ਦੇਸ਼ 'ਚ ਮਾਰਚ ਮਹੀਨੇ ਲਾਗੂ ਹੋਈਆਂ ਲਾਕਡਾਊਨ ਪਾਬੰਦੀਆਂ ਨੇ ਤਮਾਮ ਵਿਭਾਗਾਂ ਤੇ ਸੰਸਥਾਵਾਂ ਦੇ ਨਾਲ-ਨਾਲ ਸਿੱਖਿਆ ਖੇਤਰ ਨੂੰ ਵੀ ਪ੍ਰਭਾਵਿਤ ਕੀਤਾ ਹੈ। ਲਾਕਡਾਊਨ ਪਾਬੰਦੀਆਂ ਲਾਗੂ ਹੋਣ ਨਾਲ ਸਕੂਲੀ ਵਿਦਿਆਰਥੀਆਂ ਦੀਆਂ ਸਾਲਾਨਾ ਪ੍ਰੀਖਿਆਵਾਂ ਦਾ ਅਮਲ ਅੱਧ-ਵਿਚਕਾਰ ਲਟਕ ਕੇ ਰਹਿ ਗਿਆ। ਕਾਫ਼ੀ ਦੇਰ ਦੀ ਉਡੀਕ ਉਪਰੰਤ ਵਿਭਾਗ ਨੂੰ ਰੈਗੂਲਰ ਵਿਦਿਆਰਥੀਆਂ ਦੀਆਂ ਵਿੱਦਿਅਕ ਵਰ੍ਹੇ ਦੀਆਂ ਸਮੁੱਚੀਆਂ ਪ੍ਰਾਪਤੀਆਂ ਦੇ ਆਧਾਰ 'ਤੇ ਗਰੇਡ ਵਿਧੀ ਰਾਹੀਂ ਪਾਸ ਕਰਦਿਆਂ ਨਤੀਜਿਆਂ ਦਾ ਐਲਾਨ ਕਰਨਾ ਪਿਆ। ਤਾਲਾਬੰਦੀ ਦੌਰਾਨ ਪਾਬੰਦੀਆਂ ਦੇ ਚੱਲਦਿਆਂ ਸਕੂਲਾਂ ਵੱਲੋਂ ਨਵੇਂ ਦਾਖ਼ਲੇ ਤੇ ਪਹਿਲੀ ਅਪ੍ਰੈਲ ਤੋਂ ਨਵਾਂ ਸੈਸ਼ਨ ਸ਼ੁਰੂ ਕਰਨ ਦਾ ਅਮਲ ਵੀ ਸ਼ੁਰੂ ਨਾ ਕੀਤਾ ਜਾ ਸਕਿਆ। ਖ਼ਾਸ ਕਰਕੇ ਸਰਕਾਰੀ ਸਕੂਲਾਂ ਸਾਹਮਣੇ ਨਵੇਂ ਸੈਸ਼ਨ ਦੀ ਸ਼ੁਰੂਆਤ ਚੁਣੌਤੀ ਤੋਂ ਘੱਟ ਨਹੀਂ ਸੀ ਪਰ ਜਿਵੇਂ ਕਿਹਾ ਜਾਂਦਾ ਹੈ ਲੋੜ ਕਾਢ ਦੀ ਮਾਂ ਹੁੰਦੀ ਹੈ। ਅਧਿਆਪਕਾਂ ਨੇ ਸੋਸ਼ਲ ਮੀਡੀਆ ਸਾਧਨਾਂ ਨੂੰ ਅਧਿਆਪਨ ਦਾ ਅਜਿਹਾ ਸਾਧਨ ਬਣਾਇਆ ਕਿ ਪੜ੍ਹਾਈ ਨਾਲੋਂ ਟੁੱਟਦੇ ਜਾ ਰਹੇ ਵਿਦਿਆਰਥੀ ਮੁੜ ਤੋਂ ਖ਼ੁਦ ਨੂੰ ਪੜ੍ਹਾਈ ਨਾਲ ਜੁੜਿਆ ਮਹਿਸੂਸ ਕਰਨ ਲੱਗੇ। ਅਧਿਆਪਕਾਂ ਵੱਲੋਂ ਵ੍ਹਟਸਅਪ, ਯੂ-ਟਿਊਬ ਤੇ ਜੂਮ ਐਪ ਜ਼ਰੀਏ ਜਮਾਤਾਂ ਲਾਉਣ ਦਾ ਰੁਝਾਨ ਸ਼ੁਰੂ ਹੋਇਆ। ਫਿਰ ਮਹਿਸੂਸ ਕੀਤਾ ਗਿਆ ਕਿ ਸਰਕਾਰੀ ਸਕੂਲਾਂ ਦੇ ਬਹੁਗਿਣਤੀ ਵਿਦਿਆਰਥੀ ਸੋਸ਼ਲ ਮੀਡੀਆ ਦੇ ਇਸਤੇਮਾਲ ਲਈ ਸਮਾਰਟ ਫੋਨ ਤੇ ਇੰਟਰਨੈੱਟ ਸਹੂਲਤਾਂ ਤੋਂ ਸੱਖਣੇ ਹਨ। ਸਕੂਲ ਸਿੱਖਿਆ ਵਿਭਾਗ ਨੇ ਆਨਲਾਈਨ ਸਿੱਖਿਆ ਦਾ ਘੇਰਾ ਸਰਕਾਰੀ ਸਕੂਲ ਦੇ ਹਰ ਵਿਦਿਆਰਥੀ ਤਕ ਵਿਆਪਕ ਕਰਨ ਦੇ ਮਨੋਰਥ ਨਾਲ ਦੂਰਦਰਸ਼ਨ ਦੇ ਖੇਤਰੀ ਚੈਨਲ ਡੀਡੀ ਪੰਜਾਬੀ ਤੇ ਮਨੁੱਖੀ ਸਰੋਤ ਵਿਕਾਸ ਮੰਤਰਾਲੇ ਦੇ ਵਿੱਦਿਅਕ ਚੈਨਲ ਸਵਯਮ ਪ੍ਰਭਾ ਤੋਂ ਆਨਲਾਈਨ ਜਮਾਤਾਂ ਦੀ ਸ਼ੁਰੂਆਤ ਦਾ ਸ਼ਲਾਘਾਯੋਗ ਕਾਰਜ ਕੀਤਾ।

