ਪੇਪਰਾਂ ਦੇ ਦਿਨ ਨੇੜੇ ਆਉਣ ਕਾਰਨ ਰੱਬੀ ਦੀ ਜਮਾਤ ਦੇ ਸਭ ਵਿਦਿਆਰਥੀ ਪੇਪਰਾਂ ਦੀ ਤਿਆਰੀ ਲਈ ਵੱਖ-ਵੱਖ ਓਹੜ-ਪੋਹੜ ਕਰਨ 'ਚ ਰੁੱਝੇ ਹੋਏ ਸਨ, ਤਾਂ ਜੋ ਮਾੜੇ ਨਤੀਜਿਆਂ ਕਾਰਨ ਕਿਸੇ ਨੂੰ ਨਮੋਸ਼ੀ ਦਾ ਸਾਹਮਣਾ ਨਾ ਕਰਨਾ ਪਵੇ। ਕੋਈ ਟਿਊਸ਼ਨ ਸੈਂਟਰ 'ਚ ਰਵੀਜ਼ਨ ਲਈ ਜਾ ਰਿਹਾ ਸੀ ਤੇ ਕਈਆਂ ਨੇ ਪੜ੍ਹਾਈ ਕਰਨ ਲਈ ਸਮਾਂ ਸਾਰਨੀ ਬਣਾ ਕੇ ਆਪਣੇ ਹੀ ਘਰੇ ਤਿਆਰੀ ਆਰੰਭ ਦਿੱਤੀ ਸੀ। ਇੱਧਰ ਰੱਬੀ ਦੇ ਦੋਸਤ ਜੱਸ ਤੇ ਵਿੱਕੀ ਦੋਵਾਂ ਪਾਸਿਆਂ ਤੋਂ ਕੰਨੀ ਕਤਰਾ ਰਹੇ ਸਨ। ਟਿਊਸ਼ਨ ਰੱਖਣੀ ਤਾਂ ਦੂਰ ਦੀ ਗੱਲ, ਘਰ ਰਹਿ ਕੇ ਵੀ ਉਹ ਪੜ੍ਹਾਈ ਨੂੰ ਸਮਾਂ ਨਹੀਂ ਸਨ ਦੇ ਰਹੇ।

ਰੱਬੀ ਹੈਰਾਨ ਸੀ, ਕਿਉਂਕਿ ਉਹ ਜਾਣਦਾ ਸੀ ਕਿ ਜੱਸ ਤੇ ਵਿੱਕੀ ਦੀ ਛਿਮਾਹੀ ਪੇਪਰਾਂ 'ਚ ਵੀ ਕਾਰਗੁਜ਼ਾਰੀ ਕੋਈ ਬਹੁਤੀ ਚੰਗੀ ਨਹੀਂ ਸੀ ਤੇ ਜੇ ਉਨ੍ਹਾਂ ਅਜੇ ਵੀ ਗੰਭੀਰਤਾ ਨਾਲ ਤਿਆਰੀ ਸ਼ੁਰੂ ਨਾ ਕੀਤੀ ਤਾਂ ਉਨ੍ਹਾਂ ਦਾ ਇਮਤਿਹਾਨਾਂ 'ਚੋਂ ਫੇਲ੍ਹ ਹੋਣਾ ਲਾਜ਼ਮੀ ਹੈ। ਰੱਬੀ ਉਨ੍ਹਾਂ ਨੂੰ ਫੇਲ੍ਹ ਹੁੰਦਿਆਂ ਨਹੀਂ ਸੀ ਦੇਖ ਸਕਦਾ। ਇਸ ਲਈ ਇਕ ਦਿਨ ਰੱਬੀ ਨੇ ਉਨ੍ਹਾਂ ਦੇ ਲਾਪਰਵਾਹ ਹੋਣ ਦਾ ਕਾਰਨ ਪੁੱਛ ਹੀ ਲਿਆ। ਦੋਵੇਂ ਕਹਿਣ ਲੱਗੇ, 'ਦੇਖ ਰੱਬੀ! ਆਹ ਕਿਤਾਬਾਂ ਨਾਲ ਮਗ਼ਜ਼-ਖਪਾਈ ਕਰ ਕੇ ਕੁਝ ਨਹੀਂ ਹੋਣਾ, ਸਾਡੇ ਨਾਲ ਚੱਲ, ਤੇਰੀ ਕਿਸਮਤ ਨਾ ਬਦਲੀ ਤਾਂ ਸਾਨੂੰ ਆਪਣੇ ਦੋਸਤ ਨਾ ਆਖੀਂ, ਹਾਂ ਨਾਲੇ...ਬਿਨਾਂ ਪੜ੍ਹੇ ਹੀ ਪਾਸ ਹੁੰਦਿਆਂ ਤੂੰ ਸਾਨੂੰ ਆਪਣੀਆਂ ਅੱਖਾਂ ਨਾਲ ਦੇਖੇਂਗਾ। ਇਹ ਸਾਡੇ ਨਹੀਂ, ਇਕ ਤਾਂਤਰਿਕ ਦੇ ਬੋਲ ਨੇ, ਚੱਲ ਅੱਜ ਮਿਲਾਉਣੇ ਆ ਤੈਨੂੰ ਵੀ।'

