ਮਨੁੱਖ ਇਕ ਸਮਾਜਿਕ ਪ੍ਰਾਣੀ ਹੈ। ਉਹ ਆਪਣਾ ਜੀਵਨ ਪਰਿਵਾਰ, ਛੋਟੇ ਸਮੂਹ ਜਾਂ ਸਮਾਜ 'ਚ ਰਹਿ ਕੇ ਹੀ ਸਫਲ ਬਣਾਉਂਦਾ ਹੈ। ਮਨੁੱਖ ਦੀ ਜ਼ਿੰਦਗੀ 'ਚ ਪਰਿਵਾਰ ਦੀ ਸਭ ਤੋਂ ਮਹੱਤਵਪੂਰਨ ਭੂਮਿਕਾ ਹੁੰਦੀ ਹੈ। ਪਰਿਵਾਰ ਹੀ ਉਸ 'ਚ ਕਦਰਾਂ-ਕੀਮਤਾਂ, ਨੈਤਿਕ ਤੇ ਵਿਹਾਰਕ ਗੁਣ ਪੈਦਾ ਕਰਦਾ ਹੈ। ਸਭ ਤੋਂ ਪਹਿਲਾਂ ਵਿਚਾਰਾਂ ਦਾ ਆਦਾਨ-ਪ੍ਰਦਾਨ ਪਰਿਵਾਰ 'ਚ ਹੀ ਸੰਭਵ ਹੁੰਦਾ ਹੈ। ਵਿਅਕਤੀ ਦੀਆਂ ਜਨਮ ਤੋਂ ਮੌਤ ਤਕ ਸਾਰੀਆਂ ਕਿਰਿਆਵਾਂ ਪਰਿਵਾਰ 'ਚ ਹੀ ਹੁੰਦੀਆਂ ਹਨ।

ਜੇ ਸੌਖੇ ਸ਼ਬਦਾਂ 'ਚ ਕਿਹਾ ਜਾਵੇ ਤਾਂ ਪਰਿਵਾਰ ਸਮਾਜ ਦੀ ਇਕ ਛੋਟੀ ਇਕਾਈ ਹੁੰਦਾ ਹੈ, ਜੋ ਪ੍ਰਤੱਖ ਜਾਂ ਅਪ੍ਰਤੱਖ ਰੂਪ ਵਿਚ ਬੱਚੇ ਦੇ ਸਮਾਜਿਕ, ਮਾਨਸਿਕ ਤੇ ਸੱਭਿਆਚਾਰਕ ਵਿਕਾਸ ਲਈ ਜ਼ਿੰਮੇਵਾਰ ਹੁੰਦਾ ਹੈ। ਪ੍ਰਸਿੱਧ ਸਮਾਜ ਸ਼ਾਸਤਰੀ ਚਾਰਲਸ ਕੂਲੇ ਅਨੁਸਾਰ ਪਰਿਵਾਰ ਇਕ ਅਜਿਹਾ ਮੌਲਿਕ ਸਮੂਹ ਹੈ, ਜਿਸ ਨਾਲ ਬੱਚੇ ਦੇ ਸਮਾਜਿਕ ਜੀਵਨ ਤੇ ਆਦਰਸ਼ਾਂ ਦਾ ਨਿਰਮਾਣ ਹੁੰਦਾ ਹੈ। ਪਰਿਵਾਰ ਇਕ ਅਜਿਹਾ ਸੂਬਾ ਹੈ ਜੋ ਵਿਆਹ ਤੇ ਖ਼ੂਨ ਦੇ ਸਬੰਧਾਂ ਨਾਲ ਸੰਗਠਿਤ ਹੁੰਦਾ ਹੈ। ਪਰਿਵਾਰ ਸ਼ਬਦ ਪਰਿ ਤੇ ਵਾਰ ਤੋਂ ਬਣਿਆ ਹੈ। ਪਰਿ ਦਾ ਅਰਥ ਹੈ ਚਾਰੇ ਪਾਸੇ ਤੇ ਵਾਰ ਭਾਵ ਦਿਨ, ਰੌਸ਼ਨੀ ਆਦਿ। ਪਰਿਵਾਰ ਭਾਵ ਜੋ ਆਪਣੀ ਸੰਸਕ੍ਰਿਤੀ, ਵਧੀਆ ਵਿਚਾਰ ਤੇ ਨੈਤਿਕ ਕਦਰਾਂ ਕੀਮਤਾਂ ਨੂੰ ਚਾਰੇ ਪਾਸੇ ਫੈਲਾਉਂਦਾ ਹੈ।