ਦੂਰਦਰਸ਼ਨ 'ਤੇ ਪ੍ਰਸਾਰਿਤ ਹੋਣ ਵਾਲੇ ਲੈਕਚਰ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਵੱਲੋਂ ਹੀ ਦਿੱਤੇ ਜਾਂਦੇ ਹਨ, ਜਿਸ ਕਰਕੇ ਵਿਦਿਆਰਥੀ ਬੜੀ ਆਸਾਨੀ ਤੇ ਸਹਿਜ ਨਾਲ ਸਾਰਾ ਕੁਝ ਸਮਝਦੇ ਹਨ। ਇਨ੍ਹਾਂ ਪ੍ਰਸਾਰਿਤ ਹੋਣ ਵਾਲੇ ਲੈਕਚਰਾਂ ਵਿਚ ਵਿਦਿਆਰਥੀਆਂ ਨੂੰ ਓਪਰਾਪਨ ਮਹਿਸੂਸ ਨਹੀਂ ਹੁੰਦਾ। ਪ੍ਰਾਇਮਰੀ ਪੱਧਰ ਦੀ ਸਿੱਖਿਆ ਨੂੰ ਰੋਚਕ ਬਣਾਉਣ ਲਈ ਐਤਵਾਰ ਨੂੰ ਬਾਲ ਮਨਾਂ ਅੰਦਰ ਛੁਪੀਆਂ ਕਲਾਤਮਕ ਰੁਚੀਆਂ ਨੂੰ ਪ੍ਰਫੁੱਲਤ ਕਰਨ ਲਈ ਸਿੱਖਿਆਦਾਇਕ ਕਹਾਣੀਆਂ, ਬੁਝਾਰਤਾਂ, ਪੇਂਟਿੰਗ, ਕਸਰਤ ਤੇ ਬੇਕਾਰ ਚੀਜ਼ਾਂ ਤੋਂ ਕੁਝ ਬਣਾਉਣ ਸਮੇਤ ਹੋਰ ਬਹੁਤ ਸਾਰੀਆਂ ਗਤੀਵਿਧੀਆਂ ਕਰਵਾਈਆਂ ਜਾਂਦੀਆਂ ਹਨ।

