ਅੱਜ ਪੂਰੀ ਦੁਨੀਆ ਕਰੋਨਾ ਵਾਇਰਸ ਨਾਂ ਦੀ ਭਿਆਨਕ ਬਿਮਾਰੀ ਨਾਲ ਲਗਾਤਾਰ ਲੜ ਰਹੀ ਹੈ, ਜਿਸ ਕਾਰਨ ਸਮਾਜਿਕ ਦੂਰੀ ਨੂੰ ਲਾਗੂ ਕਰਦਿਆਂ ਪੰਜਾਬ ਸਮੇਤ ਪੂਰੇ ਭਾਰਤ 'ਚ ਲਾਕਡਾਊਨ ਦੇ ਚਲਦਿਆਂ ਸਕੂਲਾਂ ਨੂੰ ਬੰਦ ਕਰਨਾ ਪਿਆ ਹੈ । ਕਰੋਨਾ ਵਾਇਰਸ ਦੀ ਆਲਮੀ ਮਹਾਮਾਰੀ ਕਾਰਨ ਭਾਵੇਂ ਸਾਰੇ ਸਕੂਲਾਂ 'ਚ ਛੁੱਟੀਆਂ ਕਰ ਦਿੱਤੀਆਂ ਹਨ ਪਰ ਆਨਲਾਈਨ ਸਿੱਖਿਆ ਵਿਦਿਆਰਥੀਆਂ ਲਈ ਵਰਦਾਨ ਸਿੱਧ ਹੋ ਰਹੀ ਹੈ। ਸੂਬੇ ਦੇ ਸਕੂਲ ਸਿੱਖਿਆ ਵਿਭਾਗ ਵੱਲੋਂ ਵਿਦਿਆਰਥੀਆਂ ਨੂੰ ਹਰ ਤਰ੍ਹਾਂ ਦੇ ਨਾਂਹ-ਪੱਖੀ ਵਿਚਾਰਾਂ ਤੋਂ ਬਚਾ ਕੇ ਇਸ ਅਲਾਮਤ ਦਾ ਜ਼ਿੰਦਾਦਿਲੀ ਨਾਲ ਟਾਕਰਾ ਕਰਨ ਦੇ ਸਮਰੱਥ ਬਣਾਉਣ ਲਈ ਉਨ੍ਹਾਂ ਨਾਲ ਲਗਾਤਾਰ ਰਾਬਤਾ ਬਣਾ ਕੇ ਰੱਖਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਆਨਲਾਈਨ ਸਿੱਖਿਆ ਨੂੰ ਲਾਗੂ ਕਰਨ ਵਿਚ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਕੰਪਿਊਟਰ ਅਧਿਆਪਕ ਬਿਹਤਰੀਨ ਤੇ ਸ਼ਲਾਘਾਯੋਗ ਉਪਰਾਲੇ ਕਰ ਰਹੇ ਹਨ। ਬੱਚਿਆਂ ਨੂੰ ਘਰ ਬੈਠੇ ਹੀ ਕੰਪਿਊਟਰ ਵਿਸ਼ੇ ਦੀ ਵਧੀਆ ਤਰੀਕੇ ਨਾਲ ਈ ਕੰਟੈਂਟ, ਨੋਟਸ, ਲੈਕਚਰ, ਕੁਇਜ਼ ਮੁਕਾਬਲੇ, ਲਿਖਤੀ ਟੈਸਟ ਆਦਿ ਜ਼ਰੀਏ ਪੜ੍ਹਾਈ ਕਰਵਾਈ ਜਾ ਰਹੀ ਹੈ। ਕੰਪਿਊਟਰ ਆਧਿਆਪਕਾਂ ਦੀ 'ਕੰਪਿਊਟਰ ਸਾਇੰਸ ਟੀਮ ਪੰਜਾਬ' ਦੇ ਸਹਿਯੋਗ ਨਾਲ ਤਿਆਰ ਕੀਤੇ ਕੁਇਜ਼ ਸਾਫਟਵੇਅਰ ਜ਼ਰੀਏ ਸਮੂਹ ਕੰਪਿਊਟਰ ਅਧਿਆਪਕਾਂ ਵੱਲੋਂ ਪੰਜਾਬ ਦੇ ਛੇਵੀਂ ਤੋਂ ਬਾਰ੍ਹਵੀਂ ਜਮਾਤ ਤਕ ਦੇ ਸਰਕਾਰੀ ਸਕੂਲਾਂ ਦੇ ਬੱਚਿਆ ਦਾ ਹੁਣ ਤਕ ਦੇ ਸਿਲੇਬਸ 'ਚੋਂ ਦੋ ਵਾਰ ਟੈਸਟ ਲਿਆ ਜਾ ਚੁੱਕਿਆ ਹੈ, ਜਿਸ ਵਿਚ ਦੋਵੇਂ ਕੁਇਜ਼ ਟੈਸਟਾਂ ਵਿਚ ਵਿਦਿਆਰਥੀਆਂ ਨੇ ਵੱਧ-ਚੜ੍ਹ ਕੇ ਹਿੱਸਾ ਲਿਆ। ਪੰਜਾਬ ਦੇ ਕੰਪਿਊਟਰ ਅਧਿਆਪਕਾਂ ਨੇ ਆਨਲਾਈਨ ਕੰਪਿਊਟਰ ਟੈਸਟ 'ਚ 4,78,000 ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਹਿੱਸਾ ਦਿਵਾ ਕੇ ਵਿਸ਼ਵ ਰਿਕਾਰਡ ਸਥਾਪਿਤ ਕੀਤਾ, ਜੋ ਸ਼ਲਾਘਾਯੋਗ ਉਪਰਾਲਾ ਹੈ।