ਜੇ ਅਸੀਂ ਪ੍ਰਸਿੱਧ ਵਿਕਲਾਂਗ ਵਿਅਕਤੀਆਂ ਦੀਆਂ ਜੀਵਨੀਆਂ ਪੜ੍ਹੀਏ ਤਾਂ ਸਾਨੂੰ ਪਤਾ ਲੱਗੇਗਾ ਕਿ ਉਨ੍ਹਾਂ ਦੇ ਕਾਮਯਾਬ ਹੋਣ 'ਚ ਸਭ ਤੋਂ ਵੱਡੀ ਭੂਮਿਕਾ ਪਰਿਵਾਰ ਦੀ ਰਹੀ ਹੈ। ਜਦੋਂ ਹੈਲਨ ਕੈਲਰ ਬਹੁਤ ਛੋਟੀ ਸੀ ਤਾਂ ਉਸ ਦੀਆਂ ਅੱਖਾਂ ਦੀ ਰੌਸ਼ਨੀ ਤੇ ਸੁਣਨ ਦੀ ਸ਼ਕਤੀ ਚਲੀ ਗਈ। ਇਸ ਦੇ ਬਾਵਜੂਦ ਉਸ ਦੇ ਪਰਿਵਾਰ ਨੇ ਉਸ ਨੂੰ ਪੜ੍ਹਾਉਣ ਲਈ ਐੱਨ ਮੈਂਨਸਫੀਲਡ ਨਾਂ ਦੀ ਅਧਿਆਪਕਾ ਨੂੰ ਘਰ ਬੁਲਾਇਆ, ਜਿਸ ਸਦਕਾ ਹੈਲਨ ਕੈਲਰ ਬ੍ਰੇਲ ਲਿਪੀ ਨਾਲ ਪੜ੍ਹਨਾ ਸਿੱਖ ਗਈ ਤੇ ਮਹਾਨ ਲੇਖਿਕਾ ਅਤੇ ਸਮਾਜ ਸੁਧਾਰਕ ਦੇ ਰੂਪ ਵਿਚ ਵਿਲੱਖਣ ਪ੍ਰਤਿਭਾ ਬਣ ਕੇ ਸਾਰੇ ਸੰਸਾਰ 'ਚ ਪ੍ਰਸਿੱਧ ਹੋਈ। ਪਰਿਵਾਰ ਦਾ ਸਰੂਪ ਹਰ ਸਮਾਜ 'ਚ ਅਲੱਗ ਹੁੰਦਾ ਹੈ। ਇੱਥੋਂ ਤਕ ਕਿ ਇਕ ਹੀ ਸਮਾਜ ਦੇ ਵੱਖ-ਵੱਖ ਸੂਬਿਆਂ ਦੇ ਵਿਸਥਾਰ ਵਿਚ ਭੂਗੋਲਿਕ, ਸਮਾਜਿਕ ਤੇ ਸੰਸਕ੍ਰਿਤਕ ਹਾਲਾਤ ਵੱਖ ਹੁੰਦੇ ਹਨ। ਇਸ ਲਈ ਪਰਿਵਾਰ ਦਾ ਸਰੂਪ ਵੀ ਇੱਕੋ ਜਿਹਾ ਨਹੀਂ ਹੁੰਦਾ।

