹੀਦੇ ਹਨ। ਮੰਨ ਲਵੋ ਜੇ ਅਧਿਆਪਕ ਰੁੱਤਾਂ ਬਾਰੇ ਪੜ੍ਹਾ ਰਿਹਾ ਹੈ ਤਾਂ ਬੱਚਿਆਂ ਨੂੰ ਪੁੱਛਣਾ ਚਾਹੀਦਾ ਹੈ ਕਿ ਤੁਹਾਨੂੰ ਕਿਹੜੀ ਰੁੱਤ ਵਧੀਆ ਲੱਗਦੀ ਹੈ, ਕਿਉਂ ਵਧੀਆ ਲੱਗਦੀ ਹੈ? ਇਸ ਰੁੱਤ ਦਾ ਕੋਈ ਅਨੁਭਵ ਸਾਂਝਾ ਕਰੋ ਆਦਿ ਪ੍ਰਸ਼ਨਾਂ ਨਾਲ ਜਮਾਤ ਨੂੰ ਆਪਣੇ ਨਾਲ ਜੋੜ ਲੈਣਾ ਚਾਹੀਦਾ ਹੈ। ਅਜਿਹੇ ਮਾਹੌਲ 'ਚ ਬੱਚਾ ਅਧਿਆਪਕ ਵੱਲੋਂ ਸਾਂਝੇ ਕੀਤੇ ਗੁੰਝਲਦਾਰ ਤੱਥਾਂ ਨੂੰ ਵੀ ਸਹਿਜੇ ਹੀ ਯਾਦ ਕਰ ਲੈਂਦਾ ਹੈ।

ਮਾਈਂਡ ਮੈਪ

ਬੱਚਿਆਂ ਨੂੰ ਸਿਖਾਉਣ ਲਈ ਮਾਈਂਡ ਮੈਪ ਵੀ ਦਿਲਚਸਪ ਵਿਧੀ ਹੈ, ਜਿਸ ਦੀ ਸਬੰਧਤ ਵਿਸ਼ਾ ਵਸਤੂ ਦੇ ਪ੍ਰਮੁੱਖ ਤੱਥਾਂ ਨੂੰ ਕਲਾਤਮਕ ਢੰਗਾਂ ਨਾਲ ਸੰਖੇਪ ਰੂਪ 'ਚ ਲਿਖੇ ਬੱਚਿਆਂ ਨਾਲ ਸਾਂਝਾ ਕੀਤਾ ਜਾਂਦਾ ਹੈ। ਇਸ ਵਿਧੀ ਰਾਹੀਂ ਰੰਗਦਾਰ ਸਿਰਲੇਖ ਦੀ ਵਿਆਖਿਆ ਬੱਚਿਆਂ ਵੱਲੋਂ ਕੀਤੀ ਜਾਂਦੀ ਹੈ। ਇਸ ਵਿਧੀ ਰਾਹੀਂ ਪਾਠ ਦਾ ਵੱਡਾ ਹਿੱਸਾ ਬੱਚੇ ਆਪਣੀ ਸਹਿਭਾਗਤਾ ਰਾਹੀਂ ਜਮਾਤ ਦੇ ਕਮਰੇ 'ਚ ਹੀ ਸਿੱਖ ਲੈਂਦੇ ਹਨ। ਅਧਿਆਪਕ ਨੂੰ ਕਿਸੇ ਇਕ ਬੱਚੇ ਵੱਲ ਵਾਰ-ਵਾਰ ਵਿਅਕਤੀਗਤ ਤੌਰ 'ਤੇ ਧਿਆਨ ਦੇਣ ਦੀ ਬਜਾਇ ਸਮੁੱਚੀ ਕਲਾਸ ਨੂੰ ਇਕਾਈ ਦੇ ਤੌਰ 'ਤੇ ਪੜ੍ਹਾਉਣਾ ਚਾਹੀਦਾ ਹੈ। ਇਸ ਨਾਲ ਕਿਸੇ ਬੱਚੇ 'ਚ ਹੀਣ ਭਾਵਨਾ ਨਹੀਂ ਆਉਂਦੀ। ਅੱਜ-ਕੱਲ੍ਹ ਤਕਨੀਕ ਦੇ ਯੁੱਗ 'ਚ ਸਮਾਰਟ ਕਲਾਸ ਰੂਮ 'ਚ ਬੱਚਿਆਂ ਨੂੰ ਹੋਰ ਵੀ ਵਧੀਆ ਤਰੀਕੇ ਨਾਲ ਸਿਖਾਇਆ ਜਾ ਸਕਦਾ ਹੈ।