ਇਸੇ ਤਰ੍ਹਾਂ ਪੰਜਾਬ ਦੀ 'ਕੰਪਿਊਟਰ ਟੀਚਰ ਵੈੱਲਫੇਅਰ ਸੁਸਾਇਟੀ' ਟੀਮ ਦੇ ਸਹਿਯੋਗ ਨਾਲ ਸਮੂਹ ਕੰਪਿਊਟਰ ਅਧਿਆਪਕਾਂ ਵੱਲੋਂ ਬੱਚਿਆਂ ਨੂੰ ਉਨ੍ਹਾਂ ਦੇ ਘਰਾਂ 'ਚ ਆਨਲਾਈਨ ਈ-ਕੰਟੈਂਟ ਰਾਹੀਂ ਪੜ੍ਹਾਈ ਕਰਵਾ ਕੇ ਲਿਖਤੀ ਪੇਪਰ ਵੀ ਲਏ ਜਾ ਰਹੇ ਹਨ। ਕੰੰਪਿਊਟਰ ਅਧਿਆਪਕਾਂ ਵੱਲੋਂ ਹੁਣ ਤਕ ਦੇ ਸਿਲੇਬਸ 'ਚੋਂ ਬੱਚਿਆਂ ਦੀ ਤਿਆਰੀ ਕਰਵਾ ਕੇ ਲਿਖਤੀ ਪੇਪਰ ਤਿਆਰ ਕਰ ਕੇ ਬੱਚਿਆਂ ਨੂੰ ਸੋਸ਼ਲ ਮੀਡੀਆ ਰਾਹੀਂ ਭੇਜੇ ਗਏ ਤੇ ਯਾਦ ਕਰਕੇ ਬਿਨਾਂ ਦੇਖੇ ਮਾਪਿਆਂ ਦੀ ਨਿਗਰਾਨੀ ਹੇਠ ਹੱਲ ਕਰ ਕੇ ਅਤੇ ਆਪਣੇ ਕਿਸੇ ਵੀ ਪਰਿਵਾਰਕ ਮੈਂਂਬਰ ਤੋਂ ਚੈੱਕ ਕਰਵਾ ਕੇ ਭੇਜਣ ਲਈ ਕਿਹਾ। ਇਸ ਲਿਖਤੀ ਕੰਪਿਊਟਰ ਪੇਪਰ ਵਿਚ ਵੀ ਬੱਚਿਆਂ ਨੇ ਵੱਧ-ਚੜ੍ਹ ਹਿੱਸਾ ਲਿਆ ਤੇ ਜੋ ਬੱਚੇ ਕਿਸੇ ਕਾਰਨ ਰਹਿ ਗਏ, ਉਹ ਹੁਣ ਵੀ ਇਹ ਟੈਸਟ ਹੱਲ ਕਰ ਰਹੇ ਹਨ। ਇਨ੍ਹਾਂ ਲਿਖਤੀ ਟੈਸਟਾਂ 'ਚ ਬੱਚਿਆਂ ਦੇ ਮਾਪਿਆਂ ਨੇ ਨਿਗਰਾਨ ਦੀ ਡਿਊਟੀ ਦਿੱਤੀ ਤੇ ਜੋ ਪੜ੍ਹੇ-ਲਿਖੇ ਸਨ ਉਨ੍ਹਾਂ ਨੇ ਟੈਸਟ ਚੈੱਕ ਵੀ ਕੀਤੇ। ਬਾਕੀ ਬੱਚਿਆਂ ਦੇ ਟੈਸਟ ਕੰਪਿਊਟਰ ਅਧਿਆਪਕਾਂ ਵੱਲੋਂ ਵ੍ਹਟਸਐਪ 'ਤੇ ਮੰਗਵਾ ਕੇ ਖ਼ੁਦ ਚੈੱਕ ਕੀਤੇ ਜਾ ਰਹੇ ਹਨ।