ਪਰਿਵਾਰ ਦਾ ਮੁੱਖ ਕਾਰਜ ਸੰਤਾਨ ਦੀ ਉਤਪਤੀ, ਪਾਲਣ-ਪੋਸ਼ਣ, ਧਾਰਮਿਕ ਸੰਸਕਾਰ ਦੇਣਾ, ਵਿੱਦਿਆ ਪ੍ਰਦਾਨ ਕਰਨਾ, ਸਿਹਤ ਦੀ ਸੰਭਾਲ, ਵਧੀਆ ਨਾਗਰਿਕ ਬਣਨ ਦੇ ਗੁਣ ਜਿਵੇਂ ਪਿਆਰ, ਸਹਿਣਸ਼ੀਲਤਾ, ਅਨੁਸ਼ਾਸਨ, ਸਹਿਯੋਗ ਦੀ ਭਾਵਨਾ ਆਦਿ ਤੇ ਸਮਾਜਿਕ ਤੌਰ-ਤਰੀਕੇ ਸਿਖਾਉਣਾ ਹੈ। ਇਕ ਚੁਣੌਤੀਪੂਰਨ ਬੱਚੇ ਲਈ ਪਰਿਵਾਰ ਦੀ ਭੂਮਿਕਾ ਹੋਰ ਵੀ ਜ਼ਿਆਦਾ ਮਹੱਤਵਪੂਰਨ ਹੋ ਜਾਂਦੀ ਹੈ, ਜਿਸ ਪਰਿਵਾਰ ਵਿਚ ਇਕ ਬਚਾ ਜਨਮ ਤੋਂ ਵਿਕਲਾਂਗ ਹੈ ਜਾਂ ਬਾਅਦ 'ਚ ਹੋ ਜਾਵੇ।

ਉਸ ਪਰਿਵਾਰ ਵਿਚ ਸਭ ਤੋਂ ਪਹਿਲੀ ਸਮੱਸਿਆ ਉਸ ਬੱਚੇ ਨੂੰ ਸਵੀਕਾਰ ਕਰਨਾ ਹੁੰਦਾ ਹੈ। ਮਾਂ-ਬਾਪ, ਭਰਾ-ਭੈਣ ਉਸ ਬੱਚੇ ਲਈ ਸਭ ਤੋਂ ਵੱਡਾ ਆਸਰਾ ਹੁੰਦੇ ਹਨ। ਜੇ ਉਨ੍ਹਾਂ ਦਾ ਰਵੱਈਆ ਉਸ ਬੱਚੇ ਪ੍ਰਤੀ ਪਿਆਰ, ਨਿਮਰਤਾ ਤੇ ਸਨਮਾਨ ਭਰਿਆ ਹੋਵੇਗਾ ਤਾਂ ਹੀ ਉਹ ਬੱਚਾ ਆਪਣੀ ਸਰੀਰਕ ਕਮਜ਼ੋਰੀ ਨਾਲ ਖ਼ੁਦ ਨੂੰ ਸਹਿਜ ਮਹਿਸੂਸ ਕਰ ਸਕੇਗਾ।

ਬੱਚੇ ਨੂੰ ਸਵੀਕਾਰਨਾ

ਜਦੋਂ ਪਰਿਵਾਰ ਦੇ ਮੈਂਬਰ ਬੱਚੇ ਨੂੰ ਵਿਕਲਾਂਗ ਹੋਣ ਦੇ ਬਾਵਜੂਦ ਸਵੀਕਾਰ ਕਰਦੇ ਹਨ ਤੇ ਉਹ ਉਸ ਦੇ ਅਤੇ ਸਿਹਤਮੰਦ ਬੱਚੇ ਵਿਚਕਾਰ ਕੋਈ ਫ਼ਰਕ ਨਹੀਂ ਕਰਦੇ। ਇਸ ਦਾ ਬੱਚੇ ਦੇ ਮਾਨਸਿਕ ਵਿਕਾਸ 'ਤੇ ਸਕਾਰਾਤਮਕ ਪ੍ਰਭਾਵ ਪੈਂਦਾ ਹੈ। ਉਸ 'ਚ ਵੀ ਆਪਣੀ ਵਿਕਲਾਂਗਤਾ ਨੂੰ ਸਹਿਜ ਸੁਭਾਅ ਕਰਨ ਦੀ ਤਾਕਤ ਆ ਜਾਂਦੀ ਹੈ।

