ਭਾਰਤ ਲੰਬੇ ਸਮੇਂ ਤਕ ਬਰਤਾਨਵੀ ਸਾਮਰਾਜ ਅਧੀਨ ਰਿਹਾ ਹੈ। ਉਸ ਸਮੇਂ ਅੰਗਰੇਜ਼ੀ ਹਕੂਮਤ ਨੇ ਜ਼ਬਰਦਸਤੀ ਆਪਣੇ ਕਾਨੂੰਨਾਂ ਦਾ ਪਾਲਣ ਕਰਨ ਲਈ ਕਿਹਾ ਤੇ ਨਾ ਮੰਨਣ ਵਾਲਿਆਂ ’ਤੇ ਅੱਤਿਆਚਾਰ ਵੀ ਕੀਤੇ। ਦੇਸ਼ ਦੇ ਅਨੇਕਾਂ ਸੂਰਬੀਰਾਂ ਨੇ ਆਪਣੀਆਂ ਜਾਨਾਂ ਦੇ ਕੇ 15 ਅਗਸਤ 1947 ਨੂੰ ਦੇਸ਼ ਆਜ਼ਾਦ ਕਰਵਾਇਆ। ਦੇਸ਼ ਆਜ਼ਾਦ ਤਾਂ ਹੋ ਗਿਆ ਪਰ ਦੇਸ਼ ਦੀ ਪੂਰਨ ਸੁਤੰਤਰਤਾ ਆਪਣੇ ਸੁਤੰਤਰ ਸੰਵਿਧਾਨ ਤੇ ਕਾਨੂੰਨਾਂ ਨਾਲ ਹੀ ਬਣਨੀ ਸੀ।

ਦੇਸ਼ ਨੂੰ ਆਪਣਾ ਸੰਵਿਧਾਨ ਮੁਹੱਈਆ ਕਰਵਾਉਣ ਲਈ 28 ਅਗਸਤ 1947 ਨੂੰ ਡਾ. ਬੀ.ਆਰ. ਅੰਬੇਡਕਰ ਦੀ ਪ੍ਰਧਾਨਗੀ ਹੇਠ ਸੰਵਿਧਾਨ ਦਾ ਖਰੜਾ ਤਿਆਰ ਕਰਨ ਲਈ ਕਮੇਟੀ ਦਾ ਗਠਨ ਕੀਤਾ ਗਿਆ। 2 ਸਾਲ 11 ਮਹੀਨੇ 18 ਦਿਨਾਂ ’ਚ ਤਿਆਰ ਕੀਤੇ ਗਏ ਇਸ ਖਰੜੇ ਨੂੰ ਅਸੈਂਬਲੀ ’ਚ ਪੇਸ਼ ਕੀਤੇ ਜਾਣ ਤੋਂ ਬਾਅਦ ਇਸ ਦੀ ਸਾਰੇ ਪਹਿਲੂਆਂ ਤੋਂ ਪੜਤਾਲ ਕੀਤੀ ਗਈ ਤੇ ਬਹੁਤ ਸਾਰੀਆਂ ਸੋਧਾਂ ਤੋਂ ਬਾਅਦ 24 ਜਨਵਰੀ 1950 ਨੂੰ ਸੰਵਿਧਾਨ ਰਾਸ਼ਟਰ ਨੂੰ ਸਮਰਪਿਤ ਕਰ ਦਿੱਤਾ ਗਿਆ।

ਪੂਰਨ ਸੰਵਿਧਾਨ ਨੂੰ ਦੇਸ਼ ਵਿਚ ਲਾਗੂ ਕਰਨ ਵਾਸਤੇ 26 ਜਨਵਰੀ 1950 ਨੂੰ ਰਾਜਧਾਨੀ ਨਵੀਂ ਦਿੱਲੀ ਵਿਚ ਰਾਜਪਥ ਵਿਖੇ ਦੇਸ਼ ਦੇ ਰਾਸ਼ਟਰਪਤੀ ਸਾਹਮਣੇ ਇਸ ਨੂੰ ਪੇਸ਼ ਕੀਤਾ ਗਿਆ ਤੇ ਗਣਤੰਤਰ ਦਿਵਸ ਮਨਾਇਆ ਗਿਆ। ਇਸ ਦੇ ਨਾਲ ਹੀ ਭਾਰਤ ਨੂੰ ਲੋਕਤੰਤਰੀ ਗਣਰਾਜ ਐਲਾਨ ਦਿੱਤਾ ਗਿਆ, ਜਿਸ ਦਾ ਅਰਥ ਹੈ ਕਿ ਭਾਰਤ ਦਾ ਮੁਖੀ ਕੋਈ ਰਾਜਾ ਜਾਂ ਰਾਣੀ ਨਹੀਂ ਹੋਵੇਗਾ, ਸਗੋਂ ਲੋਕਾਂ ਦੁਆਰਾ ਚੁਣਿਆ ਗਿਆ ਪ੍ਰਤੀਨਿਧ ਹੋਵੇਗਾ। ਡਾ. ਰਾਜਿੰਦਰ ਪ੍ਰਸਾਦ ਆਜ਼ਾਦ ਭਾਰਤ ਦੇ ਪਹਿਲੇ ਪ੍ਰਧਾਨ ਰਾਸ਼ਟਰਪਤੀ ਸਨ।