ਨਵਾਂ ਤਜਰਬਾ ਹੈ ਆਨਲਾਈਨ ਸਿੱਖਿਆ

ਆਨਲਾਈਨ ਸਿੱਖਿਆ ਸਕੂਲੀ ਵਿਦਿਆਰਥੀਆਂ ਲਈ ਮੂਲੋਂ ਨਵਾਂ ਤਜਰਬਾ ਹੈ। ਸੋਸ਼ਲ ਮੀਡੀਆ ਦੇ ਵੱਖ-ਵੱਖ ਸਾਧਨਾਂ ਤੇ ਟੈਲੀਵਿਜ਼ਨ ਦਾ ਪੜ੍ਹਾਈ ਦੇ ਤੌਰ 'ਤੇ ਇਸਤੇਮਾਲ ਬਹੁਗਿਣਤੀ ਵਿਦਿਆਰਥੀਆਂ ਨੇ ਪਹਿਲੀ ਵਾਰ ਵੇਖਿਆ ਹੋਣਾ ਹੈ। ਆਨਲਾਈਨ ਸਿੱਖਿਆ ਦਾ ਸਕੂਲੀ ਸਿੱਖਿਆ ਨਾਲੋਂ ਬਹੁਤ ਜ਼ਿਆਦਾ ਫ਼ਰਕ ਹੁੰਦਾ ਹੈ। ਇਸ ਦੌਰਾਨ ਅਧਿਆਪਕ ਤੇ ਵਿਦਿਆਰਥੀਆਂ ਵਿਚਕਾਰ ਜਮਾਤ ਕਮਰੇ ਵਰਗਾ ਸਿੱਧਾ ਸਬੰਧ ਨਹੀਂ ਬਣਦਾ। ਅਧਿਆਪਕ ਵਿਦਿਆਰਥੀਆਂ ਵੱਲ ਨਿੱਜੀ ਤੌਰ 'ਤੇ ਧਿਆਨ ਦੇਣ ਦੇ ਸਮਰੱਥ ਨਹੀਂ ਰਹਿੰਦਾ। ਅਧਿਆਪਕ ਵਿਦਿਆਰਥੀਆਂ ਦੀ ਪ੍ਰਤੀਕਿਰਿਆ ਜਾਣਨ ਦੇ ਵੀ ਸਮਰੱਥ ਨਹੀਂ ਰਹਿੰਦਾ। ਪੜ੍ਹਾਇਆ ਗਿਆ ਪਾਠ ਕਿਸ ਵਿਦਿਆਰਥੀ ਨੂੰ ਕਿੰਨਾ ਸਮਝ ਆਇਆ, ਇਹ ਜਾਣਨਾ ਵੀ ਮੁਸ਼ਕਲ ਹੋ ਜਾਂਦਾ ਹੈ। ਆਨਲਾਈਨ ਸਿੱਖਿਆ ਵਿਦਿਆਰਥੀਆਂ ਦੀ ਵਧੇਰੇ ਸੁਹਰਿਦਤਾ ਤੇ ਲਗਨ ਦੀ ਮੰਗ ਕਰਦੀ ਹੈ।

ਮਿਹਨਤ ਤੋਂ ਬਿਨਾਂ ਨਹੀਂ ਕੀਤੀ ਜਾ ਸਕਦੀ ਕਲਪਨਾ

ਵਿਭਾਗ ਤੇ ਸਕੂਲਾਂ ਵੱਲੋਂ ਆਨਲਾਈਨ ਸਿੱਖਿਆ ਦਾ ਮਾਰਿਆ ਜਾ ਰਿਹਾ ਹੰਭਲਾ ਵਿਦਿਆਰਥੀਆਂ ਲਈ ਕਿਵੇਂ ਲਾਭਦਾਇਕ ਹੋਵੇ, ਸਮੇਂ ਦਾ ਵੱਡਾ ਸਵਾਲ ਹੈ। ਵਿਦਿਆਰਥੀਆਂ ਦੀ ਲਗਨ ਤੋਂ ਬਿਨਾਂ ਆਨਲਾਈਨ ਸਿੱਖਿਆ ਦੇ ਵਿਭਾਗੀ ਉਪਰਾਲੇ ਦੀ ਸਫਲਤਾ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਆਨਲਾਈਨ ਸਿੱਖਿਆ ਦੌਰਾਨ ਮਾਪਿਆਂ ਦੀ ਭੂਮਿਕਾ ਅਧਿਆਪਕਾਂ ਤੋਂ ਕਿਤੇ ਜ਼ਿਆਦਾ ਅਹਿਮ ਹੋ ਜਾਂਦੀ ਹੈ। ਮਾਪਿਆਂ ਨੂੰ ਅਧਿਆਪਕ ਦੇ ਬਹੁਤ ਸਾਰੇ ਕਾਰਜਾਂ ਦੀ ਭੂਮਿਕਾ ਨਿਭਾਉਣੀ ਪੈਂਦੀ ਹੈ। ਆਨਲਾਈਨ ਸਿੱਖਿਆ ਨੂੰ ਪ੍ਰਭਾਵੀ ਰੂਪ 'ਚ ਗ੍ਰਹਿਣ ਕਰਨ ਲਈ ਵਿਦਿਆਰਥੀਆਂ ਨੂੰ ਕੁਝ ਨੁਕਤੇ ਜ਼ਰੂਰ ਧਿਆਨ 'ਚ ਰੱਖਣੇ ਚਾਹੀਦੇ ਹਨ।

