ਗਰਮੀ...ਗਰਮੀ...ਹਾਏ ਇੰਨੀ ਗਰਮੀ। ਇਸ ਵਾਰ ਬਹੁਤ ਦਿਨਾਂ ਤਕ ਕਹਿਰ ਦੀ ਗਰਮੀ ਰਹੀ। ਹੁਣ ਜਾ ਕੇ ਪੈ ਰਹੇ ਹਨ ਮੀਂਹ। ਤੁਸੀਂ ਬੱਚੇ ਜ਼ਰੂਰ ਇਸ ਮੀਂਹ ’ਚ ਨਹਾ ਕੇ ਮਜ਼ਾ ਲੈਂਦੇ ਹੋਵੋਗੇ। ਕੁਝ ਬੱਚੇ ਕਾਗਜ਼ ਦੀਆਂ ਕਿਸ਼ਤੀਆਂ ਬਣਾ ਕੇ ਮੀਂਹ ਦੇ ਪਾਣੀ ’ਚ ਤਾਰ ਰਹੇ ਹੋਵੋਗੇ। ਛੋਟੇ ਬੱਚੇ ਦਰੱਖ਼ਤਾਂ ਤੋਂ ਹੇਠਾਂ ਡਿੱਗਦੀਆਂ ਮੀਂਹ ਦੀਆਂ ਬੂੰਦਾਂ ਨੂੰ ਦੇਖ ਕੇ ਖ਼ੁਸ਼ ਹੁੰਦੇ ਹੋਣਗੇ। ਬਰਸਾਤ ਰੁੱਤ ਹੈ ਹੀ ਅਜਿਹੀ। ਇਸ ਮੌਸਮ ’ਚ ਕੁਦਰਤ ਦੀ ਖ਼ੂਬਸੂਰਤੀ ਹੋਰ ਵੱਧ ਜਾਂਦੀ ਹੈ। ਇਸ ਨੂੰ ਦੇਖ ਕੇ ਸਾਰੇ ਖ਼ੁਸ਼ੀ ਨਾਲ ਝੂਮ ਉੱਠਦੇ ਹਨ। ਇਸ ਮੌਸਮ ’ਚ ਕੁਝ ਗੱਲਾਂ ਦਾ ਧਿਆਨ ਰੱਖ ਕੇ ਇਸ ਮੌਸਮ ਨੂੰ ਹੋਰ ਆਨੰਦਿਤ ਬਣਾ ਸਕਦੇ ਹੋ।

ਮੀਂਹ ਤੋਂ ਬਾਅਦ ਵੱਧਦੀ ਹੈ ਹਰਿਆਲੀ

ਬਾਰਿਸ਼ ਹੁੰਦਿਆਂ ਹੀ ਹਵਾ ਠੰਢੀ ਤੇ ਵਾਤਾਵਰਨ ਸਾਫ਼-ਸੁਥਰਾ ਹੋ ਜਾਂਦਾ ਹੈ। ਫੁੱਲਾਂ ਦੇ ਬੂਟੇ ਮੀਂਹ ’ਚ ਨਹਾ ਕੇ ਚਮਕ ਉੱਠਦੇ ਹਨ। ਸੜਕਾਂ ਦੇ ਕਿਨਾਰੇ ਕੱਚੀ ਜ਼ਮੀਨ ’ਤੇ ਘਾਹ ਉੱਗ ਜਾਂਦਾ ਹੈ ਤੇ ਚਾਰੇ ਪਾਸੇ ਹਰਿਆਲੀ ਫੈਲ ਜਾਂਦੀ ਹੈ। ਪਸ਼ੂ-ਪੰਛੀਆਂ ਨੂੰ ਪਾਣੀ ਲਈ ਤਰਸਣਾ ਨਹੀਂ ਪੈਂਦਾ। ਇਹ ਮੌਸਮ ਅੰਨਦਾਤਾ ਕਿਸਾਨ ਲਈ ਵੀ ਬਹੁਤ ਅਹਿਮ ਉੱਠਦਾ ਹੈ। ਮੀਂਹ ਨਾਲ ਵਧੀਆ ਫ਼ਸਲ ਪੈਦਾ ਹੁੰਦੀ ਹੈ, ਇਸ ਨਾਲ ਅੰਨ ਦਾ ਸੰਕਟ ਨਹੀਂ ਆਉਂਦਾ।