ਦੇਸ਼ ਦਾ ਮਾਣ ਹੈ ਤਿਰੰਗਾ

ਹਰ ਸੁਤੰਤਰ ਦੇਸ਼ ਦਾ ਆਪਣਾ ਇਕ ਝੰਡਾ ਹੰੁਦਾ ਹੈ। ਇਹ ਕਿਸੇ ਵੀ ਦੇਸ਼ ਦੇ ਸੁਤੰਤਰ ਹੋਣ ਦਾ ਚਿੰਨ੍ਹ ਹੈ। ਭਾਰਤ ਦੇ ਰਾਸ਼ਟਰੀ ਝੰਡੇ ਨੂੰ ਇਸ ਦੇ ਵਰਤਮਾਨ ਸਰੂਪ ’ਚ 22 ਜੁਲਾਈ 1947 ਨੂੰ ਹੋਈ ਭਾਰਤੀ ਸੰਵਿਧਾਨ ਸਭਾ ਦੀ ਬੈਠਕ ਦੌਰਾਨ ਅਪਣਾਇਆ ਗਿਆ, ਜੋ ਅੰਗਰੇਜ਼ਾਂ ਤੋਂ ਭਾਰਤ ਦੀ ਆਜ਼ਾਦੀ ਤੋਂ ਕੁਝ ਦਿਨ ਪਹਿਲਾਂ ਹੀ ਕੀਤੀ ਗਈ ਸੀ। ਇਸ ਨੂੰ 15 ਅਗਸਤ 1947 ਅਤੇ 26 ਜਨਵਰੀ 1950 ਵਿਚ ਭਾਰਤ ਦੇ ਰਾਸ਼ਟਰੀ ਝੰਡੇ ਦੇ ਰੂਪ ’ਚ ਅਪਣਾਇਆ ਗਿਆ।

ਤਿਰੰਗੇ ਦੇ ਤਿੰਨ ਰੰਗ

ਭਾਰਤ ਦੇ ਰਾਸ਼ਟਰੀ ਝੰਡੇ ਦੀ ਉਪਰਲੀ ਪੱਟੀ ’ਚ ਕੇਸਰੀ ਰੰਗ ਹੈ, ਜੋ ਦੇਸ਼ ਦੀ ਸ਼ਕਤੀ, ਸਾਹਸ ਅਤੇ ਦਿ੍ਰੜਤਾ ਨੂੰ ਦਰਸਾਉਂਦਾ ਹੈ। ਫਿਰ ਸਫ਼ੈਦ ਪੱਟੀ ਧਰਮ ਚੱਕਰ ਦੇ ਨਾਲ ਸ਼ਾਂਤੀ ਅਤੇ ਸੱਚ ਦੀ ਪ੍ਰਤੀਕ ਹੈ। ਹਰੀ ਪੱਟੀ ਆਪਣੇ ਵਾਤਾਵਰਨ ਦਾ ਖ਼ਿਆਲ ਰੱਖਣ ਅਤੇ ਕੁਦਰਤ ਨਾਲ ਜੁੜੇ ਰਹਿਣ ਦਾ ਸੁਨੇਹਾ ਦਿੰਦੀ ਹੈ। ਜੇ ਅਸੀਂ ਕੁਦਰਤ ਦਾ ਖ਼ਿਆਲ ਰੱਖਾਂਗੇ ਤਾਂ ਹੀ ਭਵਿੱਖ ਨੂੰ ਚੰਗਾ ਬਣਾ ਸਕਦੇ ਹਾਂ।