ਵਿਦਿਅਰਥੀਆਂ ਨੂੰ ਉਤਸ਼ਾਹਿਤ ਕਰਨਾ

ਸਰਕਾਰੀ ਸਕੂਲਾਂ 'ਚ ਪੜ੍ਹਾ ਰਹੇ ਮਾਪਿਆਂ ਨੇ ਬੱਚਿਆਂ ਦੇ ਪੇਪਰ ਚੈੱਕ ਕਰ ਕੇ ਇਹ ਸਾਬਿਤ ਕੀਤਾ ਕਿ ਅਸੀਂ ਵੀ ਆਪਣੇ ਬੱਚਿਆਂ ਦੀ ਟੈਸਟਿੰਗ ਕਰ ਸਕਦੇ ਹਾਂ ਤੇ ਦੇਖ ਸਕਦੇ ਹਾਂ ਕਿ ਸਾਡੇ ਬੱਚਿਆਂ ਨੂੰ ਕੁਝ ਆਉਂਦਾ ਹੈ ਜਾਂ ਨਹੀਂ। ਬੱਚਿਆਂ ਨੇ ਖ਼ੁਦ 'ਤੇ ਕੈਮਰੇ ਲਾ ਕੇ ਪੇਪਰ ਦਿੱਤੇ ਤੇ ਅਧਿਆਪਕਾਂ ਨੂੰ ਸਬੂਤ ਦੇਣ ਦੀ ਕੋਸ਼ਿਸ਼ ਕੀਤੀ ਕਿ ਅਸੀਂ ਨਕਲ ਮਾਰ ਕੇ ਨਹੀਂ ਸਗੋਂ ਘਰਾਂ 'ਚ ਪੜ੍ਹ ਕੇ ਪੇਪਰ ਦਿੱਤੇ ਹਨ। ਬੱਚਿਆਂ ਨੇ ਆਪਣੇ ਚੈੱਕ ਕੀਤੇ ਪੇਪਰ ਅਧਿਆਪਕਾਂ ਨੂੰ ਭੇਜੇ। ਵਧੀਆ ਤਰੀਕੇ ਨਾਲ ਆਨਲਾਈਨ ਲਿਖਤੀ ਤੇ ਕੁਇਜ਼ ਟੈਸਟ ਦੇਣ ਵਾਲੇ ਸਰਕਾਰੀ ਸਕੂਲਾਂ ਦੇ ਸਮੂਹ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਨ ਲਈ ਕੰਪਿਊਟਰ ਅਧਿਆਪਕਾਂ ਦੀ ਮਾਹਿਰ ਟੀਮ ਵੱਲੋ ਸਰਟੀਫਿਕੇਟ ਵੀ ਤਿਆਰ ਕਰ ਕੇ ਦਿੱਤੇ ਜਾ ਰਹੇ ਹਨ, ਜੋ ਕਿ ਬੱਚਿਆਂ ਨੂੰ ਵਿਸ਼ੇ ਨਾਲ ਜੋੜਨ ਦਾ ਸ਼ਲਾਘਾਯੋਗ ਉਪਰਾਲਾ ਹੈ। ਇਸੇ ਤਰ੍ਹਾਂ 'ਈ-ਸਕੂਲ ਕੁਇਜ਼ ਟੀਮ' ਪੰਜਾਬ ਵੱਲੋਂ ਵਧੀਆ ਸੇਵਾਵਾਂ ਨਿਭਾਉਣ ਵਾਲੇ ਅਧਿਆਪਕਾਂ, ਪ੍ਰੀਖਿਆਵਾਂ ਵਿੱਚੋਂ ਮੈਰਿਟ 'ਚ ਆਉਣ ਵਾਲੇ ਵਿਦਿਆਰਥੀਆਂ ਨੂੰ ਸਨਮਾਨ ਪੱਤਰ, ਸਰਟੀਫਿਕੇਟ ਆਦਿ ਦੇ ਕੇ ਸਨਮਾਨਿਤ ਕੀਤਾ ਜਾ ਰਿਹਾ ਹੈ, ਜੋ ਹੋਰ ਵੀ ਸ਼ਲਾਘਾਯੋਗ ਕਦਮ ਹੈ।