ਘਰ ਦਾ ਬਣਿਆ ਖਾਓ ਖਾਣਾ

ਬਾਰਿਸ਼ ਦੇ ਮੌਸਮ ’ਚ ਬਾਜ਼ਾਰ ਦੀਆਂ ਖੱਟੀਆਂ-ਤਲੀਆਂ ਚੀਜ਼ਾਂ ਖਾਣ ਨੂੰ ਬਹੁਤ ਮਨ ਕਰਦਾ ਹੈ। ਬਾਹਰ ਦੀਆਂ ਬਣੀਆਂ ਚੀਜ਼ਾਂ ਖਾਣ ਤੋਂ ਪਰਹੇਜ਼ ਕਰੋ ਕਿਉਂਕਿ ਬਾਹਰ ਕੁਝ ਦੁਕਾਨਾਂ ’ਤੇ ਸਾਫ਼-ਸਫ਼ਾਈ ਦਾ ਧਿਆਨ ਨਹੀਂ ਰੱਖਿਆ ਜਾਂਦਾ। ਸਫ਼ਾਈ ਰਹਿਤ ਚੀਜ਼ਾਂ ਖਾਣ ਨਾਲ ਤਬੀਅਤ ਖ਼ਰਾਬ ਹੋ ਸਕਦੀ ਹੈ। ਇਸ ਲਈ ਘਰ ’ਚ ਹੀ ਗਰਮਾ-ਗਰਮ ਪਕੌੜੇ ਬਣਾ ਕੇ ਪਰਿਵਾਰ ਨਾਲ ਬੈਠ ਕੇ ਖਾਓ ਤੇ ਉਨ੍ਹਾਂ ਨਾਲ ਸਮਾਂ ਬਿਤਾਓ।

ਦੋਸਤਾਂ ਸੰਗ ਪਾਰਟੀ

ਪਿਛਲੇ ਸਾਲਾਂ ਦੀ ਤੁਲਨਾ ’ਚ ਇਸ ਸਾਲ ਕੁਝ ਜ਼ਿਆਦਾ ਗਰਮੀ ਸੀ। ਤੁਸੀਂ ਏਸੀ, ਕੂਲਰ ’ਚ ਰਹਿ-ਰਹਿ ਕੇ ਬੋਰ ਹੋ ਰਹੇ ਹੋਵੋਗੇ। ਹੁਣ ਮੌਸਮ ਸੁਹਾਵਣਾ ਹੋ ਗਿਆ ਹੈ, ਬਾਹਰ ਜਾ ਕੇ ਮਜ਼ੇ ਨਾਲ ਖੇਡ ਸਕਦੇ ਹੋ। ਦੋਸਤਾਂ ਸੰਗ ਪਾਰਟੀ ਕਰ ਕੇ ਮਜ਼ਾ ਲੈ ਸਕਦੇ ਹੋ।

ਮੌਸਮ ਦਾ ਪੂਰਾ ਮਜ਼ਾ ਲੈਣ ਲਈ ਛੱਤ ’ਤੇ ‘ਰੇਨ ਪਾਰਟੀ’ ਵੀ ਕਰ ਸਕਦੇ ਹੋ। ਇਸ ਪਾਰਟੀ ’ਚ ਤਰ੍ਹਾਂ-ਤਰ੍ਹਾਂ ਦੇ ਸਨੈਕਸ ਦਾ ਮਜ਼ਾ ਲੈ ਸਕਦੇ ਹੋ।