ਆਤਮ ਨਿਰਭਰ ਬਣਾਉਣਾ

ਮਾਨਸਿਕ ਰੂਪ 'ਚ ਚੁਣੌਤੀਪੂਰਨ ਬੱਚੇ ਜ਼ਿਆਦਾ ਪੜ੍ਹ ਨਹੀਂ ਸਕਦੇ। ਇਸ ਲਈ ਹਰ ਪਰਿਵਾਰ ਦਾ ਫ਼ਰਜ਼ ਬਣਦਾ ਹੈ ਕਿ ਬੱਚਿਆਂ ਨੂੰ ਕੋਈ ਹੁਨਰ ਕੌਸ਼ਲ ਸਿਖਾਇਆ ਜਾਵੇ। ਕੋਈ ਇਸ ਤਰ੍ਹਾਂ ਦੀ ਵੋਕੇਸ਼ਨਲ ਟਰੇਨਿੰਗ ਦਿੱਤੀ ਜਾ ਸਕਦੀ ਹੈ, ਜਿਸ ਨਾਲ ਉਹ ਆਪਣੇ ਪੈਰਾਂ 'ਤੇ ਖੜ੍ਹੇ ਹੋ ਜਾਣ ਤੇ ਉਨ੍ਹਾਂ ਨੂੰ ਦੂਸਰਿਆਂ ਦਾ ਮੁਹਤਾਜ ਨਾ ਰਹਿਣਾ ਪਵੇ।

ਚੰਗੇ ਗੁਣ ਵਿਕਸਤ ਕਰਨਾ

ਪਰਿਵਾਰ ਪਹਿਲੀ ਪਾਠਸ਼ਾਲਾ ਹੈ, ਜਿੱਥੇ ਇਕ ਬੱਚਾ ਬਹੁਤ ਸਾਰੇ ਗੁਣ ਆਪਣੇ ਵੱਡਿਆਂ ਦੀ ਨਕਲ ਕਰ ਕੇ ਸਿੱਖਦਾ ਹੈ। ਇਹ ਦੇਖਿਆ ਜਾਂਦਾ ਹੈ ਕਿ ਕਈ ਪਰਿਵਾਰ ਅਜਿਹੇ ਬੱਚਿਆਂ ਨਾਲ ਵਿਤਕਰੇ ਭਰਿਆ ਵਤੀਰਾ ਕਰਦੇ ਹਨ ਜਿਸ ਨਾਲ ਉਸ ਦੇ ਮਨ ਵਿਚ ਆਪਣੇ ਭੈਣ-ਭਰਾ ਲਈ ਘਿਰਣਾ ਤੇ ਈਰਖਾ ਵਰਗੇ ਭਾਵ ਪੈਦਾ ਹੋ ਜਾਂਦੇ ਹਨ। ਇਸ ਲਈ ਪਰਿਵਾਰ ਦੇ ਹਰ ਮੈਂਬਰ ਦਾ ਫ਼ਰਜ਼ ਹੈ ਕਿ ਇਨ੍ਹਾਂ ਬੱਚਿਆਂ ਨੂੰ ਦੂਸਰੇ ਬੱਚਿਆਂ ਵਾਂਗ ਹੀ ਸਮਝਣ ਤਾਂ ਕਿ ਉਹ ਵੀ ਆਪਣੇ 'ਚ ਚੰਗੇ ਇਨਸਾਨ ਦੇ ਗੁਣ ਜਿਵੇਂ ਪਿਆਰ, ਹਮਦਰਦੀ, ਸਹਿਯੋਗ ਦੀ ਭਾਵਨਾ, ਪਰਉਪਕਾਰ ਆਦਿ ਗੁਣ ਧਾਰਨ ਕਰ ਸਕਣ।