ਤਿੰਨ ਰੰਗਾਂ ਨਾਲ ਬਣਿਆ ਇਹ ਝੰਡਾ ਸਾਨੂੰ ਕਈ ਸੁਨੇਹੇ ਦਿੰਦਾ ਹੈ। ਇਸ ਵਿਚ ਸਭ ਤੋਂ ਉਪਰ ਕੇਸਰੀ, ਵਿਚਾਲੇ ਸਫ਼ੈਦ ਤੇ ਹੇਠਾਂ ਹਰੇ ਰੰਗ ਦੀ ਪੱਟੀ ਹੈ। ਇਹ ਤਿੰਨੇ ਰੰਗ ਬਰਾਬਰ ਅਨੁਪਾਤ ’ਚ ਹਨ। ਝੰਡੇ ਦੀ ਚੌੜਾਈ ਦਾ ਅਨੁਪਾਤ ਇਸ ਦੀ ਲੰਬਾਈ ਨਾਲੋਂ ਦੋ ਅਤੇ ਤਿੰਨ ਦਾ ਹੈ। ਸਫ਼ੈਦ ਪੱਟੀ ’ਚ ਨੀਲੇ ਰੰਗ ਦਾ ਇਕ ਚੱਕਰ ਹੈ। ਇਹ ਚੱਕਰ ਅਸ਼ੋਕ ਦੀ ਰਾਜਧਾਨੀ ਸਾਰਨਾਥ ਸਥਿਤ ਤਿ੍ਰਮੂਰਤੀ ਸਤੰਭ ’ਤੇ ਬਣਿਆ ਹੋਇਆ ਹੈ। ਇਸ ਦਾ ਘੇਰਾ ਲਗਪਗ ਸਫ਼ੈਦ ਪੱਟੀ ਦੀ ਚੌੜਾਈ ਦੇ ਬਰਾਬਰ ਹੰੁਦਾ ਹੈ ਅਤੇ ਇਸ ਚੱਕਰ ਵਿਚ 24 ਤੀਲੀਆਂ ਹਨ।

ਤਿਰੰਗੇ ਸਬੰਧੀ ਨਿਯਮ

26 ਜਨਵਰੀ 2002 ਨੂੰ ਭਾਰਤੀ ਝੰਡੇ ਦੇ ਨਿਯਮ ’ਚ ਸੋਧ ਕੀਤੀ ਗਈ ਤੇ ਆਜ਼ਾਦੀ ਤੋਂ ਕਈ ਸਾਲ ਬਾਅਦ ਭਾਰਤ ਦੇ ਨਾਗਰਿਕਾਂ ਨੂੰ ਆਪਣੇ ਘਰਾਂ, ਦਫ਼ਤਰਾਂ ਤੇ ਫੈਕਟਰੀ ’ਚ ਨਾ ਕੇਵਲ ਰਾਸ਼ਟਰੀ ਦਿਨਾਂ ਮੌਕੇ ਸਗੋਂ ਕਿਸੇ ਵੀ ਦਿਨ ਬਿਨਾਂ ਕਿਸੇ ਰੁਕਾਵਟ ਤਿਰੰਗਾ ਲਹਿਰਾਉਣ ਦੀ ਮਨਜ਼ੂਰੀ ਦਿੱਤੀ ਗਈ।

ਧਰਮ ਚੱਕਰ

ਇਸ ਧਰਮ ਚੱਕਰ ਨੂੰ ਵਿਧੀ ਦਾ ਚੱਕਰ ਵੀ ਕਿਹਾ ਜਾਂਦਾ ਹੈ, ਜੋ ਤੀਸਰੀ ਸ਼ਤਾਬਦੀ ਈਸਾ ਪੂਰਵ ਮੌਰੀਆ ਸਮਰਾਟ ਅਸ਼ੋਕ ਵੱਲੋਂ ਬਣਾਏ ਗਏ ਸਾਰਨਾਥ ਦੇ ਮੰਦਰ ’ਚ ਸਥਿਤ ਸਤੰਭ ਤੋਂ ਲਿਆ ਗਿਆ ਹੈ। ਇਸ ਚੱਕਰ ਨੂੰ ਪ੍ਰਦਰਸ਼ਿਤ ਕਰਨ ਦਾ ਮਨੋਰਥ ਜੀਵਨ ਦੇ ਗਤੀਸ਼ੀਲ ਹੋਣ ਦਾ ਸੰਕੇਤ ਹੈ।