ਟਾਈਮ ਟੇਬਲ ਦੀ ਜਾਣਕਾਰੀ: ਵਿਭਾਗ ਵੱਲੋਂ ਟੈਲੀਵਿਜ਼ਨ 'ਤੇ ਲਗਾਈਆਂ ਜਾ ਰਹੀਆਂ ਆਨਲਾਈਨ ਜਮਾਤਾਂ ਲਈ ਵੀ ਸਕੂਲੀ ਜਮਾਤਾਂ ਵਾਂਗ ਹੀ ਸਮਾਂ ਸਾਰਣੀ ਜਾਰੀ ਕੀਤੀ ਗਈ ਹੈ। ਹਰ ਜਮਾਤ ਦੀਆਂ ਲੱਗਣ ਵਾਲੀਆਂ ਜਮਾਤਾਂ ਦੇ ਸਮੇਂ ਤੇ ਵਿਸ਼ੇ ਬਾਰੇ ਅਗਾਊਂ ਸਮਾਂ ਸਾਰਣੀ ਬਣਾਈ ਗਈ ਹੈ। ਇਹ ਜਾਣਕਾਰੀ ਰੋਜ਼ਾਨਾ ਵੀ ਵਿਦਿਆਰਥੀਆਂ ਤਕ ਪਹੁੰਚਦੀ ਕੀਤੀ ਜਾ ਰਹੀ ਹੈ। ਹਰ ਵਿਦਿਆਰਥੀ ਨੂੰ ਆਪਣੀ ਜਮਾਤ ਦੀ ਆਨਲਾਈਨ ਜਮਾਤ ਦੇ ਸਮੇਂ ਤੇ ਵਿਸ਼ੇ ਬਾਰੇ ਜਾਣਕਾਰੀ ਹੋਣੀ ਬਹੁਤ ਹੀ ਜ਼ਰੂਰੀ ਹੈ।

ਸਮੇਂ ਦੀ ਪਾਬੰਦੀ: ਆਨਲਾਈਨ ਸਿੱਖਿਆ ਵੀ ਸਕੂਲੀ ਸਿੱਖਿਆ ਵਾਂਗ ਹੀ ਸਮੇਂ ਦੀ ਪਾਬੰਦੀ ਦੀ ਮੰੰਗ ਕਰਦੀ ਹੈ। ਆਨਲਾਈਨ ਜਮਾਤ 'ਚ ਵੀ ਵਿਦਿਆਰਥੀਆਂ ਦਾ ਦਾਖ਼ਲਾ ਸਕੂਲੀ ਜਮਾਤ ਵਾਂਗ ਸਮੇਂ ਸਿਰ ਹੋਣਾ ਬਹੁਤ ਜ਼ਰੂਰੀ ਹੈ। ਸਕੂਲੀ ਜਮਾਤ ਦੌਰਾਨ ਅਧਿਆਪਕ ਵਿਦਿਆਰਥੀਆਂ ਨੂੰ ਜਮਾਤ ਦੇ ਸਮੇਂ ਦਾ ਪਾਬੰਦ ਬਣਾਉਣ ਲਈ ਸਿੱਧੇ ਸੰਪਰਕ ਵਿਚ ਹੁੰਦਾ ਹੈ ਪਰ ਆਨਲਾਈਨ ਸਿੱਖਿਆ ਦੌਰਾਨ ਵਿਦਿਆਰਥੀਆਂ ਨੂੰ ਸਵੈ-ਅਨੁਸ਼ਾਸਨ ਦਾ ਪ੍ਰਮਾਣ ਦੇ ਕੇ ਖ਼ੁਦ ਹੀ ਸਮੇਂ ਸਿਰ ਆਨਲਾਈਨ ਜਮਾਤ 'ਚ ਹਾਜ਼ਰ ਹੋਣ ਦੀ ਆਦਤ ਪੱਕੀ ਕਰਨੀ ਹੋਵੇਗੀ।