ਮਜ਼ਬੂਤ ਇੱਛਾ ਸ਼ਕਤੀ ਦਾ ਵਿਕਾਸ

ਪਰਿਵਾਰ ਉਹ ਮਜ਼ਬੂਤ ਕੜੀ ਹੈ, ਜੋ ਬੱਚੇ 'ਚ ਸਵੈਮਾਣ ਦੀ ਭਾਵਨਾ, ਆਤਮ-ਵਿਸ਼ਵਾਸ ਤੇ ਮਜ਼ਬੂਤ ਇੱਛਾ ਸ਼ਕਤੀ ਪੈਦਾ ਕਰ ਸਕਦਾ ਹੈ। ਜੇ ਇਕ ਬੱਚੇ 'ਚ ਇਨ੍ਹਾਂ ਗੁਣਾਂ ਦਾ ਵਿਕਾਸ ਬਚਪਨ 'ਚ ਹੀ ਹੋ ਜਾਵੇ ਤਾਂ ਉਹ ਜ਼ਿੰਦਗੀ ਦੀ ਹਰ ਮੁਸੀਬਤ ਦਾ ਸਾਹਮਣਾ ਬੜੇ ਹੌਸਲੇ ਨਾਲ ਕਰਦਾ ਹੈ। ਇਸ ਲਈ ਬੱਚੇ ਦੇ ਸਵੈਮਾਣ ਦਾ ਵਿਕਾਸ ਕਰਨਾ ਪਰਿਵਾਰਕ ਮੈਂਬਰਾਂ ਦੀ ਜ਼ਿੰਮੇਵਾਰੀ ਹੈ। ਜਦੋਂ ਅਸੀਂ ਚੁਣੌਤੀਪੂਰਨ ਬੱਚੇ ਨੂੰ ਘਰ ਦੇ ਮਹੱਤਵਪੂਰਨ ਫ਼ੈਸਲਿਆਂ 'ਚ ਭਾਗੀਦਾਰ ਬਣਾਉਂਦੇ ਹਾਂ ਤਾਂ ਉਸ ਦੇ ਸਵੈਮਾਣ ਵਿਚ ਵਾਧਾ ਹੁੰਦਾ ਹੈ ਤੇ ਜਦੋਂ ਕੋਈ ਘਰੇਲੂ ਜ਼ਿੰਮੇਵਾਰੀ ਉਸ ਦੇ ਮਜ਼ਬੂਤ ਮੋਢਿਆਂ 'ਤੇ ਰੱਖੀ ਜਾਵੇ ਤਾਂ ਉਸ ਦੀ ਇੱਛਾ ਸ਼ਕਤੀ ਦੀ ਪਰਖ ਹੁੰਦੀ ਹੈ ਤੇ ਉਸ ਦੇ ਵਿਕਾਸ 'ਚ ਵੀ ਸਹਾਈ ਹੁੰਦਾ ਹੈ। ਚੁਣੌਤੀਪੂਰਨ ਬੱਚਿਆਂ ਲਈ ਪਰਿਵਾਰ ਦੀ ਭੂਮਿਕਾ ਬਹੁਤ ਅਹਿਮ ਹੁੰਦੀ ਹੈ ਕਿ ਉਹ ਕਿਸ ਤਰ੍ਹਾਂ ਸੰਤੁਲਨ ਬਣਾ ਕੇ ਇਨ੍ਹਾਂ ਬੱਚਿਆਂ ਦੀ ਸ਼ਖ਼ਸੀਅਤ 'ਚ ਵਧੀਆ ਗੁਣ ਪੈਦਾ ਕਰਨ ਤੇ ਉਨ੍ਹਾਂ ਨੂੰ ਜ਼ਿੱਦੀ, ਝਗੜਾਲੂ ਬਣਨ ਤੋਂ ਬਚਾਉਣ। ਭਾਵ ਉਸ ਨਾਲ ਵਤੀਰਾ ਕਿਹੋ ਜਿਹਾ ਹੋਵੇ, ਜੋ ਆਮ ਬੱਚੇ ਨਾਲ ਹੁੰਦਾ ਹੈ। ਉਸ ਨੂੰ ਉਹ ਸਾਰੀਆਂ ਸਹੂਲਤਾਂ ਤੇ ਮੌਕੇ ਦਿੱਤੇ ਜਾਣ, ਜੋ ਤੰਦਰੁਸਤ ਬੱਚੇ ਨੂੰ ਮਿਲਦੇ ਹਨ। ਇਹ ਸਭ ਉਸ ਦੇ ਸਰਬਪੱਖੀ ਵਿਕਾਸ 'ਚ ਸਹਾਈ ਹੋਵੇਗਾ ਕਿਉਂਕਿ ਉਹ ਬੋਝ ਨਹੀਂ ਬਲਕਿ ਜ਼ਿੰਮੇਵਾਰੀ ਹੈ ਤੇ ਪਰਿਵਾਰਕ ਫ਼ਰਜ਼ ਵੀ।