ਰਾਸ਼ਟਰੀ ਛੱੁਟੀਆਂ ’ਚੋਂ ਇਕ

ਵੈਸੇ ਤਾਂ ਇਹ ਰਾਸ਼ਟਰੀ ਤਿਉਹਾਰ ਦੇਸ਼ ਦੇ ਹਰ ਨਾਗਰਿਕ ਲਈ ਬੇਹੱਦ ਮਹੱਤਵਪੂਰਨ ਹੈ ਪਰ ਸਕੂਲੀ ਬੱਚਿਆਂ ਲਈ ਕਈ ਅਰਥਾਂ ’ਚ ਖ਼ਾਸ ਹੈ। ਇਹ ਦਿਨ ਭਾਰਤ ਦੀਆਂ ਰਾਸ਼ਟਰੀ ਛੱੁਟੀਆਂ ’ਚੋਂ ਇਕ ਹੈ। ਇਸ ਦਿਨ ਦਿੱਲੀ ਵਿਖੇ ਵਿਜੈ ਚੌਕ ’ਚ ਵਿਸ਼ੇਸ਼ ਪਰੇਡ ਕੀਤੀ ਜਾਂਦੀ ਹੈ। ਭਾਰਤ ਦੇ ਰਾਸ਼ਟਰਪਤੀ ਰਾਸ਼ਟਰੀ ਧੁਨ ਨਾਲ ਤਿਰੰਗਾ ਲਹਿਰਾਉਂਦੇ ਹਨ ਤੇ ਤਿਰੰਗੇ ਨੂੰ 21 ਤੋਪਾਂ ਦੀ ਸਲਾਮੀ ਦਿੱਤੀ ਜਾਂਦੀ ਹੈ। ਜਲ, ਥਲ ਅਤੇ ਹਵਾਈ ਸੈਨਾਵਾਂ ਦੀਆਂ ਟੁਕੜੀਆਂ ਮਾਰਚ-ਪਾਸਟ ਕਰਦੀਆਂ ਹਨ। ਪਰੇਡ ਤੋਂ ਬਾਅਦ ਵੱਖ-ਵੱਖ ਸੂਬਿਆਂ ਦੀਆਂ ਝਾਕੀਆਂ ਦਿਖਾਈਆਂ ਜਾਂਦੀਆਂ ਹਨ। ਇਹ ਝਾਕੀਆਂ ਸੂਬਿਆਂ ਦੀ ਜੀਵਨਸ਼ੈਲੀ, ਸੱਭਿਆਚਾਰ, ਸਨਅਤੀ ਖੇਤਰਾਂ ’ਚ ਆਈਆਂ ਤਬਦੀਲੀਆਂ ਨੂੰ ਦਰਸਾਉਂਦੀਆਂ ਹਨ। ਇਸ ਦਿਨ ਕਈ ਤਰ੍ਹਾਂ ਦੇ ਬਹਾਦਰੀ ਪੁਰਸਕਾਰ ਵੀ ਦਿੱਤੇ ਜਾਂਦੇ ਹਨ।

ਗਣਤੰਤਰ ਦਿਵਸ ਨੂੰ ਬਣਾਓ ਖ਼ਾਸ

ਸੀਨੀਅਰ ਸਿਟੀਜ਼ਨ ਦੀ ਕਰੋ ਮਦਦ : ਬਜ਼ੁਰਗਾਂ ਦਾ ਹਮੇਸ਼ਾ ਸਨਮਾਨ ਕਰਨਾ ਚਾਹੀਦਾ ਹੈ। ਉਹ ਵੀ ਸਾਡੇ ਲਈ ਅਨਮੋਲ ਹਨ। ਗਣਤੰਤਰ ਦਿਵਸ ਦੇ ਦਿਨ ਤੁਸੀਂ ਚਾਹੋ ਤਾਂ ਆਪਣੇ ਦੋਸਤਾਂ ਨਾਲ ਆਪਣੇ ਸ਼ਹਿਰ ਦੇ ਬਿਰਧ ਆਸ਼ਰਮ ਜਾ ਕੇ ਉਨ੍ਹਾਂ ਨਾਲ ਕੁਝ ਪਲ ਬਿਤਾ ਉਨ੍ਹਾਂ ਦੇ ਚਿਹਰੇ ’ਤੇ ਮੁਸਕਰਾਹਟ ਲਿਆ ਸਕਦੇ ਹੋ। ਇਸ ਤਰ੍ਹਾਂ ਤੁਹਾਨੂੰ ਵੀ ਬੇਹੱਦ ਖ਼ੁਸ਼ੀ ਮਿਲੇਗੀ।