ਤੱਥਾਂ ਸਮੇਤ ਸਮਝਾਉਣ ਦੀ ਕਰੋ ਕੋਸ਼ਿਸ਼

ਬੱਚਿਆਂ ਨੂੰ ਖੇਡਾਂ ਦੇ ਮਹੱਤਵ ਸਿਖਾਉਣ ਲਈ ਕਿਤਾਬ ਤੋਂ ਪੜ੍ਹਾਉਣ ਦੀ ਬਜਾਇ ਖੇਡ ਮੈਦਾਨ 'ਚ ਲਿਜਾ ਕੇ ਜ਼ਿਆਦਾ ਸਿਖਾਇਆ ਜਾਂਦਾ ਹੈ। ਬੱਚੇ ਟੈਲੀਵਿਜ਼ਨ 'ਤੇ ਮੈਚਾਂ ਦਾ ਸਿੱਧਾ ਪ੍ਰਸਾਰਨ ਵੇਖ ਕੇ ਲਿਖਣ ਦੇ ਨਾਲ-ਨਾਲ ਖ਼ੁਦ ਖਿਡਾਰੀ ਬਣ ਲਈ ਪ੍ਰੇਰਿਤ ਹੁੰਦੇ ਹਨ। ਇਸ ਲਈ ਅਧਿਆਪਕ ਨੂੰ ਕੋਈ ਵੀ ਤੱਥ ਸਮਝਾਉਣ ਲਈ ਸਿੱਧਾ ਕਿਤਾਬ ਦੇ ਪੰਨੇ ਪੜ੍ਹ ਕੇ ਸੁਣਾਉਣ ਦੀ ਥਾਂ ਵਿਸ਼ਾ ਵਸਤੂ ਨਾਲ ਸਬੰਧਤ ਆਸੇ-ਪਾਸੇ ਦੀ ਸਹਾਇਕ ਸਮੱਗਰੀ ਨਾਲ ਮਾਹੌਲ ਦੀ ਸਿਰਜਣਾ ਕਰਨੀ ਚਾਹੀਦੀ ਹੈ। ਰੋਲ ਪਲੇਅ ਵੀ ਬੱਚੇ ਨੂੰ ਸਿਖਾਉਣ ਦਾ ਵਧੀਆ ਤਰੀਕਾ ਹੈ। ਅਧਿਆਪਕ ਕੋਲ ਹੋਰ ਅਨੇਕਾਂ ਅਜਿਹੀਆਂ ਜੁਗਤਾਂ ਹਨ, ਜਿਨ੍ਹਾਂ ਨਾਲ ਬੱਚੇ ਦਾ ਜਮਾਤ ਦੇ ਕਮਰੇ ਨਾਲ ਸਨੇਹ ਪੈਦਾ ਕੀਤਾ ਜਾ ਸਕਦਾ ਹੈ। ਬੱਚਿਆਂ ਦੀਆਂ ਨਿੱਕੀਆਂ-ਨਿੱਕੀਆਂ ਕਹਾਣੀਆਂ, ਬਾਤਾਂ, ਬੁਝਾਰਤਾਂ, ਚਿੱਤਰਕਾਰੀ ਕਿਰਤਾਂ ਨੂੰ ਅਖ਼ਬਾਰ 'ਚ ਛਪਵਾ ਦੇਣ ਨਾਲ ਬੱਚਿਆਂ ਅੰਦਰ ਉਤਸ਼ਾਹ ਪੈਦਾ ਹੁੰਦਾ ਹੈ। ਕਲਾਸ 'ਚ ਬੱਚਿਆਂ ਦੇ ਗਰੁੱਪ ਬਣਾ ਕੇ ਮੁਕਾਬਲੇ ਕਰਵਾਏ ਜਾ ਸਕਦੇ ਹਨ। ਜੇਤੂ ਬੱਚਿਆਂ ਨੂੰ ਸਕੂਲ ਪ੍ਰਬੰਧਕਾਂ ਵੱਲੋਂ ਸਨਮਾਨਿਤ ਕਰਨ ਨਾਲ ਉਨ੍ਹਾਂ ਅੰਦਰ ਹੋਰ ਵਧੀਆ ਕਰਨ ਤੇ ਅੱਗੇ ਵਧਣ ਦੀ ਚਾਹਤ ਪੈਦਾ ਹੋ ਜਾਂਦੀ ਹੈ। ਬੱਚਿਆਂ ਨੂੰ ਟੀਚੇ ਦੇਣੇ ਹੀ ਕਾਫ਼ੀ ਨਹੀਂ, ਸਗੋਂ ਉਨ੍ਹਾਂ ਨੂੰ ਪੂਰੇ ਕਰਨ ਲਈ ਉਨ੍ਹਾਂ ਅੰਦਰ ਉਤਸ਼ਾਹ ਭਰਨਾ ਜ਼ਿਆਦਾ ਜ਼ਰੂਰੀ ਹੈ। ਬਦਲ ਰਹੇ ਸੰਸਾਰ 'ਚ ਬੱਚਿਆਂ ਦੀਆਂ ਸਿੱਖਣ ਤਰਜੀਹਾਂ ਵੀ ਬਦਲ ਚੁੱਕੀਆਂ ਹਨ। ਬੱਚਿਆਂ ਨੂੰ ਤਣਾਅ-ਮੁਕਤ ਰੱਖਣ ਲਈ ਕੇਵਲ ਕਿਤਾਬਾਂ ਰਾਹੀਂ ਸਿਖਾਉਣ ਦੀ ਰਵਾਇਤੀ ਪਹੁੰਚ 'ਚ ਸੋਧ ਕਰ ਕੇ ਨਵੀਆਂ ਸਿੱਖਣ-ਸਿਖਾਉਣ ਦੀਆਂ ਵਿਧੀਆਂ ਦਾ ਵਿਕਾਸ ਕਰਨਾ ਸਮੇਂ ਦੀ ਮੁੱਖ ਲੋੜ ਹੈ।

- ਬਲਜਿੰਦਰ ਜੌੜਕੀਆਂ

94630-24575

Posted By: Harjinder Sodhi