ਵਿੱਦਿਆ ਪ੍ਰਾਪਤੀ ਦੇ ਮੌਕੇ ਮੁਹੱਈਆ ਕਰਵਾਉਣਾ

ਚੁਣੌਤੀਪੂਰਨ ਬੱਚੇ ਨੂੰ ਪੜ੍ਹਾਈ ਕਰਨ ਦੇ ਮੌਲਿਕ ਹੱਕ ਤੋਂ ਵਾਂਝਾ ਕਰ ਦਿੱਤਾ ਜਾਵੇ ਤਾਂ ਉਸ ਦੀ ਜ਼ਿੰਦਗੀ ਨਰਕ ਬਣ ਜਾਂਦੀ ਹੈ। ਪੜ੍ਹਾਈ ਇਕ ਅਜਿਹਾ ਗਹਿਣਾ ਹੈ, ਜਿਸ ਨੂੰ ਧਾਰਨ ਕਰ ਕੇ ਉਹ ਸਮਾਜ 'ਚ ਆਤਮ ਨਿਰਭਰ ਹੋਣ ਦੇ ਨਾਲ ਸਨਮਾਨ ਤੇ ਕਾਮਯਾਬੀ ਹਾਸਿਲ ਕਰ ਸਕਦਾ ਹੈ। ਇਸ ਲਈ ਪਰਿਵਾਰ ਦਾ ਫ਼ਰਜ਼ ਬਣਦਾ ਹੈ ਕਿ ਉਹ ਬੱਚੇ ਨੂੰ ਵੱਧ ਤੋਂ ਵੱਧ ਪੜ੍ਹਨ ਲਈ ਪ੍ਰੇਰਿਤ ਕਰਨ ਤੇ ਉਸ ਨੂੰ ਵਧੀਆ ਵਾਤਾਵਰਨ ਵੀ ਮੁਹੱਈਆ ਕੀਤਾ ਜਾਵੇ ਤਾਂ ਜੋ ਉਸ 'ਚ ਸਾਰੀਆਂ ਪਰੇਸ਼ਾਨੀਆਂ ਨੂੰ ਸਹਿੰਦਿਆਂ ਪੜ੍ਹਨ ਤੇ ਅੱਗੇ ਵਧਣ ਦੀ ਲਾਲਸਾ ਬਣੀ ਰਹੇ।

- ਪੂਜਾ ਸ਼ਰਮਾ

Posted By: Harjinder Sodhi