ਆਸ-ਪਾਸ ਦੀ ਕਰੋ ਸਫ਼ਾਈ: ਸਾਫ਼-ਸਫ਼ਾਈ ਰੱਖਣਾ ਸਾਡਾ ਮੱੁਢਲਾ ਫ਼ਰਜ਼ ਹੈ। ਤੁਹਾਡੇ ਇਕ ਚੰਗੇ ਨਾਗਰਿਕ ਹੋਣ ਦੀ ਪਛਾਣ ਇਹ ਵੀ ਹੈ ਕਿ ਤੁਸੀਂ ਕਿੰਨੇ ਸਾਫ਼-ਸੁਥਰੇ ਰਹਿੰਦੇ ਹੋ ਤੇ ਆਸ-ਪਾਸ ਨੂੰ ਕਿੰਨਾ ਸਾਫ਼ ਰੱਖਦੇ ਹੋ। ਜੇ ਤੁਸੀਂ ਸਫ਼ਾਈ ਰੱਖੋਗੇ ਤਾਂ ਤੁਹਾਨੂੰ ਦੇਖ ਕੇ ਹੋਰ ਬੱਚੇ ਵੀ ਗੰਦ ਨਹੀਂ ਪਾਉਣਗੇ। ਇਸ ਲਈ ਇਸ ਦਿਨ ਆਪਣੇ ਭੈਣ-ਭਰਾਵਾਂ ਤੇ ਦੋਸਤਾਂ ਨਾਲ ਆਸ-ਪਾਸ ਦੀ ਸਫ਼ਾਈ ਜ਼ਰੂਰ ਕਰੋ। ਸਕੂਲ ’ਚ ਗਣਤੰਤਰ ਦਿਵਸ ਦੇ ਪ੍ਰੋਗਰਾਮ ਤੋਂ ਬਾਅਦ ਗੰਦ ਨਾ ਪਾਓ, ਇਸ ਦਾ ਧਿਆਨ ਰੱਖੋ।

ਦੇਸ਼ ਦੇ ਇਤਿਹਾਸ ਦੀ ਲਵੋ ਜਾਣਕਾਰੀ : ਗਣਤੰਤਰ ਦਿਵਸ ਮੌਕੇ ਆਪਣੇ ਦੇਸ਼ ਦੇ ਰੂਬਰੂ ਹੋਣਾ ਵੀ ਜ਼ਰੂਰੀ ਹੈ। ਇਸ ਦਿਨ ਤੁਸੀਂ ਕਿਸੇ ਮਿਊਜ਼ੀਅਮ ਜਾਂ ਇਤਿਹਾਸਕ ਇਮਾਰਤ ਨੂੰ ਦੇਖਣ ਜਾ ਸਕਦੇ ਹੋ, ਤਾਂ ਜੋ ਤੁਸੀਂ ਦੇਸ਼ ਦੇ ਬਹਾਦਰ ਜਵਾਨਾਂ ਦੀਆਂ ਕੁਰਬਾਨੀਆਂ ਬਾਰੇ ਜਾਣ ਸਕੋ। ਆਓ, ਇਸ ਦਿਨ ਦੀ ਮਹਾਨਤਾ ਨੂੰ ਬਰਕਰਾਰ ਰੱਖਦਿਆਂ ਸਾਨੂੰ ਇਹ ਮੁਬਾਰਕ ਦਿਨ ਪ੍ਰਦਾਨ ਕਰਨ ਵਾਲੇ ਸ਼ਹੀਦਾਂ ਨੂੰ ਯਾਦ ਕਰੀਏ।

ਪੌਦੇ ਲਾ ਕੇ ਬਚਾਓ ਵਾਤਾਵਰਨ : ਨਿੱਤ ਦਿਨ ਵੱਧ ਰਹੇ ਪ੍ਰਦੂਸ਼ਣ ਦੀ ਵਜ੍ਹਾ ਕਰਕੇ ਪ੍ਰਦੂਸ਼ਿਤ ਹੋ ਰਹੇ ਵਾਤਾਵਰਨ ਨੂੰ ਬਚਾਉਣ ਲਈ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ। ਇਸ ਦਿਨ ਘੱਟੋ-ਘੱਟ ਇਕ-ਦੋ ਪੌਦੇ ਜ਼ਰੂਰ ਲਗਾਓ ਅਤੇ ਬਾਕੀ ਲੋਕਾਂ ਨੂੰ ਵੀ ਅਜਿਹਾ ਕਰਨ ਲਈ ਪ੍ਰੇਰਿਤ ਕਰੋ।

Posted By: Harjinder Sodhi