ਬੱਚਿਆਂ ਦੇ ਹੱਥ ਮੋਬਾਈਲ ਦੇਣ ਦੀ ਬਜਾਏ ਕਿਤਾਬਾਂ ਦਿੱਤੀਆਂ ਜਾਣ ਤਾਂ ਸਾਨੂੰ ਕੱਲ੍ਹ ਨੂੰ ਉਨ੍ਹਾਂ ਤੇ ਪੰਜਾਬ ਦੇ ਭਵਿੱਖ ਲਈ ਚਿੰਤਤ ਨਹੀਂ ਹੋਣਾ ਪਵੇਗਾ। ਬੱਚਿਆਂ ਦਾ ਮਨ ਕੋਰਾ ਕਾਗਜ਼ ਹੈ, ਉਸ 'ਤੇ ਜਿਸ ਤਰ੍ਹਾਂ ਦੇ ਵਿਚਾਰ ਲਿਖੇ ਜਾਣਗੇ, ਉਸੇ ਤਰ੍ਹਾਂ ਹੀ ਉਨ੍ਹਾਂ ਦੀ ਸ਼ਖ਼ਸੀਅਤ ਦਾ ਵਿਕਾਸ ਹੋਵੇਗਾ।

ਅੱਜ-ਕੱਲ੍ਹ ਮਾਵਾਂ ਬੱਚਿਆਂ ਨੂੰ ਆਰੇ ਲਾਉਣ ਲਈ ਮੋਬਾਈਲ 'ਤੇ ਗਾਣੇ ਜਾਂ ਹੋਰ ਮਨੋਰੰਜਨ ਵਾਲੀਆਂ ਚੀਜ਼ਾਂ ਲਾ ਕੇ ਦੇ ਦਿੰਦੀਆਂ ਹਨ। ਉਹ ਭਾਵੇਂ ਬੱਚੇ ਦੀ ਸਮਝ 'ਚ ਨਹੀਂ ਆਉਂਦਾ ਪਰ ਉਹ ਸਮੱਗਰੀ ਉਸ ਦੇ ਅਚੇਤ ਮਨ ਦਾ ਹਿੱਸਾ ਬਣ ਜਾਂਦੀ ਹੈ। ਫਿਰ ਉਹ ਬੱਚਾ ਜਦੋਂ ਵੱਡਾ ਹੁੰਦਾ ਹੈ, ਨਾ ਚਾਹੁੰਦਿਆਂ ਵੀ ਗ਼ਲਤ ਕੰਮਾਂ ਵੱਲ ਆਕਰਸ਼ਿਤ ਹੋਣਾ ਸ਼ੁਰੂ ਹੋ ਜਾਂਦਾ ਹੈ। ਆਖ਼ਰ ਉਸ ਦਾ ਭਵਿੱਖ ਖ਼ਰਾਬ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ।

ਮਾਲਕੋਮ ਐਕਸ ਅਮਰੀਕਾ ਦਾ ਮਸ਼ਹੂਰ ਬੁਲਾਰਾ ਤੇ ਬਲੈਕ ਲੋਕਾਂ ਦੇ ਹੱਕਾਂ ਵਾਸਤੇ ਲੜਨ ਵਾਲਾ ਰਾਜਨੀਤਕ ਆਗੂ ਸੀ। ਉਸ ਨੂੰ ਕਿਤਾਬਾਂ ਨੇ ਇਕ ਗੈਂਗਸਟਰ ਤੋਂ ਮਾਰਟਿਨ ਲੂਥਰ ਦੇ ਬਰਾਬਰ ਦਾ ਰਾਜਨੀਤਕ ਆਗੂ ਬਣਾ ਦਿੱਤਾ ਸੀ। ਇਹ ਸਭ ਉਸ ਦੀ ਬਚਪਨ ਦੀ ਪਰਵਰਿਸ਼ ਕਰਕੇ ਹੀ ਸੰਭਵ ਹੋ ਸਕਿਆ। ਭਾਵੇਂ ਉਹ ਜਵਾਨੀ 'ਚ ਭਟਕ ਗਿਆ ਸੀ ਪਰ ਬਚਪਨ 'ਚ ਮਾਂ ਵੱਲੋਂ ਪੜ੍ਹਾਈਆਂ ਕਿਤਾਬਾਂ ਦੀ ਸਿੱਖਿਆ ਨੇ ਉਸ ਨੂੰ ਜਵਾਨੀ ਦੀ ਭਟਕਣ ਵਿੱਚੋਂ ਕੱਢ ਕੇ ਇਕ ਮਹਾਨ ਆਗੂ ਬਣਾ ਦਿੱਤਾ।