ਵਿਸ਼ੇ ਦੀ ਅਗਾਊਂ ਤਿਆਰੀ : ਆਨਲਾਈਨ ਸਿੱਖਿਆ ਦਾ ਪੂਰਾ ਲਾਹਾ ਪ੍ਰਾਪਤ ਕਰਨ ਲਈ ਵਿਦਿਆਰਥੀਆਂ ਨੂੰ ਚਾਹੀਦਾ ਹੈ ਕਿ ਆਨਲਾਈਨ ਪ੍ਰਸਾਰਿਤ ਹੋਣ ਵਾਲੇ ਪਾਠ ਨੂੰ ਪਹਿਲਾਂ ਇਕ ਵਾਰ ਜ਼ਰੂਰ ਪੜ੍ਹਨ ਤੇ ਸਮਝ ਨਾ ਆਉਣ ਵਾਲੇ ਸੰਕਲਪਾਂ ਨੂੰ ਕਾਪੀ 'ਤੇ ਨੋਟ ਕਰ ਲਿਆ ਜਾਵੇ ਤਾਂ ਜੋ ਆਨਲਾਈਨ ਜਮਾਤ ਦੌਰਾਨ ਉਨ੍ਹਾਂ ਨੂੰ ਅਧਿਆਪਕ ਦੀ ਸਾਰੀ ਗੱਲ ਸਮਝ ਆਉਂਦੀ ਰਹੇ।

ਅਨੁਸ਼ਾਸਨ ਬਣਾ ਕੇ ਰੱਖਣਾ : ਘਰ 'ਚ ਲੱਗਣ ਵਾਲੀ ਆਨਲਾਈਨ ਜਮਾਤ 'ਚ ਸਕੂਲ ਜਮਾਤ ਜਿਹੇ ਅਨੁਸ਼ਾਸਨ ਦੀ ਘਾਟ ਦਾ ਰਹਿਣਾ ਸੁਭਾਵਿਕ ਹੈ ਪਰ ਹਕੀਕਤ ਇਹ ਵੀ ਹੈ ਕਿ ਬਿਨਾਂ ਅਨੁਸ਼ਾਸਨ ਦੇ ਪੜ੍ਹਾਈ ਨਹੀਂ ਹੋ ਸਕਦੀ। ਸਕੂਲ ਜਮਾਤ 'ਚ ਅਨੁਸ਼ਾਸਨ ਕਾਇਮ ਰੱਖਣ ਲਈ ਅਧਿਆਪਕ ਦੀ ਭੂਮਿਕਾ ਅਹਿਮ ਹੁੰਦੀ ਹੈ। ਅਨੁਸ਼ਾਸਨ ਨਾਲ ਹੀ ਇਕਾਗਰਤਾ ਬਣਦੀ ਹੈ। ਸੋ ਘਰ 'ਚ ਆਨਲਾਈਨ ਜਮਾਤ ਦੌਰਾਨ ਅਨੁਸ਼ਾਸਨ ਤੇ ਇਕਾਗਰਤਾ ਬਣਾਈ ਰੱਖਣ ਲਈ ਵਿਦਿਆਰਥੀਆਂ ਨੂੰ ਸਵੈ-ਅਨੁਸ਼ਾਸਿਤ ਹੋਣਾ ਪਵੇਗਾ।

ਨੋਟ ਕਰਨਾ : ਵੇਖਣ 'ਚ ਆਇਆ ਹੈ ਕਿ ਕਈ ਬੱਚੇ ਆਨਲਾਈਨ ਜਮਾਤ ਦੌਰਾਨ ਟੈਲੀਵਿਜ਼ਨ ਵੇਖਣ ਵਾਂਗ ਵਿਹਾਰ ਕਰਦੇ ਹਨ, ਜਦੋਂਕਿ ਆਨਲਾਈਨ ਜਮਾਤ ਦੌਰਾਨ ਬਕਾਇਦਾ ਪੜ੍ਹਾਈ ਵਾਲਾ ਮਾਹੌਲ ਪੈਦਾ ਹੋਣਾ ਚਾਹੀਦਾ ਹੈ। ਬਹ-ਗਿਣਤੀ ਬੱਚੇ ਬੈਠ ਕੇ ਸਿਰਫ਼ ਟੈਲੀਵਿਜ਼ਨ ਵੇਖਦੇ ਰਹਿੰਦੇ ਹਨ। ਜਦੋਂ ਅਧਿਆਪਕ ਪੜ੍ਹਾ ਹਟਦਾ ਹੈ ਤਾਂ ਉਨ੍ਹਾਂ ਨੂੰ ਕੁਝ ਯਾਦ ਨਹੀਂ ਰਹਿੰਦਾ। ਵਦਿਆਰਥੀਆਂ ਨੂੰ ਚਾਹੀਦਾ ਹੈ ਕਿ ਆਨਲਾਈਨ ਜਮਾਤ ਦੌਰਾਨ ਵੀ ਬਕਾਇਦਾ ਪੈੱਨ ਤੇ ਕਾਪੀ ਕੋਲ ਰੱਖ ਕੇ ਨੋਟ ਕਰਨ ਦੀ ਕੋਸ਼ਿਸ਼ ਕੀਤੀ ਜਾਵੇ।