ਫਿਰ ਇਕ ਦਿਨ ਉਹ ਦੋਵੇਂ ਰੱਬੀ ਨੂੰ ਤਾਂਤਰਿਕ ਕੋਲ ਲੈ ਗਏ। ਉਸ ਤਾਂਤਰਿਕ ਦੇ ਮੱਥੇ 'ਤੇ ਸੰਧੂਰ, ਤਨ 'ਤੇ ਕਾਲਾ ਚੋਗਾ ਤੇ ਮੂਹਰੇ ਧੂਣਾ ਬਲ਼ ਰਿਹਾ ਸੀ। ਜੱਸ ਤੇ ਵਿੱਕੀ ਦੇ ਬੋਲਣ ਤੋਂ ਪਹਿਲਾਂ ਹੀ ਉਸ ਤਾਂਤਰਿਕ ਨੇ ਰੱਬੀ ਵੱਲ ਵੇਖਦਿਆਂ ਆਖਿਆ, 'ਏ ਬਾਲਕ, ਤੂੰ ਪੜ੍ਹਨ 'ਚ ਤਾਂ ਹੁਸ਼ਿਆਰ ਜਾਪਦਾ ਏਂ ਪਰ ਤੇਰੀ ਕਿਸਮਤ 'ਚ ਬਹੁਤ ਛੇਤੀ ਹੀ ਭਾਰੀ ਸੰਕਟ ਲਿਖਿਆ ਹੈ। ਜੇ ਤੂੰ ਸਮਾਂ ਰਹਿੰਦਿਆਂ ਕੋਈ ਉਪਾਅ ਨਾ ਕੀਤਾ ਤਾਂ ਤੇਰੇ ਲਈ ਚੰਗਾ ਨਹੀ ਹੋਵੇਗਾ, ਤੇਰੇ ਮੱਥੇ ਦੀਆਂ ਲਕੀਰਾਂ ਇਹ ਸਭ ਦੱਸ ਰਹੀਆਂ ਹਨ, ਬੁਰਾ ਹੋਣ ਵਾਲਾ ਹੈ, ਬਹੁਤ ਬੁਰਾ।'

