ਮਨੁੱਖ ਜਨਮ ਤੋਂ ਲੈ ਕੇ ਜ਼ਿੰਦਗੀ ਦੇ ਆਖ਼ਰੀ ਪਲਾਂ ਤਕ ਵੀ ਕੁਝ ਨਾ ਕੁਝ ਸਿੱਖਣ-ਜਾਣਨ ਦੀ ਚਾਹਤ ਹਮੇਸ਼ਾ ਜਗਾਈ ਰੱਖਦਾ ਹੈ। ਸਿੱਖਣ ਦੀ ਇਹ ਚਾਹਤ ਹੀ ਮਨੁੱਖ ਨੂੰ ਬਹੁਤ ਸਿਆਣਾ ਤੇ ਸਮਾਜ ਵਿਚ ਵਿਚਰਨ ਦੇ ਕਾਬਿਲ ਬਣਾਉਂਦੀ ਹੈ। ਬੇਸ਼ੱਕ ਮਨੁੱਖ ਬਹੁਤਾ ਕੁਝ ਸਕੂਲ, ਕਿਤਾਬਾਂ, ਘਰ, ਸਮਾਜ ਵਿੱਚੋਂ ਸਿੱਖਦਾ ਹੈ ਪਰ ਮਨੁੱਖੀ ਜੀਵਨ ’ਚ ਅਖ਼ਬਾਰਾਂ ਦੀ ਵੀ ਆਪਣੀ ਹੀ ਅਹਿਮੀਅਤ ਹੁੰਦੀ ਹੈ। ਅਖ਼ਬਾਰ ਜਿੱਥੇ ਮਨੁੱਖ ਦੇ ਗਿਆਨ ਵਿਚ ਵਾਧਾ ਕਰਦੇ ਹਨ, ਉੱਥੇ ਇਹ ਘਰ ਦਾ ਸ਼ਿੰਗਾਰ ਵੀ ਬਣਦੇ ਹਨ। ਇਨ੍ਹਾਂ ਦੀ ਬਦੌਲਤ ਹੀ ਸਾਨੂੰ ਪਤਾ ਲਗਦਾ ਹੈ ਕਿ ਦੁਨੀਆ ਵਿਚ ਕੀ ਵਾਪਰ ਰਿਹਾ ਹੈ। ਇਸ ਤੋਂ ਇਲਾਵਾ ਆਮ ਗਿਆਨ ਬਾਰੇ ਵੀ ਅਖ਼ਬਾਰਾਂ ਵਿੱਚੋਂ ਬਹੁਤ ਸਾਰੀ ਜਾਣਕਾਰੀ ਪ੍ਰਾਪਤ ਹੁੰਦੀ ਹੈ। ਰੁਜ਼ਗਾਰ ਦੀ ਭਾਲ ਵਿਚ ਉਤਾਵਲੇ ਲੋਕਾਂ ਲਈ ਵੀ ਅਖ਼ਬਾਰਾਂ ਵਿਚ ਅਕਸਰ ਸਮੇਂ-ਸਮੇਂ ’ਤੇ ਨੌਕਰੀਆਂ ਦੇ ਇਸ਼ਤਿਹਾਰ ਵੀ ਆਉਂਦੇ ਰਹਿੰਦੇ ਹਨ।