ਆਨਲਾਈਨ ਜਮਾਤ ਉਪਰੰਤ ਖ਼ੁਦ ਪੜ੍ਹਨਾ: ਪੜ੍ਹਾਈ ਦਾ ਪੂਰਾ ਲਾਹਾ ਲੈਣ ਲਈ ਵਿਦਿਆਰਥੀਆਂ ਦਾ ਫ਼ਰਜ਼ ਬਣਦਾ ਹੈ ਕਿ ਆਨਲਾਈ ਜਮਾਤ ਦੀ ਸਮਾਪਤੀ ਉਪਰੰਤ ਪੁਸਤਕ ਤੋਂ ਖ਼ੁਦ ਜ਼ਰੂਰ ਪੜ੍ਹਿਆ ਜਾਵੇ। ਪੜ੍ਹਾਏ ਗਏ ਪਾਠ ਦੇ ਪੁਸਤਕ ਅਭਿਆਸ ਲਾਜ਼ਮੀ ਤੌਰ 'ਤੇ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾਵੇ। ਅਭਿਆਸ ਹੱਲ ਕਰਨ ਨਾਲ ਹੀ ਤੁਹਾਨੂੰ ਪਤਾ ਲੱਗ ਸਕੇਗਾ ਕਿ ਆਨਲਾਈਨ ਜਮਾਤ ਦੌਰਾਨ ਪੜ੍ਹਾਏ ਪਾਠ ਦੀ ਤੁਹਾਨੂੰ ਕਿੰਨੀ ਕੁ ਸਮਝ ਲੱਗੀ ਹੈ।

ਕਾਪੀਆਂ 'ਤੇ ਕੰਮ ਕਰਨਾ : ਪੜ੍ਹਾਈ 'ਚ ਸਫਲਤਾ ਲਈ ਖ਼ੁਦ 'ਚ ਵਿਦਿਆਰਥੀਪਨ ਦਾ ਅਹਿਸਾਸ ਜਗਾ ਕੇ ਰੱਖਣਾ ਬਹੁਤ ਜ਼ਰੂਰੀ ਹੈ। ਇਸ ਅਹਿਸਾਸ ਲਈ ਸਕੂਲ ਮੁੱਖ ਭੂਮਿਕਾ ਨਿਭਾਉਂਦਾ ਹੈ ਪਰ ਹੁਣ ਸਕੂਲਾਂ ਦੀ ਤਾਲਾਬੰਦੀ ਦੌਰਾਨ ਆਨਲਾਈਨ ਜਮਾਤਾਂ ਸਮੇਂ ਵੀ ਇਸ ਅਹਿਸਾਸ ਦਾ ਹੋਣਾ ਬਹੁਤ ਜ਼ਰੂਰੀ ਹੈ। ਬੱਚਿਆਂ ਦਾ ਫ਼ਰਜ਼ ਬਣਦਾ ਹੈ ਕਿ ਆਨਲਾਈਨ ਜਮਾਤਾਂ ਦੌਰਾਨ ਪੜ੍ਹਾਏ ਜਾ ਰਹੇ ਵਿਸ਼ਿਆਂ ਨੂੰ ਸਕੂਲ ਜਾਮਤਾਂ ਵਾਂਗ ਹੀ ਨਾਲੋਂ-ਨਾਲ ਕਾਪੀਆਂ 'ਤੇ ਜ਼ਰੂਰ ਕੀਤਾ ਜਾਵੇ।