ਇੰਨਾ ਆਖ਼ਦਿਆਂ ਉਸ ਤਾਂਤਰਿਕ ਨੇ ਸੁੱਕੇ ਨਾਰੀਅਲ 'ਤੇ ਕੁਝ ਪਾਣੀ ਦੇ ਛਿੱਟੇ ਮਾਰੇ ਤਾਂ ਉਹ ਨਾਰੀਅਲ ਲਟਾ-ਲਟ ਮੱਚਣ ਲੱਗਾ। ਰੱਬੀ ਤਾਂਤਰਿਕ ਦੇ ਇਸ ਅਲੌਕਿਕ ਕ੍ਰਿਸ਼ਮੇ ਨੂੰ ਦੇਖ ਕੇ ਹੈਰਾਨ ਸੀ, ਕਿਉਂਕਿ ਬਿਨਾਂ ਤੀਲੀ ਤੋਂ ਨਾਰੀਅਲ ਨੂੰ ਅੱਗ ਲਗਦੇ ਵੇਖਣਾ ਉਸ ਲਈ ਅਚੰਭੇ ਤੋਂ ਘੱਟ ਨਹੀਂ ਸੀ। ਰੱਬੀ ਦੇ ਕੰਨਾਂ ਅੰਦਰ ਗੂੰਜਦੀਆਂ ਰਹੱਸਮਈ ਅਵਾਜ਼ਾਂ ਉਦੋਂ ਰੁਕੀਆਂ ਜਦੋਂ ਜੱਸ ਤਾਂਤਰਿਕ ਨੂੰ ਰੱਬੀ ਨਾਲ ਹੋਣ ਵਾਲੇ ਅਨਰਥ ਦਾ ਉਪਾਅ ਪੁੱਛਦਾ ਹੈ ਤੇ ਤਾਂਤਰਿਕ ਦੱਸਦਾ ਹੈ ਕਿ ਹਫ਼ਤਾ ਭਰ ਜੰਡ ਦੇ ਰੁੱਖ ਦੀਆਂ ਜੜ੍ਹਾਂ 'ਚ ਸਰ੍ਹੋਂ ਦਾ ਤੇਲ ਪਾਉਣ ਦੇ ਨਾਲ-ਨਾਲ ਉਸ ਜੰਡ ਦੇ ਆਲੇ-ਦੁਆਲੇ ਲਾਲ ਰੰਗ ਦਾ ਕੱਪੜਾ ਵੀ ਬੰਨ੍ਹਣਾ ਪਵੇਗਾ। ਫਿਰ ਤੁਹਾਡੇ ਦੋਸਤ ਦੇ ਸਿਰ ਤੋਂ ਇਹ ਬਲਾ ਟਲ ਸਕਦੀ ਹੈ।

ਰੱਬੀ ਤਾਂ ਕੁਦਰਤ ਪ੍ਰੇਮੀ ਸੀ। ਉਹ ਤਾਂ ਹਰ ਸਾਲ ਆਪਣੇ ਜਨਮ ਦਿਨ 'ਤੇ ਆਲੇ-ਦੁਆਲੇ ਰੁੱਖ ਲਗਾਉਂਦਾ ਆ ਰਿਹਾ ਸੀ ਫਿਰ ਰੁੱਖਾਂ ਨੂੰ ਪਾਣੀ ਦੇਣ ਵਾਲਾ ਰੱਬੀ ਭਲਾ ਉਨ੍ਹਾਂ ਦੀਆਂ ਜੜ੍ਹਾਂ 'ਚ ਤੇਲ ਕਿਸ ਤਰ੍ਹਾਂ ਪਾ ਸਕਦਾ ਸੀ, ਜਿਹੜੇ ਰੁੱਖ ਸਭ ਨੂੰ ਆਕਸੀਜਨ ਦਿੰਦੇ ਹਨ। ਰੱਬੀ ਕਿਸ ਤਰ੍ਹਾਂ ਉਹਨਾਂ ਦਾ ਸਾਹ ਘੁੱਟ ਸਕਦਾ ਸੀ। ਤਾਂਤਰਿਕ ਦੁਆਰਾ ਨਾਰੀਅਲ ਨੂੰ ਬਿਨਾਂ ਤੀਲੀ ਤੋਂ ਅੱਗ ਲਗਾਉਣ ਵਾਲੀ ਘਟਨਾ ਨੇ ਰੱਬੀ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਸੀ। ਘਰ ਪਰਤਣ ਤੋਂ ਬਾਅਦ ਰੱਬੀ ਦੀ ਚਿੰਤਾਂ ਹੋਰ ਵਧ ਗਈ ਸੀ। ਸਵੇਰੇ ਹੱਸਦੇ-ਖੇਡਦੇ ਸਕੂਲ ਜਾਣ ਵਾਲੇ ਰੱਬੀ ਦੇ ਚਿਹਰੇ ਦਾ ਜਲੌਅ ਕਿਧਰੇ ਗਾਇਬ ਹੋ ਗਿਆ ਸੀ। ਜਮਾਤ ਦੇ ਸਭ ਤੋਂ ਸਰਗਰਮ ਵਿਦਿਆਰਥੀ ਦੇ ਚੁੱਪ-ਚਾਪ ਬੈਠਣ ਦੀ ਗੱਲ ਕਿਸੇ ਨੂੰ ਵੀ ਹਜ਼ਮ ਨਹੀਂ ਸੀ ਹੋ ਰਹੀ। ਰੱਬੀ ਦੇ ਸੋਚਾਂ 'ਚ ਗੁਆਚਿਆਂ ਹੋਇਆਂ ਵਿਗਿਆਨ ਦੇ ਪੀਰੀਅਡ ਦੀ ਘੰਟੀ ਵੱਜ ਜਾਂਦੀ ਹੈ। ਜਮਾਤ 'ਚ ਸਾਇੰਸ ਅਧਿਆਪਕ ਅਵਤਾਰ ਸਿੰਘ ਆਉਂਦੇ ਹਨ। ਅੱਧਾ ਪੀਰੀਅਡ ਲੰਘਣ ਤੋਂ ਬਾਅਦ ਸਾਇੰਸ ਅਧਿਆਪਕ ਵੀ ਉਸ ਦੇ ਚਿਹਰੇ ਦੇ ਹਾਵ-ਭਾਵ ਪੜ੍ਹ ਲੈਂਦਾ ਹੈ ਤੇ ਉਸ ਨੂੰ ਆਪਣੇ ਕੋਲ ਬੁਲਾ ਕੇ ਉਸ ਦੇ ਬੁਝੇ ਹੋਏ ਚਿਹਰੇ ਦਾ ਕਾਰਨ ਪੁੱਛਦਾ ਹੈ, ਤਾਂ ਰੱਬੀ ਆਪਣੇ ਨਾਲ ਵਾਪਰੀ ਕੱਲ੍ਹ ਵਾਲੀ ਘਟਨਾ ਬਾਰੇ ਵਿਸਥਾਰ 'ਚ ਸਾਰਾ ਕੁਝ ਦੱਸ ਦਿੰਦਾ ਹੈ।