ਅਖ਼ਬਾਰਾਂ ਵਿਚ ਛਪਦੇ ਲੇਖ ਤਾਂ ਨਿੱਤ ਅਖ਼ਬਾਰ ਪੜ੍ਹਨ ਵਾਲੇ ਵਿਅਕਤੀ ਨੂੰ ਵਿਦਵਾਨ ਹੀ ਬਣਾ ਦਿੰਦੇ ਹਨ। ਅਖ਼ਬਾਰਾਂ ਪੜ੍ਹਨ ਕਰਕੇ ਹੀ ਮਨੁੱਖ ਦੇ ਸ਼ਬਦ ਭੰਡਾਰ ਵਿਚ ਵੀ ਚੋਖਾ ਵਾਧਾ ਹੁੰਦਾ ਹੈ। ਬੜੇ ਅਫ਼ਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਅੱਜ-ਕੱਲ੍ਹ ਲੋਕ ਪੰਜਾਬੀ ਅਖ਼ਬਾਰਾਂ ਨੂੰ ਪੜ੍ਹਨ ਜਾਂ ਘਰੇ ਲਗਾਉਣ ਵਿਚ ਸ਼ਰਮ ਸਮਝਦੇ ਹਨ। ਜੇ ਘਰ ਵਿਚ ਪੰਜਾਬੀ ਅਖ਼ਬਾਰ ਲੱਗਿਆ ਹੋਵੇਗਾ ਤਾਂ ਘਰ ਦੇ ਬੱਚੇ ਵੀ ਸਹਿਜੇ-ਸਹਿਜੇ ਬਹੁਤ ਕੁਝ ਸਿੱਖ ਜਾਣਗੇ। ਬਾਅਦ ’ਚ ਇਹੀ ਗਿਆਨ ਉਨ੍ਹਾਂ ਨੂੰ ਵੱਡੇ ਮੁਕਾਮਾਂ ਤਕ ਪਹੁੰਚਾਉਣ ’ਚ ਵੀ ਸਹਾਈ ਹੋਵੇਗਾ। ਪੰਜਾਬੀ ਅਖ਼ਬਾਰ ਘਰ ਵਿਚ ਹੋਣ ਕਾਰਨ ਬੱਚੇ ਆਪਣੇ ਵਿਰਸੇ ਤੋਂ ਵੀ ਅਨਜਾਣ ਨਹੀ ਹੋਣਗੇ ਤੇ ਆਪਣੀ ਪੰਜਾਬੀ ਮਾਂ ਬੋਲੀ ਨਾਲ ਵੀ ਸਦਾ ਜੁੜੇ ਰਹਿਣਗੇ। ਕੋਰੋਨਾ ਕਾਲ ਸਮੇਂ ਅਖ਼ਬਾਰਾਂ ਨੂੰ ਬਹੁਤ ਵੱਡੀ ਢਾਅ ਲੱਗੀ ਹੈ। ਅੱਜ ਸਮੇਂ ਦੀ ਮੁੱਖ ਲੋੜ ਹੈ ਕਿ ਲੋਕਾਂ ਨੂੰ ਆਪਣੇ ਘਰਾਂ, ਦਫ਼ਤਰਾਂ, ਰਿਸ਼ਤੇਦਾਰਾਂ ਤੇ ਦੋਸਤਾਂ ਦੇ ਘਰਾਂ ਵਿਚ ਪੰਜਾਬੀ ਅਖ਼ਬਾਰ ਲਵਾਉਣੇ ਚਾਹੀਦੇ ਹਨ। ਇਸ ਤਰ੍ਹਾਂ ਕਰਨ ਨਾਲ ਵੀ ਪੰਜਾਬੀ ਮਾਂ ਬੋਲੀ ਦੀ ਬਹੁਤ ਵੱਡੀ ਸੇਵਾ ਕੀਤੀ ਜਾ ਸਕਦੀ ਹੈ। ਜੇ ਹਰ ਘਰ ਅਖ਼ਬਾਰ ਲੱਗਿਆ ਹੋਵੇ ਤਾਂ ਅਨੇਕਾਂ ਲੋਕਾਂ ਨੂੰ ਰੁਜ਼ਗਾਰ ਵੀ ਮਿਲ ਸਕਦਾ ਹੈ। ਜੋ ਲੁਤਫ਼ ਅਸਲ ਅਖ਼ਬਾਰ ਪੜ੍ਹਨ ਨਾਲ ਮਿਲਦਾ ਹੈ, ਉਹ ਮੋਬਾਈਲ ਜਾਂ ਕੰਪਿਊਟਰ ’ਤੇ ਪੜ੍ਹਨ ਨਾਲ ਨਹੀਂ ਮਿਲਦਾ। ਆਓ ਅੱਜ ਤੋਂ ਹੀ ਖ਼ੁਦ ਪਹਿਲਕਦਮੀ ਕਰਦਿਆਂ ਪੰਜਾਬੀ ਅਖ਼ਬਾਰ ਪੜ੍ਹਨ ਦਾ ਸ਼ੌਕ ਪਾਲੀਏ।

- ਅੰਗਰੇਜ਼ ਸਿੰਘ ਵਿੱਕੀ

Posted By: Harjinder Sodhi