ਮੀਂਹ ਪੈਣ ਦੇ ਸੰਕੇਤ

ਬੱਚਿਓ! ਜਦੋਂ ਮੌਸਮ ਦਾ ਅੰਦਾਜ਼ਾ ਲਾਉਣ ਲਈ ਮਸ਼ੀਨਾਂ ਨਹੀਂ ਹੁੰਦੀਆਂ ਸਨ, ਉਦੋਂ ਇਨਸਾਨ ਕੁਝ ਜਾਨਵਰਾਂ ਦੀਆਂ ਹਰਕਤਾਂ ’ਤੇ ਨਜ਼ਰ ਰੱਖਦੇ ਸਨ। ਇਨ੍ਹਾਂ ਦੀਆਂ ਹਰਕਤਾਂ ਤੋਂ ਪਤਾ ਲੱਗਦਾ ਸੀ ਕਿ ਮੀਂਹ ਆਉਣ ਵਾਲਾ ਹੈ। ਜਾਣੋ ਕੁਝ ਅਜਿਹੇ ਹੀ ਜਾਨਵਰਾਂ ਤੇ ਉਨ੍ਹਾਂ ਦੀਆਂ ਹਰਕਤਾਂ ਬਾਰੇ।

- ਜੇ ਭੇਡਾਂ ਦਾ ਝੁੰਡ ਅਚਾਨਕ ਇਕੱਠਿਆਂ ਚਿਪਕ ਕੇ ਚੁੱਪਚਾਪ ਖੜ੍ਹਾ ਹੋ ਜਾਵੇ ਤਾਂ ਸਮਝ ਜਾਓ ਕਿ ਤੇਜ਼ ਬਾਰਿਸ਼ ਹੋਣ ਵਾਲੀ ਹੈ। ਭੇਡਾਂ ਅਜਿਹਾ ਬਾਰਿਸ਼ ਦੌਰਾਨ ਸਰੀਰ ਦੀ ਗਰਮਾਹਟ ਬਣਾਈ ਰੱਖਣ ਲਈ ਕਰਦੀਆਂ ਹਨ।

- ਜਦੋਂ ਤੁਸੀਂ ਆਪਣੇ ਘਰਾਂ ਦੇ ਆਸ-ਪਾਸ ਡੱਡੂਆਂ ਦੀ ਤੇਜ਼ ਟਰਰ-ਟਰਰ ਦੀ ਆਵਾਜ਼ ਲਗਾਤਾਰ ਸੁਣਦੇ ਹੋ ਤਾਂ ਸਮਝ ਜਾਓ ਕਿ ਬਾਰਿਸ਼ ਹੋਣ ਵਾਲੀ ਹੈ।

- ਰਿਸਰਚ ਦੱਸਦੀ ਹੈ ਕਿ ਹਾਥੀਆਂ ਦੇ ਝੁੰਡ ਦਾ ਆਪਣਾ ਰਸਤਾ ਬਦਲਣਾ ਮੀਂਹ ਪੈਣ ਦਾ ਸੰਕੇਤ ਹੁੰਦਾ ਹੈ। ਇਨ੍ਹਾਂ ਨੂੰ ਕਰੀਬ 150 ਕਿਮੀ ਦੂਰ ਤੋਂ ਹੀ ਇਸ ਦਾ ਪਤਾ ਲੱਗ ਜਾਂਦਾ ਹੈ।

- ਜੇ ਬਾਰਿਸ਼ ਦੇ ਮੌਸਮ ’ਚ ਗਾਵਾਂ ਦਾ ਸਮੂਹ ਜ਼ਮੀਨ ’ਤੇ ਬੈਠ ਜਾਵੇ ਤਾਂ ਮੰਨਿਆ ਜਾਂਦਾ ਹੈ ਕਿ ਜਲਦੀ ਹੀ ਤੇਜ਼ ਮੀਂਹ ਆਉਣ ਵਾਲਾ ਹੈ ਕਿਉਂਕਿ ਹਵਾ ’ਚ ਤਾਪਮਾਨ ਦੀ ਗਿਰਾਵਟ ਮਹਿਸੂਸ ਹੋਣ ’ਤੇ ਗਾਵਾਂ ਜ਼ਮੀਨ ’ਤੇ ਬੈਠ ਜਾਂਦੀਆਂ ਹਨ।