ਰੱਬੀ ਦੀ ਸਾਰੀ ਗੱਲ ਸੁਣਨ ਤੋਂ ਬਾਅਦ ਅਧਿਆਪਕ ਸਾਰੀ ਜਮਾਤ ਨੂੰ ਪ੍ਰਯੋਗਸ਼ਾਲਾ 'ਚ ਲੈ ਜਾਂਦਾ ਹੈ ਤੇ ਉੱਥੇ ਵਿਦਿਆਰਥੀ ਨੂੰ ਨਾਰੀਅਲ ਲਿਆਉਣ ਲਈ ਆਖ ਕੇ ਖ਼ੁਦ ਕਰਾਮਾਤ ਦੀ ਤਿਆਰੀ ਸ਼ੁਰੂ ਕਰ ਦਿੰਦਾ ਹੈ। ਹੁਣ ਰੱਬੀ ਦੀਆਂ ਅੱਖਾਂ ਸਾਹਮਣੇ ਤਾਂਤਰਿਕ ਵਾਲਾ ਕ੍ਰਿਸ਼ਮਾ ਸਾਇੰਸ ਅਧਿਆਪਕ ਕਰ ਰਿਹਾ ਸੀ ਤੇ ਰੱਬੀ ਵੀ ਹੈਰਾਨ ਸੀ, ਕਿਉਂਕਿ ਅਧਿਆਪਕ ਨੇ ਵੀ ਨਾਰੀਅਲ ਨੂੰ ਬਿਨਾਂ ਮਾਚਿਸ ਦੇ ਅੱਗ ਲਗਾ ਕੇ ਕਰਾਮਾਤ ਕਰ ਦਿਖਾਈ ਸੀ। ਰੱਬੀ ਦੇ ਮੱਥੇ 'ਚੋਂ ਉੱਭਰ ਰਹੇ ਸ਼ੰਕਿਆਂ ਨੂੰ ਦੇਖ ਕੇ ਅਧਿਆਪਕ ਦੱਸਣ ਲੱਗਿਆ ਕਿ ਰੱਬੀ ਤੂੰ ਜਿਸ ਟੋਟਕੇ ਨੂੰ ਤਾਂਤਰਿਕ ਦਾ ਕ੍ਰਿਸ਼ਮਾ ਸਮਝਦਾ ਹੈ, ਦਰਅਸਲ ਉਹ ਸਾਡੇ ਵਿਗਿਆਨੀਆਂ ਦੀਆਂ ਕੱਢੀਆਂ ਹੋਈਆਂ ਕਾਢਾਂ ਦਾ ਨਤੀਜਾ ਹੈ। ਅਧਿਆਪਕ ਸਾਰੀ ਜਮਾਤ ਨੂੰ ਸੰਬੋਧਨ ਕਰਦਿਆਂ ਦੱਸਣ ਲੱਗੀ, 'ਬੱਚਿਓ, ਤੁਹਾਨੂੰ ਨਹੀਂ ਪਤਾ ਇਹ ਚਲਾਕ ਬਿਰਤੀ ਦੇ ਤਾਂਤਰਿਕਾਂ ਵੱਲੋਂ ਅਜਿਹਾ ਨਾਰੀਅਲ ਪਹਿਲਾਂ ਹੀ ਤਿਆਰ ਕਰ ਲਿਆ ਜਾਂਦਾ ਹੈ ਤੇ ਇਸ ਦੀਆਂ ਜਟਾਂ ਅੰਦਰ ਸੋਡੀਅਮ ਦੇ ਕੁਝ ਕਣ ਛੁਪਾ ਕੇ ਰੱਖ ਦਿੱਤੇ ਜਾਂਦੇ ਹਨ, ਜਿਸ ਕਰਕੇ ਪਾਣੀ ਦੇ ਛਿੱਟੇ ਪੈਂਦਿਆਂ ਹੀ ਨਾਰੀਅਲ ਲਟਾ-ਲਟ ਮੱਚਣ ਲਗਦਾ ਹੈ ਤੇ ਫਿਰ ਇਸ ਤਰ੍ਹਾਂ ਦੇ ਟਰਿੱਕ ਦਿਖਾ ਕੇ ਉਹ ਲੋਕ ਭੋਲੇ-ਭਾਲੇ ਲੋਕਾਂ ਦੀ ਮਾਨਸਿਕ ਤੇ ਆਰਥਿਕ ਲੁੱਟ ਕਰਦੇ ਹਨ।