ਸ਼ਖ਼ਸੀਅਤ ਦਾ ਵਿਕਾਸ

ਕਿਤਾਬਾਂ ਸੱਚੀਆਂ ਦੋਸਤ ਹੋਣ ਦੇ ਨਾਲ-ਨਾਲ ਸਮੁੱਚੀ ਸ਼ਖ਼ਸੀਅਤ ਦਾ ਵਿਕਾਸ ਕਰਨ 'ਚ ਵੀ ਵਧੀਆ ਸਰੋਤ ਹਨ। ਅੱਜ-ਕੱਲ੍ਹ ਮੋਬਾਈਲ 'ਤੇ ਗ਼ੈਰ-ਜ਼ਰੂਰੀ ਸਮੱਗਰੀ ਨਾਲ ਜ਼ਿਆਦਾ ਵਾਸਤਾ ਹੋਣ ਕਰਕੇ ਸਾਡਾ ਦਿਮਾਗ਼ ਅਰਥਹੀਣ ਵਿਚਾਰਾਂ ਨਾਲ ਭਰਿਆ ਰਹਿੰਦਾ ਹੈ। ਇਹੀ ਕਾਰਨ ਹੈ ਕਿ ਅੱਜ-ਕੱਲ੍ਹ ਡਿਪਰੈਸ਼ਨ ਦੀ ਬਿਮਾਰੀ ਜ਼ਿਆਦਾ ਵੱਧ ਰਹੀ ਹੈ। ਸਰਕਾਰ ਨੌਜਵਾਨਾਂ ਨੂੰ ਸਸਤੇ ਫੋਨ ਦੇਣ ਦਾ ਤਾਂ ਵਾਅਦਾ ਕਰਦੀ ਹੈ ਪਰ ਸਿੱਖਿਆ ਦੀ ਪਹੁੰਚ ਲਈ ਕਦੇ ਵੀ ਅਜਿਹੇ ਕਦਮ ਨਹੀਂ ਉਠਾਏ ਗਏ। ਮੋਬਾਈਲ ਜਾਂ ਤਕਨੀਕ ਸੂਚਨਾ ਦੀ ਪਹੁੰਚ ਨੂੰ ਤਾਂ ਐਡਵਾਂਸ ਕਰ ਸਕਦੀ ਹੈ ਪਰ ਬੌਧਿਕ ਵਿਕਾਸ ਦਾ ਸੂਤਰ ਇਕ ਹੀ ਹੈ, ਉਹ ਹੈ ਪੜ੍ਹਨਾ।

ਪੜ੍ਹਨ ਦੀ ਆਦਤ ਵਿਕਸਤ ਕਰਨਾ

ਸ਼ਹੀਦ ਭਗਤ ਸਿੰਘ ਵਰਗਾ ਸਿਰਫ਼ ਤਸਵੀਰਾਂ ਲਾ ਕੇ ਜਾਂ ਗਾਣੇ ਸੁਣ ਕੇ ਨਹੀਂ ਬਣਿਆ ਜਾ ਸਕਦਾ, ਉਸ ਲਈ ਪੜ੍ਹਨਾ ਪਵੇਗਾ। ਭਗਤ ਸਿੰਘ ਆਪਣੇ ਆਖ਼ਰੀ ਸਮੇਂ ਵੀ ਲੈਨਿਨ ਦੀ ਜੀਵਨੀ ਪੜ੍ਹ ਰਿਹਾ ਸੀ। ਜੇ ਉਸ ਨੂੰ ਕੋਈ ਮਿਲਣ ਵੀ ਆਉਂਦਾ ਸੀ ਤਾਂ ਉਹ ਉਨ੍ਹਾਂ ਨੂੰ ਕਿਤਾਬਾਂ ਦੀ ਸੂਚੀ ਦੇ ਦਿੰਦਾ ਸੀ ਕਿ ਇਹ ਕਿਤਾਬਾਂ ਲੈ ਕੇ ਆਉਣਾ। ਦੁਨੀਆ ਦੇ ਜਿੰਨੇ ਵੀ ਮਹਾਨ ਆਗੂ ਹੋਏ ਹਨ, ਉਨ੍ਹਾਂ ਸਾਰਿਆਂ 'ਚ ਇਕ ਗੱਲ ਆਮ ਹੈ, ਉਹ ਹੈ ਉਨ੍ਹਾਂ ਦੀ ਜ਼ਿਆਦਾ ਪੜ੍ਹਨ ਦੀ ਆਦਤ। ਜੇ ਅਸੀਂ ਚਾਹੁੰਦੇ ਹਾਂ ਕਿ ਸਾਡੇ ਬੱਚੇ ਵਧੀਆ ਭਵਿੱਖ ਬਣਾਉਣ ਦੇ ਨਾਲ-ਨਾਲ ਵਧੀਆ ਨਾਗਰਿਕ ਤੇ ਇਨਸਾਨ ਵੀ ਬਣਨ ਤਾਂ ਸਾਨੂੰ ਉਨ੍ਹਾਂ ਅੰਦਰ ਪੜ੍ਹਨ ਦੀ ਆਦਤ ਵੀ ਵਿਕਸਤ ਕਰਨੀ ਹੋਵੇਗੀ। ਹੁਣ ਫ਼ੈਸਲਾ ਸਾਡੇ ਹੱਥ ਹੈ ਕਿ ਅਸੀਂ ਬੱਚਿਆਂ ਦੇ ਬੌਧਿਕ ਵਿਕਾਸ ਲਈ ਉਨ੍ਹਾਂ ਨੂੰ ਕਿਸ ਤਰ੍ਹਾਂ ਦੀ ਸਮੱਗਰੀ ਪਰੋਸਣੀ ਹੈ।

- ਦਿਲਰਾਜ ਸਿੰਘ ਬਾਜਵਾ

Posted By: Harjinder Sodhi