ਗ਼ਰੀਬ ਬੱਚਿਆਂ ਨੂੰ ਸਮੇਂ ਦੇ ਹਾਣੀ ਬਣਾਉਣਾ

ਪੰਜਾਬ ਦੇ ਸਮੂਹ ਕੰਪਿਊਟਰ ਅਧਿਆਪਕਾਂ ਵੱਲੋਂ ਵੱਖ-ਵੱਖ ਢੰਗਾਂ ਨਾਲ ਵਿਦਿਆਰਥੀਆਂ ਤੇ ਮਾਪਿਆਂ ਤਕ ਪਹੁੰਚ ਕਰ ਕੇ ਉਨ੍ਹਾਂ ਨੂੰ ਸਰਕਾਰੀ ਸਕੂਲਾਂ 'ਚ ਦਾਖ਼ਲੇ ਵਧਾਉਣ 'ਚ ਵੀ ਭਰਪੂਰ ਯੋਗਦਾਨ ਪਾਇਆ ਜਾ ਰਿਹਾ ਹੈ। ਸਕੂਲਾਂ ਦੀਆਂ ਕੰਪਿਊਟਰ ਲੈਬਾਂ ਤੇ ਸਕੂਲਾਂ ਦੀ ਨੁਹਾਰ ਨੂੰ ਚਾਰ ਚੰਨ ਲਾਉਣ 'ਚ ਵੀ ਇਨ੍ਹਾਂ ਦਾ ਵੱਡਾ ਸਹਿਯੋਗ ਹੈ। ਸਿੱਟੇ ਵਜੋਂ ਸਰਕਾਰੀ ਸਕੂਲ ਦਿਨੋਂ ਦਿਨ ਪ੍ਰਾਈਵੇਟ ਸਕੂਲਾਂ ਨਾਲੋਂ ਕਿਤੇ ਜਿਆਦਾ ਸੁੰਦਰ ਬਣਦੇ ਜਾ ਰਹੇ ਹਨ ਤੇ ਗ਼ਰੀਬ ਪਰਿਵਾਰਾਂ ਦੇ ਬੱਚੇ ਵੀ ਉੱਚ ਸਿੱਖਿਆ ਹਾਸਲ ਕਰ ਕੇ ਸਮੇਂ ਦੇ ਹਾਣੀ ਬਣ ਰਹੇ ਹਨ। ਸਰਕਾਰੀ ਸਕੂਲਾਂ ਲਈ ਰੀੜ੍ਹ ਦੀ ਹੱਡੀ ਬਣ ਚੁੱਕੇ ਕੰਪਿਊਟਰ ਅਧਿਆਪਕਾਂ ਦੀਆਂ ਇਨ੍ਹਾਂ ਅਗਾਂਹਵਧੂ ਸੇਵਾਵਾਂ ਤੇ ਮਿਹਨਤ ਸਦਕਾ ਸਿੱਖਿਆ ਵਿਭਾਗ ਪੰਜਾਬ ਵੀ ਦਿਨੋਂ-ਦਿਨ ਤਰੱਕੀ ਵੱਲ ਅੱਗੇ ਵੱਧ ਰਿਹਾ ਹੈ।