ਪੜ੍ਹੇ ਪਾਠਾਂ ਦਾ ਟੈਸਟ : ਸਕੂਲ ਜਮਾਤਾਂ ਦੌਰਾਨ ਅਧਿਆਪਕ ਵਿਦਿਆਰਥੀਆਂ ਵੱਲੋਂ ਗ੍ਰਹਿਣ ਕੀਤੀ ਸਮਝ ਦੀ ਪਰਖ ਲਈ ਸਮੇਂ-ਸਮੇਂ 'ਤੇ ਛੋਟੇ-ਛੋਟੇ ਟੈਸਟਾਂ ਦਾ ਆਯੋਜਨ ਕਰਦੇ ਰਹਿੰਦੇ ਹਨ। ਅਧਿਆਪਕਾਂ ਦੀ ਇਹ ਕੋਸ਼ਿਸ਼ ਆਨਲਾਈਨ ਜਮਾਤਾਂ ਦੌਰਾਨ ਵੀ ਜਾਰੀ ਹੈ। ਅਧਿਆਪਕਾਂ ਵੱਲੋਂ ਗੂਗਲ ਸ਼ੀਟ ਦੀ ਮਦਦ ਨਾਲ ਆਨਲਾਈਨ ਟੈਸਟ ਵਿਦਿਆਰਥੀਆਂ ਲਈ ਭੇਜੇ ਜਾ ਰਹੇ ਹਨ ਪਰ ਵੇਖਣ ਵਿੱਚ ਆਇਆ ਹੈ ਕਿ ਵਿਦਿਆਰਥੀ ਇਨ੍ਹਾਂ ਟੈਸਟਾਂ ਨੂੰ ਬਹੁਤੀ ਤਰਜੀਹ ਨਹੀਂ ਦਿੰਦੇ। ਇੱਥੇ ਵੀ ਵਿਦਿਆਰਥੀਆਂ ਦੀ ਜ਼ਿੰਮੇਵਾਰੀ ਬਹੁਤ ਵੱਧ ਜਾਂਦੀ ਹੈ। ਵਿਦਿਆਰਥੀਆਂ ਦਾ ਫ਼ਰਜ਼ ਬਣਦਾ ਹੈ ਕਿ ਅਧਿਆਪਕਾਂ ਵੱਲੋਂ ਭੇਜੇ ਜਾ ਰਹੇ ਵਿਸ਼ਾਵਾਰ ਟੈਸਟਾਂ 'ਚ ਜ਼ਰੂਰ ਭਾਗ ਲੈਣ ਤੇ ਪ੍ਰਾਪਤ ਅੰਕਾਂ ਦੀ ਰਿਪੋਰਟ ਆਪਣੇ ਸਬੰਧਤ ਅਧਿਆਪਕ ਨੂੰ ਲਾਜ਼ਮੀ ਤੌਰ 'ਤੇ ਕੀਤੀ ਜਾਵੇ।