ਇਨ੍ਹਾਂ ਗੱਲਾਂ ਦਾ ਰੱਖੋ ਧਿਆਨ

ਸੜਕਾਂ-ਗਲੀਆਂ ’ਤੇ ਖੜੇ੍ਹ ਪਾਣੀ ’ਚ ਨਾ ਖੇਡੋ

ਬਾਰਿਸ਼ ਦਾ ਮੌਸਮ ਗਰਮੀ ਤੋਂ ਰਾਹਤ ਦੇ ਨਾਲ-ਨਾਲ ਤਰ੍ਹਾਂ-ਤਰ੍ਹਾਂ ਦੀਆਂ ਪਰੇਸ਼ਾਨੀਆਂ ਵੀ ਲੈ ਕੇ ਆਉਂਦਾ ਹੈ। ਇਨ੍ਹੀਂ ਦਿਨੀਂ ਥਾਂ-ਥਾਂ ’ਤੇ ਗਲੀਆਂ-ਸੜਕਾਂ ’ਤੇ ਪਾਣੀ ਭਰ ਜਾਂਦਾ ਹੈ। ਗਲੀਆਂ ’ਚ ਭਰਿਆ ਇਹ ਪਾਣੀ ਗੰਦਾ ਹੁੰਦਾ ਹੈ। ਇਸ ਲਈ ਸੜਕ ’ਤੇ ਚੱਲਦੇ ਸਮੇਂ ਸਾਵਧਾਨੀ ਵਰਤੋਂ। ਇਸ ਪਾਣੀ ’ਚ ਨਾ ਖੇਡੋ, ਤੁਸੀਂ ਇਸ ਪਾਣੀ ਨਾਲ ਬਿਮਾਰ ਹੋ ਸਕਦੇ ਹੋ। ਜੇ ਕਾਗਜ਼ ਦੀਆਂ ਕਿਸ਼ਤੀਆਂ ਪਾਣੀ ’ਚ ਤਾਰਨੀਆਂ ਵੀ ਹਨ, ਤਾਂ ਸਾਫ਼ ਪਾਣੀ ’ਚ ਤਾਰੋ।

ਪੂਰੇ ਸਰੀਰ ਨੂੰ ਢਕ ਕੇ ਰੱਖਣ ਵਾਲੇ ਕੱਪੜੇ ਪਹਿਨੋ

ਬਰਸਾਤ ਤੋਂ ਬਾਅਦ ਕੀੜੇ-ਮਕੌੜੇ ਤੇ ਮੱਛਰ ਵੱਧ ਜਾਂਦਾ ਹੈ। ਇਸ ਲਈ ਹਮੇਸ਼ਾ ਕੱਪੜੇ ਅਜਿਹੇ ਪਹਿਨੋ, ਜਿਸ ਨਾਲ ਪੂਰਾ ਸਰੀਰ ਢਕਿਆ ਰਹੇ। ਗਮਲਿਆਂ ’ਚ ਮੀਂਹ ਦਾ ਪਾਣੀ ਇਕੱਠਾ ਨਾ ਹੋਣ ਦਿਉ, ਇਸ ਖੜ੍ਹੇ ਪਾਣੀ ’ਚ ਮੱਛਰ ਜਨਮ ਲੈਂਦਾ ਹੈ।

ਆਪਣੇ ਆਸੇ-ਪਾਸੇ ਸਫ਼ਾਈ ਦਾ ਧਿਆਨ ਰੱਖੋ। ਖਾਣ-ਪੀਣ ’ਤੇ ਵੀ ਵਿਸ਼ੇਸ਼ ਧਿਆਨ ਦੇਣ ਦੀ ਜ਼ਰੂਰਤ ਹੰੁਦੀ ਹੈ। ਭੋਜਨ ਪੌਸ਼ਟਿਕ ਤੇ ਸਾਫ਼-ਸੁਥਰਾ ਖਾਓ ਤੇ ਘਰ ਦੇ ਬਣੇ ਖਾਣੇ ਨੂੰ ਹੀ ਤਵੱਜੋ ਦਿਉ। ਇਸ ਤਰ੍ਹਾਂ ਤੁਸੀਂ ਬਿਮਾਰੀਆਂ ਤੋਂ ਬਚੇ ਰਹਿ ਸਕਦੇ ਹੋ।

Posted By: Harjinder Sodhi