ਅਧਿਆਪਕ ਆਪਣੀ ਗੱਲ ਨੂੰ ਅੱਗੇ ਵਧਾਉਂਦਿਆਂ ਦੱਸਦਾ ਹੈ ਕਿ ਪਿਆਰੇ ਬੱਚਿਓ! ਸੱਚ ਗੱਲ ਤਾਂ ਇਹ ਹੈ ਕਿ ਅਸੀਂ ਲੋਕ ਜਿਊਣ ਤੋਂ ਲੈ ਕੇ ਮਰਨ ਤਕ ਸਾਇੰਸ 'ਤੇ ਨਿਰਭਰ ਕਰਦੇ ਹਾਂ। ਇਹ ਵਿਗਿਆਨਿਕ ਸੋਚ ਹੀ ਹੈ, ਜਿਸ ਨੇ ਚੌਰਸ ਧਰਤੀ ਨੂੰ ਗੋਲ ਬਣਾਇਆ ਹੈ ਤੇ ਵਿਗਿਆਨ ਦੀਆਂ ਕਾਢਾਂ ਕਾਰਨ ਹੀ ਸਾਡੀ ਰੋਜ਼ਾਨਾ ਜ਼ਿੰਦਗੀ ਦੇ ਕਿੰਨੇ ਹੀ ਕੰਮ ਸੁਖਾਲੇ ਹੋਏ ਹਨ। ਹੁਣ ਪ੍ਰਯੋਗਸ਼ਾਲਾ ਦੀ ਨੁੱਕਰ 'ਚ ਬੈਠੇ ਜੱਸ ਤੇ ਵਿੱਕੀ ਅਧਿਆਪਕ ਦੀਆਂ ਗੱਲਾਂ ਸੁਣ ਕੇ ਸ਼ਰਮਿੰਦਗੀ ਮਹਿਸੂਸ ਕਰ ਰਹੇ ਸਨ ਤੇ ਰੱਬੀ ਮਨ ਹੀ ਮਨ ਸਾਇੰਸਦਾਨਾਂ ਤੇ ਆਪਣੇ ਸਾਇੰਸ ਅਧਿਆਪਕ ਨੂੰ ਪ੍ਰਣਾਮ ਕਰ ਰਿਹਾ ਸੀ, ਜਿਨ੍ਹਾਂ ਕਾਰਨ ਉਸ ਦੇ ਮਨ ਤੋਂ ਕਿੰਨਾ ਹੀ ਬੋਝ ਲਹਿ ਗਿਆ ਸੀ।

ਅਕਰਮ ਧੂਰਕੋਟ

98156-07290

Posted By: Harjinder Sodhi