ਅਧਿਆਪਕ ਦੇ ਸੰਪਰਕ 'ਚ ਰਹਿਣਾ : ਸਕੂਲਾਂ ਦੀ ਤਾਲਾਬੰਦੀ ਦੌਰਾਨ ਅਧਿਆਪਕਾਂ ਤੇ ਵਿਦਿਆਰਥੀਆਂ ਦਾ ਆਪਸੀ ਸਿੱਧਾ ਸਬੰਧ ਸੰਭਵ ਨਹੀਂ ਹੈ। ਇਸੇ ਲਈ ਆਨਲਾਈਨ ਜਮਾਤਾਂ ਦੀ ਵਿਵਸਥਾ ਕਾਇਮ ਕੀਤੀ ਗਈ ਹੈ ਪਰ ਹਕੀਕਤ ਇਹ ਹੈ ਕਿ ਆਨਲਾਈਨ ਜਮਾਤ ਸਕੂਲ ਜਮਾਤ ਦਾ ਸਥਾਨ ਨਹੀਂ ਲੈ ਸਕਦੀ। ਇਕ ਵਿਦਿਆਰਥੀ ਨੂੰ ਆਪਣੇ ਅਧਿਆਪਕ ਦੀ ਜ਼ਰੂਰਤ ਹਮੇਸ਼ਾ ਰਹਿੰਦੀ ਹੈ। ਆਨਲਾਈਨ ਜਮਾਤ ਦੀ ਸਫਲਤਾ ਲਈ ਵੀ ਅਧਿਆਪਕ ਤੇ ਵਿਦਿਆਰਥੀ ਦਾ ਆਨਲਾਈਨ ਸੰਪਰਕ ਬੇਹੱਦ ਜ਼ਰੂਰੀ ਹੈ। ਜਿੱਥੇ ਵਿਦਿਆਰਥੀ ਇਸ ਸੰਪਰਕ ਨਾਲ ਆਨਲਾਈਨ ਜਮਾਤ ਦੌਰਾਨ ਰਹਿ ਗਏ ਤੌਖਲਿਆਂ ਨੂੰ ਅਧਿਆਪਕ ਕੋਲੋ ਦੂਰ ਕਰ ਸਕਦੇ ਹਨ, ਉੱਥੇ ਅਧਿਆਪਕ ਵਿਦਿਆਰਥੀਆਂ ਨੂੰ ਆਨਲਾਈਨ ਜਮਾਤਾਂ ਲਗਾਉਣ ਦੀ ਤਕਨੀਕ ਤੋਂ ਵੀ ਜਾਣੂ ਕਰਵਾਉਂਦਾ ਰਹਿੰਦਾ ਹੈ। ਅਧਿਆਪਕ ਦੇ ਆਨਲਾਈਨ ਮਾਰਗ ਦਰਸ਼ਨ ਹੇਠ ਆਨਲਾਈਨ ਜਮਾਤਾਂ ਲਗਾਉਣ ਵਾਲੇ ਵਿਦਿਆਰਥੀ ਲਾਜ਼ਮੀ ਤੌਰ 'ਤੇ ਬਿਹਤਰ ਪ੍ਰਾਪਤੀਆਂ ਕਰਦਿਆਂ ਸਕੂਲਾਂ ਦੀ ਤਾਲਾਬੰਦੀ ਦੌਰਾਨ ਹੋਣ ਵਾਲੇ ਪੜ੍ਹਾਈ ਦੇ ਨੁਕਸਾਨ ਤੋਂ ਬਚ ਜਾਣਗੇ।

ਵਿਦਿਆਰਥੀਆਂ ਦੀ ਪੜ੍ਹਾਈ ਦੇ ਹੋਣ ਵਾਲੇ ਨੁਕਸਾਨ ਨੂੰ ਰੋਕਣ ਲਈ ਵਿਭਾਗ ਦਾ ਉਪਰਾਲਾ ਤਾਂ ਹੀ ਸਾਰਥਿਕ ਹੋ ਸਕਦਾ ਹੈ, ਜੇ ਵਿਦਿਆਰਥੀ ਇਨ੍ਹਾਂ ਜਮਾਤਾਂ ਨੂੰ ਸੁਹਿਰਦਤਾ ਨਾਲ ਲਗਾਉਣਗੇ। ਸਕੂਲ ਸਮੇਂ ਵਾਂਗ ਹੀ ਰੋਜ਼ਾਨਾ ਬੈਗ, ਪੁਸਤਕਾਂ ਤੇ ਕਾਪੀਆਂ ਦੀ ਸਾਂਭ-ਸੰਭਾਲ ਕਰਨੀ ਜ਼ਰੂਰੀ ਹੈ। ਆਨਲਾਈਨ ਜਮਾਤਾਂ ਲਗਾਉਣ ਲਈ ਬੱਚਿਆਂ ਨੂੰ ਪ੍ਰੇਰਿਤ ਕਰਨ ਵਿਚ ਮਾਪਿਆਂ ਦੀ ਭੂਮਿਕਾ ਬਹੁਤ ਹੀ ਅਹਿਮ ਬਣ ਜਾਂਦੀ ਹੈ। ਬੱਚਿਆਂ ਨੂੰ ਸਮੇਂ ਸਿਰ ਆਨਲਾਈਨ ਜਮਾਤ 'ਚ ਭੇਜਣਾ ਤੇ ਜਮਾਤਾਂ ਦੇ ਸਮੇਂ ਦੌਰਾਨ ਟੈਲੀਵਿਜ਼ਨ ਦਾ ਮਨੋਰੰਜਨ ਦੇ ਤੌਰ 'ਤੇ ਇਸਤੇਮਾਲ ਰੋਕਣਾ ਵੀ ਮਾਪਿਆਂ ਦੀ ਹੀ ਜ਼ਿੰਮੇਵਾਰੀ ਹੈ।

- ਬਿੰਦਰ ਸਿੰਘ ਖੁੱਡੀ ਕਲਾਂ

98786-05965

Posted By: Harjinder Sodhi