ਸੋਸ਼ਲ ਮੀਡੀਆ ਦਾ ਸਦਉਪਯੋਗ

ਕਈ ਵਾਰ ਸਵਾਲ ਉੱਠਦਾ ਹੈ ਕਿ ਸਰਕਾਰੀ ਸਕੂਲਾਂ 'ਚ ਪੜ੍ਹਨ ਵਾਲੇ ਵਿਦਿਆਰਥੀਆਂ ਤੇ ਮਾਪਿਆਂ ਕੋਲ ਇੰਟਰਨੈੱਟ ਜਾਂ ਸਮਾਰਟ ਫੋਨ ਦੀ ਸਹੂਲਤ ਨਹੀਂ ਹੁੰਦੀ। ਜੇ ਕਿਸੇ ਵਿਦਿਆਰਥੀ ਕੋਲ ਇਹ ਸਹੂਲਤ ਨਹੀਂ ਤਾਂ ਉਸ ਨੂੰ ਇਸ ਉਪਲੱਬਧਤਾ ਲਈ ਮਜਬੂਰ ਨਹੀਂ ਕੀਤਾ ਜਾ ਰਿਹਾ ਪਰ ਫਿਰ ਵੀ ਬਹੁਗਿਣਤੀ ਬੱਚਿਆਂ ਦੇ ਪਰਿਵਾਰਾਂ 'ਚ ਆਧੁਨਿਕ ਸਮੇਂ ਦੀ ਜ਼ਰੂਰਤ ਬਣਿਆ ਇੰਟਰਨੈੱਟ ਮੁਹੱਈਆ ਹੈ। ਹੁਣ ਸਮਾਂ ਸ਼ੋਸਲ ਮੀਡੀਆ ਸਾਧਨਾਂ ਦੇ ਸਦਉਪਯੋਗ ਦਾ ਹੈ। ਜੇ ਆਨਲਾਈਨ ਜਮਾਤ ਦੌਰਾਨ ਸੱਠ ਕੁ ਫ਼ੀਸਦੀ ਵਿਦਿਆਰਥੀ ਵੀ ਹਾਜ਼ਰ ਹੋ ਜਾਂਦੇ ਹਨ ਤਾਂ ਵੀ ਇਹ ਕੋਈ ਛੋਟੀ ਪ੍ਰਾਪਤੀ ਨਹੀਂ ਹੈ। ਇਕ ਅਧਿਆਪਕ ਦਾ ਫ਼ਰਜ਼ ਆਪਣੇ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਜ਼ਿੰਮੇਵਾਰ ਨਾਗਰਿਕ ਬਣਾਉਣਾ ਵੀ ਹੁੰਦਾ ਹੈ। ਬੇਸ਼ੱਕ ਇਸ ਕੋਸ਼ਿਸ਼ ਦਾ ਨਤੀਜਾ ਵਿੱਦਿਅਕ ਤੌਰ 'ਤੇ ਬਹੁਤਾ ਤਸੱਲੀਬਖ਼ਸ਼ ਨਾ ਰਹੇ ਪਰ ਵਿਦਿਆਰਥੀਆਂ ਨੂੰ ਪੜ੍ਹਾਈ ਨਾਲੋਂ ਟੁੱਟਣ ਤੋਂ ਬਚਾਉਣ ਤੇ ਇਸ ਮਹਾਮਾਰੀ ਦੌਰਾਨ ਉਨ੍ਹਾਂ ਨੂੰ ਜਾਗਰੂਕ ਕਰਨ ਲਈ ਸਾਰਥਿਕ ਸਿੱਧ ਹੋਵੇਗਾ।

- ਪ੍ਰਮੋਦ ਧੀਰ ਜੈਤੋ

98550-31081

Posted By: Harjinder Sodhi